ਕਲਿ ਤਾਰਣਿ ਗੁਰੁ ਨਾਨਕੁ ਆਇਆ

ਡਾæ ਗੁਰਨਾਮ ਕੌਰ ਕੈਨੇਡਾ
ਭਾਈ ਗੁਰਦਾਸ ਦੀ ਪਹਿਲੀ ਵਾਰ ਦੇ ਹੁਣ ਤੱਕ ਦੇ ਅਧਿਐਨ ਵਿਚ ਅਸੀਂ ਦੇਖਿਆ ਹੈ ਕਿ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਪਹਿਲਾਂ ਦੇ ਸਮੇਂ ਵਿਚ ਭਾਰਤੀ ਸਮਾਜ ਦੇ ਜੋ ਹਾਲਾਤ ਸਨ, ਦੀ ਵੱਖ ਵੱਖ ਪਹਿਲੂਆਂ ਤੋਂ ਵਿਆਖਿਆ ਕੀਤੀ ਹੈ, ਜਿਵੇਂ ਆਮ ਲੋਕ ਕਿਹੋ ਜਿਹੇ ਹਾਲਾਤ ਵਿਚ ਜੀਵਨ ਬਸਰ ਕਰ ਰਹੇ ਸਨ, ਵੱਖ ਵੱਖ ਧਾਰਮਿਕ ਫਿਰਕਿਆਂ ਦੀ ਕੀ ਅਵਸਥਾ ਸੀ ਅਤੇ ਇਸ ਨੇ ਲੋਕਾਂ ਨੂੰ ਕਿਸ ਤਰ੍ਹਾਂ ਵੰਡਿਆ ਹੋਇਆ ਸੀ, ਵਰਣ-ਆਸ਼ਰਮ ਸਿਧਾਂਤ ‘ਤੇ ਆਧਾਰਤ ਜਾਤ-ਪ੍ਰਬੰਧ ਨੇ ਸਮਾਜ ਨੂੰ ਊਚ-ਨੀਚ ਦੇ ਵਖਰੇਵਿਆਂ ਕਾਰਨ ਕਿਵੇਂ ਨਾ-ਬਰਾਬਰੀ ਵੱਲ ਧੱਕ ਦਿੱਤਾ ਹੋਇਆ ਸੀ ਤੇ ਮਨੁੱਖੀ ਅਧਿਕਾਰਾਂ ਨੂੰ ਦਰ-ਕਿਨਾਰ ਕੀਤਾ ਹੋਇਆ ਸੀ, ਧਾਰਮਿਕ ਪਖੰਡ ਅਤੇ ਕਰਮ ਕਾਂਡ ਨੇ ਮਨੁੱਖ ਦੇ ਸਹਿਜ ਜੀਵਨ ਨੂੰ ਵਿਚਲਿਤ ਕੀਤਾ ਹੋਇਆ ਸੀ,

ਧਰਮਾਂ ਦਾ ਆਪਸੀ ਟਕਰਾਉ ਆਮ ਮਨੁੱਖ ਦੇ ਜੀਵਨ ਅਤੇ ਸਮੁੱਚੇ ਸਮਾਜ ਦੀ ਗਿਰਾਵਟ ਦਾ ਕਿਵੇਂ ਕਾਰਨ ਬਣਿਆ ਹੋਇਆ ਸੀ।
ਇਸ ਤੇਈਵੀਂ ਪਉੜੀ ਵਿਚ ਭਾਈ ਗੁਰਦਾਸ ਇਸ ਧਰਤੀ ਉਤੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਨ ਦਾ ਜ਼ਿਕਰ ਕਰਦੇ ਹਨ। ਇਸ ਤੋਂ ਪਹਿਲੀ ਪਉੜੀ ਵਿਚ ਉਨ੍ਹਾਂ ਨੇ ਦੱਸਿਆ ਹੈ ਕਿ ਗੁਰੂ ਤੋਂ ਬਿਨਾ ਸੰਸਾਰ ‘ਤੇ ਅਗਿਆਨ ਦਾ ਹਨੇਰਾ ਛਾਇਆ ਹੋਇਆ ਸੀ, ਲੋਕ ਅਗਿਆਨ-ਵਸ ਵਹਿਮਾਂ-ਭਰਮਾਂ ਵਿਚ ਫਸੇ ਹੋਏ ਸਨ। ਹਿੰਦੂ ਮਿੱਥ ਦੇ ਹਵਾਲੇ ਨਾਲ ਇਹ ਵੀ ਦੱਸਿਆ ਗਿਆ ਹੈ ਕਿ ਕਲਿਜੁਗ ਦੇ ਸਮੇਂ ਵਿਚ ਧਰਮ ਦੇ ਤਿੰਨ ਪੈਰ ਚੁੱਕੇ ਗਏ ਤੇ ਧਰਮ-ਰੂਪੀ ਬਲਦ ਧਰਤੀ ‘ਤੇ ਵਧ ਗਏ ਪਾਪਾਂ ਦੇ ਬੋਝ ਕਾਰਨ ਬੇਵੱਸ ਹੋ ਕੇ ਰੋ ਰਿਹਾ ਸੀ ਅਤੇ ਅਕਾਲ ਪੁਰਖ ਅੱਗੇ ਧਰਮ ਦੀ ਸਥਾਪਤੀ ਲਈ ਰੋ ਰੋ ਕੇ ਪੁਕਾਰ ਕਰ ਰਿਹਾ ਸੀ। ਇਸ ਪਉੜੀ ਵਿਚ ਦੱਸਿਆ ਗਿਆ ਹੈ ਕਿ ਅਕਾਲ ਪੁਰਖ ਨੇ ਉਸ ਪੁਕਾਰ ਨੂੰ ਸੁਣ ਕੇ, ਧਰਮ-ਰੂਪੀ ਬੈਲ ਦੀ ਜੋਦੜੀ ਪ੍ਰਵਾਨ ਕਰਦਿਆਂ ਧਰਮ ਦੀ ਸਥਾਪਤੀ ਲਈ ਗੁਰੂ ਨਾਨਕ ਨੂੰ ਇਸ ਦੁਨੀਆਂ ‘ਤੇ ਭੇਜਿਆ। ਭਾਵ ਗੁਰੂ ਨਾਨਕ ਦਾ ਜਨਮ ਇਸ ਧਰਤੀ ‘ਤੇ ਧਾਰਮਿਕ ਕੀਮਤਾਂ ਦੀ ਸਥਾਪਤੀ ਵਾਸਤੇ, ਸੰਸਾਰ ਨੂੰ ਅਗਿਆਨ ਦੇ ਹਨੇਰੇ ਵਿਚੋਂ ਕੱਢ ਕੇ ਗਿਆਨ ਦਾ ਚਾਨਣ ਦੇਣ ਲਈ ਹੋਇਆ।
ਗੁਰੂ ਨਾਨਕ ਸਾਹਿਬ ਨੇ ਧਰਮ ਦੀ ਸਥਾਪਤੀ ਲਈ, ਨੈਤਿਕ ਕੀਮਤਾਂ ਨੂੰ ਸੁਰਜੀਤ ਕਰਨ ਲਈ ਗੁਰ-ਮਰਿਆਦਾ ਅਨੁਸਾਰ ਸਿੱਖ ਸਜਾਉਣ ਦੀ ਰੀਤ ਅਰੰਭ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਇਸ ਗੱਲ ਦਾ ਗਿਆਨ ਦਿੱਤਾ ਕਿ ਨਿਰਗੁਣ ਬ੍ਰਹਮ ਅਤੇ ਸਰਗੁਣ ਬ੍ਰਹਮ ਇੱਕੋ ਹਸਤੀ ਹੈ ਅਰਥਾਤ ਉਹ ਪਾਰਬ੍ਰਹਮ ਇਸ ਸੰਸਾਰ ਤੋਂ ਨਿਰਲੇਪ ਵੀ ਹੈ ਤੇ ਇਸ ਦੁਨੀਆਂ ਨੂੰ ਆਪਣੇ ਆਪ ਤੋਂ ਸਿਰਜ ਕੇ ਆਪ ਹੀ ਇਸ ਵਿਚ ਸਮਾਇਆ ਹੋਇਆ ਹੈ। ਇਸ ਕਲਿਜੁਗ ਦੇ ਸਮੇਂ ਵਿਚ ਉਸ ਪਰਮ ਹਸਤੀ ਦੇ ਇੱਕੋ ਹੀ ਹੋਣ ਦਾ ਮਰਮ ਦੁਨੀਆਂ ਸਾਹਮਣੇ ਸਪੱਸ਼ਟ ਕੀਤਾ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਧਰਮ ਨੂੰ ਆਪਣੇ ਚਾਰੇ ਪੈਰਾਂ ‘ਤੇ ਕਾਇਮ ਕੀਤਾ ਅਤੇ ਭਾਰਤੀ ਸਮਾਜ, ਜੋ ਚਾਰ ਵਰਨਾਂ ਵਿਚ ਵੰਡਿਆ ਹੋਇਆ ਸੀ, ਨੂੰ ਉਸ ਇੱਕ ਅਕਾਲ ਪੁਰਖ ਦੀ ਹਸਤੀ ਤੋਂ ਹੋਂਦ ਵਿਚ ਆਏ ਹੋਣ ਦਾ ਭੇਦ ਦੱਸ ਕੇ ਸਾਰੇ ਸਮਾਜ ਨੂੰ ਬਰਾਬਰੀ ਤੇ ਇੱਕੋ ਵਰਣ ਕਰ ਦਿੱਤਾ ਅਰਥਾਤ ਉਨ੍ਹਾਂ ਨੂੰ ਇੱਕੋ ਮਾਨਵ ਜਾਤੀ ਹੋਣ ਦਾ ਅਹਿਸਾਸ ਕਰਾਇਆ। ‘ਪੈਰੀਂ ਪੈਣਾ’ ਹਲੀਮ ਹੋਣ ਦੀ ਨਿਸ਼ਾਨੀ ਹੈ।
ਗੁਰੂ ਨਾਨਕ ਸਹਿਬ ਨੇ ਛੋਟੇ ਤੇ ਵੱਡੇ, ਅਮੀਰ ਤੇ ਗਰੀਬ ਅਤੇ ਊਚ ਤੇ ਨੀਚ ਦਾ ਭੇਦ ਭਾਵ ਖਤਮ ਕਰ ਕੇ ਦੁਨੀਆਂ ਦੇ ਲੋਕਾਂ ਨੂੰ ਨਿਮਰ ਹੋਣਾ ਸਿਖਾਇਆ, ਇੱਕ ਦੂਸਰੇ ਦਾ ਸਤਿਕਾਰ ਕਰਨਾ ਸਿਖਾਇਆ। ਭਾਈ ਗੁਰਦਾਸ ਕਹਿੰਦੇ ਹਨ, ਰੱਬੀ-ਇਸ਼ਕ ਦਾ ਖੇਲ ਉਲਟਾ ਹੈ ਜਿਸ ਵਿਚ ਅਹੰਕਾਰੀ ਨੂੰ ਝੁਕਣਾ ਪੈਂਦਾ ਹੈ, ਪ੍ਰੇਮ ਹਮੇਸ਼ਾ ਮਨੁੱਖ ਨੂੰ ਹਲੀਮ ਬਣਨਾ ਸਿਖਾਉਂਦਾ ਹੈ, ਨਿਮਰ ਬਣਾਉਂਦਾ ਹੈ ਅਤੇ ਇਹ ਗੁਰੂ ਨਾਨਕ ਨੇ ਸਾਬਤ ਕਰਕੇ ਦਿਖਾ ਦਿੱਤਾ। ਇਸ ਤਰ੍ਹਾਂ ਉਸ ਅਕਾਲ ਪੁਰਖ ਦੇ ਸਦਾ ਕਾਇਮ ਰਹਿਣ ਵਾਲੇ ਨਾਮ ਦਾ ਮੰਤਰ ਦੁਨੀਆਂ ਨੂੰ ਪੜ੍ਹਾ ਕੇ ਗੁਰੂ ਨਾਨਕ ਨੇ ਕਲਿਯੁਗ ਵਿਚ ਧਰਮ ਦੀ ਸਥਾਪਤੀ ਰਾਹੀਂ ਮਨੁੱਖ ਨੂੰ ਅਗਿਆਨ ਵਿਚੋਂ ਕੱਢ ਕੇ ਗਿਆਨ ਦਾ ਚਾਨਣ ਬਖਸ਼ਿਸ਼ ਕੀਤਾ। ਗੁਰੂ ਨਾਨਕ ਦਾ ਜਨਮ ਕਲਿਯੁਗ ਵਿਚ ਮਾਨਵਤਾ ਦਾ ਕਲਿਆਣ ਕਰਨ ਵਾਸਤੇ ਹੋਇਆ,
ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ।
ਚਰਨ ਧੋਇ ਰਹਰਾਸਿ ਕਰਿ ਚਰਣਾਮ੍ਰਿਤੁ ਸਿਖਾਂ ਪੀਲਾਇਆ।
ਪਾਰਬ੍ਰਹਮੁ ਪੂਰਨ ਬ੍ਰਹਮੁ ਕਲਿਜੁਗਿ ਅੰਦਰਿ ਇਕੁ ਦਿਖਾਇਆ।
ਚਾਰੇ ਪੈਰ ਧਰਮ ਦੇ ਚਾਰਿ ਵਰਨਿ ਇਕੁ ਵਰਨੁ ਕਰਾਇਆ।
ਰਾਣਾ ਰੰਕੁ ਬਰਾਬਰੀ ਪੈਰੀ ਪਾਵਣਾ ਜਗਿ ਵਰਤਾਇਆ।
ਉਲਟਾ ਖੇਲੁ ਪਿਰੰਮ ਦਾ ਪੈਰਾ ਉਪਰਿ ਸੀਸੁ ਨਿਵਾਇਆ।
ਕਲਿਜੁਗੁ ਬਾਬੇ ਤਾਰਿਆ ਸਤਿ ਨਾਮੁ ਪੜ੍ਹਿ ਮੰਤ੍ਰੁ ਸੁਣਾਇਆ।
ਕਲਿ ਤਾਰਣਿ ਗੁਰੁ ਨਾਨਕੁ ਆਇਆ॥੨੩॥
ਹਿੰਦੂ ਸ਼ਾਸਤਰਾਂ ਅਨੁਸਾਰ ਸਮੇਂ ਨੂੰ ਚਾਰ ਜੁਗਾਂ ਵਿਚ ਵੰਡਿਆ ਹੋਇਆ ਹੈ ਜਿਸ ਦਾ ਪਹਿਲਾਂ ਵੀ ਜ਼ਿਕਰ ਹੋ ਚੁਕਾ ਹੈ। ਸਿੱਖ ਧਰਮ ਚਿੰਤਨ ਅਨੁਸਾਰ ਕਲਿਜੁਗ ਦਾ ਸਮਾਂ ਕਿਸੇ ਵੇਲੇ ਵੀ ਵਾਪਰ ਸਕਦਾ ਹੈ, ਇਹ ਸਮੇਂ ਦੀ ਕੋਈ ਖਾਸ ਕਿਸਮ ਦੀ ਵੰਡ ਨਹੀਂ ਹੈ ਕਿਉਂਕਿ ਇਸ ਦਾ ਸਬੰਧ ਖਾਸ ਸਮੇਂ ਨਾਲ ਨਾ ਹੋ ਕੇ ਮਨੁੱਖੀ ਮਨ ਦੀਆਂ ਬਿਰਤੀਆਂ ਨਾਲ ਹੈ। ਜਦੋਂ ਵੀ ਜਿਸ ਥਾਂ ‘ਤੇ ਕਾਮ, ਕ੍ਰੋਧ, ਲੋਭ, ਮੋਹ ਅਤੇ ਹਉਮੈ ਆਦਿ ਬਿਰਤੀਆਂ ਮਨੁੱਖੀ ਸੁਭਾਅ ਉਤੇ ਭਾਰੂ ਹੋ ਜਾਂਦੀਆਂ ਹਨ ਤਾਂ ਸਮਝਣਾ ਚਾਹੀਦਾ ਹੈ ਕਿ ਕਲਿਜੁਗ ਹੈ। ਅਗਿਆਨ ਦਾ ਬੋਲ ਬਾਲਾ ਹੁੰਦਾ ਹੈ। ਅਗਿਆਨ-ਵਸ ਅਜਿਹੀਆਂ ਬਿਰਤੀਆਂ ਆਪਸੀ ਵੈਰ-ਵਿਰੋਧ, ਨਫਰਤ ਅਤੇ ਈਰਖਾ ਨੂੰ ਜਨਮ ਦਿੰਦੀਆਂ ਹਨ ਜਿਸ ਨਾਲ ਮਾਨਵਤਾ ਦੀ ਹਾਨੀ ਹੁੰਦੀ ਹੈ, ਤਬਾਹੀ ਹੁੰਦੀ ਹੈ। ਮਾਨਵਵਾਦੀ ਕੀਮਤਾਂ ਰਸਾਤਲ ਵਿਚ ਚਲੀਆਂ ਜਾਂਦੀਆਂ ਹਨ ਅਤੇ ਬਦੀ ਦਾ ਪਸਾਰਾ ਪਸਰ ਜਾਂਦਾ ਹੈ।
