ਜੰਗਲਨਾਮਾ-12
‘ਜੰਗਲਨਾਮਾ’ ਉਨ੍ਹਾਂ ਜੰਗਲਾਂ ਦਾ ਬਿਰਤਾਂਤ ਦੱਸਦਾ ਹੈ ਜਿਥੇ ਮਾਓਵਾਦੀ ਆਪਣਾ ਸਿੱਕਾ ਚਲਾ ਰਹੇ ਹਨ। ਸਤਨਾਮ (ਅਸਲ ਨਾਂ ਗੁਰਮੀਤ) ਨੇ ਇਸ ਯਾਤਰਾ ਰਾਹੀਂ ਉਨ੍ਹਾਂ ਲੋਕਾਂ, ਉਨ੍ਹਾਂ ਦੇ ਫਿਕਰਾਂ ਅਤੇ ਉਨ੍ਹਾਂ ਦੇ ਜੁਝਾਰੂ ਜੀਵਨ ਬਾਰੇ ਲੰਮੀ ਬਾਤ ਸੁਣਾਈ ਹੈ। ਇਹ ਬਾਤ ਇਸ ਕਰ ਕੇ ਵਧੇਰੇ ਦਿਲਚਸਪ ਹੋ ਨਿਬੜੀ ਹੈ ਕਿਉਂਕਿ ਪਾਠਕ ਨੂੰ ਇਸ ਵਿਚੋਂ ਵਾਰ-ਵਾਰ ਆਪਣੇ ਹੀ ਜੀਵਨ ਦੇ ਝਲਕਾਰੇ ਦਿਸਦੇ ਹਨ। ਇਹ ਬਾਤ ਸੁਣਾਉਂਦਿਆਂ ਸਤਨਾਮ ਦੀ ਬਿਰਤਾਂਤ-ਜੁਗਤ ਕਮਾਲ ਦੀ ਹੈ।
ਇਸ ਬਿਰਤਾਂਤ ਵਿਚੋਂ ਮਾਓਵਾਦੀਆਂ ਦੇ ਘੋਲ ਦੀ ਝਲਕ ਤਾਂ ਮਿਲਦੀ ਹੀ ਹੈ, ਸਾਹਿਤਕ ਪੱਖ ਤੋਂ ਬਹੁਤ ਥਾਂਈਂ ਰੂਸੀ ਕਲਾਸਿਕ ਰਚਨਾਵਾਂ ਦੇ ਝਉਲੇ ਵੀ ਪੈਂਦੇ ਹਨ। ਪੰਜਾਬੀ ਵਿਚ ਅਜਿਹੀ ਅਨੂਠੀ ਰਚਨਾ ਘੱਟ ਹੀ ਨਜ਼ਰੀਂ ਪੈਂਦੀ ਹੈ। -ਸੰਪਾਦਕ
ਸਤਨਾਮ
ਅਸੀਂ ਕੋਈ ਡੇਢ ਘੰਟਾ ਚੱਲਦੇ ਰਹੇ। ਡੂੰਘਾ ਹਨੇਰਾ ਪਸਰ ਗਿਆ ਸੀ ਅਤੇ ਖ਼ੇਮਾ ਬਹੁਤ ਦੂਰ, ਪਿੱਛੇ ਕਿਤੇ ਰਹਿ ਗਿਆ ਸੀ।
ਚਾਰ-ਚੁਫੇਰੇ ਜੰਗਲ ਹੀ ਜੰਗਲ ਹੈ। ਹਰ ਪਾਸੇ ਸੰਨਾਟਾ ਹੈ। ਸਾਡੇ ਹੀ ਕਦਮਾਂ ਦੀ ਆਵਾਜ਼ ਤੋਂ ਬਿਨਾਂ ਹੋਰ ਕੋਈ ਆਵਾਜ਼ ਕਿਸੇ ਪਾਸੇ ਨਹੀਂ ਸੁਣੀਂਦੀ। ਅੱਗੜ-ਪਿੱਛੜ ਚੱਲਦੇ ਹੋਏ ਤੁਸੀਂ ਗੱਲਾਂ ਨਹੀਂ ਕਰ ਸਕਦੇ। ਕੁਝ ਵੀ ਕਹਿਣ ਵਾਸਤੇ ਤੁਹਾਨੂੰ ਰੁਕਣਾ ਪਵੇਗਾ, ਜਾਂ ਉਚੀ ਆਵਾਜ਼ ਵਿਚ ਬੋਲਣਾ ਪਵੇਗਾ। ਬੋਲਣ ਦੀ ਮਨਾਹੀ ਕੋਈ ਨਹੀਂ ਹੈ, ਪਰ ਤੁਸੀਂ ਇਸ ਤੋਂ ਗੁਰੇਜ਼ ਕਰਦੇ ਹੋ। ਜੰਗਲ ਵਿਚ ਆਵਾਜ਼ ਦੂਰ ਤੱਕ ਸੁਣਾਈ ਦਿੰਦੀ ਹੈ, ਜੇ ਤੁਸੀਂ ਉਚੀ ਗੱਲ ਕਰੋਗੇ ਤਾਂ ਇਹ ਹੋਰ ਵੀ ਦੂਰ ਜਾਵੇਗੀ। ਨਾ ਸਿਰਫ਼ ਤੁਹਾਡੀ ਹੀ ਆਵਾਜ਼ ਨੂੰ ਕੋਈ ਸੁਣ ਸਕਦਾ ਹੈ, ਸਗੋਂ ਤੁਹਾਡੇ ਆਪਣੇ ਹੀ ਕੰਨ ਹੋਰਨਾਂ ਆਵਾਜ਼ਾਂ ਨੂੰ ਸੁਣਨ ਦੇ ਅਸਮਰੱਥ ਹੋ ਜਾਣਗੇ। ਤੁਸੀਂ ਅਵੇਸਲੇ ਹੋ ਜਾਵੋਗੇ, ਚੌਕਸੀ ਮੱਧਮ ਪੈ ਜਾਵੇਗੀ। ਲਗਦੀ ਵਾਹ ਤੁਸੀਂ ਕੋਸ਼ਿਸ਼ ਕਰਦੇ ਹੋ ਕਿ ਤੁਹਾਡੇ ਪੈਰਾਂ ਦੀ ਆਵਾਜ਼ ਵੀ ਘੱਟ ਤੋਂ ਘੱਟ ਹੋਵੇ।
ਸਾਡੀ ਛੇਆਂ ਦੀ ਟੁਕੜੀ ਦੀ ਕਮਾਂਡ, ਕੁੜੀ ਦੇ ਹੱਥ ਹੈ। ਉਹ ਵੀ ਕਤਾਰ ਵਿਚ ਹੀ ਚੱਲ ਰਹੀ ਹੈ। ਇਥੇ ਹਰ ਕਿਸੇ ਨੇ ਲੀਹ ਵਿਚ ਹੀ ਚੱਲਣਾ ਹੈ। ਆਪਣੇ ਪੈਰ ਉਸੇ ਸੇਧ ਵਿਚ ਰੱਖਣੇ ਹਨ ਜਿਸ ਸੇਧ ਵਿਚ ਤੁਹਾਡੇ ਤੋਂ ਅਗਲੇ ਦੇ ਜਾਂਦੇ ਹਨ। ਅਜਿਹਾ ਨਹੀਂ ਕਰੋਗੇ ਤਾਂ ਘੁੱਪ ਹਨੇਰੇ ਵਿਚ ਤੁਸੀਂ ਕਿਸੇ ਵੀ ਸ਼ੈਅ ਨਾਲ ਟਕਰਾਅ ਸਕਦੇ ਹੋ। ਸੋ, ਪੈੜਾਂ ਦੇ ਮਗਰ ਮਗਰ ਚੱਲੋ। ਹਨੇਰੇ ਵਿਚ ਇਸੇ ਤਰ੍ਹਾਂ ਹੀ ਕੀਤਾ ਜਾਂਦਾ ਹੈ। ਪਗਡੰਡੀ ਸੱਪ ਵਾਂਗ ਵਲ ਖਾਂਦੀ ਹੈ। ਹੇਠਾਂ ਤਰ੍ਹਾਂ ਤਰ੍ਹਾਂ ਦੇ ਪੌਦੇ, ਪੱਥਰ, ਮੁੱਢ ਤੇ ਹੋਰ ਰੁਕਾਵਟਾਂ ਹਨ, ਉਪਰ ਦਰੱਖ਼ਤਾਂ ਦੇ ਟਾਹਣ ਅਤੇ ਪਾਸਿਆਂ ਉਤੇ ਝਾੜ-ਝਖਾੜ। ਪੈੜ ਅਨੁਸਾਰ ਤੁਰਨਾ ਤੁਹਾਨੂੰ ਹਰ ਪਾਸੇ ਤੋਂ ਬਚਾਉਂਦਾ ਹੈ। ਇਹ ਰਸਤਾ ਸਭ ਤੋਂ ਮੂਹਰਲੇ ਸਕਾਊਟ ਨੇ ਬਣਾਇਆ ਹੈ ਅਤੇ ਇਹੀ ਸਭ ਤੋਂ ਚੰਗਾ ਹੈ। ਸਕਾਊਟ ਕਈ ਵਾਰ ਰੁਕਦਾ ਹੈ ਅਤੇ ਸਹੀ ਰਸਤੇ ਦੀ ਤਲਾਸ਼ ਕਰਦਾ ਹੈ। ਬਹੁਤ ਵਾਰ ਉਹ ਪਗਡੰਡੀਆਂ ਨੂੰ ਕੱਟਦਾ ਜਾਂਦਾ ਹੈ ਅਤੇ ਸੱਜਰੀ ਜ਼ਮੀਨ ਉਤੋਂ ਦੀ ਰਸਤਾ ਬਣਾਉਂਦਾ ਜਾਂਦਾ ਹੈ। ਅਜਿਹੀ ਸੂਰਤ ਵਿਚ ਜ਼ਬਤ ਹੋਰ ਵੀ ਜ਼ਰੂਰੀ ਹੈ।
ਡੇਢ ਘੰਟੇ ਬਾਅਦ ਅਸੀਂ ਰੁਕ ਜਾਂਦੇ ਹਾਂ। ਕਮਾਂਡਰ ਕਹਿੰਦੀ ਹੈ ਕਿ ਥੋੜ੍ਹਾ ਆਰਾਮ ਕਰ ਲਵੋ। ਇਕ ਘੰਟੇ ਦਾ ਪੰਧ ਹੋਰ ਤੈਅ ਹੋਵੇਗਾ ਤਾਂ ਰਾਤ ਦੇ ਡੇਰੇ ਵਾਸਤੇ ਟਿਕਾਣਾ ਢੂੰਡਿਆ ਜਾਵੇਗਾ। ਇਹੀ ਹੁੰਦਾ ਹੈ। ਅਸੀਂ ਹੋਰ ਇਕ ਘੰਟਾ ਚੱਲਦੇ ਹਾਂ ਅਤੇ ਡੇਰਾ ਪਾਉਣ ਵਾਸਤੇ ਜਗ੍ਹਾ ਦੇਖਦੇ ਹਾਂ। ਅਸੀਂ ਸੰਘਣੇ ਜੰਗਲ ਦਾ ਰੁਖ਼ ਕਰਦੇ ਹਾਂ। ਏਥੇ ਨੇੜੇ ਤੇੜੇ ਕੋਈ ਪਿੰਡ ਨਹੀਂ ਹੈ। ਅਸੀਂ ਬੀਆਬਾਨ ਵਿਚ ਹਾਂ। ਸੈਂਟਰੀ ਪੋਸਟ ਵਾਸਤੇ ਥਾਂ ਚੁਣੀ ਜਾਂਦੀ ਹੈ। ਕਵਰ ਦੇਖੇ ਜਾਂਦੇ ਹਨ। ਵੱਖ ਵੱਖ ਜਣਿਆਂ ਦੇ ਟਿਕਣ ਵਾਸਤੇ ਤਰਤੀਬ ਬਣਾਈ ਜਾਂਦੀ ਹੈ। ਫਿਰ ਅਸੀਂ ਕਿੱਟਾਂ ਉਤਾਰ ਲੈਂਦੇ ਹਾਂ ਅਤੇ ਝਿੱਲੀਆਂ ਵਿਛਾ ਲੈਂਦੇ ਹਾਂ। ਕਮਾਂਡਰ ਇਕ ਜਣੇ ਨੂੰ ਕਹਿੰਦੀ ਹੈ ਕਿ ਰੋਟੀ ਵਰਤਾਅ ਦੇਵੇ। ਪੂੜੀ ਹੈ ਅਤੇ ਸੁੱਕੀ ਸਬਜ਼ੀ ਹੈ। ਪੂੜੀਆਂ ਕਾਫ਼ੀ ਹਨ। ਸੋ, ਮੈਂ ਅੰਦਾਜ਼ਾ ਕਰਦਾ ਹਾਂ ਕਿ ਇਹ ਸਾਨੂੰ ਕੱਲ੍ਹ ਸ਼ਾਮ ਤੱਕ ਕੰਮ ਦੇ ਜਾਣਗੀਆਂ; ਯਾਨਿ, ਅਸੀਂ ਕੱਲ੍ਹ ਵੀ ਸਾਰਾ ਦਿਨ ਚੱਲਦੇ ਰਹਾਂਗੇ।
ਅਸੀਂ ਭਾਵੇਂ ਡੂੰਘੇ ਜੰਗਲ ਵਿਚ ਹਾਂ ਅਤੇ ਹਨੇਰੇ ਵਿਚ ਚੱਲ ਕੇ ਹੀ ਏਥੇ ਪਹੁੰਚੇ ਹਾਂ, ਫਿਰ ਵੀ ਚੌਕਸੀ ਸਬੰਧੀ ਕੋਈ ਢਿੱਲ ਨਹੀਂ ਵਰਤੀ ਜਾ ਸਕਦੀ। ਢਿੱਲ ਜਾਂ ਲਾਪ੍ਰਵਾਹੀ ਦੀ ਕੋਈ ਗੁੰਜਾਇਸ਼ ਨਹੀਂ ਹੈ। ਪਹਿਰੇ ਉਤੇ ਦੋ ਜਣੇ ਤਾਇਨਾਤ ਕਰ ਦਿੱਤੇ ਗਏ ਹਨ। ਜਿਹੜਾ ਵੀ ਕੋਈ ਬੋਲਦਾ ਹੈ, ਮੱਧਮ ਆਵਾਜ਼ ਵਿਚ ਬੋਲਦਾ ਹੈ, ਉਹ ਵੀ ਉਸ ਵਕਤ ਜਦੋਂ ਬੋਲਣਾ ਬਹੁਤ ਜ਼ਰੂਰੀ ਹੋਵੇ। ਦਸ ਕੁ ਮਿੰਟ ਇਸੇ ਤਰ੍ਹਾਂ ਬੀਤਦੇ ਹਨ, ਫਿਰ ਸਾਰਾ ਵਾਤਾਵਰਨ ਇਸ ਤਰ੍ਹਾਂ ਦਾ ਹੋ ਜਾਂਦਾ ਹੈ ਜਿਵੇਂ ਅਸੀਂ ਖ਼ੁਦ ਵੀ ਜੰਗਲ ਦੇ ਸੰਨਾਟੇ ਦਾ ਹੀ ਹਿੱਸਾ ਹੋਈਏ।
ਰਾਤ ਨੂੰ ਜਦ ਕੋਈ ਪਾਸਾ ਵੀ ਪਰਤਦਾ ਹੈ ਤਾਂ ਆਵਾਜ਼ ਸੁਣਾਈ ਦੇ ਜਾਂਦੀ ਹੈ, ਪਰ ਪਲਾਸਟਿਕ ਸ਼ੀਟ ਦੀ ਆਵਾਜ਼ ਤੁਹਾਡੇ ਵਲੋਂ ਪੈਦਾ ਕੀਤੀ ਗਈ ਸਰਸਰਾਹਟ ਤੋਂ ਜ਼ਿਆਦਾ ਹੈ। ਸੋ, ਤੁਸੀਂ ਸੁੱਤੇ ਪਏ ਵੀ ਧਿਆਨ ਨਾਲ ਪਾਸਾ ਪਰਤਣ ਦੀ ਜਾਚ ਸਿੱਖ ਚੁੱਕੇ ਹੋ। ਸੁੱਤਿਆਂ ਹੋਇਆਂ ਵੀ ਤੁਸੀਂ ਚੁਕੰਨੇ ਰਹਿਣ ਦੀ ਆਦਤ ਪਾ ਚੁੱਕੇ ਹੋ।
ਖੰਘ ਤੇ ਖੱਰਾਟੇ ਖ਼ਤਰੇ ਨੂੰ ਸੱਦਾ ਦੇਣ ਵਾਲੀਆਂ ਬਿਮਾਰੀਆਂ ਗਿਣੀਆਂ ਜਾਂਦੀਆਂ ਹਨ। ਗੁਰੀਲਾ ਹੋਣ ਦਾ ਮਤਲਬ ਹੀ ਇਹ ਹੈ ਕਿ ਤੁਸੀਂ ਆਪਣੇ ਆਲੇ-ਦੁਆਲੇ ਵਿਚ ਗਵਾਚ ਚੁੱਕੇ ਹੋ ਅਤੇ ਤੁਹਾਡੀ ਕੋਈ ਅਲੱਗ ਹੋਂਦ ਨਹੀਂ ਰਹੀ। ਤੁਸੀਂ ਖਰੂਦ ਨਹੀਂ ਪਾ ਸਕਦੇ। ਦੁਆਲੇ ਦੀ ਸ਼ਾਂਤੀ ਤੇ ਖ਼ਾਮੋਸ਼ੀ ਨੂੰ ਭੰਗ ਨਹੀਂ ਕਰ ਸਕਦੇ। ਤੁਸੀਂ ਕੋਈ ਵੀ ਅਜਿਹੀ ਹਰਕਤ ਨਹੀਂ ਕਰੋਗੇ ਜਿਸ ਨਾਲ ਆਲੇ-ਦੁਆਲੇ ਵਿਚ ਕੋਈ ਹਿਲਜੁਲ ਪੈਦਾ ਹੋ ਜਾਵੇ, ਨਹੀਂ ਤਾਂ ਇਹ ਸ਼ੱਕੀ ਹੋ ਜਾਵੇਗਾ। ਤੁਸੀਂ ਸ਼ੱਕ ਪੈ ਸਕਣ ਦੀ ਗੁੰਜਾਇਸ਼ ਨਹੀਂ ਛੱਡਦੇ। ਸੋ, ਖੰਘ ਤੇ ਖੱਰਾਟਿਆਂ ਜਿਹੀ ਨਾਮੁਰਾਦ ਬਿਮਾਰੀ ਤੋਂ ਤੁਸੀਂ ਹਰ ਹਾਲਤ ਬਚਣਾ ਹੈ।
