ਧੀਆਂ ਮੰਗਣ ਮੁਹੱਬਤਾਂ…

ਮੇਜਰ ਕੁਲਾਰ ਬੋਪਾਰਾਏਕਲਾਂ
ਜੇਠ ਮਹੀਨੇ ਦੀ ਸਿਖਰ ਦੁਪਹਿਰ ਸੀ। ਖੇਤਾਂ ਵਿਚ ਵੀ ਹਾੜ੍ਹੀ ਦੇ ਕੰਮ ਮੁੱਕੇ ਹੋਏ ਸਨ। ਸਾਉਣੀ ਦੀ ਫਸਲ ਲਈ ਅਜੇ ਸਮਾਂ ਰਹਿੰਦਾ ਸੀ। ਵਿਹੜੇ ਵਿਚ ਲੱਗੀ ਨਿੰਮ ਦੀ ਛਾਂ ਥੱਲੇ ਪਿਆ ਬੱਗਾ ਕੁਝ ਘਾੜਤਾਂ ਘੜ ਰਿਹਾ ਸੀ; ਕਦੇ ਉਠ ਕੇ ਬੈਠ ਜਾਂਦਾ, ਕਦੇ ਲੰਮਾ ਪੈ ਕੇ ਪਾਸੇ ਮਾਰਨ ਲੱਗ ਪੈਂਦਾ। ਫਿਰ ਉਹ ਉਠਿਆ ਤੇ ਕੰਧ ਉਤੇ ਲਟਕਦੀ ਕਿਰਪਾਨ ਲਾਹ ਕੇ ਮਿਆਨ ਵਿਚੋਂ ਸੂਤਣ ਦੀ ਕੋਸ਼ਿਸ਼ ਕੀਤੀ, ਪਰ ਉਹ ਤਾਂ ਸੀਮੈਂਟ ਵਿਚ ਸਰੀਏ ਵਾਂਗ ਜੰਮੀ ਪਈ ਸੀ।

ਕਿਰਪਾਨ ਨੂੰ ਕੱਛ ਵਿਚ ਦਿੰਦਿਆਂ ਉਸ ਨੇ ਦੁਨੀਆਂ ਤੋਂ ਬੇਖਬਰ, ਬੇਸੁਰਤ ਪਈਆਂ ਆਪਣੀਆਂ ਤਿੰਨਾਂ ਧੀਆਂ ਤੇ ਪਤਨੀ ਬੀਬੋ ਵੱਲ ਤੱਕਿਆ। ਗੁੱਸੇ ਵਿਚ ਲਾਲ ਹੋਏ ਨੇ ਇਕ ਵਾਰ ਫਿਰ ਕਿਰਪਾਨ ਖਿੱਚਣੀ ਚਾਹੀ, ਪਰ ਕਾਮਯਾਬ ਨਾ ਹੋ ਸਕਿਆ। ਉਹ ਤੇਜ਼ੀ ਨਾਲ ਬਾਹਰ ਨਿਕਲ ਗਿਆ। ਤੇਜ਼ ਕਦਮਾਂ ਨਾਲ ਉਹ ਅੱਗੇ ਵਧਿਆ ਤੇ ਕਾਲੀਚਰਨ ਮਿਸਤਰੀ ਦਾ ਬੂਹਾ ਖੜਕਾ ਦਿਤਾ ਜੋ ਰੋਟੀ ਖਾ ਕੇ ਅਰਾਮ ਕਰ ਰਿਹਾ ਸੀ। ਬੂਹਾ ਖੋਲ੍ਹਦਿਆਂ ਉਹ ਬੱਗੇ ਦਾ ਲਾਲ ਚਿਹਰਾ ਤੱਕ ਡਰ ਗਿਆ ਤੇ ਸਾਹ ਟਿਕਾਣੇ ਕਰਦਾ ਬੋਲਿਆ, “ਆ ਭਾਈ ਬੱਗਾ ਸਿਆਂ! ਕੀ ਕੰਮ ਪੈ ਗਿਆ ਸਿਖਰ ਦੁਪਹਿਰੇ?”