ਗੁਰੂ ਨਾਨਕ ਆਪਣੇ ਸਮਕਾਲੀਨ ਹਾਲਾਤ ਦਾ ਜ਼ਿਕਰ ਕਰਦੇ ਹਨ ਕਿ ਇਹ ਘੋਰ ਕਲਿਜੁਗ ਦਾ ਸਮਾਂ ਹੈ ਜਿਸ ਦਾ ਸੁਭਾਅ ਛੁਰੀ ਦੀ ਤਰ੍ਹਾਂ ਹੈ। ਇਸ ਸੁਭਾਅ ਦੇ ਕਾਰਨ ਰਾਜੇ ਕਸਾਈ ਬਣ ਗਏ ਹਨ, ਜ਼ਾਲਮ ਹੋ ਰਹੇ ਹਨ (ਅੱਜ ਕੱਲ੍ਹ ਵੀ ਇਹੀ ਕੁਝ ਹੋ ਰਿਹਾ ਹੈ)। ਧਰਮ ਦਾ ਕਿਧਰੇ ਨਾਮੋ ਨਿਸ਼ਾਨ ਨਹੀਂ ਹੈ ਜਿਵੇਂ ਖੰਭ ਲਾ ਕੇ ਕਿਧਰੇ ਉਡ ਗਿਆ ਹੋਵੇ (ਧਰਮ ਦਾ ਅਰਥ ਮਹਿਜ ਪੂਜਾ-ਪਾਠ, ਅਖੰਡ ਪਾਠ ਕਰਾ ਲੈਣੇ ਨਹੀਂ, ਧਰਮ ਦਾ ਅਸਲੀ ਅਰਥ ਮਾਨਵਵਾਦੀ ਕੀਮਤਾਂ ਦਾ ਬਹਾਲ ਹੋਣਾ ਹੈ ਜਿਸ ਵਿਚ ਹਰ ਇੱਕ ਨੂੰ ਬਰਾਬਰੀ ਤੇ ਨਿਆਉਂ ਮਿਲ ਸਕੇ)। ਕੂੜ ਦਾ, ਝੂਠ ਦਾ ਹਨੇਰਾ ਚਾਰ-ਚੁਫੇਰੇ ਮੱਸਿਆ ਦੀ ਰਾਤ ਦੀ ਤਰ੍ਹਾਂ ਫੈਲਿਆ ਹੋਇਆ ਹੈ ਜਿਸ ਕਰਕੇ ਸਭ ਕੁਝ ਅਸਪਸ਼ਟ ਹੋ ਗਿਆ ਹੈ, ਅਗਿਆਨ ਕਾਰਨ ਕੀ ਸਹੀ ਅਤੇ ਕੀ ਗਲਤ ਹੈ, ਕੁਝ ਵੀ ਨਜ਼ਰ ਨਹੀਂ ਆ ਰਿਹਾ। ਇਸ ਅਗਿਆਨ ਅਤੇ ਝੂਠ ਦੀ ਹਨੇਰੀ ਰਾਤ ਵਿਚ ਸੱਚ ਅਤੇ ਗਿਆਨ ਦਾ ਚੰਦ੍ਰਮਾ ਕਿਧਰੇ ਵੀ ਨਜ਼ਰ ਨਹੀਂ ਆ ਰਿਹਾ। ਹਨੇਰੇ ਕਾਰਨ ਰਸਤਾ ਮਿਲ ਨਹੀਂ ਰਿਹਾ ਅਤੇ ਗੁਰੂ ਨਾਨਕ ਕਹਿੰਦੇ ਕਿ ਮੈਂ ਭਾਲ ਭਾਲ ਕੇ ਥੱਕ ਗਿਆ ਹਾਂ। ਹਉਮੈ ਕਾਰਨ ਸੰਸਾਰ ਦੁਖੀ ਹੋ ਕੇ ਰੋ ਰਿਹਾ ਹੈ। ਇਸ ਦੁੱਖ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ, ਮਨੁੱਖ ਦੀ ਇਸ ਦੁੱਖ ਤੋਂ ਖਲਾਸੀ ਕਿਵੇਂ ਹੋਵੇ,
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਮੀ ਕਹ ਚੜਿਆ॥
ਹਉ ਭਾਲਿ ਵਿਕੁੰਨੀ ਹੋਈ॥
ਆਧੇਰੈ ਰਾਹੁ ਨ ਕੋਈ॥
ਵਿਚਿ ਹਉਮੈ ਕਰਿ ਦੁਖੁ ਰੋਈ॥
ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥੧॥ (ਪੰਨਾ ੧੪੫)