ਅੱਜ ਥਕਾਵਟ ਬਹੁਤ ਹੋਈ ਸੀ, ਪਰ ਇਸ ਦੇ ਬਾਵਜੂਦ ਅੱਖਾਂ ‘ਚ ਨੀਂਦ ਨਹੀਂ ਹੈ। ਚਾਰੇ ਪਾਸੇ ਕਬਰਿਸਤਾਨ ਵਰਗੀ ਚੁੱਪ ਹੈ। ਸ਼ਾਇਦ ਹੋਰ ਵੀ ਕੋਈ ਜਾਗ ਰਿਹਾ ਹੋਵੇਗਾ, ਪਰ ਮੈਂ ਇਹ ਨਹੀਂ ਜਾਣ ਸਕਦਾ। ਜਾਣ ਵੀ ਲਵਾਂ ਤਾਂ ਕੀ ਕਰਾਂਗਾ? ਨਜ਼ਦੀਕ ਅੱਗ ਵੀ ਨਹੀਂ ਬਲ ਰਹੀ ਕਿ ਆਦਮੀ ਉਠ ਕੇ ਬੈਠ ਜਾਵੇ ਤੇ ਕੁਝ ਦੇਰ ਸੇਕ ਲਵੇ। ਪਹਿਰੇਦਾਰ ਵੀ ਕਿਸੇ ਤਰ੍ਹਾਂ ਦੀ ਹਿਲਜੁਲ ਕਰਦੇ ਸੁਣਾਈ ਨਹੀਂ ਦਿੰਦੇ। ਉਹ ਆਪਸ ਵਿਚ ਵੀ ਗੱਲਾਂ ਨਹੀਂ ਕਰਦੇ। ਘੁੱਪ ਹਨੇਰਾ ਅਤੇ ਮੌਤ ਵਰਗੀ ਖ਼ਾਮੋਸ਼ੀ ਅਜੀਬ ਤਰ੍ਹਾਂ ਦਾ ਮਾਹੌਲ ਪੈਦਾ ਕਰਦੇ ਹਨ। ਦਰੱਖ਼ਤਾਂ ਦੇ ਪੱਤਿਆਂ ਵਿਚੋਂ ਤਾਰੇ ਚਮਕਦੇ ਨਜ਼ਰ ਆਉਂਦੇ ਹਨ, ਪਰ ਉਹ ਵੀ ਚੁੱਪ ਹਨ। ਉਹ ਹੇਠਾਂ ਧਰਤੀ ਵੱਲ ਦੇਖਦੇ ਤੇ ਅੱਖਾਂ ਝਪਕਦੇ ਮਹਿਸੂਸ ਹੁੰਦੇ ਹਨ, ਪਰ ਇਥੇ ਇਹੋ ਜਿਹਾ ਹਨੇਰਾ ਹੈ ਕਿ ਕੁਝ ਦਿਖਾਈ ਨਹੀਂ ਦਿੰਦਾ, ਇਥੋਂ ਤੱਕ ਕਿ ਆਪਣਾ ਆਪ ਵੀ। ਹਵਾ ਵੀ ਇਸ ਤਰ੍ਹਾਂ ਬੰਦ ਹੈ ਕਿ ਮਜਾਲ ਕਿ ਕੋਈ ਪੱਤਾ ਵੀ ਹਿੱਲ ਰਿਹਾ ਹੋਵੇ। ਤਰੇਲ ਡਿੱਗਣੀ ਸ਼ੁਰੂ ਹੋ ਚੁੱਕੀ ਹੈ। ਝਿੱਲੀ ਦਾ ਜਿਹੜਾ ਹਿੱਸਾ ਨੰਗਾ ਹੈ, ਉਸ ਉਤੇ ਤਰੇਲ ਪੈ ਚੁੱਕੀ ਹੈ। ਸਵੇਰ ਤੱਕ ਉਪਰ ਦਾ ਕੰਬਲ ਵੀ ਸਿੱਲ੍ਹਾ ਹੋ ਜਾਵੇਗਾ। ‘ਸੋ ਇਹ ਫ਼ੌਜੀ ਮੁੰਡੇ ਕੁੜੀਆਂ ਇਸੇ ਤਰ੍ਹਾਂ ਰਾਤਾਂ ਗੁਜ਼ਾਰਦੇ ਹਨ’, ਪਿਆ ਪਿਆ ਮੈਂ ਸੋਚਦਾ ਹਾਂ। ਅੱਧੇ ਤਾਂ ਤਰੇਲ ਨਾਲ ਬਿਮਾਰ ਪੈ ਜਾਂਦੇ ਹੋਣਗੇ! ਪਰ ਉਨ੍ਹਾਂ ਨੂੰ ਇਸ ਦੀ ਆਦਤ ਹੋ ਚੁੱਕੀ ਹੈ। ਦਿਨ, ਮਹੀਨੇ, ਸਾਲ ਇਸੇ ਤਰ੍ਹਾਂ ਗੁਜ਼ਰਦੇ ਹਨ ਅਤੇ ਫਿਰ ਉਹ ਢਲ ਜਾਂਦੇ ਹਨ। ਰਾਤ ਹਮੇਸ਼ਾ ਅੱਗ ਕੋਲ ਕੱਟਣ ਵਾਲਾ ਕਬਾਇਲੀ ਜਦ ਗੁਰੀਲਾ ਬਣ ਜਾਂਦਾ ਹੈ ਤਾਂ ਉਹ ਇਸ ਅਤਿ ਲੁੜੀਂਦੇ ਸਾਥ ਨੂੰ ਤਿਆਗ ਦਿੰਦਾ ਹੈ।
ਖ਼ੇਮੇ ਅੰਦਰ ਮੈਂ ਕਿਸੇ ਨੂੰ ਵੀ ਜ਼ੁਕਾਮ ਹੋਇਆ ਨਹੀਂ ਸੀ ਦੇਖਿਆ। ਖੰਘ ਜਾਂ ਛਿੱਕਾਂ ਨਾਮੁਰਾਦ ਬਿਮਾਰੀਆਂ ਹਨ ਜੋ ਤੁਹਾਨੂੰ ਤੁਹਾਡੀ ਛੁਪਣਗਾਹ ਵਿਚੋਂ ਨਸ਼ਰ ਕਰ ਦੇਣਗੀਆਂ। ਸ਼ਾਇਦ ਹਰ ਕੋਈ ਸਿਰ ਢੱਕ ਕੇ ਸੌਂਦਾ ਹੈ, ਇਸੇ ਲਈ ਮੰਕੀ ਕੈਪ ਦੀ ਵੀ ਜ਼ਰੂਰਤ ਪੈਂਦੀ ਹੈ, ਜਾਂ ਫਿਰ ਇਨਸਾਨ ਕੰਬਲ ਸਿਰ ਉਪਰ ਲੈ ਲੈਂਦਾ ਹੈ। ਸੋ, ਅਜਿਹੀ ਕੋਈ ਵੀ ਬਿਮਾਰੀ ਮੌਜੂਦ ਨਹੀਂ ਹੈ ਜਿਹੜੀ ਤੁਹਾਨੂੰ ਨਸ਼ਰ ਕਰੇ ਅਤੇ ਦੂਸਰਿਆਂ ਦੀ ਨੀਂਦ ਵੀ ਖ਼ਰਾਬ ਕਰੇ। ਨੀਂਦ ਜਿੰਨੀ ਕੁ ਵੀ ਮਿਲਦੀ ਹੈ, ਚੰਗੀ ਮਿਲਣੀ ਚਾਹੀਦੀ ਹੈ। ਇਹ ਤੁਹਾਨੂੰ ਕੱਲ੍ਹ ਵਾਸਤੇ ਤਾਕਤ ਦੇਵੇਗੀ ਅਤੇ ਤਰੋ-ਤਾਜ਼ਾ ਰੱਖੇਗੀ। ਸੋ, ਤੁਸੀਂ ਸੌਂਦੇ ਹੋ ਅਤੇ ‘ਬੇਫ਼ਿਕਰ’ ਹੋ ਕੇ ਸੌਂਦੇ ਹੋ।
—
ਅੱਧੀ ਕੁ ਰਾਤ ਵੇਲੇ ਪਹਿਰੇਦਾਰਾਂ ਵਿਚੋਂ ਇਕ ਜਣਾ ਆਉਂਦਾ ਹੈ ਅਤੇ ਹੌਲ਼ੀ ਜਿਹੀ ਕਿਸੇ ਨੂੰ ਆਵਾਜ਼ ਦਿੰਦਾ ਹੈ: “ਬਸੰਤੀ! ਬਸੰਤੀ!”
ਬਸੰਤੀ ਉਸੇ ਵਕਤ ਉਠ ਪੈਂਦੀ ਹੈ। ਉਹ ਜਾਣਦੀ ਹੈ ਕਿ ਪਹਿਰੇਦਾਰੀ ਦੀ ਜ਼ਿੰਮੇਦਾਰੀ ਹੁਣ ਉਸ ਦੀ ਹੈ। ਉਹ ਉਠਦੀ ਹੈ ਅਤੇ ਆਪਣੇ ਨਾਲ ਦੇ ਸਾਥੀ ਨੂੰ ਆਵਾਜ਼ ਦਿੰਦੀ ਹੈ। ਜਦ ਤੱਕ ਦੋਵੇਂ ਆਪਣੇ ਟਿਕਾਣੇ ਉਪਰ ਨਹੀਂ ਪਹੁੰਚ ਜਾਣਗੇ, ਦੂਸਰਾ ਪਹਿਰੇਦਾਰ ਉਥੇ ਹੀ ਡਟਿਆ ਰਹੇਗਾ। ਉਹ ਬਸੰਤੀ ਨੂੰ ਟਾਰਚ ਦਿੰਦਾ ਹੈ ਅਤੇ ਜ਼ਿੰਮੇਦਾਰੀ ਸੌਂਪ ਕੇ ਆਪਣੀ ਝਿੱਲੀ ਉਪਰ ਆਣ ਪੈਂਦਾ ਹੈ। ਡਿਊਟੀ ਦੀ ਇਸ ਤਬਦੀਲੀ ਵਿਚ ਸ਼ੋਰ ਵਾਲੀ ਕੋਈ ਗੱਲ ਨਹੀਂ ਹੈ। ਦੂਸਰਿਆਂ ਦੀ ਨੀਂਦ ਨੂੰ ਨਾ ਉਖੜਨ ਦੇਣ ਦਾ ਧਿਆਨ ਰੱਖਿਆ ਜਾਂਦਾ ਹੈ। ਸਿਰਫ਼ ਡਿਊਟੀ ਬਦਲੀ ਹੈ, ਮਾਹੌਲ ਵਿਚ ਕਿਸੇ ਕਿਸਮ ਦਾ ਖ਼ਲਲ ਨਹੀਂ ਪਿਆ।
ਸਵੇਰੇ ਮੂੰਹ ਹਨੇਰੇ ਹੀ ਸੀਟੀ ਵੱਜਦੀ ਹੈ ਅਤੇ ਹਰ ਕੋਈ ਉਠ ਬੈਠਦਾ ਹੈ। ਕੁਝ ਹੀ ਮਿੰਟਾਂ ਵਿਚ ਹਰ ਕਿਸੇ ਨੇ ਆਪਣਾ ਆਪਣਾ ਸਾਮਾਨ ਬੰਨ੍ਹ ਕੇ ਤਿਆਰ ਹੋ ਜਾਣਾ ਹੈ। ਤਦ ਤੱਕ ਇਕ ਜਣਾ ਕੁਝ ਲੱਕੜਾਂ ਇਕੱਠੀਆਂ ਕਰਦਾ ਹੈ ਅਤੇ ਅੱਗ ਬਾਲ ਦਿੰਦਾ ਹੈ। ਹਰ ਕੋਈ ਸੇਕਦਾ ਹੈ ਅਤੇ ਸਰੀਰ ਨੂੰ ਥੋੜ੍ਹੀ ਗਰਮਾਇਸ਼ ਪਹੁੰਚਾਉਂਦਾ ਹੈ। ਹੁਣ ਠੰਢ ਉਤਰ ਗਈ ਹੈ ਅਤੇ ਹਰ ਕੋਈ ਕੂਚ ਲਈ ਤਿਆਰ ਹੈ। ਤੁਰਨ ਤੋਂ ਪਹਿਲਾਂ ਅੱਗ ਬੁਝਾ ਕੇ ਸਵਾਹ ਨੂੰ ਮਿੱਟੀ ਹੇਠ ਦੱਬ ਦਿੱਤਾ ਗਿਆ ਹੈ। ਕਮਾਂਡਰ ਆਵਾਜ਼ ਦਿੰਦੀ ਹੈ ਅਤੇ ਉਨ੍ਹਾਂ ਨੂੰ ਗੌਂਡ ਬੋਲੀ ਵਿਚ ਕੁਝ ਕਹਿੰਦੀ ਹੈ। ਇਕ ਜਣਾ ਮੈਨੂੰ ਦੱਸਦਾ ਹੈ ਕਿ ਅਸੀਂ ‘ਅ’ ਪਿੰਡ ਵੱਲ ਜਾ ਰਹੇ ਹਾਂ, ਪਰ ਜੇ ਰਸਤੇ ਵਿਚ ਕੋਈ ਘਟਨਾ ਵਾਪਰ ਜਾਵੇ ਤਾਂ ਹਰ ਕੋਈ ‘ਬ’ ਪਿੰਡ ਵਿਚ ਪਹੁੰਚਣ ਦੀ ਕੋਸ਼ਿਸ਼ ਕਰੇਗਾ। ਪਿੰਡਾਂ ਦੇ ਨਾਮ ਅਜੀਬ ਜਿਹੇ ਹਨ। ਮੈਂ ਯਾਦ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਪਰ ਕੁਝ ਮਿੰਟਾਂ ਬਾਅਦ ਪਤਾ ਲੱਗਦਾ ਹੈ ਕਿ ਮੈਂ ਭੁੱਲ ਚੁੱਕਾ ਹਾਂ। ‘ਚਲੋ, ਦੇਖੀ ਜਾਏਗੀ’, ਮੈਂ ਆਪਣੇ ਆਪ ਨੂੰ ਕਹਿੰਦਾ ਹਾਂ ਤੇ ਯਾਦ ਕਰਨ ਦੇ ਝੰਜਟ ਨੂੰ ਵਗ੍ਹਾ ਮਾਰਦਾ ਹਾਂ।
ਮਾਰਚ ਸ਼ੁਰੂ ਹੈ। ਜਦ ਕੋਈ ਮਹਿਸੂਸ ਕਰੇਗਾ ਕਿ ਉਸ ਨੂੰ ਰੁਕਣ ਦੀ ਜ਼ਰੂਰਤ ਹੈ ਤਾਂ ਹਰ ਕੋਈ ਰੋਕ ਦਿੱਤਾ ਜਾਵੇਗਾ, ਨਹੀਂ ਤਾਂ ਕਾਫ਼ਲਾ ਚੱਲਦਾ ਰਹੇਗਾ। ਦਿਨ ਪੂਰੀ ਤਰ੍ਹਾਂ ਨਿਕਲਣ ਤੱਕ ਅਸੀਂ ਦੋ ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰ ਚੁੱਕੇ ਹਾਂ। ਸਾਡੀ ਕੋਸ਼ਿਸ਼ ਹੈ ਕਿ ਧੁੱਪ ਦੇ ਪੂਰੀ ਤਰ੍ਹਾਂ ਚਮਕਣ ਤੋਂ ਪਹਿਲਾਂ ਜਿੰਨਾ ਪੰਧ ਮੁੱਕ ਸਕਦਾ ਹੈ, ਮੁਕਾ ਲਿਆ ਜਾਵੇ। ਪਾਣੀ ਤਕਰੀਬਨ ਸਾਰਿਆਂ ਕੋਲ ਰਾਤ ਤੋਂ ਹੀ ਖ਼ਤਮ ਹੈ। ਪਿਆਸ ਪਿੱਛਾ ਕਰਦੀ ਹੈ, ਪਰ ਤੁਸੀਂ ਇਸ ਨਾਲ ਲੜਦੇ ਹੋ ਅਤੇ ਆਪਣਾ ਕੂਚ ਜਾਰੀ ਰੱਖਦੇ ਹੋ। ‘ਅ’ ਪਿੰਡ ਆਉਣ ਤੋਂ ਪਹਿਲਾਂ ਪਾਣੀ ਨਹੀਂ ਮਿਲ ਸਕਦਾ। ਰਸਤੇ ਵਿਚ ਇਕ ਵਾਰ ਦਸ ਮਿੰਟ ਦਾ ਪੜਾਅ ਕੀਤਾ ਜਾਂਦਾ ਹੈ। ਤੁਹਾਡਾ ਦਿਲ ਕਰਦਾ ਹੈ ਕਿ ਕਿਤੇ ਈਕ ਪੰਡੀ ਮਿਲ ਜਾਵੇ। ਇਹ ਤਾਕਤ ਵੀ ਦੇਵੇਗੀ ਤੇ ਪਿਆਸ ਨੂੰ ਵੀ ਮੱਧਮ ਪਾਵੇਗੀ, ਪਰ ਰਸਤੇ ਵਿਚ ਈਕ ਪੰਡੀ ਕਿਤੇ ਵੀ ਨਹੀਂ ਹੈ। ਕੰਦ ਮੂਲ ਦਾ ਮੌਸਮ ਅਜੇ ਆਇਆ ਨਹੀਂ, ਨਾ ਹੀ ਕੋਈ ਨਦੀ ਨਜ਼ਦੀਕ ਹੈ। ਸੋ, ਚੱਲਦੇ ਰਹਿਣ ਤੋਂ ਬਿਨਾਂ ਕੋਈ ਚਾਰਾ ਨਹੀਂ । ਅੰਤ ਅਸੀਂ ‘ਅ’ ਪਿੰਡ ਦੀ ਜੂਹ ਵਿਚ ਪਹੁੰਚਦੇ ਹਾਂ। ਸਾਡਾ ਪਹਿਲਾ ਕੰਮ ਹੈ ਦਾਤਣਾਂ ਤੋੜਨਾ। ਦਾਤਣਾਂ ਤੋੜਨਾ ਖੇਡ ਵੀ ਹੈ ਅਤੇ ਥਕਾਵਟ ਤੋਂ ਆਰਾਮ ਲੈਣ ਦਾ ਸਾਧਨ ਵੀ। ਪਿੰਡ ਨੇੜੇ ਪਹੁੰਚ ਕੇ ਅਸੀਂ ਕੁਝ ਖੁੱਲ੍ਹ ਜਾਂਦੇ ਹਾਂ। ਗੱਲਾਂ ਸ਼ੁਰੂ ਹੋ ਜਾਂਦੀਆਂ ਹਨ। ਪਿੰਡ ਤਾਂ ਆਇਆ, ਪਰ ਅਸੀਂ ਉਸ ਦੇ ਕੋਲੋਂ ਦੀ ਗੁਜ਼ਰ ਜਾਂਦੇ ਹਾਂ ਅਤੇ ਕਾਫ਼ੀ ਅਗਾਂਹ ਨਿਕਲ ਜਾਂਦੇ ਹਾਂ।
“ਦਾਦਾ!”
