ਡਾæ ਦੀਪਕ ਮਨਮੋਹਨ ਸਿੰਘ*
ਸਿਆਸਤ ਜਾਂ ਰਾਜਨੀਤੀ ਦਾ ਸੰਕਲਪ ਬੁਨਿਆਦੀ ਤੌਰ ‘ਤੇ ਕਦੇ ਵੀ ਨਾਕਾਰਾਤਮਕ ਨਹੀਂ ਸੀ। ਸਮੇਂ ਸਮੇਂ ਪੈਦਾ ਹੋਏ ਨਿਜ ਕੇਂਦਰਿਤ ਰੁਝਾਨਾਂ ਨੇ ਇਸ ਸ਼ਬਦ ਦੇ ਮਾਅਨੇ ਹੀ ਬਦਲ ਦਿੱਤੇ ਹਨ। ਸਵੈ-ਕੇਂਦਰਿਤ ਅਤੇ ਨਿਜੀ ਹਿਤਾਂ ਰਾਹੀਂ ਪਾਈਆਂ ਪਿਰਤਾਂ ਅਤੇ ਰਵਾਇਤਾਂ ਨੇ ਇਸ ਸੰਕਲਪ ਨੂੰ ਮੂਲੋਂ ਹੀ ਬਦਲ ਦਿੱਤਾ ਹੈ। ਅਜੋਕੇ ਦੌਰ ਵਿਚ ਤਾਂ ਇਹ ਸੰਕਲਪ ਬਿਲਕੁਲ ਹੀ ਨਾਕਾਰਾਤਮਕ ਜਾਪਣ ਲੱਗ ਗਿਆ ਹੈ। ਸਹੀ ਮਾਅਨਿਆਂ ਵਿਚ ਵੇਖਿਆ ਜਾਵੇ ਤਾਂ ਸਿਆਸਤ ਜਾਂ ਰਾਜਨੀਤੀ ਨੂੰ ‘ਰਣਨੀਤੀ’ ਦੇ ਸਮਅਰਥੀ ਵਜੋਂ ਸਮਝਿਆ ਜਾਂਦਾ ਸੀ ਜਾਂ
ਇਉਂ ਕਹਿ ਲਉ ਕਿ ਸਿਆਸਤ ਇਕ ਖਾਸ ਕਿਸਮ ਦੀ ਰਣਨੀਤੀ ਨੂੰ ਮੰਨਿਆ ਜਾਂਦਾ ਸੀ। ਸੂਝ-ਬੂਝ ਨਾਲ ਅਤੇ ਸੁਚੇਤ ਹੋ ਕੇ ਯੋਜਨਾਵਾਂ ਉਲੀਕਣੀਆਂ ਹੀ ਸਿਆਸਤ ਦਾ ਸਾਕਾਰਾਤਮਕ ਅਰਥ ਹੈ।
ਸਾਕਾਰਾਤਮਕ ਪੱਧਰ ‘ਤੇ ਇਸ ਦੀ ਵਿਸ਼ੇਸ਼ਤਾ ਇਹ ਬਣਦੀ ਹੈ ਕਿ ਇਹ ਯੋਜਨਾਵਾਂ ਉਲੀਕਣ ਵਾਲਾ ਆਪਣੇ ਨਿਜੀ ਫਾਇਦੇ ਕੇਂਦਰ ਵਿਚ ਰੱਖ ਕੇ ਯੋਜਨਾਵਾਂ ਨਾ ਉਲੀਕੇ ਬਲਕਿ ਉਸ ਆਦਰਸ਼ ਜਾਂ ਸੰਸਥਾ ਨੂੰ ਹੀ ਕੇਂਦਰ ਵਿਚ ਰੱਖੇ ਜਿਸ ਲਈ ਉਹ ਯੋਜਨਾਵਾਂ ਉਲੀਕ ਰਿਹਾ ਹੈ। ਗੁਣਵੱਤਾ ਦਾ ਪਾਰਖੂ ਅਤੇ ਕਦਰਦਾਨ ਹੋਣਾ ਉਸ ਦੀ ਮੁੱਖ ਪਛਾਣ ਹੋਵੇ। ਉਸ ਨੂੰ ਪਛਾਣ ਹੋਵੇ ਕਿ ਮਿਆਰੀ ਕੀ ਹੈ ਅਤੇ ਕੀ ਨਹੀਂ ਹੈ? ਕਿਸ ਮਿਆਰ ਨੂੰ ਕਿੱਥੇ ਤਕ ਜਗ੍ਹਾ ਦੇਣੀ ਹੈ?
ਪਰ ਅਫਸੋਸ, ਸਮਕਾਲ ਵਿਚ ਇਹ ਸੰਕਲਪ ਆਪਣਾ ਸਰੂਪ ਬਦਲਦਿਆਂ ਨਿਰੋਲ ਨਾਕਾਰਾਤਮਕਤਾ ਵੱਲ ਵਧ ਰਿਹਾ ਹੈ। ਅਸਲ ਵਿਚ ਮਨੁੱਖੀ ਮਨ ਦੀ ਇਹ ਭੈੜ ਹੈ ਕਿ ਜਦ ਇਸ ਕੋਲ ਸ਼ਕਤੀ ਆਉਂਦੀ ਹੈ ਤਾਂ ਇਹ ਸਵਾਰਥੀ ਅਤੇ ਸ਼ੈਤਾਨ ਵਧੇਰੇ ਹੋ ਜਾਂਦਾ ਹੈ। ਇਸੇ ਭੈੜ ਕਾਰਨ ਹੀ ਤਾਂ ਸ਼ਕਤੀ ਦੀ ਵਰਤੋਂ ਨਿਜੀ ਫਾਇਦਿਆਂ ਲਈ ਕਰਨੀ ਸ਼ੁਰੁ ਕਰ ਦਿੰਦਾ ਹੈ। ਇਸ ਸਭ ਦੇ ਕਾਰਨ ਤਲਾਸ਼ਦਿਆਂ ਡੂੰਘਾਈ ਵਿਚ ਜਾਈਏ ਤਾਂ ਅਸੀਂ ਜਾਣਦੇ ਹਾਂ ਕਿ ਮਜਬੂਰੀ ਇਹ ਬਣ ਜਾਂਦੀ ਹੈ ਕਿ ਕਿਸੇ ਵੀ ਤੰਤਰ ਨੂੰ ਚਲਾਉਣ ਲਈ ਕੁਝ ਨੁਮਾਇੰਦਿਆਂ ਜਾਂ ਆਗੂਆਂ ਉਪਰ ਵਿਸ਼ਵਾਸ ਕਰਨਾ ਹੀ ਪੈਂਦਾ ਹੈ। ਕਿਉਂਕਿ ਸਿਸਟਮ ਭਾਵੇਂ ਕੋਈ ਵੀ ਹੋਵੇ, ਸਾਰੇ ਜਣੇ ਨਹੀਂ ਚਲਾ ਸਕਦੇ ਬਲਕਿ ਕੁਝ ਕੁ ਨੂੰ ਅਗਵਾਈ ਦੇ ਕੇ ਵਿਸ਼ਵਾਸ ਕਰਨਾ ਹੀ ਪੈਂਦਾ ਹੈ। ਸਭ ਕੁਝ ਨੇਮਬੱਧ ਚਲਾਉਣ ਲਈ ਹੀ ਵਿਸ਼ਵਾਸ ਦੇ ਆਧਾਰ ‘ਤੇ ਸ਼ਕਤੀ ਦਾ ਕੇਂਦਰੀਕਰਨ ਇਨ੍ਹਾਂ ਕੋਲ ਹੋ ਜਾਂਦਾ ਹੈ। ਜਿਉਂ ਹੀ ਸ਼ਕਤੀ ਕੁਝ ਚੋਣਵੇਂ ਲੋਕਾਂ ਦੇ ਹੱਥਾਂ ਵਿਚ ਚਲੀ ਜਾਂਦੀ ਹੈ, ਇਹ ਲੋਕ ਤਜ਼ਰਬੇਕਾਰ ਹੋ ਜਾਂਦੇ ਹਨ। ਹੌਲੀ ਹੌਲੀ ਇਹ ਲੋਕ ਸ਼ਕਤੀ ਦੇ ਆਦੀ ਹੋ ਕੇ ਇਸ ਨਾਲ ਨਸ਼ਿਆ ਜਾਂਦੇ ਹਨ। ਸ਼ਕਤੀ ਦੇ ਖੁੱਸ ਜਾਣ ਦਾ ਤਣਾਅ ਉਨ੍ਹਾਂ ਨੂੰ ਨਵੀਆਂ ਨਵੀਆਂ ਤਰਕੀਬਾਂ ਸੋਚਣ ਲਈ ਮਜ਼ਬੂਰ ਕਰਦਾ ਰਹਿੰਦਾ ਹੈ ਤਾਂ ਕਿ ਉਹ ਸ਼ਕਤੀ ਨੂੰ ਬਹੁਤਾ ਸਮਾਂ ਆਪਣੇ ਕੋਲ ਰੱਖਣ। ਇਸ ਸਭ ਦੇ ਚਲਦਿਆਂ ਸਥਿਤੀ ਇਹ ਬਣ ਜਾਂਦੀ ਹੈ ਕਿ ਉਹ ਇਸੇ ਸ਼ਕਤੀ ਦੀ ਵਰਤੋਂ ਕਿਸੇ ਸੁਚਾਰੂ ਕਾਰਜ ਵੱਲ ਨਹੀਂ ਕਰਦੇ ਬਲਕਿ ਆਪਣੀ ਇਸ ਸ਼ਕਤੀ ਦੀ ਵਰਤੋਂ ਉਹ ਆਪਣੇ ਆਪ ਦੇ ‘ਸਰਬਕਾਲੀ ਸ਼ਕਤੀਮਾਨ’ ਬਣਨ ਵਿਚ ਹੀ ਕਰਦੇ ਹਨ। ਫਿਰ ਉਹ ਹਰੇਕ ਫੈਸਲਾ ਇਸ ਗੱਲ ਨੂੰ ਮੁੱਖ ਰੱਖ ਕੇ ਹੀ ਲੈਂਦੇ ਹਨ ਕਿ ਕਿਸੇ ਨਾ ਕਿਸੇ ਤਰੀਕੇ ਸ਼ਕਤੀ ਪੱਕੇ ਤੌਰ ‘ਤੇ ਉਨ੍ਹਾਂ ਕੋਲ ਹੀ ਟਿਕੀ ਰਹੇ। ਇਸ ਮਕਸਦ ਨਾਲ ਹੀ ਉਹ ਆਪਣੀ ਦੂਰਅੰਦੇਸ਼ੀ ਸੋਚ ਤੋਂ ਕੰਮ ਲੈਂਦਿਆਂ ਹਰ ਕਦਮ ਫੂਕ ਫੂਕ ਕੇ ਰਖਦੇ ਹਨ ਅਤੇ ਆਪਣੇ ਸਵੈਲੋਭ ਤੋਂ ਇੰਚ ਭਰ ਵੀ ਇਧਰ-ਉਧਰ ਨਹੀਂ ਸੋਚ ਸਕਦੇ। ਵਿਚ ਵਿਚਾਲੇ ਜੇ ਕਿਤੇ ਕੋਈ ਇੱਕ ਅੱਧ ਫੈਸਲਾ ਉਹ ਆਵਾਮ ਦੇ ਹੱਕ ਵਿਚ ਲੈਂਦੇ ਵੀ ਜਾਪਣ ਤਾਂ ਸਪਸ਼ਟ ਤੌਰ ‘ਤੇ ਉਹ ਵੀ ਉਨ੍ਹਾਂ ਦੀ ਨਿਜ ਕੇਂਦਰਤ ਰਾਜਨੀਤਕ ਰਣਨੀਤੀ ਦਾ ਹੀ ਇਕ ਹਿੱਸਾ ਹੀ ਹੁੰਦਾ ਹੈ। ਇਸ ਤੋਂ ਵਧ ਕੇ ਹੋਰ ਕੁਝ ਨਹੀਂ।
