ਆਦਰਸ਼ ਅਧਿਆਪਕ ਗਿਆਨੀ ਭਵਖੰਡਨ ਸਿੰਘ ਨੂੰ ਚੇਤੇ ਕਰਦਿਆਂ

ਸੰਪਾਦਕ ਸਾਹਿਬ,
23 ਜੁਲਾਈ ਦੇ ਆਪ ਜੀ ਦੇ ਅਤਿਅੰਤ ਅਦੁੱਤੀ ਤੇ ਹਰਮਨਪਿਆਰੇ ਅਖਬਾਰ Ḕਪੰਜਾਬ ਟਾਈਮਜ਼Ḕ ਵਿਚ ਆਦਰਸ਼ ਅਧਿਆਪਕ ਗਿਆਨੀ ਭਵਖੰਡਨ ਸਿੰਘ ਦਾ ਜੀਵਨ-ਚਿੱਤਰ ਪੜ੍ਹ ਕੇ ਮਨ ਸੱਚ ਮੁਚ ਖਿੜ ਗਿਆ। ਲੇਖਕ ਪ੍ਰੋæ ਹਰਗੁਣਪ੍ਰੀਤ ਸਿੰਘ ਨੇ ਉਨ੍ਹਾਂ ਬਾਰੇ ਲਿਖ ਕੇ ਬੜਾ ਹੀ ਸਰਾਹਣਾਯੋਗ ਕੰਮ ਕੀਤਾ ਹੈ। ਉਨ੍ਹਾਂ ਬਾਰੇ ਪੜ੍ਹਦਿਆਂ ਹੀ ਹਿਰਦਾ ਅਤੀਤ ਦੀਆਂ ਸੱਠ ਸਾਲ ਪਿਛਲੀਆਂ ਕਈ ਮਿੱਠੀਆਂ ਯਾਦਾਂ ਨਾਲ ਜੁੜ ਗਿਆ।

ਮੈਨੂੰ ਮਾਣ ਹੈ ਕਿ ਮੈਂ ਵੀ ਮਾਸਟਰ ਭਵਖੰਡਨ ਸਿੰਘ ਦਾ ਵਿਦਿਆਰਥੀ ਰਿਹਾ ਹਾਂ। ਮੈਂ ਉਨ੍ਹਾਂ ਕੋਲ ਸੰਨ 1954 ਤੋਂ 1958 ਦੌਰਾਨ ਗੌਰਮਿੰਟ ਹਾਈ ਸਕੂਲ ਸਨੌਰ (ਪਟਿਆਲਾ) ਵਿਚ ਪੰਜਵੀਂ ਤੋਂ ਅੱਠਵੀ ਜਮਾਤ ਤੀਕਰ ਪੜ੍ਹਿਆ ਹਾਂ। ਉਸ ਵੇਲੇ ਉਹ ਕੋਈ ਤੇਈ-ਚੌਵੀ ਸਾਲ ਦੇ ਪਤਲੇ ਗੋਰੇ ਤੇ ਲੰਮੇ ਸਰੀਰ ਦੇ ਕੜਕ ਸੁਭਾਅ ਵਾਲੇ ਨੌਜਵਾਨ ਸਨ ਜੋ ਹਮੇਸ਼ਾ ਲਾਲ ਫਿਫਟੀ ਉਤੇ ਗੂਹੜੇ ਨੀਲੇ ਰੰਗ ਦੀ ਚੁੰਜ ਵਾਲੀ ਪੋਚਵੀ ਪੱਗ ਬੰਨ੍ਹਦੇ ਸਨ। ਉਨ੍ਹਾਂ ਦੀ ਹਮੇਸ਼ਾ ਇਕੋ ਰੰਗ ਦੀ ਪੁਸ਼ਾਕ ਹੁੰਦੀ ਸੀ-ਚੂੜੀਦਾਰ ਪਜਾਮੇ ਨਾਲ ਚਮਕਦਾ ਸਫੇਦ ਪਟਿਆਲਾ ਸ਼ਾਹੀ ਕੁੜਤਾ ਜਿਸ ਉਤੇ ਸਿਆਲ ਵਿਚ ਉਹ ਉਨ ਦੀ ਬੁਣੀ ਹੋਈ ਕੋਟੀ ਪਾਉਂਦੇ ਸਨ। ਉਹ ਆਪਣੀ ਸਿਆਹ ਕਾਲੀ ਦਾਹੜੀ ਨੂੰ ਸੂਏ ਧਾਗੇ ਨਾਲ ਬੰਨ ਕੇ ਰਖਦੇ ਸਨ ਤੇ ਮੂੰਹ ਵਿਚ ਹਮੇਸ਼ਾ ਪਾਨ ਚਿੱਥਦੇ ਰਹਿੰਦੇ ਸਨ, ਜਿਸ ਨਾਲ ਉਨ੍ਹਾਂ ਦੇ ਬੁਲ੍ਹ ਤੇ ਜ਼ੁਬਾਨ ਲਾਲ ਭਾਅ ਮਾਰਦੇ ਸਨ। ਸਕੂਲ ਵਿਚ ਪਾਨ ਖਾਣਾ ਸ਼ਾਇਦ ਉਨ੍ਹਾਂ ਦਿਨਾਂ ਵਿਚ ਅਧਿਆਪਕਾਂ ਦਾ ਕੋਈ ਰਿਵਾਜ਼ ਹੋਵੇ ਕਿਉਂਕਿ ਹੋਰ ਵੀ ਕਈ ਇੱਦਾਂ ਹੀ ਕਰਦੇ ਸਨ।
ਸਾਨੂੰ ਗਰੀਬ ਦਿਹਾਤੀ ਵਿਦਿਆਰਥੀਆਂ ਨੂੰ ਮਾਸਟਰ ਜੀ ਦਾ ਨਾਂ ਅਜੀਬ ਜਿਹਾ ਲਗਦਾ ਤੇ ਜ਼ੁਬਾਨ ‘ਤੇ ਨਾ ਬੈਠਦਾ। ਇਸ ਲਈ ਉਨ੍ਹਾਂ ਨੂੰ Ḕਭਖੰਡਣ ਸਿੰਘḔ ਕਹਿ ਕੇ ਹੀ ਸੱਦਦੇ ਸਾਂ। ਉਹ ਦੂਜੇ ਕਈ ਅਧਿਆਪਕਾਂ ਵਾਂਗ ਹਰ ਰੋਜ਼ ਸਾਈਕਲ ਉਤੇ ਪਟਿਆਲੇ ਤੋਂ ਸਨੌਰ ਆਉਂਦੇ ਸਨ। ਕਈ ਵਿਦਿਆਰਥੀ ਸਵੇਰੇ ਸਵੇਰੇ ਸਕੂਲ ਦੇ ਗੇਟ ਅੱਗੇ ਖਲੋ ਜਾਂਦੇ ਤੇ ਸਨਮਾਨ ਵਜੋਂ ਅਧਿਆਪਕਾਂ ਤੋਂ ਸਾਈਕਲ ਲੈ ਕੇ ਸਾਈਕਲ ਸਟੈਂਡ ‘ਤੇ ਲਾ ਆਉਂਦੇ। ਪਰ ਮਾਸਟਰ ਭਵਖੰਡਨ ਸਿੰਘ ਆਪਣਾ ਸਈਕਲ ਹਮੇਸ਼ਾ ਆਪ ਹੀ ਖੜ੍ਹਾ ਕਰ ਕੇ ਆਉਂਦੇ।
ਮਾਸਟਰ ਜੀ ਸਾਨੂੰ ਇਤਿਹਾਸ ਤੇ ਭੂਗੋਲ ਪੜ੍ਹਾਉਂਦੇ ਸਨ ਤੇ ਆਪਣੀ ਕਲਾਸ ਆਮ ਤੌਰ ‘ਤੇ ਬਾਹਰ ਖੁਲ੍ਹੇ ਲਾਅਨ ਵਿਚ ਦਰਖਤਾਂ ਹੇਠ ਲਾਉਂਦੇ। ਉਨ੍ਹਾਂ ਨੂੰ ਦੂਰੋਂ ਆਉਂਦਿਆਂ ਦੇਖ ਕੇ ਸਭ ਵਿਦਿਆਰਥੀ ਖਾਮੋਸ਼ੀ ਨਾਲ ਪੜ੍ਹਨ ਲਗ ਜਾਂਦੇ। ਉਨ੍ਹਾਂ ਦੇ ਇਕ ਹੱਥ ਵਿਚ ਨਕਸ਼ਾ ਤੇ ਦੂਜੇ ਵਿਚ ਢਾਈ ਫੁਟ ਦਾ ਡੰਡਾ ਹੁੰਦਾ। ਆਉਂਦਿਆਂ ਹੀ ਉਹ ਦੋਵੇਂ ਚੀਜ਼ਾਂ ਇਕ ਜੇਤੂ ਅੰਦਾਜ਼ ਵਿਚ ਮੇਜ਼ ‘ਤੇ ਰੱਖ ਦਿੰਦੇ। ਕਲਾਸ ਵਿਚ ਉਹ ਸਭ ਤੋਂ ਪਹਿਲਾਂ ਦੋ ਕੰਮ ਨਿਯਮ ਨਾਲ ਕਰਦੇ-ਹੋਮ ਵਰਕ ਚੈਕ ਕਰਨਾ ਤੇ ਪਿਛਲੇ ਪਾਠ ਬਾਰੇ ਪ੍ਰਸ਼ਨ ਪੁੱਛਣੇ। ਜੇ ਕੋਈ ਵਿਦਿਆਰਥੀ ਘਰ ਤੋਂ ਕੰਮ ਕਰ ਕੇ ਜਾਂ ਸਬਕ ਯਾਦ ਕਰ ਕੇ ਨਾ ਆਉਂਦਾ ਤਾਂ ਉਹ ਉਸ ਨੂੰ ਡੰਡਿਆਂ ਤੇ ਚਪੇੜਾਂ ਨਾਲ ਬੰਦਾ ਬਣਾ ਦਿੰਦੇ। ਉਨ੍ਹਾਂ ਦੀ ਆਮਦ ਨਾਲ ਸਭ ਦੇ ਮੂੰਹਾਂ ‘ਤੇ ਡਰ ਨਾਲ ਹਵਾਈਆਂ ਉਡਣ ਲਗਦੀਆਂ। ਪਹਿਲੇ ਦਸ ਮਿੰਟ ਦਾ ਸਮਾਂ ਤਾਂ ਪੂਰਾ ਭਵਸਾਗਰ ਹੁੰਦਾ। ਕਹਿਰ ਵਾਲੀ ਗੱਲ ਇਹ ਕਿ ਉਹ ਕਦੇ ਲੇਟ ਜਾਂ ਗੈਰ-ਹਾਜ਼ਰ ਨਾ ਹੁੰਦੇ। ਉਸ ਵੇਲੇ ਸਾਡੀ ਜਮਾਤ ਵਿਚ ਵੱਡੀ ਗਿਣਤੀ ਉਨ੍ਹਾਂ ਪਕੇਰੀ ਉਮਰ ਦੇ ਦਾਹੜੀ ਵਾਲੇ ਵਿਦਿਆਰਥੀਆਂ ਦੀ ਹੁੰਦੀ ਜੋ ਪੱਛਮੀ ਪੰਜਾਬ ਤੋਂ ਆਏ ਹੋਣ ਕਾਰਨ ਪੱਛੜ ਕੇ ਸਕੂਲ ਪੜ੍ਹਨੇ ਪਏ ਸਨ। ਕੁਟਾਈ ਦੇ ਪਖੋਂ ਉਹ ਵਿਦਿਆਰਥੀ ਹੀ ਅੱਗੇ ਹੁੰਦੇ ਸਨ। ਮੈਨੂੰ ਯਾਦ ਹੈ, ਮੈਂ ਕਿਵੇਂ ਉਨ੍ਹਾਂ ਪਿੱਛੇ ਛਿਪ ਕੇ ਬੈਠ ਜਾਂਦਾ ਸਾਂ ਤਾਂ ਜੋ ਮੇਰੇ ‘ਤੇ ਮਾਸਟਰ ਜੀ ਦੀ ਨਜ਼ਰ ਹੀ ਨਾ ਪਵੇ। ਪਰ ਮੈਂ ਡਰ ਕਾਰਨ ਉਨ੍ਹਾਂ ਦੇ ਕੰਮ ਨੂੰ ਕਰਦਾ ਵੀ ਪਰਮ ਅਗੇਤ ਨਾਲ ਸਾਂ। ਇਸੇ ਕਾਰਣ ਮੇਰੀ ਪੜ੍ਹਾਈ ਦੀ ਬੁਨਿਆਦ ਪੱਕੀ ਵੀ ਬਣ ਸਕੀ।
ਧਰਤੀ ਗੋਲ ਹੋਣ ਦੀਆਂ ਦਲੀਲਾਂ, ਸੂਰਜ ਚੰਦਰ ਗ੍ਰਹਿਣਾਂ ਬਾਰੇ ਗਿਆਨ ਅਤੇ ਸੰਸਾਰ ਦੇ ਵੱਖ ਵੱਖ ਮਹਾਂਦੀਪਾਂ ਦੇ ਜਲਵਾਯੂ, ਧਰਾਤਲ, ਫਸਲਾਂ, ਜੀਵ ਜੰਤੂਆਂ, ਉਦਯੋਗਾਂ, ਸ਼ਹਿਰਾਂ ਤੇ ਮਨੁਖੀ ਰਹਿਣੀ-ਸਹਿਣੀ ਦੀਆਂ ਅੱਭੁਲ ਯਾਦਾਂ ਜੋ ਮੇਰੇ ਮਨ ਵਿਚ ਘਰ ਕਰੀ ਬੈਠੀਆਂ ਹਨ, ਇਨ੍ਹਾਂ ‘ਤੇ ਉਨ੍ਹਾਂ ਦੀ ਹੀ ਮੋਹਰ ਲੱਗੀ ਹੋਈ ਹੈ। ਅੱਜ ਸਨੌਰ ਸਕੂਲ ਦੇ ਰੋਲ ਆਫ ਆਨਰ ਵਿਚ ਜੋ ਮੇਰਾ ਨਾਂ ਲਿਖਿਆ ਹੋਇਆ ਹੈ, ਮੈਂ ਸਮਝਦਾ ਹਾਂ ਕਿ ਇਹ ਉਨ੍ਹਾਂ ਦੀ ਹੀ ਕਿਰਪਾ ਕਰ ਕੇ ਹੈ। ਮੈਨੂੰ ਪੱਕਾ ਯਕੀਨ ਹੈ ਕਿ ਮਾਸਟਰ ਭਵਖੰਡਨ ਸਿੰਘ ਜਿਹੇ ਨਿਰਲੇਪ, ਸੰਕਲਪੀ ਤੇ ਅਧਿਆਪਨ ਨੂੰ ਪ੍ਰਣਾਏ ਅਧਿਆਪਕ ਹੀ ਅੱਜ ਦੇ ਵਿਗੜੇ ਵਿਦਿਅਕ ਢਾਂਚੇ ਨੂੰ ਮੁੜ ਸਹੀ ਲੀਹਾਂ ‘ਤੇ ਪਾ ਸਕਦੇ ਹਨ।
ਸੰਨ 1990 ਦੇ ਕਰੀਬ ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਵਿਚ ਪੜ੍ਹਾਉਂਦਾ ਸਾਂ ਤਾਂ ਸਾਡੇ ਵਿਭਾਗ ਦੇ ਮੁਖੀ ਪ੍ਰੋਫੈਸਰ ਜੋਗਿੰਦਰ ਕੌਸ਼ਲ ਯੂਨੀਵਰਸਿਟੀ ਦੀ ਸੈਨੇਟ ਦੇ ਮੈਂਬਰ ਸਨ ਤੇ ਕਿਸੇ ਮਸਲੇ ‘ਤੇ ਵਿਭਾਗੀ ਅਮਲੇ ਵਿਰੁਧ ਵੋਟ ਪਾਉਣ ਲਈ ਬਜ਼ਿੱਦ ਸਨ। ਅਧਿਆਪਕਾਂ ਨੇ ਸਲਾਹ ਬਣਾਈ ਕਿ ਉਨ੍ਹਾਂ ਉਤੇ ਉਨ੍ਹਾਂ ਦੇ ਕਿਸੇ ਪ੍ਰਭਾਵਸ਼ਾਲੀ ਕਾਂਗਰਸੀ ਮਿੱਤਰ, ਜਿਹੜੇ ਉਦੋਂ ਪਾਰਟੀ ਕਾਰਕੁਨ ਵੀ ਸਨ, ਤੋਂ ਜੋਰ ਪੁਆਇਆ ਜਾਵੇ। ਜੋ ਡੈਲੀਗੇਸ਼ਨ ਪ੍ਰੋæ ਕੌਸ਼ਲ ਦੇ ਉਸ ਕਾਂਗਰਸੀ ਦੋਸਤ ਨੂੰ ਮਿਲਣ ਗਿਆ, ਉਸ ਵਿਚ ਮੈਂ ਵੀ ਸ਼ਾਮਲ ਸਾਂ। ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਮੈਂ ਵੇਖਿਆ ਕਿ ਇਹ ਤਾਂ ਮਾਸਟਰ ਭਵਖੰਡਨ ਸਿੰਘ ਹੀ ਸਨ। ਮੈਂ ਉਨ੍ਹਾਂ ਦੇ ਚਰਨੀਂ ਲਗ ਕੇ ਉਨ੍ਹਾਂ ਨੂੰ ਦੱਸਿਆ ਕਿ ਮੈਂ ਉਨ੍ਹਾਂ ਦਾ ਸ਼ਾਗਿਰਦ ਹਾਂ। ਉਹ ਬਹੁਤ ਪ੍ਰਸੰਨ ਹੋਏ ਤੇ ਸਾਡੀ ਗੱਲ ਪ੍ਰੋæ ਕੌਸ਼ਲ ਨੂੰ ਸਮਝਾਉਣ ਲਈ ਫੌਰਨ ਮੰਨ ਗਏ।
ਰਿਟਾਇਰ ਹੋਣ ਤੋਂ ਬਾਅਦ ਉਹ ਆਪਣੀ ਪਸੰਦੀਦਾ ਪਾਰਟੀ ਕਾਂਗਰਸ ਵਿਚ ਸਰਗਰਮ ਹੋ ਗਏ ਸਨ। ਉਸ ਵੇਲੇ ਉਹ ਗੋਡਿਆਂ ਦੇ ਦਰਦ ਨਾਲ ਪੀੜਤ ਸਨ ਤੇ ਬਹੁਤਾ ਸਮਾਂ ਇਕ ਥਾਂ ਬੈਠ ਕੇ ਹੀ ਬਤੀਤ ਕਰਦੇ ਸਨ। ਇਹ ਮੇਰੀ ਉਨ੍ਹਾਂ ਨਾਲ ਆਖਰੀ ਮੁਲਾਕਾਤ ਸੀ।
ਇਹ ਲੇਖ ਮੇਰੇ ਲਈ ਇਕ ਹੋਰ ਪਖੋਂ ਵੀ ਮਹੱਤਵਪੂਰਣ ਹੈ। ਜੇ ਲੇਖਕ ਇਸ ਨੂੰ ਨਾ ਲਿਖਦਾ ਤਾਂ ਮੈਨੂੰ ਪਤਾ ਹੀ ਨਹੀਂ ਸੀ ਲਗਣਾ ਕਿ ਸਾਬਕਾ ਖਜ਼ਾਨਾ ਮੰਤਰੀ ਲਾਲ ਸਿੰਘ, ਰਾਜਿੰਦਰ ਸਿੰਘ ਪੋਸਟਮਾਸਟਰ ਤੇ ਪਵਨ ਕੁਮਾਰ ਸਾਬਕਾ ਪ੍ਰਧਾਨ ਸਨੌਰ ਨਗਰ ਪਾਲਿਕਾ ਤੋਂ ਇਲਾਵਾ ਪ੍ਰੋæ ਨਰਿੰਦਰ ਕਪੂਰ, ਪ੍ਰੋæ ਸਤੀਸ਼ ਵਰਮਾ, ਪ੍ਰੋæ ਕੁਲਵੰਤ ਗਰੇਵਾਲ, ਬਾਲੀਵੁਡ ਅਦਾਕਾਰ ਓਮ ਪੁਰੀ ਸਮੇਤ ਮਾਸਟਰ ਜੀ ਦੇ ਹੋਰ ਵੀ ਕਈ ਉਦਮਸ਼ੀਲ ਵਿਦਿਆਰਥੀ ਹਨ ਜਿਨ੍ਹਾਂ ਨੂੰ ਮੈਂ ਜਾਣਦਾ ਤਾਂ ਬੜਾ ਨੇੜਿਓਂ ਹਾਂ ਪਰ ਗੁਰਭਾਈਆਂ ਵਜੋਂ ਪਹਿਚਾਣਦਾ ਨਹੀਂ।
ਸ਼ੁਭਚਿੰਤਕ
ਡਾæ ਗੋਬਿੰਦਰ ਸਿੰਘ ਸਮਰਾਓ
ਸਟਾਕਟਨ, ਕੈਲੀਫੋਰਨੀਆ
ਫੋਨ: 408-634-2310