ਸਾਡੇ ਵਿਚੋਂ ਕੋਈ ਜਣਾ ਦੂਰ ਕੰਮ ਕਰ ਰਹੇ ਕਬਾਇਲੀ ਨੂੰ ਆਵਾਜ਼ ਦਿੰਦਾ ਹੈ। ਉਹ ਮੋਢੇ ਦਾ ਭਾਰ ਉਤਾਰ ਕੇ ਸਾਡੇ ਵੱਲ ਆਉਂਦਾ ਹੈ। ਆ ਕੇ ਹਰ ਕਿਸੇ ਨੂੰ ਹੱਥ ਮਿਲਾਉਂਦਾ ਹੈ ਅਤੇ ਸਲਾਮ ਕਹਿੰਦਾ ਹੈ। ਉਸ ਦੀ ਸਲਾਮ ਦਾ ਜਵਾਬ ਹਰ ਕਿਸੇ ਵੱਲੋਂ ਸਲਾਮ ਵਿਚ ਦਿੱਤਾ ਜਾਂਦਾ ਹੈ। ਉਸ ਨੂੰ ਅਸੀਂ ਦੱਸਦੇ ਹਾਂ ਕਿ ਅਸੀਂ ਪਿੰਡ ਦੇ ਬਾਹਰ ਕਿਸ ਪਾਸੇ ਵੱਲ ਟਿਕਣ ਲੱਗੇ ਹਾਂ। ਉਹ ਪਿੰਡ ਵੱਲ ਚਲਾ ਜਾਂਦਾ ਹੈ, ਪਰ ਸਾਡਾ ਕਾਫ਼ਲਾ ਅਜੇ ਵੀ ਨਹੀਂ ਰੁਕਦਾ। ਭੁੱਖ, ਪਿਆਸ ਤੇ ਥਕਾਵਟ, ਤਿੰਨੋਂ ਚੀਜ਼ਾਂ ਡਾਢੀਆਂ ਤੰਗ ਕਰ ਰਹੀਆਂ ਹਨ ਜਿਸ ਕਾਰਨ ਉਡੀਕ ਤੀਬਰ ਹੋਈ ਜਾਂਦੀ ਹੈ ਕਿ ਹੁਣ ਵੀ ਰੁਕਣ ਦੀ ਸੀਟੀ ਵੱਜੇਗੀ, ਹੁਣ ਵੀ ਵੱਜੇਗੀ, ਪਰ ਅਸੀਂ ਪੰਦਰਾਂ ਮਿੰਟ ਹੋਰ ਚੱਲਦੇ ਰਹਿੰਦੇ ਹਾਂ। ਮੈਨੂੰ ਸ਼ੱਕ ਹੋਣ ਲੱਗਦਾ ਹੈ ਕਿ ਅਸੀਂ ਇਸ ਪਿੰਡ ਰੁਕਣਾ ਸੀ। ਖੇਤਾਂ ‘ਚੋਂ, ਚਟਾਨਾਂ ‘ਚੋਂ ਗੁਜ਼ਰਦੇ ਹੋਏ ਜਦ ਅਸੀਂ ਪਰਲੇ ਪਾਰ ਪਹੁੰਚਦੇ ਹਾਂ ਤਾਂ ਰੁਕਣ ਦਾ ਸੰਕੇਤ ਮਿਲਦਾ ਹੈ। ਹੁਣ ਤੱਕ ਭੁੱਖ ਮਰ ਚੁੱਕੀ ਹੈ, ਪਿਆਸ ਮੱਧਮ ਪੈ ਗਈ ਹੈ ਅਤੇ ਥਕਾਵਟ ਨਾਲ ਮਨ ਬੇਹਿਸ ਹੋਇਆ ਪਿਆ ਹੈ; ਪਰ ਫ਼ੌਜੀ ਡਸਿਪਲਿਨ ਭੁੱਖ, ਥਕਾਵਟ, ਪਿਆਸ, ਕੁਝ ਵੀ ਨਹੀਂ ਦੇਖਦਾ। ਰੁਕਣ ਦਾ ਇਸ਼ਾਰਾ ਨਹੀਂ ਹੋਇਆ ਤਾਂ ਕੋਈ ਨਹੀਂ ਰੁਕੇਗਾ। ਰੁਕਣ ਦਾ ਸੰਕੇਤ ਹੋ ਚੁੱਕਾ ਹੈ ਤਾਂ ਚੱਲਦੇ ਰਹਿਣ ਦੀ ਕੋਈ ਤੁਕ ਨਹੀਂ। ਕਿੱਟਾਂ ਉਤਾਰਨ ਤੋਂ ਪਹਿਲਾਂ ਪਹਿਰੇ ਵਾਸਤੇ ਥਾਂ ਚੁਣੀ ਜਾਂਦੀ ਹੈ। ਬਾਕੀ ਦੇ ਪੰਜ ਜਣੇ ਅੱਧੇ ਚੱਕਰ ਦੀ ਫਾਰਮੇਸ਼ਨ ਵਿਚ ਆਪਣੇ ਆਪਣੇ ਕਵਰ (ਮੋਰਚੇ) ਢੂੰਡਦੇ ਹਨ। ਹਰ ਕਿਸੇ ਵਾਸਤੇ ਦਰੱਖ਼ਤ ਕਵਰ ਵੀ ਹੈ ਅਤੇ ਟਿਕਾਣਾ ਵੀ। ਇਕ ਵਾਰ ਜਿਸ ਵਾਸਤੇ ਜਿਹੜੀ ਥਾਂ ਨਿਸ਼ਚਿਤ ਹੋ ਗਈ, ਉਹ ਆਪਣਾ ਟਿਕਾਣਾ ਨਹੀਂ ਬਦਲੇਗਾ, ਕਿਉਂਕਿ ਉਸ ਦੇ ਕਵਰ ਨੂੰ ਖ਼ਾਸ ਜ਼ਰੂਰਤਾਂ ਮੁਤਾਬਕ ਚੁਣਿਆ ਗਿਆ ਹੈ।