ਸ਼ਕਤੀ ਦਾ ਨਸ਼ਾ ਸਮੈਕ ਤੋਂ ਵੀ ਭੈੜਾ ਹੈ, ਜਿਸ ਨੂੰ ਲੱਗ ਜਾਵੇ ਛੁਟਣਾ ਮੁਸ਼ਕਿਲ ਹੁੰਦਾ ਹੈ। ਆਪਣਾ ਦੀਨ, ਈਮਾਨ, ਸਵੈ ਆਦਿ ਸਭ ਕੁਝ ਦਾਅ ‘ਤੇ ਲਾ ਕੇ ਵੀ ਸ਼ਕਤੀ ਨੂੰ ਆਪਣੇ ਕੋਲ ਬਰਕਰਾਰ ਰੱਖਣਾ ਅਜਿਹੇ ਲੋਕਾਂ ਲਈ ਇਕ ਸਹਿਜ ਵਰਤਾਰਾ ਹੋ ਨਿਬੜਿਆ ਹੈ। ਸ਼ਕਤੀ ਦਾ ਝੱਸ ਐਨਾ ਮਾੜਾ ਹੈ ਕਿ ਕੋਈ ਵੀ ਸ਼ਕਤੀਮਾਨ ਜਦ ਆਪਣੇ ਆਪ ਨੂੰ ਸ਼ਕਤੀਹੀਣ ਹੋਇਆ ਮਹਿਸੂਸ ਕਰੇ ਤਾਂ ਉਸ ਨੂੰ ਆਪਣਾ ਆਪਾ ਨੰਗਾ ਪ੍ਰਤੀਤ ਹੁੰਦਾ ਹੈ ਅਤੇ ਉਹ ਮੁੜ ਸ਼ਕਤੀਮਾਨ ਬਣਨ ਲਈ ਕਿਸੇ ਵੀ ਹੱਦ ਤਕ ਗਿਰ ਸਕਦਾ ਹੈ।
ਇਸ ਲਿਹਾਜ ਨਾਲ ਹਰ ਥਾਂ ਨਾਂਹਮੁਖੀ ਸਿਆਸਤ ਹਾਵੀ ਹੋ ਜਾਂਦੀ ਹੈ। ਅਜਿਹੀ ਸਿਆਸਤ ਭਾਵੇਂ ਕਿਸੇ ਵੀ ਖੇਤਰ ਵਿਚ ਹੋਵੇ, ਬੁਰੀ ਹੀ ਬੁਰੀ ਹੈ। ਅਜੋਕੇ ਦੌਰ ਵਿਚ ਤਾਂ ਸਿਆਸਤ ਤੋਂ ਭਾਵ ਨਿਜੀ ਫਾਇਦਿਆਂ ਅਤੇ ਹਿਤਾਂ ਨੂੰ ਮੁੱਖ ਰੱਖ ਕੇ ਬਣਾਈ ਗਈ ਸੋਚੀ ਸਮਝੀ ਰਣਨੀਤੀ ਹੀ ਹੋ ਗਿਆ ਹੈ। ਅਜਿਹੀ ਰਣਨੀਤੀ ਵਿਚ ਪਹਿਲ ਨਿਜ ਨੂੰ ਹੀ ਦਿੱਤੀ ਜਾਂਦੀ ਹੈ। ਨਿਜ ਕੇਂਦਰਿਤ ਜੋੜ-ਤੋੜ ਨਾਲ ਹੀ ਰਣਨੀਤੀ ਉਲੀਕੀ ਜਾਂਦੀ ਹੈ। ਅਜਿਹੀ ਸੋਚੀ ਸਮਝੀ ਰਣਨੀਤੀ ਵਿਚ ਕੁਝ ਵੀ ਉਲੀਕਣ ਤੋਂ ਪਹਿਲਾਂ ਨਿਜੀ ਨਫੇ-ਨੁਕਸਾਨ ਬਾਰੇ ਸੋਚਣਾ ਸੁਭਾਵਕ ਹੁੰਦਾ ਹੈ। ਇਨ੍ਹਾਂ ਜੋੜਾਂ-ਤੋੜਾਂ ਦੇ ਚਲਦਿਆਂ ਕਿਸੇ ਵੀ ਖੇਤਰ ਦੀ ਅਸਲ ਰੂਹ ਦੇ ਫੌਤ ਹੋਣ ਦਾ ਖਦਸ਼ਾ ਅਕਸਰ ਬਰਕਰਾਰ ਰਹਿੰਦਾ ਹੈ। ਜਦ ਕਿਸੇ ਵੀ ਕਾਰਜ ਦੀ ਅਸਲ ਰੂਹ ਫੌਤ ਹੋ ਜਾਂਦੀ ਹੈ ਤਾਂ ਉਸ ਵਿਚ ਛਲਾਵਾ ਪ੍ਰਵੇਸ਼ ਕਰ ਜਾਂਦਾ ਹੈ ਜੋ ਉਸ ਕਾਰਜ ਦੀ ਸੁੱਚਤਾ ਅਤੇ ਪਾਕੀਜ਼ਗੀ ਨੂੰ ਲਾਂਭੇ ਕਰ ਕੇ ਖੁਦਮੁਖਤਿਆਰੀ ਹਾਸਲ ਕਰ ਬੈਠਦਾ ਹੈ। ਅਜਿਹੀ ਹਾਲਤ ਵਿਚ ਗੁਣਵੱਤਾ ਦਾ ਮੁੱਲ ਨਹੀਂ ਪੈਂਦਾ ਬਲਕਿ ਮੁੱਲ ਉਸ ਦਾ ਹੀ ਪੈਂਦਾ ਹੈ ਜੋ ਨੀਤੀ-ਘਾੜਿਆਂ ਦੀ ਹਾਂ ਵਿਚ ਹਾਂ ਮਿਲਾਉਂਦਾ ਹੋਵੇ। ਜੋ ਮੁੱਖ ਸੁਰ ਦੇ ਚੰਗੀ ਤਰ੍ਹਾਂ ਮੇਚ ਆ ਜਾਵੇ। ਅਜਿਹੀਆਂ ਸਥਿਤੀਆਂ ਵੱਖਰਤਾਵਾਂ ਨੂੰ ਮਾਨਤਾ ਦੇਣ ਤੋਂ ਵੀ ਇਨਕਾਰੀ ਹੋ ਜਾਂਦੀਆਂ ਹਨ ਜਿਸ ਕਾਰਨ ਗੁਣਵੱਤਾ ਦੇ ਗੁਆਚ ਜਾਣ ਦਾ ਕਾਰਨ ਇਹੋ ਹੁੰਦਾ ਹੈ ਕਿ ਜੇ ਗੁਣਵੱਤਾ ਅੱਗੇ ਆਵੇ ਤਾਂ ਨੀਤੀ-ਘਾੜਿਆਂ ਦੀ ਆਪਣੀ ਕੁਰਸੀ ਜਾਂ ਚੌਧਰ ਨੂੰ ਖਤਰਾ ਜਾਪਣ ਲਗਦਾ ਹੈ। ਅਜਿਹੀ ਸਿਆਸਤ ਜ਼ਿੰਦਗੀ ਦੇ ਹਰੇਕ ਖੇਤਰ ਵਿਚ ਪ੍ਰਵੇਸ਼ ਕਰ ਚੁੱਕੀ ਹੈ, ਜਾਂ ਇਹ ਕਹਿ ਲਉ ਕਿ ਮਨੁੱਖੀ ਦਿਮਾਗ ਦੇ ਵਿਕਾਸ ਕਾਰਨ ਇਸ ਨੇ ਅਜਿਹੀ ਸਿਆਸਤ ਕਰਨ ਦੀ ਚੋਖੀ ਜਾਚ ਸਿੱਖ ਲਈ ਹੈ। ਇਥੋਂ ਤਕ ਕਿ ਧਰਮ ਵਰਗੇ ਮੁੱਦਿਆਂ ‘ਤੇ ਵੀ ਸਿਆਸਤ ਹੋਣੀ ਸ਼ੁਰੂ ਹੋ ਗਈ ਹੈ।