“ਆਹ ਕਿਰਪਾਨ ਬਾਹਰ ਕੱਢ ਕੇ ਸਾਣ ‘ਤੇ ਲਾ ਕੇ ਤਿੱਖੀ ਕਰ ਦੇ।” ਬੱਗੇ ਨੇ ਕਿਹਾ।
“ਤੂੰ ਭਾਈ ਇਸ ਨਾਲ ਕੀ ਕਰਨੈਂ? ਕੋਈ ਬੰਦਾ ਤਾਂ ਨਹੀਂ ਵੱਢਣਾ?” ਕਾਲੀਚਰਨ ਨੇ ਗੱਲ ਹਾਸੇ ਵੱਲ ਮੋੜਨ ਲਈ ਕਿਹਾ।
“ਕਿਰਪਾਨਾਂ ਨਾਲ ਇਕੱਲੇ ਬੰਦੇ ਹੀ ਵੱਢ ਹੁੰਦੇ ਨੇ, ਹੋਰ ਕੁਝ ਨਹੀਂ?” ਬੱਗੇ ਨੇ ਗੁੱਸੇ ਨਾਲ ਕਿਹਾ।
“ਨਹੀਂ ਨਹੀਂ! ਮੈਂ ਤਾਂ ਭਾਈ ਹੱਸਦਿਆਂ ਈ ਪੁੱਛ ਬੈਠਾ ਸੀ। ਆਹ ਲੈ ਘੜੇ ਦਾ ਠੰਢਾ ਪਾਣੀ ਪੁਦੀਨੇ ਵਾਲਾ। ਸ਼ਾਂਤੀ ਕਰ, ਆਪਾਂ ਹੁਣੇ ਈ ਤੇਰਾ ਕੰਮ ਕਰ ਦਿੰਨੇ ਆਂ।” ਕਾਲੀਚਰਨ ਉਮਰੋਂ ਵੱਧ ਸਿਆਣਾ ਹੁੰਦਾ ਸਮਾਂ ਸਾਂਭ ਰਿਹਾ ਸੀ।
ਬੱਗੇ ਨੇ ਪਾਣੀ ਅੰਦਰ ਸੁੱਟਿਆ ਤਾਂ ਲੱਗਿਆ ਜਿਵੇਂ ਮੱਚਦੀ ਅੱਗ ਠਰ ਗਈ ਹੋਵੇ। ਉਸ ਨੇ ਇਕ ਹੋਰ ਗਲਾਸ ਮੰਗ ਕੇ ਪੀਤਾ। ਦੂਜੇ ਗਲਾਸ ਨੇ ਅੰਦਰ ਮੱਚਦੀ ਅੱਗ ਹੋਰ ਠਾਰ ਦਿੱਤੀ। ਉਹਦਾ ਸਾਹ ਟਿਕਾਣੇ ਆ ਰਿਹਾ ਸੀ।
ਕਾਲੀਚਰਨ ਨੇ ਛੋਟੀਆਂ ਐਨਕਾਂ ਰਾਹੀਂ ਸਭ ਕੁਝ ਦੇਖਦਿਆਂ ਬੱਗੇ ਦਾ ਚਿਹਰਾ ਪੜ੍ਹ ਲਿਆ ਸੀ।
“ਅੱਜ ਵੱਡੀ ਧੀ ਦੀ ਕੈਨੇਡਿਓਂ ਚਿੱਠੀ ਆਈ ਸੀ। ਕਹਿੰਦੀ, ਬਾਪੂ ਹੁਣ ਤੂੰ ਆਪਣਾ ਕਾਰਖਾਨਾ ਬੰਦ ਕਰ ਦੇ। ਐਵੇਂ ਨਾ ਲੋਹੇ ਨਾਲ ਮੱਥਾ ਮਾਰੀ ਜਾਇਆ ਕਰ। ਮੈਂ ਆਪੇ ਖਰਚੇ ਜੋਗੇ ਡਾਲਰ ਭੇਜ ਦਿਆ ਕਰੂੰ। ਸੱਚੀਂ, ਧੀਆਂ ਮਾਪਿਆਂ ਦਾ ਕਿੰਨਾ ਖਿਆਲ ਰੱਖਦੀਆਂ ਨੇ!” ਕਾਲੀਚਰਨ ਨੇ ਹਉਕਾ ਲਿਆ। ਫਿਰ ਉਹ ਕਿਰਪਾਨ ਮਿਆਨ ਵਿਚੋਂ ਬਾਹਰ ਕੱਢਣ ਲਈ ਸੰਦਾਂ ਦੀ ਭਾਲ ਕਰਨ ਲੱਗਾ, ਤੇ ਬੱਗਾ ਪਤਾ ਨਹੀਂ ਕਿਨ੍ਹਾਂ ਸੋਚਾਂ ਵਿਚ ਡੁੱਬ ਗਿਆ।
“ਬੱਗਾ ਸਿਆਂ! ਕਿਰਪਾਨ ਤਾਂ ਤੇਰੇ ਵਿਆਹ ਵਾਲੀ ਲੱਗਦੀ ਆ। ਕਦੀ ਵਰਤੀ ਨਹੀਂ ਪਹਿਲਾਂ।” ਕਾਲੀਚਰਨ ਨੇ ਪੁੱਛਿਆ।
“ਹਾਂ ਹਾਂ! ਵਿਆਹ ਵਾਲੀ ਈ ਐ। ਵਰਤਣੀ ਕਿਥੇ ਸੀ ਮੈਂ?” ਬੱਗੇ ਨੇ ਉਬੜਬਾਹੇ ਉਤਰ ਦਿਤਾ।
ਕਾਲੀਚਰਨ ਕਿਰਪਾਨ ਮਿਆਨੋਂ ਕੱਢ ਕੇ ਸਾਣ ‘ਤੇ ਲਾਉਣ ਹੀ ਲੱਗਾ ਸੀ ਕਿ ਬੱਗਾ ਬੋਲਿਆ, “ਤੇਰੀ ਧੀ ਉਥੇ ਸੁਖੀ ਵੱਸਦੀ ਐ, ਜਿਥੇ ਉਹਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ?”
“ਬੱਗਾ ਸਿਆਂ! ਧੀਆਂ ਬਹੁਤ ਸਿਆਣੀਆਂ ਹੁੰਦੀਆਂ, ਪਰ ਜੇ ਅਸੀਂ ਇਨ੍ਹਾਂ ਦੀ ਸਿਆਣਪ ਨੂੰ ਸਮਝ ਸਕੀਏ ਤਾਂ! ਇਨ੍ਹਾਂ ਦੀ ਪੂਰੀ ਗੱਲ ਸੁਣਨ ਦੀ ਥਾਂ ਅਸੀਂ ਅਣਖ ਦਾ ਸਰੀਆ ਧੌਣ ਵਿਚ ਅੜਾ ਲੈਂਦੇ ਹਾਂ; ਅਖੇ ਸਾਨੂੰ ਤਾਂ ਇਜ਼ਤ ਪਿਆਰੀ ਆ। ਤੇਰੇ ਵਾਂਗ ਮੈਂ ਵੀ ਕਿਰਪਾਨ ਸਾਣ ‘ਤੇ ਲਾ ਲਈ ਸੀ, ਧੀ ਨੂੰ ਵੱਢਣ ਲਈ!” ਕਾਲੀਚਰਨ ਨੇ ਬੱਗੇ ਦੇ ਦਿਲ ਦੀ ਸਮਝ ਲਈ ਸੀ।
“ਕਾਲੀਚਰਨਾ! ਤੈਨੂੰ ਕਿਵੇਂ ਪਤਾ?” ਬੱਗੇ ਨੇ ਹੈਰਾਨ ਹੁੰਦਿਆਂ ਪੁੱਛਿਆ।
“ਬੱਗਾ ਸਿਆਂ! ਇਥੇ ਹਰ ਘਰ ਦੀ ਚੰਗੀ-ਮੰਦੀ ਦੀ ਖਬਰ ਮਿਲਦੀ ਐ। ਭਰਾਵਾ! ਅਜਿਹਾ ਕਦਮ ਨਾ ਚੁੱਕੀਂ। ਧੀ ਵੱਢ ਕੇ ਤੂੰ ਤਾਂ ਚਲਿਆ ਜਾਵੇਂਗਾ ਜੇਲ੍ਹ, ਦੂਜੀਆਂ ਧੀਆਂ ਪਿਛੇ ਰੁਲ ਜਾਣਗੀਆਂ, ਤੇ ਤੀਵੀਂ ਤੇਰੀ ਨੂੰ ਰੰਡੇਪੇ ਵਰਗੇ ਦਿਨ ਕੱਟਣੇ ਪੈਣਗੇ। ਜਿਹੜੇ ਚਾਰ ਸਿਆੜ ਹਨ, ਉਹ ਮੁਕੱਦਮੇ ‘ਤੇ ਲੱਗ ਜਾਣਗੇ। ਚੁੱਲ੍ਹਿਆਂ ਵਿਚ ਘਾਹ ਉਗ ਪੈਣੈ। ਸਿਆਣਾ ਬਣ, ਬਾਰ ਵਾਲਿਆਂ ਨਾਲ ਗੱਲ ਕਰ, ਤੇ ਧੀ ਤੋਰ ਦੇ। ਲੋਕ ਚਾਰ ਦਿਨ ਗੱਲਾਂ ਕਰਨਗੇ, ਫਿਰ ਆਪੇ ਚੁੱਪ ਹੋ ਜਾਣਗੇ। ਅਗਲਿਆਂ ਦਾ ਵੀ ਇਕੱਲਾ ਪੁੱਤ ਐ। ਜੇ ਦੋਵਾਂ ਨੇ ਕੁਝ ਕਰ ਲਿਆ, ਫਿਰ ਕੀ ਕਰੋਗੇ?” ਕਾਲੀਚਰਨ ਨੇ ਬੱਗੇ ਨੂੰ ਸਮਝਾਇਆ।