ਜਦ ਤਕ ਗੁਰੀਲਾ ਟੁਕੜੀ ਨਦੀ ਤੋਂ ਮੂੰਹ ਹੱਥ ਧੋ ਕੇ ਆਉਂਦੀ ਹੈ, ਤਦ ਤਕ ਪਿੰਡ ਵਿਚੋਂ ਲੋਕ ਪਤੀਲੇ ਅਤੇ ਪਾਣੀ ਵਾਲੀਆਂ ਗਾਗਰਾਂ ਭਰ ਕੇ ਆ ਪਹੁੰਚਦੇ ਹਨ।
ਛੇ ਜਣੇ ਕੋਈ ਜ਼ਿਆਦਾ ਨਹੀਂ ਹਨ। ਸੋ, ਨਾਸ਼ਤਾ ਤੇ ਚਾਹ ਤਿਆਰ ਹੋਣ ਵਿਚ ਬਹੁਤਾ ਵਕਤ ਨਹੀਂ ਲੱਗਦਾ। ਅਸੀਂ ਇਕ ਘੰਟੇ ਵਿਚ ਖਾਣ ਪੀਣ ਤੋਂ ਵਿਹਲੇ ਹੋ ਜਾਂਦੇ ਹਾਂ ਅਤੇ ਪਿੰਡ ਵਾਲਿਆਂ ਤੋਂ ਵਿਦਾ ਲੈਂਦੇ ਹਾਂ। ਨਾਸ਼ਤੇ ਅਤੇ ਚਾਹ ਨੇ ਹਰ ਕਿਸੇ ਨੂੰ ਚੁਸਤ-ਫ਼ੁਰਤ ਕਰ ਦਿੱਤਾ ਹੈ। ਚਾਲ ਵਿਚ ਰਵਾਨੀ ਆ ਗਈ ਹੈ। ਤੁਸੀਂ ਕਹਿ ਸਕਦੇ ਹੋ ਕਿ ਸੁਬਹ ਦਾ ਸਫ਼ਰ ਤੜਕਸਾਰ ਦੀ ਸੈਰ ਵਾਂਗ ਹੈ। ਇਕ ਤਰ੍ਹਾਂ ਨਾਲ ਇਹ ਹੈ ਵੀ, ਤੇ ਨਹੀਂ ਵੀ। ਸੈਰ ਖਾਲੀ ਹੱਥੀਂ ਹੁੰਦੀ ਹੈ ਤੇ ਉਸ ਵਿਚ ਫ਼ੌਜੀ ਡਸਿਪਲਿਨ ਨਹੀਂ ਹੁੰਦਾ, ਇਸ ਲਈ ਇਹ ਸੈਰ ਨਹੀਂ ਕਹੀ ਜਾ ਸਕਦੀ, ਪਰ ਇਹ ਤਕਰੀਬਨ ਰੋਜ਼ ਦਾ ਹੀ ਨੇਮ ਹੈ ਕਿ ਤੁਸੀਂ ਸੂਰਜ ਉਗਣ ਤੋਂ ਕਿੰਨਾ ਹੀ ਚਿਰ ਪਹਿਲਾਂ ਚੱਲ ਪੈਂਦੇ ਹੋ। ਜੰਗਲ ਦਾ ਸਾਫ਼ ਤੇ ਕੁਦਰਤੀ ਵਾਤਾਵਰਨ ਤੁਹਾਡੇ ਵਿਚ ਤਾਜ਼ਗੀ ਭਰਦਾ ਹੈ ਅਤੇ ਤੁਹਾਨੂੰ ਆਜ਼ਾਦ ਹੋਣ ਦਾ ਅਹਿਸਾਸ ਦਿੰਦਾ ਹੈ। ਸੋ, ਇਹ ਸੈਰ ਵਾਂਗ ਹੈ।
ਕੋਈ ਦੋ ਘੰਟੇ ਦੇ ਸਫ਼ਰ ਤੋਂ ਬਾਅਦ ਅਸੀਂ ਇਕ ਪਿੰਡ ਨੇੜਿਓਂ ਗੁਜ਼ਰਦੇ ਹਾਂ। ਕਬਾਇਲੀ ਪੁੱਛਦੇ ਹਨ ਕਿ ਅਸੀਂ ਪੜਾਅ ਕਰਾਂਗੇ? ਸਾਡਾ ਪੜਾਅ ਦਾ ਇਰਾਦਾ ਨਹੀਂ ਹੈ; ਸੋ ਅਸੀਂ ਬਿਨਾਂ ਰੁਕੇ ਪਿੰਡ ਤੋਂ ਅਗਾਂਹ ਨਿਕਲ ਜਾਂਦੇ ਹਾਂ। ਅੱਧਾ ਘੰਟਾ ਹੋਰ ਚੱਲ ਕੇ ਅਸੀਂ ਡੇਰਾ ਜਮਾਅ ਲੈਂਦੇ ਹਾਂ ਤੇ ਦੁਪਹਿਰ ਦਾ ਵਕਤ ਆਰਾਮ ਕਰਦੇ ਹਾਂ। ਰਾਤ ਦਾ ਬਚਿਆ ਖਾਣਾ ਵੰਡਿਆ ਜਾਂਦਾ ਹੈ। ਦੁਪਹਿਰ ਕੱਟ ਕੇ ਸ਼ਾਮ ਨੂੰ ਫਿਰ ਕੂਚ ਸ਼ੁਰੂ ਹੁੰਦਾ ਹੈ ਜਿਹੜਾ ਡੂੰਘੀ ਰਾਤ ਤੱਕ ਚੱਲਦਾ ਹੈ। ਅਸੀਂ ਰਾਤ ਦੇ ਪੜਾਅ ਵਾਸਤੇ ਡੂੰਘੇ ਜੰਗਲ ਵਿਚ ਕੱਲ੍ਹ ਰਾਤ ਵਰਗੀ ਹੀ ਇਕ ਥਾਂ ਚੁਣਦੇ ਹਾਂ।
(ਚਲਦਾ)