ਅਜਿਹੀ ਸਿਆਸਤ ਹਰ ਖੇਤਰ ਵਿਚ ਹੀ ਮਾੜੀ ਹੈ। ਪਰ ਜੇ ਸਾਹਿਤ ਦੇ ਖੇਤਰ ਦੀ ਸਿਆਸਤ ਦੀ ਗੱਲ ਕਰੀਏ ਤਾਂ ਇਹ ਸਭ ਤੋਂ ਮਾੜੀ ਹੈ ਕਿਉਂਕਿ ਸਾਹਿਤ ਵਾਲੇ ਇਨ੍ਹਾਂ ਦਾਨਿਸ਼ਮੰਦਾਂ ਕੋਲ ਸ਼ਬਦ ਅਤੇ ਤਰਕ ਦਾ ਹਥਿਆਰ ਹੁੰਦਾ ਹੈ ਜਿਸ ਦੇ ਬਲਬੂਤੇ ਇਹ ਹਰ ਚੰਗੇ ਮਾੜੇ ਨੂੰ ਆਪਣੇ ਅਨੁਸਾਰ ਭੁਗਤਾਉਣ ਲਈ ਚੰਗੀਆਂ ਦਲੀਲਾਂ ਸਿਰਜਣ ਵਿਚ ਨਿਪੁੰਨ ਹੋਏ ਹੁੰਦੇ ਹਨ। ਜਿਨ੍ਹਾਂ ਦਾ ਮੁੱਖ ਕਾਰਜ ਹੀ ਦਲੀਲ ਸਿਰਜਣਾ ਹੈ, ਉਨ੍ਹਾਂ ਲਈ ਦਲੀਲ ਸਿਰਜਣੀ ਕੀ ਔਖੀ ਹੈ?
ਇਕ ਹੋਰ ਵੱਡੀ ਗੱਲ ਇਹ ਕਿ ਸਾਹਿਤਕਾਰਾਂ ਦੇ ਵਰਗ ਨੂੰ ਸਮਾਜ ਦੇ ਚੇਤੰਨ ਅਤੇ ਨੈਤਿਕਤਾ ਸੰਪੰਨ ਵਰਗ ਮੰਨਿਆ ਜਾਂਦਾ ਹੈ। ਇਹ ਉਹ ਧਿਰ ਹੈ ਜਿਸ ਨੇ ਸਮਾਜ ਸਿਰਜਣਾ ਦੌਰਾਨ ਰਾਹ ਦਸੇਰੇ ਅਤੇ ਆਗੂ ਬਣਨਾ ਹੈ। ਆਵਾਮ ਨੇ ਇਨ੍ਹਾਂ ਦਾਨਿਸ਼ਮੰਦਾਂ ‘ਤੇ ਅੱਖਾਂ ਮੀਟ ਕੇ ਭਰੋਸਾ ਕਰਨਾ ਹੁੰਦਾ ਹੈ ਕਿ ਇਹ ਜੋ ਕਹਿ ਰਹੇ ਹਨ ਉਹ ਸੱਤਬਚਨ ਹੈ। ਪ੍ਰਚਲਿਤ ਰੀਤਾਂ ਰਿਵਾਜਾਂ ਦੀ ਰਾਖੀ ਕਰਦਿਆਂ ਨਾਲੋ ਨਾਲ ਅਨੇਕਾਂ ਬੇਲੋੜੇ ਟੈਬੂਆਂ ਨੂੰ ਤੋੜ ਕੇ ਨਵੇਂ ਅਤੇ ਉਸਾਰੂ ਸਮਾਜ ਦੀ ਸਿਰਜਣਾ ਇਸੇ ਧਿਰ ਨੇ ਕਰਨੀ ਹੁੰਦੀ ਹੈ। ਜ਼ਿੰਦਗੀ ਜਿਉਣ ਦੇ ਅਸਲ ਆਦਰਸ਼ਾਂ ਦੀ ਸਥਾਪਨਾ ਕਰਨ ਹਿਤ ਇਸ ਧਿਰ ਦਾ ਰੋਲ ਅਹਿਮ ਹੈ। ਤਾਂ ਫਿਰ ਜੇ ਵਾੜ ਹੀ ਖੇਤ ਨੂੰ ਖਾਣ ਲੱਗ ਜਾਏ ਤਾਂ ਕੋਈ ਕੀ ਕਰੇਗਾ? ਜੇ ਇਹੋ ਲੋਕ ਹੀ ਸਿਰਜਣਾ ਦੇ ਸੰਕਲਪ ਨੂੰ ਸਾਕਾਰਾਤਮਕ ਤੋਂ ਨਾਕਾਰਾਤਮਕ ਵਿਚ ਬਦਲ ਕੇ ਗਲਤ ਸਿਰਜਣਾ ਦੇ ਰਾਹ ਪੈ ਜਾਣ ਤਾਂ ਆਵਾਮ ਦਾ ਵਾਲੀ ਵਾਰਿਸ ਕੌਣ ਬਣੇਗਾ?
ਸਾਹਿਤ ਦੇ ਖੇਤਰ ਵਿਚਲੀ ਸਿਆਸਤ ਕੀਤੀ ਵੀ ਭਿਆਨਕਤਾ ਨਾਲ ਜਾਂਦੀ ਹੈ ਅਤੇ ਇਸ ਦੇ ਸਿੱਟੇ ਵੀ ਸਮਾਜ ਨੂੰ ਭਿਆਨਕਤਾ ਨਾਲ ਹੀ ਹੰਢਾਉਣੇ ਪੈਂਦੇ ਹਨ। ਜਿਸ ਤਰ੍ਹਾਂ ਧੜੇਬੰਦੀਆਂ ਅਤੇ ਗੁਟਬੰਦੀਆਂ ਦੇ ਚਲਦਿਆਂ ਨਿੱਠ ਮਿਥ ਕੇ ‘ਅਸਲ’ ਨੂੰ ਪਛਾੜ ਕੇ ਹੋਛਿਆਂ ਅਤੇ ਪਾਛੂਆਂ ਨੂੰ ਉਨ੍ਹਾਂ ਦੀ ਖੁਸ਼ਾਮਦੀ ਕਲਾ ਦੇ ਇਨਾਮ ਦਿੱਤੇ ਜਾਂਦੇ ਹਨ, ਇਸ ਨਾਲ ਨੁਕਸਾਨ ਸਿਰਫ ਉਸ ‘ਅਸਲ’ ਦਾ ਨਹੀਂ ਬਲਕਿ ਕੌਮ ਦਾ ਹੁੰਦਾ ਹੈ। ਉਸ ‘ਅਸਲ’ ਜਿਸ ਨੇ ਯੋਗ ਰਹਿਨੁਮਾਈ, ਅਗਵਾਈ ਅਤੇ ਸੂਝਮਈ ਫੈਸਲਿਆਂ ਨਾਲ ਕੌਮ ਦੀ ਭਲਾਈ ਲਈ ਕੰਮ ਕਰਨਾ ਹੁੰਦਾ ਹੈ, ਨੂੰ ਸਿਰਫ ਇਸੇ ਕਰ ਕੇ ਪਛਾੜ ਦਿੱਤਾ ਜਾਂਦਾ ਹੈ ਕਿ ਉਸ ਦੇ ਅੱਗੇ ਆਉਣ ਨਾਲ ਅਨੇਕ ਧਿਰਾਂ ਨੂੰ ਖਤਰਾ ਪੈਦਾ ਹੋ ਜਾਂਦਾ ਹੈ। ਸਪਸ਼ਟ ਜਿਹੀ ਗੱਲ ਹੈ ਕਿ ਜੇ ਲਗਾਤਾਰ ਅਜਿਹੇ ‘ਅਸਲਾਂ’ ਨੂੰ ਜਾਣ-ਬੁੱਝ ਕੇ ਅਣਗੌਲਿਆ ਜਾਂ ਪਛਾੜਿਆ ਜਾਂਦਾ ਰਹੇਗਾ ਤਾਂ ਹੋਰ ਕਿੰਨੇ ਅਸਲ ਪੈਦਾ ਹੋਣਗੇ? ਸਾਹਿਤ ਵਰਗੇ ਪਵਿੱਤਰ ਅਨੁਸਾਸ਼ਨ ਵਿਚ ਇਸ ਤਰ੍ਹਾਂ ਦੀ ਕੋਝੀ ਸਿਆਸਤ ਦਾ ਪ੍ਰਵੇਸ਼ ਅਤਿ-ਨਿੰਦਣਯੋਗ ਹੈ। ਸੋ ਲੋੜ ਹੈ, ਇਨ੍ਹਾਂ ਸਭ ਧੜੇਬੰਦੀਆਂ ਅਤੇ ਗੁਟਬੰਦੀਆਂ ਦੀ ਸੌੜੀ ਸਿਆਸਤ ਤੋਂ ਉਪਰ ਉਠ ਕੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਦਿਆਂ ਸਹੀ ਫੈਸਲੇ ਕਰਨ ਦੀ। ਸੱਚੀ ਰੂਹ ਨਾਲ ਕੀਤੇ ਅਜਿਹੇ ਫੈਸਲੇ ਹੀ ਕੌਮ ਦੀ ਬੇੜੀ ਬੰਨੇ ਲਾ ਸਕਦੇ ਹਨ।
ਇਨ੍ਹਾਂ ਵਿਚਾਰਾਂ ਦੇ ਪ੍ਰਸੰਗ ਵਿਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨਾਲ ਜੁੜੀਆਂ ਸੰਸਥਾਵਾਂ ਦਾ ਲੇਖਾ-ਜੋਖਾ ਕਰਨਾ ਬਹੁਤ ਜ਼ਰੂਰੀ ਹੈ। ਇਨ੍ਹਾਂ ਸੰਸਥਾਵਾਂ ਵਿਚ ਗੁਟਬੰਦੀਆਂ ਅਤੇ ਧੜੇਬਾਜੀਆਂ ਸਾਫ ਜ਼ਾਹਰ ਹਨ। ਇਸ ਤੋਂ ਵੀ ਵੱਧ ਖਤਰਨਾਕ ਉਹ ਵਿਚਾਰਧਾਰਾਵਾਂ ਹਨ ਜਿਨ੍ਹਾਂ ਦੇ ਸਰੂਪ ਅਤੇ ਆਤਮਾ, ਜਿਵੇਂ ਉਪਰ ਜ਼ਿਕਰ ਕੀਤਾ ਗਿਆ ਹੈ, ਨਿਜੀ ਸਵਾਰਥਾਂ ਅਤੇ ਨਿਜ ਨੂੰ ਲਿਸ਼ਕਾਉਣ-ਚਮਕਾਉਣ ਲਈ ਉਨ੍ਹਾਂ ਦੇ ਅਰਥ ਬਦਲ ਲਏ ਗਏ ਹਨ। ਇਸ ਸਬੰਧ ਵਿਚ ਅਸੀਂ ਇਸ ਲੜੀ ਨੂੰ ਬਰਕਰਾਰ ਰੱਖਾਂਗੇ ਅਤੇ ਨਿਧੜਕ ਹੋ ਕੇ ਲੇਖਾ-ਜੋਖਾ ਕਰਦੇ ਰਹਾਂਗੇ।
*ਸੀਨੀਅਰ ਫੈਲੋ
ਪੰਜਾਬੀ ਯੂਨੀਵਰਸਿਟੀ, ਪਟਿਆਲਾ।