ਬੱਗੇ ਨੇ ਕਿਰਪਾਨ ਕਾਲੀਚਰਨ ਦੇ ਹੱਥੋਂ ਖੋਹ ਲਈ ਤੇ ਉਸ ਦੇ ਪੈਰ ਫੜ ਲਏ, “ਕਾਲੀਚਰਨ! ਯਾਰ ਤੂੰ ਤਾਂ ਰੱਬ ਬਣ ਬਹੁੜ ਪਿਆਂ, ਮੈਂ ਤਾਂ ਪਿਉ ਤੋਂ ਕਾਤਲ ਬਣ ਜਾਣਾ ਸੀ।”
ਕਾਲੀਚਰਨ ਨੇ ਬੱਗੇ ਨੂੰ ਬਿਠਾ ਕੇ ਫਿਰ ਪਾਣੀ ਦਾ ਗਲਾਸ ਫੜਾਇਆ ਅਤੇ ਗੱਲ ਤੋਰੀ, “ਧੀ ਨੂੰ ਪਿੰਡ ਦਸ ਜਮਾਤਾਂ ਕਰਵਾ ਕੇ ਮੈਂ ਕਾਲਜ ਲਾ ਦਿਤਾ ਸੀ। ਸਾਲ ਪਿਛੋਂ ਉਹਦੀ ਤੇ ਹਲਵਾਰੇ ਵਾਲਿਆਂ ਦੇ ਮੁੰਡੇ ਦੀ ਗੱਲ ਵਧ ਗਈ। ਤੈਨੂੰ ਪਤਾ ਈ ਐ, ਕਿਥੇ ਹਲਵਾਰੇ ਵਾਲੇ, ਤੇ ਕਿਥੇ ਮੈਂ! ਗੱਲ ਬਣਨੀ ਨਹੀਂ ਸੀ। ਹੌਲੀ-ਹੌਲੀ ਧੀ ਬਾਰੇ ਮੈਨੂੰ ਆਪਣੇ ਪਿੰਡ ਵਾਲੇ ਪਿਆਰੇ ਬੇਲਦਾਰ ਨੇ ਦੱਸਿਆ, ‘ਚਾਚਾ ਤੇਰੀ ਧੀ ਨੂੰ ਮੈਂ ਕਈ ਵਾਰ ਸੂਏ ਦੀ ਪਟੜੀ ਉਤੇ ਕਿਸੇ ਮੁੰਡੇ ਨਾਲ ਦੇਖਿਆ।’ ਤੈਨੂੰ ਪਤਾ, ਪਿਆਰੇ ਨਾਲ ਆਪਣੀ ਚੰਗੀ ਐ। ਰੋਜ਼ ਕਹੀਆਂ ਚੰਡਾਉਣ ਆਉਂਦਾ। ਮੈਂ ਕਿਹਾ, ‘ਪਿਆਰਿਆ! ਮੈਂ ਨਹੀਂ ਮੰਨਦਾ, ਧੀ ਤਾਂ ਮੇਰੀ ਗਊ ਐ’, ਪਰ ਪਿਆਰੇ ਨੇ ਮੈਨੂੰ ਸਭ ਅੱਖੀਂ ਦਿਖਾ ਦਿਤਾ। ਜਿੰਨਾ ਮੈਨੂੰ ਧੀ ਦੀ ਬੇਵਕੂਫੀ ‘ਤੇ ਗੁੱਸਾ ਆਇਆ, ਉਸ ਤੋਂ ਜ਼ਿਆਦਾ ਧੀ ਦੀ ਚੋਣ ਨੇ ਟਿਕਾ ਵੀ ਦਿਤਾ। ਸੋਹਣਾ ਸੁਨੱਖਾ ਉਚਾ ਲੰਮਾ ਗੱਭਰੂ, ਹਲਕੀ ਜਿਹੀ ਦਾੜ੍ਹੀ ਤੇ ਸੋਹਣੀ ਪੱਗ ਬੰਨ੍ਹੀ ਹੋਈ, ਪਰ ਅਣਖ ਨੇ ਗੁੱਸੇ ਦਾ ਪਾਰਾ ਉਤਾਂਹ ਚਾੜ੍ਹ ਦਿਤਾ। ਘਰ ਆ ਕੇ ਕਿਰਪਾਨ ਸਾਣ ਉਤੇ ਲਾ ਲਈ, ਤੇ ਧੀ ਦਾ ਇੰਤਜ਼ਾਰ ਕਰਨ ਲੱਗ ਪਿਆ। ਧੀ ਆਈ ਤਾਂ ਪੈ ਗਿਆ, ਪਰ ਕੋਈ ਮਾੜੀ ਘਟਨਾ ਵਾਪਰਨ ਤੋਂ ਪਹਿਲਾਂ ਮੈਨੂੰ ਕਾਬੂ ਕਰ ਲਿਆ ਗਿਆ। ਥੋੜ੍ਹਾ ਚਿਰ ਚੁੱਪ ਵਰਤੀ ਤਾਂ ਮੇਰੀ ਤੀਮੀਂ ਨੇ ਕਾਰਨ ਪੁੱਛਿਆ। ਮੈਂ ਦੱਸ ਦਿਤਾ। ਧੀ ਨੇ ਮੇਰੇ ਪੈਰ ਫੜ ਲਏ, ਕਿਹਾ, ‘ਬਾਪੂ! ਆਹ ਗਲਤੀ ਮੁਆਫ ਕਰ ਦੇ। ਆਪਣੇ ਹੱਥੀਂ ਹੱਥ ਪੀਲੇ ਕਰ ਕੇ ਤੋਰ ਦੇ। ਤੇਰੇ ਕੋਲੋਂ ਕੁਝ ਨਹੀਂ ਮੰਗਦੀ।’ ਕਈ ਦਿਨ ਮੇਰਾ ਪਾਰਾ ਚੜ੍ਹਿਆ ਰਿਹਾ। ਸਭ ਕੁਝ ਸ਼ਾਂਤ ਹੋਇਆ, ਤਾਂ ਫਿਰ ਹਲਵਾਰੇ ਵਾਲਿਆਂ ਨਾਲ ਗੱਲ ਤੋਰੀ। ਉਹ ਕਹਿੰਦੇ, ਹੁਣ ਮਾਪੇ ਕੀ ਕਰ ਸਕਦੇ, ਜਦੋਂ ਬੱਚਿਆਂ ਨੇ ਫੈਸਲੇ ਕਰ ਲਏ। ਉਨ੍ਹਾਂ ਬੱਚਿਆਂ ਦੀ ਖੁਸ਼ੀ ਲਈ ‘ਹਾਂ’ ਕਰ ਦਿਤੀ ਤੇ ਧੀ ਦੀ ਪੜ੍ਹਾਈ ਖਤਮ ਹੁੰਦਿਆਂ ਸਾਰ ਮੈਂ ਡੋਲੀ ਤੋਰ ਦਿਤੀ। ਵਿਆਹ ਹੋਏ ਨੂੰ ਸਾਲ ਹੀ ਹੋਇਐ ਅਜੇ, ਅਗਲਿਆਂ ਨੇ ਦੋਹਾਂ ਨੂੰ ਕਨੇਡਾ ਤੋਰ ਦਿਤਾ। ਹੁਣ ਧੀ-ਜਵਾਈ ਰੰਗਾਂ ਵਿਚ ਹਨ। ਵੱਡੀ ਧੀ ਤੋਂ ਬਾਅਦ ਛੋਟੀਆਂ ਨੂੰ ਵੀ ਵਧੀਆ ਘਰ ਮਿਲ ਗਏ। ਮੈਂ ਹੁਣ ਲੋਕਾਂ ਨਾਲ ਹੱਸ-ਖੇਡ ਕੇ ਟਾਈਮ ਪਾਸ ਕਰ ਲੈਂਦਾ ਹਾਂ; ਨਹੀਂ ਤਾਂ ਚੌਦਾਂ ਸਾਲਾਂ ਦੀ ਕੱਟਦਾ ਹੋਣਾ ਸੀ।” ਕਾਲੀਚਰਨ ਨੇ ਆਪਣੀ ਵਿਥਿਆ ਸੁਣਾ ਦਿਤੀ।
“ਤੇਰਾ ਮਤਲਬ ਐ ਕਿ ਧੀ ਦਾ ਕੀਤਾ ਗੁਨਾਹ ਮੁਆਫ ਕਰ ਦੇਣਾ ਚਾਹੀਦਾ, ਤਾਂ ਕਿ ਦੂਜੀਆਂ ਨੂੰ ਵੀ ਸ਼ਹਿ ਮਿਲੇ।” ਬੱਗੇ ਨੇ ਕਿਹਾ।