ਗੁਰੂ ਨਾਨਕ ਦਾ ਆਗਮਨ ਇਸ ਸੰਸਾਰ ਨੂੰ ਅਗਿਆਨ ਦੇ ਹਨੇਰੇ ਵਿਚੋਂ ਕੱਢ ਕੇ ਗਿਆਨ ਦੇ ਰਸਤੇ ‘ਤੇ ਪਾਉਣ ਅਤੇ ਇਸ ਦਾ ਉਧਾਰ ਕਰਨ ਲਈ ਹੋਇਆ। ਇਸ ਤੱਥ ਤੋਂ ਜਾਣੂ ਕਰਵਾਉਣ ਤੋਂ ਬਾਅਦ ਭਾਈ ਗੁਰਦਾਸ ਅੱਗੇ ਉਸ ਅਵਸਥਾ ਦਾ ਬਿਆਨ ਕਰਦੇ ਹਨ ਜਿਸ ਵਿਚ ਗੁਰੂ ਨਾਨਕ ਦੀ ਸੁਰਤਿ ਪਰਮਾਤਮ-ਸੁਰਤਿ ਨਾਲ ਇੱਕਸੁਰ ਹੋਈ ਅਤੇ ਅਕਾਲ ਪੁਰਖ ਦੀ ਮਿਹਰ ਪ੍ਰਾਪਤ ਕਰਕੇ ਉਸ ਰੱਬੀ ਗਿਆਨ ਨੂੰ ਉਨ੍ਹਾਂ ਨੇ ਦੁਨੀਆਂ ਦੇ ਲੋਕਾਂ ਨਾਲ ਸਾਂਝਾ ਕੀਤਾ। ਭਾਈ ਗੁਰਦਾਸ ਦੱਸਦੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਅਕਾਲ ਪੁਰਖ ਦੀ ਮਿਹਰ ਪ੍ਰਾਪਤ ਕੀਤੀ, ਉਸ ਦੇ ਦਰਵਾਜ਼ੇ ਤੋਂ ਬਖਸ਼ਿਸ਼ ਪਾ ਕੇ ਫਿਰ ਉਨ੍ਹਾਂ ਨੇ ਕਰੜੀ ਮਿਹਨਤ ਕੀਤੀ, ਘਾਲਣਾ ਘਾਲੀ। ਅੱਗੇ ਗੁਰੂ ਨਾਨਕ ਸਾਹਿਬ ਦੀ ਸਾਦਾ ਰਹਿਣੀ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਨੂੰ ‘ਰੇਤੁ ਅੱਕੁ ਆਹਾਰੁ’ ਕਿਹਾ ਹੈ।
ਗੁਰੂ ਨਾਨਕ ਸਾਹਿਬ ਨੇ ਸਾਰਾ ਜੀਵਨ ਹੀ ਬਹੁਤ ਸਾਦਗੀ ਨਾਲ ਜੀਵਿਆ ਅਤੇ ਆਪਣੇ ਅਮਲੀ ਜੀਵਨ ਰਾਹੀਂ ਕਿਰਤ ਕਰਨ ਅਤੇ ਨਾਮ ਜਪਣ ਦਾ ਰਸਤਾ ਦਿਖਾਇਆ। ਗੁਰੂ ਨਾਨਕ ਨੇ ਬਹੁਤ ਹੀ ਸਾਦੀ ਜੀਵਨ ਸ਼ੈਲੀ ਅਪਨਾਈ ਜਿਸ ਵਿਚ ਉਨ੍ਹਾਂ ਨੇ ਦਿਨ-ਰਾਤ ਦੀ ਭਗਤੀ ਰਾਹੀਂ ਆਪਣੀ ਸੁਰਤਿ ਨੂੰ ਰੱਬੀ-ਸੁਰਤਿ ਨਾਲ ਇਕਸੁਰ ਕੀਤਾ ਅਤੇ ਆਪਣੇ ਵੱਡੇ ਭਾਗਾਂ ਕਾਰਨ ਰੱਬੀ ਮਿਹਰ ਪ੍ਰਾਪਤ ਕੀਤੀ ਜਿਸ ਸਦਕਾ ਅਕਾਲ ਪੁਰਖ ਨਾਲ ਨੇੜੇ ਦਾ ਸਬੰਧ ਬਣ ਗਿਆ। ਬਾਬਾ ਨਾਨਕ ਦੀ ਸੁਰਤਿ ਸੱਚ ਖੰਡ ਵਿਚ ਪਹੁੰਚੀ ਜਿੱਥੇ ਉਨ੍ਹਾਂ ਨੂੰ ਸੱਚੇ ਨਾਮ ਦੀ ਪ੍ਰਾਪਤੀ ਹੋਈ, ਉਹ ਸੱਚਾ ਨਾਮ ਜੋ ਸਭ ਰਿਧੀਆਂ ਸਿਧੀਆਂ ਦਾ ਖਜ਼ਾਨਾ ਹੈ। ਇਸ ਨਾਮ ਦੀ ਪ੍ਰਾਪਤੀ ਨਾਲ ਹੋਰ ਹਰ ਤਰ੍ਹਾਂ ਦੀਆਂ ਪ੍ਰਾਪਤੀਆਂ ਦੀ ਭੁੱਖ ਮਿਟ ਜਾਂਦੀ ਹੈ। ਅਕਾਲ ਪੁਰਖ ਨਾਲ ਇਕਸੁਰਤਾ ਦੇ ਪਲਾਂ ਵਿਚ ਬਾਬਾ ਨਾਨਕ ਨੇ ਅੰਤਰ-ਧਿਆਨ ਹੋ ਕੇ ਅਨੁਭਵ ਕੀਤਾ ਕਿ ਸਾਰੀ ਧਰਤੀ ਅਰਥਾਤ ਦੁਨੀਆਂ ਦੇ ਲੋਕ ਲਾਲਸਾ ਅਤੇ ਅਹੰਕਾਰ ਦੀ ਭੱਠੀ ਵਿਚ ਜਲ ਰਹੇ ਹਨ। ਰਸਤਾ ਦਿਖਾਉਣ ਵਾਲੇ ਗੁਰੂ ਦੀ ਅਗਵਾਈ ਨਾ ਹੋਣ ਕਾਰਨ ਅਗਿਆਨ-ਰੂਪ ਹਨੇਰਾ ਛਾਇਆ ਹੋਇਆ ਹੈ ਜਿਸ ਕਾਰਨ ਲੋਕ (ਜਪੁਜੀ ਵਿਚ ਗੁਰੂ ਨਾਨਕ ਸਾਹਿਬ ਨੇ ਹਉਮੈ ਨੂੰ ਅਗਿਆਨ ਕਿਹਾ ਹੈ, ‘ਕੂੜੈ ਪਾਲਿ’ ਕਿਹਾ ਹੈ) ਦੁੱਖ ਸਹਿ ਰਹੇ ਹਨ ਅਤੇ ਉਨ੍ਹਾਂ ਦੀ ਹਾਹਾਕਾਰ ਦੀ ਆਵਾਜ਼ ਗੁਰੂ ਨਾਨਕ ਸਾਹਿਬ ਨੂੰ ਆਪਣੇ ਅੰਤਰ ਆਤਮੇ ਵਿਚ ਸੁਣਾਈ ਦੇ ਰਹੀ ਹੈ। ਲੋਕਾਈ ਦੇ ਦੁੱਖ ਜਾਣਨ ਵਾਸਤੇ, ਉਨ੍ਹਾਂ ਨੂੰ ਹੋਰ ਸਮਝਣ ਲਈ, ਲੋਕਾਈ ਦਾ ਉਧਾਰ ਕਰਨ ਲਈ ਬਾਬੇ ਨੇ ਭੇਖ ਧਾਰਨ ਕੀਤਾ ਅਤੇ ਉਦਾਸੀ ਦੀ ਰੀਤ ਚਲਾਈ ਕਿ ਦੁੱਖ-ਸੁੱਖ ਤੋਂ ਨਿਰਲੇਪ ਕਿਵੇਂ ਹੋਣਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਨੇ ਉਦਾਸੀਆਂ ਦੀ ਪਰੰਪਰਾ ਸ਼ੁਰੂ ਕੀਤੀ ਅਤੇ ਜਗਤ ਦਾ ਸੁਧਾਰ ਕਰਨ ਲਈ ਸੰਸਾਰ ਯਾਤਰਾ (ਉਦਾਸੀਆਂ) ‘ਤੇ ਤੁਰ ਪਏ:
ਪਹਿਲਾ ਬਾਬੇ ਪਾਯਾ ਬਖਸੁ ਦਰਿ ਪਿਛੋਦੇ ਫਿਰਿ ਘਾਲਿ ਕਮਾਈ।
ਰੇਤੁ ਅੱਕੁ ਆਹਾਰੁ ਕਰਿ ਰੋੜਾ ਕੀ ਗੁਰ ਕੀਅ ਵਿਛਾਈ।
ਭਾਰੀ ਕਰੀ ਤਪਸਿਆ ਵਡੇ ਭਾਗਿ ਹਰਿ ਸਿਉ ਬਣਿ ਆਈ।
ਬਾਬਾ ਪੈਧਾ ਸਚਿ ਖੰਡਿ ਨਉ ਨਿਧਿ ਨਾਮੁ ਗਰੀਬੀ ਪਾਈ।
ਬਾਬਾ ਦੇਖੈ ਧਿਆਨੁ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ।
ਬਾਝੁ ਗੁਰੂ ਗੁਬਾਰੁ ਹੈ, ਹੈ ਹੈ ਕਰਦੀ ਸੁਣੀ ਲੁਕਾਈ।
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ।
ਚੜ੍ਹਿਆ ਸੋਧਣਿ ਧਰਤਿ ਲੁਕਾਈ॥੨੪॥
ਗੁਰੂ ਨਾਨਕ ਸਾਹਿਬ ਦਾ ਅਕਾਲ ਪੁਰਖ ਦੇ ਹਜ਼ੂਰ ਸੱਚ ਖੰਡ ਪਹੁੰਚਣਾ, ਅਕਾਲ ਪੁਰਖ ਦੀ ਮਿਹਰ ਸਦਕਾ ਸੱਚੇ ਨਾਮ ਦੀ ਪ੍ਰਾਪਤੀ ਦਾ ਉਲੇਖ ਸਾਨੂੰ ਜਨਮ ਸਾਖੀਆਂ ਵਿਚ ‘ਵੇਈਂ ਨਦੀ ਪ੍ਰਵੇਸ਼’ ਦੇ ਹਵਾਲੇ ਨਾਲ ਮਿਲਦਾ ਹੈ। ‘ਮਾਝ ਕੀ ਵਾਰ’ ਵਿਚ ਅਕਾਲ ਪੁਰਖ ਦੀ ਮਿਹਰ ਸਦਕਾ ਸੱਚੇ ਨਾਮ ਦੀ ਪ੍ਰਾਪਤੀ ਅਤੇ ਉਸ ਦੇ ਹੁਕਮ ਅਨੁਸਾਰ ਮਿਸ਼ਨ ਵਿਚ ਲੱਗਣ ਦਾ ਜ਼ਿਕਰ ਕਰਦਿਆਂ ਗੁਰੂ ਨਾਨਕ ਸਾਹਿਬ ਅਖੀਰਲੀ ਪਉੜੀ ਤੋਂ ਪਹਿਲੇ ਸਲੋਕ ਵਿਚ ਫਰਮਾਉਂਦੇ ਹਨ ਕਿ ਅਕਾਲ ਪੁਰਖ ਆਪਣੀ ਮਿਹਰ ਕਰਕੇ ਜਿਸ ਮਨੁੱਖ ਨੂੰ ਮਤਿ ਦਿੰਦਾ ਹੈ, ਉਸ ਨੂੰ ਹੀ ਚੰਗੀ ਮਤਿ ਪ੍ਰਾਪਤ ਹੁੰਦੀ ਹੈ, ਜਿਸ ਨੂੰ ਜੀਵਨ-ਜਾਚ ਦੀ ਸੂਝ ਦਿੰਦਾ ਹੈ, ਉਸ ਨੂੰ ਸੋਝੀ ਆ ਜਾਂਦੀ ਹੈ। ਪਰ ਇਸ ਸੋਝੀ ਦੀ ਪ੍ਰਾਪਤੀ ਤੋਂ ਬਿਨਾ ਹੀ ਆਖੀ ਜਾਣਾ ਕਿ ਮੈਨੂੰ ਸੋਝੀ ਹੈ, ਬੇਕਾਰ ਹੈ। ਹਰ ਇਕ ਜੀਵ ਨੂੰ ਅਕਾਲ ਪੁਰਖ ਆਪਣੇ ਹੁਕਮ ਅਨੁਸਾਰ ਪੈਦਾ ਕਰਦਾ ਹੈ ਅਤੇ ਆਪ ਹੀ ਉਹ ਸਾਰੀ ਲੋਕਾਈ ਲਈ ਵਿਚਾਰਾਂ ਕਰਦਾ ਅਤੇ ਜਾਣਦਾ ਹੈ। ਜਿਸ ਮਨੁੱਖ ਨੂੰ ਉਸ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖ ਪਾਸੋਂ ਇਸ ਸੋਝੀ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ, ਉਸ ਦੀ ਹੋਰ ਹਰ ਤਰ੍ਹਾਂ ਦੀ ਭਟਕਣ ਮੁੱਕ ਜਾਂਦੀ ਹੈ,
ਆਪਿ ਬੁਝਾਏ ਸੋਈ ਬੂਝੈ॥
ਜਿਸੁ ਆਪਿ ਸੁਝਾਏ ਤਿਸੁ ਸਭੁ ਕਿਛੁ ਸੂਝੈ॥
ਕਹਿ ਕਹਿ ਕਥਨਾ ਮਾਇਆ ਲੂਝੈ॥
ਹੁਕਮੀ ਸਗਲ ਕਰੇ ਆਕਾਰ॥
ਆਪੇ ਜਾਣੈ ਸਰਬ ਵੀਚਾਰ॥
ਅਖਰ ਨਾਨਕ ਅਖਿਓ ਆਪਿ॥
ਲਹੈ ਭਰਾਤਿ ਹੋਵੈ ਜਿਸੁ ਦਾਤਿ॥੨॥ (ਪੰਨ ੧੫੦)
ਭਾਈ ਗੁਰਦਾਸ ਦੇ ਉਪਰ ਦਿੱਤੇ ਕਥਨ ਕਿ ਪਹਿਲਾਂ ਬਾਬੇ ਨੇ ਅਕਾਲ ਪੁਰਖ ਦੇ ਦਰਵਾਜ਼ੇ ਤੋਂ ਉਸ ਦੀ ਬਖਸ਼ਿਸ਼ ਰਾਹੀਂ ਨਾਮ ਦੀ ਦਾਤ ਪ੍ਰਾਪਤ ਕੀਤੀ ਅਤੇ ਫਿਰ ਬਾਬਾ ਉਦਾਸੀ ਦਾ ਭੇਖ ਬਣਾ ਕੇ ਲੋਕਾਈ ਦਾ ਸੁਧਾਰ ਕਰਨ ਲਈ ਤੁਰਿਆ, ਦੀ ਪ੍ਰੋੜਤਾ ਗੁਰੂ ਨਾਨਕ ਸਾਹਿਬ ਦੇ ਆਪਣੇ ਬਿਆਨ ਤੋਂ ਹੋ ਜਾਂਦੀ ਹੈ। ਗੁਰੂ ਨਾਨਕ ਸਾਹਿਬ ‘ਮਾਝ ਕੀ ਵਾਰ’ ਵਿਚ ਉਪਰ ਦਿੱਤੇ ਉਨ੍ਹਾਂ ਦੇ ਸਲੋਕ ਤੋਂ ਅਗਲੀ ਅਤੇ ਅਖੀਰਲੀ ਪਉੜੀ ਵਿਚ ਫੁਰਮਾਉਂਦੇ ਹਨ ਕਿ ਮੈਂ ਵਿਹਲਾ ਸੀ ਅਤੇ ਅਕਾਲ ਪੁਰਖ ਨੇ ਮੈਨੂੰ ਆਪਣਾ ਢਾਡੀ ਬਣਾ ਕੇ ਕੰਮ ਲਾ ਦਿੱਤਾ। ਮੈਨੂੰ ਹੁਕਮ ਕਰ ਦਿੱਤਾ ਕਿ ਭਾਵੇਂ ਦਿਨ ਹੋਵੇ, ਭਾਵੇਂ ਰਾਤ, ਮੈਂ ਸਦਾ ਹੀ ਉਸ ਅਕਾਲ ਪੁਰਖ ਦਾ ਜਸ ਗਾਵਾਂ, ਉਸ ਦੀ ਸਿਫਤਿ-ਸਾਲਾਹ ਕਰਾਂ। ਮੈਨੂੰ ਢਾਡੀ ਨੂੰ ਉਸ ਪਰਵਰਦਗਾਰ ਅਕਾਲ ਪੁਰਖ ਨੇ ਇਸ ਸਿਫਤਿ-ਸਾਲਾਹ ਕਾਰਨ ਆਪਣੇ ਦਰਬਾਰ, ਆਪਣੀ ਹਜ਼ੂਰੀ ਵਿਚ ਸੱਦਿਆ। ਮੇਰੇ ‘ਤੇ ਮਿਹਰ ਕੀਤੀ ਅਤੇ ਉਸ ਨੇ ਸਿਫਤਿ-ਸਾਲਾਹ ਰੂਪੀ ਮੈਨੂੰ ਸਿਰੋਪਾਓ ਦਿੱਤਾ, ਮੈਨੂੰ ਵਡਿਆਈ ਬਖਸਿਸ਼ ਕੀਤੀ। ਉਸ ਅਕਾਲ ਪੁਰਖ ਨੇ ਆਪਣੇ ਸਦੀਵੀ ਹੋਂਦ ਵਿਚ ਰਹਿਣ ਵਾਲੇ ਨਾਮ ਦੀ ਦਾਤ ਬਖਸ਼ਿਸ਼ ਕੀਤੀ। ਉਸ ਕੋਲੋਂ ਮੈਨੂੰ ਨਾਮ ਦਾ ਭੋਜਨ ਮਿਲਿਆ, ਅਜਿਹਾ ਭੋਜਨ ਜੋ ਆਤਮਿਕ ਜੀਵਨ ਦਿੰਦਾ ਹੈ।
ਗੁਰੂ ਨਾਨਕ ਦੱਸਦੇ ਹਨ ਕਿ ਜਿਸ ਜਿਸ ਮਨੁੱਖ ਨੇ ਵੀ ਗੁਰੂ ਦੀ ਸਿੱਖਿਆ ‘ਤੇ ਤੁਰ ਕੇ ਇਸ ਆਤਮਕ ਜੀਵਨ ਦੇਣ ਵਾਲੇ ਭੋਜਨ ਨੂੰ ਖਾਧਾ ਹੈ, ਉਸ ਨੇ ਹੀ ਸੁੱਖ ਪਾਇਆ ਹੈ। ਗੁਰੂ ਸਾਹਿਬ ਅੱਗੇ ਦੱਸਦੇ ਹਨ ਕਿ ਮੈਂ ਢਾਡੀ ਜਿਵੇਂ ਜਿਵੇਂ ਉਸ ਦੀ ਸਿਫਤਿ-ਸਾਲਾਹ ਦਾ ਗੀਤ ਗਾਉਂਦਾ ਹਾਂ, ਅਕਾਲ ਪੁਰਖ ਦੇ ਦਰਵਾਜ਼ੇ ਤੋਂ ਮਿਲੇ ਇਸ ਨਾਮ ਰੂਪੀ ਭੋਜਨ ਨੂੰ ਛਕਦਾ ਹਾਂ, ਮੈਨੂੰ ਅਨੰਦ ਪ੍ਰਾਪਤ ਹੁੰਦਾ ਹੈ। ਉਸ ਸੱਚੇ ਦੀ ਸਿਫਤਿ-ਸਾਲਾਹ ਕਰਕੇ ਉਸ ਪੂਰਨ ਹਸਤੀ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ,
ਹਉ ਢਾਢੀ ਵੇਕਾਰੁ ਕਾਰੈ ਲਾਇਆ॥
ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ॥
ਢਾਢੀ ਸਚੈ ਮਹਲਿ ਖਸਮਿ ਬੁਲਾਇਆ॥
ਸਚੀ ਸਿਫਤਿ ਸਾਲਾਹ ਕਪੜਾ ਪਾਇਆ॥
ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ॥
ਗੁਰਮਤੀ ਖਾਧਾ ਰਜਿ ਤਿਨਿ ਸੁਖੁ ਪਾਇਆ॥
ਢਾਢੀ ਕਰੇ ਪਸਾਉ ਸਬਦੁ ਵਜਾਇਆ॥
ਨਾਨਕ ਸਚੁ ਸਾਲਾਹਿ ਪੂਰਾ ਪਾਇਆ॥੨੭॥ (ਪੰਨਾ ੧੫੦)