ਅਮਰੀਕਾ ਵਿਚ ਗੁਲਾਮ ਪ੍ਰਥਾ 18ਵੀਂ ਅਤੇ 19ਵੀਂ ਸਦੀ ਵਿਚ ਸ਼ੁਰੂ ਹੋਈ। ਇਹ ਆਜ਼ਾਦੀ ਤੋਂ ਐਨ ਪਹਿਲਾਂ ਅਤੇ ਅਮਰੀਕੀ ਖਾਨਾਜੰਗੀ ਦੇ ਖਾਤਮੇ ਤੋਂ ਪਹਿਲਾਂ ਵਾਲੇ ਵਕਤਾਂ ਦੀਆਂ ਬਾਤਾਂ ਹਨ। ਲਿਖਾਰੀ ਗੁਰਚਰਨ ਸਿੰਘ ਜੈਤੋ ਨੇ ‘ਚਾਨਣ ਦੀ ਲੀਕ’ ਲੇਖ ਵਿਚ ਗੁਲਾਮ ਔਰਤ ਮਾਰਗਰੇਟ ਦੀ ਕਹਾਣੀ ਬਿਆਨ ਕੀਤੀ ਹੈ ਜਿਸ ਨੂੰ ਹੋਰ ਗੁਲਾਮਾਂ ਵਾਂਗ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ, ਪਰ ਉਸ ਨੇ ਹਾਰ ਮੰਨਣ ਤੋਂ ਨਾਂਹ ਕਰ ਦਿਤੀ।
ਪਿਛੋਂ ਉਹ ਅਨੇਕਾਂ ਜਿਊੜਿਆਂ ਲਈ ਪ੍ਰੇਰਨਾ ਬਣੀ। -ਸੰਪਾਦਕ
ਗੁਰਚਰਨ ਸਿੰਘ ਜੈਤੋ
ਫੋਨ: 331-321-1759
ਦੁਨੀਆਂ ਦੇ ਹਰ ਮੁਲਕ ਅੰਦਰ ਔਰਤਾਂ ‘ਤੇ ਹੋ ਰਹੇ ਜ਼ੁਲਮਾਂ ਦੀਆਂ ਖ਼ਬਰਾਂ ਛਪਦੀਆਂ ਰਹਿੰਦੀਆਂ ਨੇ। ਬਲਾਤਕਾਰ, ਕਤਲ, ਇਥੋਂ ਤਕ ਕਿ ਘਰੇਲੂ ਅਤਿਆਚਾਰ ਦਾ ਸ਼ਿਕਾਰ ਵੀ ਔਰਤਾਂ ਹੋ ਰਹੀਆਂ ਨੇ। ਕੁਝ ਲੋਕ ਔਰਤਾਂ ਨੂੰ ਅਬਲਾ ਕਹਿ ਕੇ ਤਰਸ ਦਾ ਪਾਤਰ ਬਣਾਉਣ ਦੀ ਕੋਸ਼ਿਸ਼ ਕਰਦੇ ਨੇ। ਭਰੂਣ ਹੱਤਿਆ ਵੀ ਔਰਤ ਨੂੰ ਪੈਦਾ ਹੋਣ ਤੋਂ ਰੋਕਣ ਲਈ ਕੀਤਾ ਗਿਆ ਗੁਨਾਹ ਹੀ ਸਮਝਿਆ ਜਾਂਦਾ ਹੈ। ਨੂੰਹ ਸੱਸ ਦੀ ਲੜਾਈ ਵਿਚ ਵੀ ਔਰਤ, ਔਰਤ ਦੀ ਦੁਸ਼ਮਣ ਬਣ ਕੇ ਸਾਹਮਣੇ ਖੜ੍ਹੀ ਨਜ਼ਰ ਆਉਂਦੀ ਹੈ। ਕਈ ਔਰਤ ਨੂੰ ਮਰਦ ਨਾਲੋਂ ਜਿਸਮਾਨੀ ਤੌਰ ‘ਤੇ ਕਮਜ਼ੋਰ ਹੋਣ ਦਾ ਹਵਾਲਾ ਦੇ ਕੇ ਉਸ ਉਤੇ ਹੋ ਰਹੇ ਜ਼ੁਲਮ ਨੂੰ ਮਰਦ ਵਲੋਂ ਕੀਤੀ ਵਧੀਕੀ ਕਹਿ ਦਿੰਦੇ ਹਨ। ਤਰਕ ਇਹ ਵੀ ਹੈ ਕਿ ਦੁਨੀਆਂ ਵਿਚ ਤਕੜੇ ਦਾ ‘ਸੱਤੀਂ ਵੀਹੀਂ ਸੌ’ ਹੋਣ ਕਰ ਕੇ ਮਾੜੇ ਨੂੰ ਮਾਰ ਖਾਣੀ ਹੀ ਪੈਂਦੀ ਹੈ। ਗੱਲ ਇਥੇ ਹੀ ਖਤਮ ਨਹੀਂ ਹੋ ਜਾਂਦੀ, ਅਜਿਹੀਆਂ ਘਟਨਾਵਾਂ ਵੀ ਦੁਨੀਆਂ ਦੇ ਇਤਿਹਾਸ ਦਾ ਹਿੱਸਾ ਬਣ ਚੁਕੀਆਂ ਹਨ ਜਿਥੇ ਔਰਤ ਨੇ ਮਰਦ ਦੇ ਅਤਿਆਚਾਰ ਦਾ ਮੁਕਾਬਲਾ ਕਰਨ ਲਈ ਤਲਵਾਰ ਵੀ ਚੁੱਕ ਲਈ। ਮਰਦ ਪ੍ਰਧਾਨ ਸਮਾਜ ਵੀ ਔਰਤਾਂ ਦੇ ਹੱਕਾਂ ‘ਤੇ ਡਾਕਾ ਮਾਰਨੋਂ ਗੁਰੇਜ਼ ਨਹੀਂ ਕਰਦਾ। ਅਜਿਹੇ ਕਾਰਨਾਂ ਦੀ ਲਿਸਟ ਬੜੀ ਲੰਮੀ ਹੋ ਸਕਦੀ ਹੈ, ਪਰ ਔਰਤਾਂ ਅਜਿਹੀਆਂ ਵੀ ਹੋਈਆਂ ਜਿਨ੍ਹਾਂ ਨੇ ਹਰ ਮੁਸੀਬਤ ਨਾਲ ਮੁਕਾਬਲਾ ਕੀਤਾ ਅਤੇ ਆਪਣੀ ਆਜ਼ਾਦੀ, ਇਜ਼ਤ ਤੇ ਸਵੈਮਾਣ ਕਾਇਮ ਰੱਖਿਆ। ਇਹ ਅਜਿਹੀ ਔਰਤ ਦੀ ਕਹਾਣੀ ਹੈ ਜਿਸ ਦੀ ਮਮਤਾ ਨੇ ਉਸ ਨੂੰ ਹਰ ਮੁਸੀਬਤ ਝੱਲਣ ਲਈ ਤਕੜਾ ਕੀਤਾ ਤੇ ਮਮਤਾ ਦੇ ਅਨੂਠੇ ਜਜ਼ਬੇ ਨੂੰ ਅਜਿਹੀ ਮਿਸਾਲ ਬਣਾਇਆ ਕਿ ਹਰ ਔਰਤ ਵਿਚ ਅਜਿਹਾ ਸਾਹਸ ਹੈ ਕਿ ਉਹ ਕੁਝ ਵੀ ਕਰ ਸਕਦੀ ਹੈ। ਇਹ ਗੁਲਾਮ ਔਰਤ ਦੀ ਆਪ ਬੀਤੀ ਹੈ ਜਿਹੜੀ ਉਸ ਨੇ ਆਪਣੇ ਹੱਥੀਂ ਲਿਖੀ। ਅਮਰੀਕਾ ਦੇ ਦੱਖਣੀ ਸੂਬਿਆਂ ਵਿਚ ਗੁਲਾਮਾਂ ਨੂੰ ਪੜ੍ਹਨ ਲਿਖਣ ਨਹੀਂ ਸੀ ਦਿੱਤਾ ਜਾਂਦਾ। ਜੇ ਕੋਈ ਅਜਿਹਾ ਕਰਦਾ ਫੜਿਆ ਜਾਂਦਾ ਤਾਂ ਉਸ ਨੂੰ ਕੋੜਿਆਂ ਦੀ ਮਾਰ ਪੈਂਦੀ। ਫਿਰ ਵੀ ਕਈ ਗੁਲਾਮ ਜਿਨ੍ਹਾਂ ਨੂੰ ਪੜ੍ਹਾਈ ਦੀ ਕੀਮਤ ਪਤਾ ਹੁੰਦੀ ਸੀ, ਆਪਣੀ ਜਾਨ ‘ਤੇ ਖੇਡ ਕੇ ਵੀ ਚੋਰੀਓਂ ਰਾਤ-ਬਰਾਤੇ ਪੜ੍ਹਨਾ ਲਿਖਣਾ ਸਿੱਖ ਲੈਂਦੇ। ਉਹ ਬਚਪਨ ਤੋਂ ਹੀ ਸਿਆਣੀ ਸੀ, ਤੇ ਪੜ੍ਹਨਾ ਲਿਖਣਾ ਵੀ ਸਿੱਖ ਗਈ ਸੀ।
ਇਨ੍ਹਾਂ ਸੂਬਿਆਂ ਵਿਚੋਂ ਗੁਲਾਮ ਪ੍ਰਥਾ ਖਤਮ ਕਰਨ ਲਈ ਉਤਰੀ ਸੂਬਿਆਂ ਵਿਚ ਰਹਿੰਦੇ ਕਈ ਹਮਦਰਦ ਗੋਰਿਆਂ ਤੇ ਕਾਲ਼ਿਆਂ ਨੇ ਮਿਲ ਕੇ ਰੂਪੋਸ਼ ਸੰਸਥਾ ਬਣਾਈ ਜਿਹੜੀ ‘ਅੰਡਰਗਰਾਊਂਡ ਰੇਲਰੋਡ’ ਨਾਮ ਨਾਲ ਮਸ਼ਹੂਰ ਹੋਈ। ਜਦੋਂ ਗੁਲਾਮ, ਦੱਖਣੀ ਸੂਬਿਆਂ ਵਿਚੋਂ ਮੌਤ ਤੋਂ ਵੀ ਭੈੜੀ ਗੁਲਾਮੀ ਦੀ ਮਾਰ ਨਾ ਸਹਿ ਸਕਦੇ ਤਾਂ ਉਹ ਰਾਤਾਂ ਨੂੰ ਉਤਰ ਵੱਲ ਭੱਜਦੇ। ਰਾਤ ਨੂੰ ਧਰੂ ਤਾਰਾ ਹੀ ਉਨ੍ਹਾਂ ਦਾ ਰਾਹ ਦਿਸੇਰਾ ਹੁੰਦਾ ਸੀ। ਦਿਨੇ ਜੰਗਲਾਂ ਵਿਚ ਲੁਕ ਜਾਣਾ ਤੇ ਰਾਤ ਨੂੰ ਧਰੂ ਤਾਰੇ ਦੀ ਸੇਧ ਵਿਚ ਤੁਰ ਪੈਣਾ। ਜੇ ਚੰਗੀ ਕਿਸਮਤ ਨੂੰ ਕੋਈ ਰੂਪੋਸ਼ ਸੰਸਥਾ ਵਾਲਾ ਮਿਲ ਪੈਂਦਾ ਤਾਂ ਸੰਸਥਾ ਦੀ ਮਦਦ ਨਾਲ ਸਰਹੱਦ ਪਾਰ ਕਰ ਕੇ ਗੁਲਾਮ ਕੈਨੇਡਾ ਪਹੁੰਚ ਕੇ ਆਜ਼ਾਦ ਹੋ ਜਾਂਦੇ। ਕੋਈ ਦੁਸ਼ਮਣ ਮਿਲ ਜਾਂਦਾ ਤਾਂ ਅਗਲਾ ਮਾਲਕ ਤੋਂ ਇਨਾਮ ਲੈ ਕੇ ਉਸ ਨੂੰ ਜੇਲ੍ਹ ਵਿਚ ਬੰਦ ਕਰਵਾ ਦਿੰਦਾ ਜਿਥੋਂ ਮਾਲਕ ਆਪਣੇ ਜ਼ਰਖ਼ਰੀਦ ਗੁਲਾਮ ਨੂੰ ਫਿਰ ਘਰ ਲੈ ਜਾਂਦਾ।
1855 ਵਿਚ ਜਦੋਂ ਉਸ ਦਾ ਗੋਦੀ ਵਾਲਾ ਬੱਚਾ ਵੱਡਾ ਹੋ ਗਿਆ ਤਾਂ ਉਸ ਨੇ ਆਪਣੀ ਸਵੈ-ਜੀਵਨੀ ਲਿਖਦਿਆਂ ਅਜਿਹਾ ਖੁਲਾਸਾ ਕੀਤਾ ਜਿਹੜਾ ਗੁਲਾਮੀ ਵਿਰੋਧੀ ਸੰਸਥਾਵਾਂ ਦੇ ਮਦਦਗਾਰਾਂ ਲਈ ਬਹੁਤ ਅਹਿਮ ਸਾਬਤ ਹੋਇਆ ਤੇ ਇਹ ਉਨ੍ਹਾਂ ਵਲੋਂ ਸਾਂਭ ਕੇ ਰੱਖੇ ਜਾਂਦੇ ਦਸਤਾਵੇਜ਼ਾਂ ਦਾ ਇਤਿਹਾਸਕ ਅੰਗ ਬਣ ਗਿਆ। ਇਹ ਦਸਤਾਵੇਜ਼ 1870 ਵਿਚ ‘ਅੰਡਰਗਰਾਊਂਡ ਰੇਲਰੋਡ’ ਦੇ ਲਿਖਤੀ ਇਤਿਹਾਸ ਦਾ ਹਿੱਸਾ ਬਣ ਚੁੱਕਾ ਸੀ।
ਅਮਰੀਕਾ ਦੇ ਮੈਰੀਲੈਂਡ ਸੂਬੇ ਦੀ ਉਤਰੀ ਹੱਦ ਦੇ ਚੇਸਾਪੀਕ ਕਸਬੇ ਵਿਚ ਅਸਾਧਾਰਨ ਔਰਤ ਰਹਿੰਦੀ ਸੀ ਜਿਸ ਦਾ ਨਾਮ ਮਾਰਗਰੇਟ ਸੀ। ਜਦੋਂ ਅਫ਼ਰੀਕਾ ਤੋਂ ਕਾਲੇ ਗੁਲਾਮਾਂ ਨੂੰ ਸਮੁੰਦਰੀ ਜਹਾਜ਼ ਅਮਰੀਕਾ ਦੇ ਬਾਲਟੀਮੋਰ ਬੰਦਰਗਾਹ ਵੱਲ ਲੈ ਕੇ ਆ ਰਿਹਾ ਸੀ ਤਾਂ ਇਸ ਔਰਤ ਦਾ ਜਨਮ ਉਸ ਜਹਾਜ਼ ‘ਤੇ ਹੋਇਆ। ਇਹ ਉਨ੍ਹਾਂ ਸਮਿਆਂ ਦੀ ਗੱਲ ਹੈ ਜਦੋਂ ਗੁਲਾਮਾਂ ਨੂੰ ਅਮਰੀਕਾ ਵਿਚ ਲਿਆਉਣ ‘ਤੇ ਪਾਬੰਦੀ ਲਾ ਦਿਤੀ ਗਈ ਸੀ। ਬੱਚੀ ਤੇ ਉਸ ਦੀ ਮਾਂ ਅਜਿਹੇ ਸੁਹਿਰਦ ਪਰਿਵਾਰ ਕੋਲ ਪਹੁੰਚ ਗਏ ਜਿਸ ਤੋਂ ਮਾਰਗਰੇਟ ਨੇ ਅਜਿਹੀ ਸਿਖਿਆ ਹਾਸਲ ਕੀਤੀ ਕਿ ਉਸ ਦਾ ਕਿਰਦਾਰ ਖ਼ੁਦਦਾਰੀ ਵਾਲਾ ਬਣ ਗਿਆ। ਉਸ ਦੀਆਂ ਆਦਤਾਂ ਦੂਜੇ ਗੁਲਾਮਾਂ ਤੋਂ ਵੱਖਰੀਆਂ ਸਨ। ਉਹ ਹਰ ਕਿਸੇ ਦੀ ਇਜ਼ਤ ਕਰਨ ਵਿਚ ਵਿਸ਼ਵਾਸ ਰੱਖਦੀ ਸੀ ਤੇ ਉਹ ਇਹ ਵੀ ਚਾਹੁੰਦੀ ਸੀ ਕਿ ਉਸ ਨੂੰ ਬਣਦੀ ਇਜ਼ਤ ਮਿਲੇ। ਉਹ ਕੁਦਰਤੀ ਤੌਰ ‘ਤੇ ਚੰਗੀ ਇਜ਼ਤਦਾਰ ਲੜਕੀ ਬਣ ਗਈ। ਸੁਭਾਅ ਬਹੁਤ ਚੰਗਾ ਤੇ ਕੰਮ ਕਰਦਿਆਂ ਸਲੀਕੇ ਨਾਲ ਹਰ ਕੰਮ ਪੂਰਾ ਕਰਨ ਦੀ ਆਦਤ! ਜੇ ਕੋਈ ਬਿਮਾਰ ਪੈ ਜਾਂਦਾ ਤਾਂ ਉਸ ਦੀ ਤੀਮਾਰਦਾਰੀ ਵਿਚ ਉਹ ਕੋਈ ਕਸਰ ਨਹੀਂ ਸੀ ਰਹਿਣ ਦਿੰਦੀ। ਉਸ ਦੇ ਆਉਣ ਨਾਲ ਮਰੀਜ਼ ਦੀ ਅੱਧੀ ਬਿਮਾਰੀ ਉਸ ਦੀ ਮੁਸਕਰਾਹਟ ਨਾਲ ਪਹਿਲਾਂ ਹੀ ਦੂਰ ਹੋ ਜਾਂਦੀ ਸੀ। ਘਰ ਦੇ ਹਰ ਕੰਮ ਵਿਚ ਉਹ ਨਿਪੁੰਨ ਸੀ। ਕੰਮ ਉਹਨੂੰ ਉਡੀਕਦੇ ਰਹਿੰਦੇ!
ਜਦੋਂ ਉਹ ਸੋਲਾਂ ਸਾਲਾਂ ਦੀ ਹੋਈ ਤਾਂ ਆਪਣੀ ਜਵਾਨ ਮਾਲਕਣ ਨਾਲ ਰਹਿਣ ਚਲੀ ਗਈ ਜਿਸ ਦਾ ਵਿਆਹ ਕਿਸੇ ਖਾਂਦੇ ਪੀਂਦੇ ਘਰ ਵਾਲੇ ਕਾਸ਼ਤਕਾਰ ਪਰਿਵਾਰ ਵਿਚ ਹੋ ਗਿਆ ਸੀ। ਉਸ ਜ਼ਰਖ਼ੇਜ਼ ਇਲਾਕੇ ਨੂੰ ‘ਈਸਟਰਨ ਸ਼ੋਰ’ ਕਿਹਾ ਜਾਂਦਾ ਸੀ। ਅਠਾਰਾਂ ਸਾਲਾਂ ਦੀ ਮਾਰਗਰੇਟ ਤਕੜੇ ਜੁੱਸੇ ਵਾਲੀ ਔਰਤ ਸੀ। ਲੰਮੀ ਲੰਝੀ ਤੇ ਸੁਹਣੇ ਸਰੀਰ ਦੀ ਮਾਲਕ! ਰੰਗ ਉਹਦਾ ਬਹੁਤ ਪੱਕਾ ਸੀ ਜਿਹੜਾ ਦੂਰੋਂ ਲਿਸ਼ਕਾਂ ਮਾਰਦਾ ਸੀ। ਗੱਲਬਾਤ ਵਿਚ ਬੜਾ ਸਲੀਕਾ ਤੇ ਖ਼ੁਸ਼-ਮਿਜ਼ਾਜ, ਫਿਰ ਵੀ ਉਹ ਘੱਟ ਹੀ ਕਦੇ ਹੱਸਦੀ! ਉਹ ਆਪਣੀ ਨਸਲ ਦੇ ਲੋਕਾਂ ਨਾਲ ਵੀ ਘੱਟ ਹੀ ਗੱਲ ਕਰਦੀ ਸੀ। ਕੰਮ ਤੋਂ ਬਿਨਾ, ਬਹੁਤੀਆਂ ਗੱਲਾਂ ਕਰਨ ਵਿਚ ਉਸ ਦਾ ਵਿਸ਼ਵਾਸ ਨਹੀਂ ਸੀ। ਵੀਹ ਸਾਲ ਦੀ ਉਮਰ ਵਿਚ ਉਸ ਨੇ ਇਕ ਸੁਹਣਾ ਜਵਾਨ ਪਸੰਦ ਕਰ ਲਿਆ ਤੇ ਉਨ੍ਹਾਂ ਦਾ ਵਿਆਹ ਹੋ ਗਿਆ। ਵਿਆਹ ਤੋਂ ਥੋੜ੍ਹਾ ਚਿਰ ਪਿਛੋਂ ਉਹਦਾ ਮਾਲਕ ਉਸ ਨਾਲ ਬਹੁਤ ਗੁੱਸੇ ਰਹਿਣ ਲੱਗ ਪਿਆ। ਕਾਰਨ ਇਹ ਸੀ ਕਿ ਉਹ ਮਾਲਕ ਦਾ ਹਰ ਕਹਿਣਾ ਨਹੀਂ ਸੀ ਮੰਨਦੀ, ਤੇ ਗਲਤ ਗੱਲ ਤਾਂ ਬਿਲਕੁਲ ਨਹੀਂ! ਮਾਲਕ ਨੇ ਉਸ ਨੂੰ ਧਮਕੀ ਦਿਤੀ ਕਿ ਉਹ ਉਸ ਨੂੰ ਛਾਂਟਿਆਂ ਦੀ ਮਾਰ ਨਾਲ ਸਿਧਾਏਗਾ! ਅਜਿਹੀ ਸਜ਼ਾ ਨੂੰ ਉਹ ਕਦੇ ਬਰਦਾਸ਼ਤ ਨਹੀਂ ਸੀ ਕਰਦੀ ਤੇ ਇਸ ਨੂੰ ਆਪਣੀ ਬੇਇਜ਼ਤੀ ਸਮਝਦੀ ਸੀ। ਉਹ ਆਪਣੇ ਮਾਲਕ ਦਾ ਹਰ ਜਾਇਜ਼ ਕਹਿਣਾ ਮੰਨਣ ਨੂੰ ਤਿਆਰ ਸੀ, ਪਰ ਗਲਤ ਗੱਲ ਮੰਨਣ ਲਈ ਤਿਆਰ ਨਹੀਂ ਸੀ। ਉਸ ਨੇ ਆਪਣੇ ਮਾਲਕ ਨੂੰ ਇਹ ਗੱਲ ਸਾਫ਼ ਕਰ ਦਿਤੀ ਕਿ ਜਿਸ ਦਿਨ ਉਸ ਨੇ ਮਾਰਨ ਲਈ ਛਾਂਟਾ ਚੁੱਕਿਆ, ਉਨ੍ਹਾਂ ਦੋਹਾਂ ਵਿਚੋਂ ਇਕ ਮਰ ਜਾਏਗਾ। ਉਸ ਪਿਛੋਂ ਮਾਲਕ ਦੀ ਕਦੇ ਹਿੰਮਤ ਨਹੀਂ ਸੀ ਪਈ ਕਿ ਉਹ ਮਾਰਗਰੇਟ ਨੂੰ ਕੁਝ ਕਹਿ ਸਕਦਾ। ਮਾਲਕ ਨੇ ਮਾਰਗਰੇਟ ਨੂੰ ਵੱਖਰੇ ਤਰੀਕੇ ਨਾਲ ਸਜ਼ਾ ਦੇਣੀ ਚਾਹੀ। ਮਾਰਗਰੇਟ ਦੇ ਪਤੀ ਨੂੰ ਰਾਤੋ-ਰਾਤ ਵੇਚ ਦਿਤਾ ਗਿਆ। ਦੂਜੇ ਦਿਨ ਹੀ ਮਾਰਗਰੇਟ ਨੇ ਆਪਣੇ ਪਤੀ ਨੂੰ ਗੁਲਾਮਾਂ ਦੇ ਅਜਿਹੇ ਜਥੇ ਨਾਲ ਸੰਗਲਾਂ ਵਿਚ ਜਕੜਿਆ ਦੇਖਿਆ ਜਿਸ ਵਿਚ ਹੋਰ ਕਈ ਗੁਲਾਮਾਂ ਨੂੰ ਨਿਊ ਓਰਲੀਨਜ਼ ਦੀ ਮਾਰਕੀਟ ਵਿਚ ਵੇਚਣ ਲਈ ਲਿਜਾਇਆ ਜਾ ਰਿਹਾ ਸੀ। ਉਸ ਪਿਛੋਂ ਮਾਰਗਰੇਟ ਨੂੰ ਜ਼ਾਲਮ ਓਵਰਸੀਅਰ ਦੇ ਵੱਸ ਪਾ ਦਿਤਾ ਗਿਆ। ਮਾਰਗਰੇਟ ਉਨ੍ਹੀਂ ਦਿਨੀਂ ਮਾਂ ਬਣਨ ਵਾਲੀ ਸੀ। ਓਵਰਸੀਅਰ ਉਸ ਤੋਂ ਔਖੇ ਤੋਂ ਔਖਾ ਕੰਮ, ਬੱਚਾ ਪੈਦਾ ਹੋਣ ਵਾਲੇ ਦਿਨ ਤਕ ਕਰਵਾਉਂਦਾ ਰਿਹਾ। ਉਸ ਪਿਛੋਂ ਵੀ ਸਿਰਫ਼ ਇਕ ਹਫ਼ਤੇ ਪਿਛੋਂ ਹੀ, ਉਸ ਨੂੰ ਖੇਤਾਂ ਵਿਚ ਜਾ ਕੇ ਕੰਮ ਕਰਨ ਲਾ ਲਿਆ। ਉਹ ਦੁੱਧ ਪੀਂਦੇ ਬੱਚੇ ਨੂੰ ਨਾਲ ਲੈ ਕੇ ਖੇਤਾਂ ਵਿਚ ਕੰਮ ਕਰਨ ਜਾਂਦੀ। ਉਸ ਨੂੰ ਮਾਲਕ ਵਲੋਂ ਕਿਸੇ ਕਿਸਮ ਦੀ ਮਦਦ ਦੇਣ ਦਾ ਸਵਾਲ ਹੀ ਨਹੀਂ ਸੀ, ਜਦੋਂ ਕਿ ਆਮ ਕਾਸ਼ਤਕਾਰ ਮਾਲਕ ਬੁੱਢੀਆਂ ਹੋ ਚੁਕੀਆਂ ਗੁਲਾਮ ਔਰਤਾਂ ਨੂੰ ਛੋਟੇ ਬੱਚੇ ਸੰਭਾਲਣ ਦੀ ਜ਼ਿੰਮੇਵਾਰੀ ਦੇ ਦਿੰਦੇ ਸਨ। ਉਹ ਬਾਕੀ ਗੁਲਾਮ ਔਰਤਾਂ ਦੇ ਬੱਚਿਆਂ ਦਾ ਖਿਆਲ ਰੱਖਦੀਆਂ ਤੇ ਖਾਣ-ਪੀਣ ਦਾ ਬੰਦੋਬਸਤ ਕਰਦੀਆਂ ਤੇ ਮਾਵਾਂ ਖੇਤਾਂ ਵਿਚ ਕੰਮ ਕਰਨ ਜਾ ਲਗਦੀਆਂ। ਮਾਰਗਰੇਟ ਨੂੰ ਅਜਿਹੀ ਕੋਈ ਮਦਦ ਦੇਣ ਲੈਣ ਤੋਂ ਸਾਫ਼ ਇਨਕਾਰ ਕਰ ਦਿਤਾ ਗਿਆ। ਉਹ ਆਪਣੇ ਬੱਚੇ ਨੂੰ ਖੇਤਾਂ ਵਿਚ ਝਾੜੀਆਂ ਕੋਲ ਛੱਡ ਆਉਂਦੀ। ਉਸ ਨੂੰ ਦਿਨ ਵਿਚ ਸਿਰਫ਼ ਦੋ ਵਾਰੀ ਆਪਣੇ ਬੱਚੇ ਨੂੰ ਦੁੱਧ ਪਿਆਉਣ ਦਾ ਹੁਕਮ ਸੀ। ਇਕ ਦਿਨ ਸਾਰੇ ਦਿਨ ਦਾ ਕੰਮ ਖਤਮ ਕਰਨ ਪਿਛੋਂ ਜਦੋਂ ਉਹ ਆਪਣੇ ਬੱਚੇ ਕੋਲ ਆਈ ਤਾਂ ਬੱਚਾ ਰੋ ਰੋ ਕੇ ਨਿਢਾਲ ਹੋਣ ਪਿਛੋਂ ਬੇਹੋਸ਼ ਹੋ ਚੁੱਕਾ ਸੀ। ਉਸੇ ਵੇਲੇ ਮਾਰਗਰੇਟ ਨੇ ਬੱਚੇ ਦੇ ਨੇੜੇ ਜ਼ਹਿਰੀਲਾ ਸੱਪ ਵੀ ਦੇਖਿਆ। ਉਸ ਦੇ ਹੋਸ਼ ਉਡ ਗਏ, ਪਰ ਉਸ ਦੀ ਮਮਤਾ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਕਿ ਉਸ ਦੇ ਬੱਚੇ ਨੂੰ ਸੱਪ ਨੇ ਡਸ ਲਿਆ ਹੋਵੇਗਾ। ਉਸ ਨੇ ਬੱਚੇ ਨੂੰ ਹਿੱਕ ਨਾਲ ਲਾ ਕੇ ਪਿਆਰ ਕਰਨਾ ਸ਼ੁਰੂ ਕੀਤਾ ਤਾਂ ਕੁਝ ਚਿਰ ਪਿਛੋਂ ਬੱਚੇ ਦੇ ਸਰੀਰ ਵਿਚ ਹਿਲਜੁਲ ਹੋਈ। ਇਸ ਪਿਛੋਂ ਮਾਰਗਰੇਟ ਨੇ ਉਸੇ ਪਲ ਧਰਤੀ ‘ਤੇ ਲੰਮੀ ਪੈ ਕੇ ਰੱਬ ਅੱਗੇ ਹਿੰਮਤ ਤੇ ਤਾਕਤ ਲਈ ਪ੍ਰਾਰਥਨਾ ਕੀਤੀ ਤਾਂ ਕਿ ਉਸ ਵਿਚ ਜ਼ੁਲਮ, ਭੁੱਖ ਤੇ ਦੁੱਖ ਨਾਲ ਲੜਨ ਲਈ ਭਰੋਸਾ ਪੈਦਾ ਹੋ ਸਕੇ। ਰਾਤ ਪੈ ਚੁੱਕੀ ਸੀ। ਉਸ ਨੇ ਆਪਣੇ ਬੱਚੇ ਨੂੰ ਹਿੱਕ ਨਾਲ ਲਾਇਆ ਤੇ ਜਿੰਨਾ ਵੀ ਉਸ ਵਿਚ ਜ਼ੋਰ ਬਾਕੀ ਸੀ, ਉਹ ਧਰੂ ਤਾਰੇ ਦੀ ਸੇਧ ਲੈ ਕੇ ਭੱਜ ਪਈ। ਅਜੇ ਉਹ ਦੋ ਕੁ ਮੀਲ ਹੀ ਦੂਰ ਗਈ ਹੋਵੇਗੀ, ਉਸ ਨੂੰ ਲਗਿਆ ਜਿਵੇਂ ਕੋਈ ਉਸ ਦਾ ਪਿਛਾ ਕਰ ਰਿਹਾ ਸੀ। ਮੁੜ ਕੇ ਦੇਖਿਆ ਤਾਂ ਇਹ ਮਾਲਕ ਦੇ ਘਰ ਦਾ ਵੱਡਾ ਕੁੱਤਾ ‘ਵਾਚ’ ਸੀ ਜਿਹੜਾ ਹੁਣ ਬੁੱਢਾ ਵੀ ਹੋ ਚੁੱਕਾ ਸੀ। ਮਾਰਗਰੇਟ ਨੂੰ ਉਹ ਇੰਨਾ ਪਸੰਦ ਕਰਦਾ ਸੀ ਕਿ ਉਸ ਦੇ ਆਉਣ ਤੋਂ ਪਹਿਲਾਂ ਹੀ ਉਹ ਹਰ ਰੋਜ਼ ਮਾਰਗਰੇਟ ਦੇ ਢਾਰੇ ਅੱਗੇ ਆ ਕੇ ਬਹਿ ਜਾਂਦਾ। ਉਸ ਨੂੰ ਲੱਗਾ ਕਿ ‘ਵਾਚ’ ਦਾ ਉਸ ਨਾਲ ਜਾਣਾ ਖਤਰਾ ਪੈਦਾ ਕਰ ਸਕਦਾ ਹੈ, ਪਰ ਉਹ ਕਿਸੇ ਤਰ੍ਹਾਂ ਵੀ ਉਸ ਨੂੰ ਘਰ ਮੁੜ ਜਾਣ ਲਈ ਨਹੀਂ ਸੀ ਕਹਿ ਸਕਦੀ ਤੇ ਨਾ ਹੀ ‘ਵਾਚ’ ਨੇ ਮੁੜਨਾ ਸੀ। ਇਹ ਸੋਚ ਕੇ ਉਸ ਨੇ ਫਿਰ ਭੱਜਣਾ ਸ਼ੁਰੂ ਕਰ ਦਿਤਾ। ਉਸ ਦਾ ਵਫ਼ਾਦਾਰ ‘ਵਾਚ’ ਵੀ ਨਾਲ ਭੱਜਦਾ ਰਿਹਾ। ਦਿਨ ਚੜ੍ਹੇ ਉਹ ਇਕ ਖੇਤ ਕਿਨਾਰੇ ਜਾ ਕੇ ਆਰਾਮ ਲਈ ਰੁਕੀ ਤੇ ਸੌਂ ਗਈ।
ਉਸ ਦਿਨ ਸ਼ਾਮ ਨੂੰ ਉਸ ਨੇ ਗੁਲਾਮਾਂ ਦੀਆਂ ਆਵਾਜ਼ਾਂ ਸੁਣੀਆਂ ਜਿਹੜੇ ਖੇਤਾਂ ਵਿਚ ਕੰਮ ਖਤਮ ਕਰ ਕੇ ਆਪਣੇ ਘਰਾਂ ਨੂੰ ਪਰਤ ਰਹੇ ਸਨ। ਉਨ੍ਹਾਂ ਵਿਚੋਂ ਇਕ ਬੁੱਢੀ ਔਰਤ ਸਭ ਤੋਂ ਪਿਛੇ ਰਹਿ ਗਈ ਸੀ। ਮਾਰਗਰੇਟ ਨੇ ਉਸ ਨੂੰ ਰੋਕ ਕੇ ਆਪਣੀ ਹਾਲਤ ਬਿਆਨ ਕਰਦਿਆਂ ਖਾਣ ਲਈ ਕੁਝ ਮੰਗਿਆ। ਬੁੱਢੀ ਔਰਤ ਅੱਧੀ ਰਾਤ ਨੂੰ ਵਾਹਵਾ ਸਾਰਾ ਖਾਣਾ ਲੈ ਕੇ ਮੁੜੀ। ਮਾਰਗਰੇਟ ਨੇ ਤੇ ‘ਵਾਚ’ ਨੇ ਮਿਲ ਕੇ ਖਾਣਾ ਖਾਧਾ ਤੇ ਅਗਲੇ ਸਫ਼ਰ ‘ਤੇ ਚੱਲ ਪਏ।
ਮਾਰਗਰੇਟ ਦੇ ਜਾਣ ਤੋਂ ਪਿਛੋਂ ਓਵਰਸੀਅਰ ਨੇ ਇਕ ਸ਼ਿਕਾਰੀ ਨੂੰ ਬੁਲਾਇਆ ਤੇ ਉਸ ਨੂੰ ਕੁੱਤਿਆਂ ਨਾਲ ਜਾ ਕੇ ਮਾਰਗਰੇਟ ਨੂੰ ਲੱਭ ਲਿਆਉਣ ਲਈ ਸੌਦਾ ਕਰ ਲਿਆ। ਸ਼ਿਕਾਰੀ ਕੋਲ ਬੁੱਢੀ ਕੁੱਤੀ ਤੇ ਉਸ ਦੇ ਤਿੰਨ ਕਤੂਰੇ ਸਨ। ਉਸ ਨੇ ਸੋਚਿਆ ਕਿ ਫੜਨਾ ਤਾਂ ਅਬਲਾ ਔਰਤ ਨੂੰ ਹੈ ਜਿਸ ਦੇ ਨਾਲ ਬੱਚਾ ਵੀ ਹੈ। ਇਹ ਕੋਈ ਬਹੁਤਾ ਮੁਸ਼ਕਿਲ ਕੰਮ ਨਹੀਂ। ਬੱਚੇ ਨਾਲ ਉਹ ਬਹੁਤ ਦੂਰ ਨਹੀਂ ਜਾ ਸਕਦੀ, ਇਹ ਕੰਮ ਤਾਂ ਮੇਰੀ ਬੁੱਢੀ ਕੁੱਤੀ ਕਰ ਲਵੇਗੀ ਤੇ ਨਾਲ ਕਤੂਰਿਆਂ ਨੂੰ ਵੀ ਅਭਿਆਸ ਕਰਨ ਦਾ ਮੌਕਾ ਮਿਲੇਗਾ।
ਜਿਹੜੀ ਰਾਤ ਮਾਰਗਰੇਟ ਭੱਜੀ ਸੀ, ਉਸ ਤੋਂ ਅਗਲੇ ਹੀ ਦਿਨ ਸਵੇਰ ਦੀ ਹਾਜ਼ਰੀ ਵੇਲੇ ਉਸ ਦੇ ਚਲੇ ਜਾਣ ਬਾਰੇ ਸਭ ਨੂੰ ਪਤਾ ਲਗ ਚੁੱਕਾ ਸੀ। ਓਵਰਸੀਅਰ ਨੇ ਸੋਚਿਆ ਕਿ ਉਹ ਨੇੜੇ ਤੇੜੇ ਹੀ ਕਿਧਰੇ ਲੁਕੀ ਹੋਵੇਗੀ। ਇਕ ਦੋ ਦਿਨਾਂ ਵਿਚ ਹੀ ਭੁੱਖ ਕਾਰਨ ਉਸ ਨੂੰ ਬਾਹਰ ਆਉਣਾ ਪਵੇਗਾ। ਸੋ, ਜਦੋਂ ਸ਼ਿਕਾਰੀ ਮਾਰਗਰੇਟ ਦੀ ਭਾਲ ਵਿਚ ਨਿਕਲਿਆ ਤਾਂ ਉਸ ਨੂੰ ਭਰੋਸਾ ਸੀ ਕਿ ਉਸ ਦੀ ਬੁੱਢੀ ਕੁੱਤੀ ਮਾਰਗਰੇਟ ਨੂੰ ਇਕ ਦੋ ਘੰਟਿਆਂ ਵਿਚ ਹੀ ਸੁੰਘ ਕੇ ਆਸਾਨੀ ਨਾਲ ਲੱਭ ਲਵੇਗੀ, ਪਰ ਪੂਰਾ ਦਿਨ ਗੁਜ਼ਰਨ ਪਿਛੋਂ ਵੀ ਉਨ੍ਹਾਂ ਨੂੰ ਮਾਰਗਰੇਟ ਨਹੀਂ ਲੱਭ ਸਕੀ। ਅਗਲੇ ਦਿਨ ਸ਼ਿਕਾਰੀ ਨੇ ਆਪਣੇ ਕੁੱਤੇ ਖੁਲ੍ਹੇ ਛੱਡ ਦਿਤੇ ਤੇ ਆਪ ਉਹ ਘੋੜੇ ‘ਤੇ ਉਨ੍ਹਾਂ ਦੀ ਆਵਾਜ਼ ਸੁਣ ਕੇ ਪਿਛਾ ਕਰਦਾ ਰਿਹਾ। ਦੁਪਹਿਰ ਵੇਲੇ ਕਿਧਰੇ ਜਾ ਕੇ ਬੁੱਢੀ ਕੁੱਤੀ ਨੇ ਉਹ ਥਾਂ ਜਾ ਲੱਭੀ ਜਿਥੇ ਮਾਰਗਰੇਟ ਪਹਿਲੇ ਦਿਨ ਸੁੱਤੀ ਸੀ। ਉਸ ਪਿਛੋਂ ਕੁੱਤੀ ਨੇ ਬੜੀ ਤੇਜ਼ੀ ਨਾਲ ਉਸ ਰਾਹ ‘ਤੇ ਜਾਣਾ ਸ਼ੁਰੂ ਕੀਤਾ ਜਿਹੜੇ ਰਾਹ ਮਾਰਗਰੇਟ ਗਈ ਸੀ। ਕਤੂਰੇ ਤੇ ਸ਼ਿਕਾਰੀ ਉਸ ਤੋਂ ਕਿਤੇ ਪਿਛੇ ਰਹਿ ਗਏ ਸਨ। ਜਿਹੜੇ ਰਾਹੀਂ ਜਾਂਦਿਆਂ ਮਾਰਗਰੇਟ ਪਾਣੀ ਵਾਲੇ ਖਾਲ਼ਾਂ ਵਿਚੋਂ ਲੰਘੀ ਸੀ, ਉਨ੍ਹਾਂ ਥਾਵਾਂ ‘ਤੇ ਜਾ ਕੇ ਕਤੂਰੇ ਰਾਹ ਭੁੱਲ ਗਏ ਤੇ ਹੋਰ ਰਾਹ ਪੈ ਗਏ। ਇੰਨੇ ਵਿਚ ਬੁੱਢੀ ਕੁੱਤੀ ਮਾਰਗਰੇਟ ਦਾ ਪਿਛਾ ਕਰਦਿਆਂ ਸ਼ਿਕਾਰੀ ਤੇ ਕਤੂਰਿਆਂ ਤੋਂ ਦੂਰ ਨਿਕਲ ਗਈ। ਕੁੱਤੀ ਤੇ ਸ਼ਿਕਾਰੀ ਵਿਚਕਾਰ ਫਾਸਲਾ ਇੰਨਾ ਵਧ ਚੁੱਕਾ ਸੀ ਕਿ ਸ਼ਿਕਾਰੀ ਨੂੰ ਕੁੱਤੀ ਦੀ ਆਵਾਜ਼ ਵੀ ਨਹੀਂ ਸੀ ਸੁਣਾਈ ਦੇ ਰਹੀ ਤੇ ਉਹ ਰਾਹ ਭਟਕ ਗਿਆ।