“ਬੱਗਾ ਸਿਆਂ! ਜ਼ਮਾਨਾ ਬਦਲ ਰਿਹੈ। ਜੇ ਧੀ ਦਾ ਗੁਨਾਹ ਮੁਆਫ ਨਹੀਂ ਕਰੇਂਗਾ ਤਾਂ ਤੂੰ ਆਪ ਕੋਈ ਗੁਨਾਹ ਕਰ ਬੈਠੇਂਗਾ। ਲਾਡਾਂ ਨਾਲ ਪਾਲ-ਪੋਸ ਕੇ ਧੀ ਨੂੰ ਕਿਵੇਂ ਵੱਢਿਆ ਜਾ ਸਕਦੈ? ਧੀਆਂ ਤਾਂ ਪਹਿਲਾਂ ਹੀ ਜੱਗ ‘ਤੇ ਥੋੜ੍ਹੀਆਂ ਨੇ।” ਕਾਲੀਚਰਨ ਨੇ ਕਿਹਾ।
“ਤਾਂ ਹੀ ਲੋਕ ਧੀਆਂ ਨੂੰ ਕੁੱਖਾਂ ਵਿਚ ਮਾਰਦੇ ਆ, ਇਹ ਵੱਡੀਆਂ ਹੋ ਕੇ ਇਜ਼ਤ ਮਿੱਟੀ ਵਿਚ ਰੋਲ ਜਾਂਦੀਆਂ। ਜਿਹੜੀਆਂ ਇਜ਼ਤ ਲੈ ਕੇ ਸਹੁਰੀਂ ਪਹੁੰਚਦੀਆਂ, ਉਨ੍ਹਾਂ ਨੂੰ ਦਾਜ ਦਾ ਦੈਂਤ ਨਿਗਲ ਜਾਂਦਾ। ਫਿਰ ਮਾਪੇ ਦੱਸ ਕੀ ਕਰਨ ਕਾਲੀਚਰਨ?” ਬੱਗਾ ਦੁਖੀ ਹੋਇਆ ਬੋਲਿਆ।
“ਬੱਗਾ ਸਿਆਂ! ਕਿਸੇ ਵੀ ਗੱਭਰੂ ਦੀ ਅੱਖ ਕੁੜੀ ਦੀ ਖੂਬਸੂਰਤੀ ਨੂੰ ਤਿਆਗਦੀ ਨਹੀਂ, ਸਗੋਂ ਅਪਨਾਉਣ ਦੀ ਕੋਸ਼ਿਸ਼ ਕਰਦੀ ਐ। ਜੇ ਗੱਭਰੂ ਪਿਆਰ ਨਾਲ ਉਸ ‘ਤੇ ਹੱਕ ਜਮਾਉਣਾ ਚਾਹੁੰਦੈ, ਤੇ ਕੁੜੀ ਮਾਪਿਆਂ ਦੀ ਅਣਖ ਨੂੰ ਯਾਦ ਰੱਖਦੀ, ਉਸ ਗੱਭਰੂ ਨੂੰ ਕੋਈ ਰਾਹ ਨਹੀਂ ਦਿੰਦੀ, ਤਾਂ ਗੱਭਰੂ ਗੁੱਸੇ ਵਿਚ ਆ ਕੇ ਉਸ ‘ਤੇ ਤੇਜ਼ਾਬ ਸੁੱਟ ਜਾਂਦਾ ਹੈ। ਜੇ ਧੀ ਕਿਸੇ ਗੱਭਰੂ ਨਾਲ ਪਿਆਰ ਪਾ ਲੈਂਦੀ ਹੈ ਤਾਂ ਅਸੀਂ ਮਾਪੇ, ਕਿਰਪਾਨਾਂ ਸਾਣ ‘ਤੇ ਲਾਉਣ ਲੱਗ ਪੈਂਦੇ ਹਾਂ। ਧੀ ਵਿਚਾਰੀ ਕੀ ਕਰੇ? ਦੋਵੇਂ ਪਾਸੇ ਹੀ ਗੁਨਾਹਾਂ ਨੂੰ ਜਨਮ ਦੇਣ ਵਾਲੇ ਨੇ। ਧੀ ਅਤੇ ਮਾਪਿਆਂ ਦੀ ਸਹਿਮਤੀ ਸ਼ਾਇਦ ਗੁਨਾਹਾਂ ਨੂੰ ਘੱਟ ਕਰ ਸਕਦੀ ਹੈ। ਤੂੰ ਵੀ ਬਾਰ ਵਾਲਿਆਂ ਨਾਲ ਗੱਲ ਤੋਰ ਕੇ ਧੀ ਦਾ ਵਿਆਹ ਕਰ ਦੇ।” ਕਾਲੀਚਰਨ ਨੇ ਬੱਗੇ ਦੀ ਕਿਰਪਾਨ ਪਿਛੇ ਪਏ ਕਬਾੜ ਵਿਚ ਸੁੱਟਦਿਆਂ ਕਿਹਾ।
ਬੱਗਾ ਕਾਲੀਚਰਨ ਕੋਲੋਂ ਮੁੜ ਆਇਆ। ਧੀਆਂ ਉਠ ਖੜ੍ਹੀਆਂ ਸਨ। ਕੋਈ ਚੁੱਲ੍ਹੇ ਦੇ ਆਹਰ ਲੱਗ ਗਈ ਤੇ ਕੋਈ ਪਸ਼ੂਆਂ ਨੂੰ ਪਾਣੀ ਪਿਲਾਉਣ ਲੱਗ ਪਈ। ਵੱਡੀ ਧੀ ਬਬਲੀ ਬੋਲੀ, “ਬਾਪੂ! ਤੁਸੀਂ ਸਿਖਰ ਦੁਪਹਿਰੇ ਕਿਥੇ ਤੁਰ ਗਏ ਸੀ?”
ਬੱਗੇ ਨੇ ਧੀ ਨੂੰ ਬੁੱਕਲ ‘ਚ ਲੈ ਕੇ ਕਿਹਾ, “ਧੀਏ ਤੇਰੀ ਅਰਥੀ ਬਣਾਉਣ ਗਿਆ ਸਾਂ, ਪਰ ਤੇਰੀ ਜ਼ਿੰਦਗੀ ਬਣਾ ਆਇਆ ਹਾਂ।”
ਉਸ ਨੇ ਰੋ-ਰੋ ਕੇ ਧੀ ਨੂੰ ਸਾਰਾ ਕੁਝ ਦੱਸ ਦਿਤਾ। ਧੀ ਅੱਗਿਉਂ ਬੋਲੀ, “ਬਾਪੂ! ਜੋ ਤੂੰ ਕਹੇਂਗਾ, ਉਹੀ ਹੋਊਗਾ। ਨਾ ਤੂੰ ਸਾਨੂੰ ਮਾਰੇਂਗਾ ਤੇ ਨਾ ਅਸੀਂ ਤੈਨੂੰ ਮਰਨ ਦੇਵਾਂਗੀਆਂ। ਉਹ ਮੁੰਡਾ ਬਾਰ ਵਾਲੇ ਹਾਕਮ ਸਿੰਘ ਦਾ ਐ। ਉਹ ਵੀਹ ਸਾਲ ਤੋਂ ਦੁਬਈ ਕਿਸੇ ਸ਼ੇਖ ਦੇ ਘਰ ਕੰਮ ਕਰਦਾ ਹੈ। ਮੁੰਡੇ ਨੇ ਵੀ ਉਥੇ ਚਲੇ ਜਾਣਾ ਹੈ। ਜੇ ਤੈਨੂੰ ਚੰਗਾ ਲੱਗਿਆ ਤਾਂ ਠੀਕ ਹੈ, ਨਹੀਂ ਕਿਹੜਾ ਜੱਗ ‘ਤੇ ਮੁੰਡੇ ਮੁੱਕ ਗਏ!” ਧੀ ਨੇ ਬਾਪੂ ਦਾ ਹੌਸਲਾ ਵਧਾਇਆ।
ਬੱਗਾ ਸਿੰਘ ਨੇ ਕਾਲੀਚਰਨ ਅਤੇ ਆਪਣੇ ਸਾਲੇ ਨੂੰ ਨਾਲ ਲੈ ਕੇ ਹਾਕਮ ਸਿੰਘ ਨਾਲ ਗੱਲ ਕੀਤੀ ਜੋ ਦੋ ਮਹੀਨਿਆਂ ਦੀ ਛੁੱਟੀ ਕੱਟਣ ਪਿੰਡ ਆਇਆ ਹੋਇਆ ਸੀ। ਦੋਹਾਂ ਧਿਰਾਂ ਦੀ ‘ਹਾਂ’ ਨਾਲ ਰਿਸ਼ਤਾ ਪੱਕਾ ਹੋ ਗਿਆ। ਅਗਲੇ ਬਿਨਾਂ ਦਾਜ ਲਿਆਂ ਬਬਲੀ ਨੂੰ ਡੋਲੀ ਬਿਠਾ ਕੇ ਲੈ ਗਏ।
ਹਾਕਮ ਸਿੰਘ ਨੇ ਦੋਹਾਂ ਦੀ ਖੁਸ਼ੀ ਲਈ ਸਭ ਕੁਝ ਕੀਤਾ। ਉਹ ਆਪਣੇ ਪੁੱਤ ਦੇ ਪਿਆਰ ਖਾਤਰ ਆਪਣਾ ਕੋਈ ਨੁਕਸਾਨ ਨਹੀਂ ਕਰਾਉਣਾ ਚਾਹੁੰਦਾ ਸੀ। ਇਸ ਲਈ ਉਸ ਨੇ ‘ਹਾਂ’ ਕਰ ਦਿਤੀ ਸੀ। ਸ਼ੇਖ ਨੂੰ ਬੇਨਤੀ ਕਰ ਕੇ ਆਪਣੇ ਪੁੱਤ ਤੇ ਨੂੰਹ ਦਾ ਵੀਜ਼ਾ ਵੀ ਲੁਆ ਲਿਆ। ਦੋਵੇਂ ਜਣੇ ਕਈ ਸਾਲ ਦੁਬਈ ਰਹੇ ਜਿਥੇ ਉਨ੍ਹਾਂ ਦੇ ਘਰ ਪੁੱਤ ਤੇ ਇਕ ਧੀ ਨੇ ਜਨਮ ਲਿਆ। ਪਿਛੋਂ ਉਹ ਪੱਕੇ ਕੈਨੇਡਾ ਪੁੱਜ ਗਏ। ਬਬਲੀ ਨੇ ਛੋਟੀਆਂ ਭੈਣਾਂ ਵੀ ਚੰਗੇ ਘਰੀਂ ਵਿਆਹ ਦਿਤੀਆਂ। ਬੱਗਾ ਤੇ ਬੀਬੋ ਦੋਵੇਂ ਕੈਨੇਡਾ ਬੱਬਲੀ ਕੋਲ ਹੁੰਦੇ ਹਨ। ਕਾਲੀਚਰਨ ਵੀ ਕੈਨੇਡਾ ਗੇੜਾ ਮਾਰ ਗਿਆ। ਇਕ ਦਿਨ ਦੋਹਾਂ ਨੂੰ ਇਕ ਸੱਜਣ ਕਹਿੰਦਾ, “ਬਾਈ ਯਾਰ! ਮੇਰੀ ਗੱਲ ਸੁਣੋ ਇਕæææ ਮੇਰੀ ਧੀ ਆਪਣੇ ਆਪ ਵਿਆਹ ਕਰਵਾਉਣਾ ਚਾਹੁੰਦੀ ਐ, ਕੀ ਕਰਾਂ?”
“ਬਾਈ, ਜਿਸ ਹਿਸਾਬ ਨਾਲ ਪੰਜਾਬ ਵਿਚ ਨਸ਼ੇ ਹਨ, ਉਸ ਹਿਸਾਬ ਨਾਲ ਤਾਂ ਗੱਭਰੂ ਲੱਭਣਾ ਮੁਸ਼ਕਿਲ ਹੈ। ਜੇ ਧੀ ਨੇ ਕੋਈ ਨਸ਼ਾ ਰਹਿਤ ਗੱਭਰੂ ਲੱਭ ਲਿਆ ਹੈ ਤਾਂ ਕੋਈ ਮਾੜੀ ਗੱਲ ਵੀ ਨਹੀਂ, ਪਰ ਜੇਲ੍ਹ ਵਿਚ ਕੋਈ ਮੁਲਾਕਾਤ ਕਰਨ ਨਹੀਂ ਜਾਂਦਾ! ਬਾਕੀ ਤੂੰ ਆਪ ਸਿਆਣਾ ਹੈਂ।”