ਮਾਰਗਰੇਟ ਦਰਿਆ ਨੇੜੇ ਜੰਗਲ ਵਿਚ ਜਾ ਕੇ ਲੇਟ ਗਈ ਤੇ ਹਨੇਰਾ ਹੋਣ ਦੀ ਉਡੀਕ ਕਰਦੀ ਰਹੀ ਜਦੋਂ ਉਸ ਨੇ ਮੁੜ ਕੇ ਆਪਣੇ ਰਾਹ ਤੁਰਨਾ ਸੀ। ਬੁੱਢੇ ‘ਵਾਚ’ ਦੀਆਂ ਅਜੀਬ ਜਿਹੀਆਂ ਧੀਮੀਆਂ ਆਵਾਜ਼ਾਂ ਨੇ ਉਸ ਨੂੰ ਖਬਰਦਾਰ ਕੀਤਾ। ‘ਵਾਚ’ ਕੁਝ ਸੁਣਨ ਦੀ ਕੋਸ਼ਿਸ਼ ਕਰ ਰਿਹਾ ਸੀ। ਮਾਰਗਰੇਟ ਨੇ ਕਿਸੇ ਖੂੰਖਾਰ ਕੁੱਤੇ ਦੇ ਗੁਰਾਉਣ ਦੀ ਆਵਾਜ਼ ਸੁਣੀ। ਉਸ ਨੂੰ ਯਕੀਨ ਸੀ ਕਿ ਉਸ ਪਿੱਛੇ ਕੁੱਤੇ ਛੱਡੇ ਜਾਣਗੇ। ਉਸ ਨੂੰ ਵਾਰ ਵਾਰ ਓਵਰਸੀਅਰ ਦੀਆਂ ਗੱਲਾਂ ਚੇਤੇ ਆਉਣ ਲੱਗ ਪਈਆਂ ਜਿਹੜੀਆਂ ਉਹ ਗੁਲਾਮਾਂ ਨੂੰ ਸੁਣਾਉਂਦਾ ਹੁੰਦਾ ਸੀ, ਕਿ ਕਿਵੇਂ ਭਗੌੜੇ ਗੁਲਾਮਾਂ ਨੂੰ ਖੂੰਖਾਰ ਕੁੱਤੇ ਪਾੜ ਕੇ ਖਾ ਜਾਂਦੇ ਸਨ। ਹੁਣ ਤਕ ਉਸ ਨੂੰ ਇਸ ਭਿਆਨਕ ਹਾਲਤ ਦਾ ਅਹਿਸਾਸ ਨਹੀਂ ਸੀ ਹੋਇਆ। ਉਸ ਨੂੰ ਲੱਗਣ ਲੱਗ ਪਿਆ ਕਿ ਹੁਣ ਖੂੰਖਾਰ ਕੁੱਤੇ ਆ ਕੇ ਪਹਿਲਾਂ ਉਸ ਦੇ ਬੱਚੇ ਨੂੰ ਪਾੜ ਖਾਣਗੇ ਤੇ ਫਿਰ ਉਸ ਦੀ ਬੋਟੀ ਬੋਟੀ ਕਰਨਗੇ। ਫਿਰ ਵੀ ਉਸ ਨੇ ਹਿੰਮਤ ਕਾਇਮ ਰੱਖੀ। ਉਸ ਦੇ ਨੇੜੇ ਦਰਿਆ ਬਹੁਤ ਚੌੜਾ ਸੀ ਤੇ ਕੰਢੇ ਤੋਂ ਨੇੜੇ ਹੀ ਬਹੁਤ ਡੂੰਘਾ ਵੀ ਸੀ। ਉਸ ਨੇ ਆਪਣੇ ਬੱਚੇ ਨੂੰ ਮੋਢਿਆਂ ‘ਤੇ ਬੰਨ੍ਹ ਲਿਆ ਤੇ ਦਰਿਆ ਵਿਚ ਠਿੱਲ੍ਹ ਪਈ। ਉਸ ਨੇ ਰੁੱਖ ਦੀ ਟਾਹਣੀ ਵੀ ਤੋੜ ਲਈ ਸੀ ਤਾਂ ਕਿ ਦਰਿਆ ਦੀ ਡੂੰਘਾਈ ਨਾਪਦਿਆਂ ਅਗੇ ਵਧ ਸਕੇ। ਇੰਨ ਨੂੰ ‘ਵਾਚ’ ਦੂਜੇ ਪਾਸੇ ਆਪਣੇ ਪੈਰਾਂ ਵਿਚਕਾਰ ਆਪਣਾ ਸਿਰ ਰੱਖ ਕੇ ਆਉਣ ਵਾਲੇ ਦੁਸ਼ਮਣ ਦੀ ਉਡੀਕ ਕਰਨ ਲਗ ਪਿਆ। ਬੁੱਢੀ ਕੁੱਤੀ ਸੱਜਰੀ ਮੁਸ਼ਕ ਸੁੰਘਦੀ ਹੋਈ ਨੱਕ ਹੇਠਾਂ ਕਰ ਕੇ ਭੱਜੀ ਆ ਰਹੀ ਸੀ। ਉਸ ਨੂੰ ਆਪਣੇ ਸ਼ਿਕਾਰ ਦੀ ਗੰਧ ਆ ਰਹੀ ਸੀ, ਉਸ ਨੂੰ ਰਾਹ ਵਿਚ ਬੈਠਾ ‘ਵਾਚ’ ਨਹੀਂ ਸੀ ਦਿਸਿਆ। ਜਿਉਂ ਹੀ ਉਹਦੀ ਨਿਗ੍ਹਾ ‘ਵਾਚ’ ਉਤੇ ਪਈ, ਉਸ ਨੇ ‘ਵਾਚ’ ਦੇ ਉਤੋਂ ਦੀ ਛਾਲ ਮਾਰ ਕੇ ਅਗੇ ਜਾਣਾ ਚਾਹਿਆ। ਜਦੋਂ ਕੁੱਤੀ ‘ਵਾਚ’ ਉਤੋਂ ਟੱਪਣ ਲੱਗੀ ਤਾਂ ‘ਵਾਚ’ ਦੇ ਵੱਡੇ ਜਬ੍ਹਾੜਿਆਂ ਨੇ ਉਸ ਦੀ ਗਰਦਨ ਹੇਠੋਂ ਫੜ ਲਈ। ਉਨ੍ਹਾਂ ਦੀ ਲੜਾਈ ਵਿਚ ਸ਼ੋਰ-ਸ਼ਰਾਬਾ ਕੋਈ ਨਹੀਂ ਸੀ ਹੋ ਰਿਹਾ। ‘ਵਾਚ’ ਨੇ ਤਾਂ ਕੋਈ ਆਵਾਜ਼ ਵੀ ਨਹੀਂ ਸੀ ਕੱਢੀ ਤੇ ਕੁੱਤੀ ਦੀ ਆਵਾਜ਼ ਆ ਹੀ ਨਹੀਂ ਸੀ ਸਕਦੀ। ਉਸ ਦੀ ਸਾਹ ਨਾਲੀ ‘ਵਾਚ’ ਦੇ ਜਬ੍ਹਾੜਿਆਂ ਹੇਠ ਬੰਦ ਹੋ ਚੁੱਕੀ ਸੀ। ਕੁੱਤੀ ਨੇ ਪੂਛ ਤੇ ਲੱਤਾਂ ਇਧਰ ਉਧਰ ਮਾਰੀਆਂ ਅਤੇ ਇਕ ਦੋ ਮਿੰਟਾਂ ਵਿਚ ਠੰਢੀ ਹੋ ਗਈ। ‘ਵਾਚ’ ਨੇ ਆਪਣੇ ਜਬ੍ਹਾੜੇ ਉਨਾ ਚਿਰ ਢਿੱਲੇ ਨਹੀਂ ਕੀਤੇ ਜਿੰਨਾ ਚਿਰ ਕੁੱਤੀ ਬਿਲਕੁਲ ਹਿਲਣੋਂ ਹਟ ਨਹੀਂ ਸੀ ਗਈ। ਮਾਰਗਰੇਟ ਸਾਰਾ ਨਜ਼ਾਰਾ ਦੇਖ ਕੇ ਦਰਿਆ ਵਿਚੋਂ ਪਰਤ ਆਈ। ਉਸ ਦਾ ਜੀਅ ਕੀਤਾ ਕਿ ਉਹ ਆਪਣੇ ਵਫ਼ਾਦਾਰ ਦੋਸਤ ਨੂੰ ਜੱਫੀ ਪਾ ਲਵੇ, ਪਰ ਡਰ ਸੀ ਕਿ ਬਾਕੀ ਹੋਰ ਕੁੱਤੇ ਵੀ ਉਸ ਦੇ ਪਿੱਛੇ ਪਿੱਛੇ ਛੇਤੀ ਹੀ ਪਹੁੰਚਣ ਵਾਲੇ ਹੋਣਗੇ। ਉਸ ਨੇ ਛੇਤੀ ਦੇਣੇ ਮਰੀ ਕੁੱਤੀ ਨੂੰ ਦਰਿਆ ਵਿਚ ਸੁੱਟਿਆ ਤੇ ਆਪਣੇ ਅਗਲੇ ਸਫ਼ਰ ‘ਤੇ ਚੱਲ ਪਈ। ‘ਵਾਚ’ ਵੀ ਤੁਰ ਪਿਆ।
ਉਹ ਖ਼ੁਸ਼ਕਿਸਮਤ ਸੀ ਕਿ ਉਸ ਦੇ ਦੋਸਤ ‘ਵਾਚ’ ਦੀ ਮਦਦ ਨਾਲ ਉਸ ਦੀ ਜਾਨ ਬਚ ਗਈ ਤੇ ਫਿਰ ਕੁਝ ਘੰਟਿਆਂ ਮਗਰੋਂ ਹੀ ਉਸ ਨੂੰ ਮਦਦਗਾਰ ਪਰਿਵਾਰ ਮਿਲ ਗਿਆ। ‘ਵਾਚ’ ਨੂੰ ਵੀ ਉਹਨੇ ਨਾਲ ਹੀ ਰੱਖਿਆ। ਇਸ ਪਰਿਵਾਰ ਨੇ ਉਸ ਨੂੰ ਉਨਾ ਚਿਰ ਆਪਣੇ ਘਰ ਵਿਚ ਪਨਾਹ ਦਿਤੀ ਜਿੰਨਾ ਚਿਰ ਉਸ ਲਈ ਅਗੇ ਦੂਜੇ ਸੁਰਖਿਅਤ ਸੂਬੇ ਵਿਚ ਚੰਗੀ ਥਾਂ ਜਾਣ ਦਾ ਬੰਦੋਬਸਤ ਨਾ ਹੋਇਆ। ਉਸ ਘਰ ਰਹਿੰਦਿਆਂ ਉਸ ਨੂੰ ਉਸ ਦਾ ਪਿੱਛਾ ਕਰ ਰਹੇ ਸ਼ਿਕਾਰੀ ਬਾਰੇ ਵੀ ਪਤਾ ਲਗਾ। ਉਸ ਸ਼ਿਕਾਰੀ ਨੂੰ ਇਸ ਗੱਲ ਦਾ ਉਕਾ ਹੀ ਕੋਈ ਪਤਾ ਨਾ ਲੱਗਾ ਕਿ ਉਸ ਦੀ ਸ਼ਿਕਾਰੀ ਕੁੱਤੀ ਕਿਥੇ ਤੇ ਕਿਵੇਂ ਗਾਇਬ ਹੋ ਗਈ ਸੀ। ਸ਼ਿਕਾਰੀ ਦੇ ਨਿਰਾਸ਼ ਹੋ ਕੇ ਪਰਤਣ ਪਿਛੋਂ ਮਾਰਗਰੇਟ ਨੂੰ ਭਗੌੜਿਆਂ ਦੀ ਮਦਦਗਾਰ ਸੰਸਥਾ ਵਲੋਂ ਪਹਿਲਾਂ ਫ਼ਿਲਾਡੈਲਫ਼ੀਆ ਸ਼ਹਿਰ ਭੇਜਿਆ ਗਿਆ ਤੇ ਉਥੋਂ ਉਸ ਨੂੰ ਨਿਊ ਯਾਰਕ ਪਹੁੰਚਾ ਦਿਤਾ ਗਿਆ। ਉਥੇ ਜਾ ਕੇ ਮਾਰਗਰੇਟ ਨਰਸ ਬਣ ਗਈ।
ਮਾਰਗਰੇਟ ਹਮੇਸ਼ਾ ਗਰੀਬ ਲੋਕਾਂ ਦੀ ਸਹਾਇਤਾ ਕਰਦੀ, ਭਾਵੇਂ ਉਹ ਕਿਸੇ ਵੀ ਰੰਗ ਜਾਂ ਮੁਲਕ ਦੇ ਹੁੰਦੇ। ਉਸ ਨੇ ਮਕਾਨ ਕਿਰਾਏ ‘ਤੇ ਲੈ ਲਿਆ ਜਿਥੇ ਉਹ ਆਪ, ਉਸ ਦਾ ਬੱਚਾ ਤੇ ਵਫ਼ਾਦਾਰ ਦੋਸਤ ‘ਵਾਚ’ ਰਹਿੰਦੇ। ਬੱਚਾ ਜਿਸ ਨੂੰ ਉਹ ਸੈਮੁਅਲ ਕਹਿ ਕੇ ਬੁਲਾਉਂਦੀ ਸੀ, ਉਸ ਨੂੰ ਚੰਗੇ ਸਕੂਲ ਵਿਚ ਪੜ੍ਹਾਇਆ ਤੇ ਉਸ ਪਿਛੋਂ ਉਸ ਜਵਾਨ ਨੂੰ ਬਹੁਤ ਹੀ ਸੁਹਿਰਦ ਗੈਰਿਟ ਸਮਿਥਨਾਂ ਦੇ ਪਰਿਵਾਰ ਵਲੋਂ ਜੀਵਨ ਸੇਧ ਮਿਲੀ। ਵੱਡਾ ਹੋ ਕੇ ਉਹ ਚਰਚ ਦਾ ਪਾਦਰੀ ਬਣਿਆ। ਉਸ ਨੇ ਭਗੌੜੇ ਗੁਲਾਮਾਂ ਨੂੰ ਸੁਰੱਖਿਆ ਦੇਣ ਲਈ ਸੰਸਥਾ ਵਿਚ ਵੱਡਾ ਯੋਗਦਾਨ ਪਾਇਆ। ਉਹ ਕਮਾਲ ਦਾ ਬੁਲਾਰਾ ਸੀ। ਬੜਾ ਸੁਹਣਾ ਜਵਾਨ, ਪਰ ਰੰਗ ਉਹਦਾ ਇੰਨਾ ਕਾਲਾ ਸੀ ਕਿ ਕਹਿੰਦੇ ਨੇ, ਜਦੋਂ ਉਹ ਆਉਂਦਾ ਤਾਂ ਹਨੇਰਾ ਜਿਹਾ ਹੋ ਜਾਂਦਾ, ਪਰ ਜਦੋਂ ਬੋਲਣ ਲਗਦਾ ਤਾਂ ਸੁਣਨ ਵਾਲੇ ਲੋਕਾਂ ਦਾ ਅੰਦਰ ਚਾਨਣ ਨਾਲ ਭਰ ਜਾਂਦਾ। ਮਾਂ ਦੀ ਮਮਤਾ ਨੇ ਚਾਨਣ ਦੀ ਉਹ ਲੀਕ ਬਚਾ ਕੇ ਦੁਨੀਆਂ ਵਿਚੋਂ ਹਨੇਰੇ ਦੂਰ ਕਰਨ ਲਈ ਸਮਰਪਿਤ ਕਰ ਦਿਤੀ ਸੀ। -0-