ਪੰਜਾਬ ਟਾਈਮਜ਼ ਦੇ ਕਿਆ ਕਹਿਣੇ!

ਪਿਆਰੇ ਸੰਪਾਦਕ ਜੀਓ,
ਆਪ ਜੀ ਦੇ ਪਰਚੇ ਪੰਜਾਬ ਟਾਈਮਜ਼ ਦੇ ਕਿਆ ਕਹਿਣੇ! ਹਰ ਵਾਰ ਇੰਨੀ ਨਵੀਂ ਨਰੋਈ ਗਿਆਨ ਭਰਪੂਰ ਸਮਗਰੀ ਕਿ ਪਾਠਕ ਪੜ੍ਹਦਾ ਹੀ ਨਾ ਥੱਕੇ! ਮੈਂ ਹਾਲੇ 16 ਜੁਲਾਈ ਵਾਲਾ ਪਰਚਾ ਵੀ ਨਹੀਂ ਮੁਕਾ ਸਕਿਆ ਤੇ ਅਗਲਾ ਆਉਣ ਵਾਲਾ ਹੈ।

ਉਂਜ ਤਾਂ ਸਭ ਅੰਕਾਂ ਵਿਚ ਛਪਦੀਆਂ ਸਾਰੀਆਂ ਲਿਖਤਾਂ ਹੀ ਬਹੁਤ ਵਧੀਆ ਹੁੰਦੀਆਂ ਹਨ ਪਰ ਕਈ ਕਈ ਤਾਂ ਜਿਵੇਂ ਦਿਲ ਵਿਚ ਘਰ ਹੀ ਕਰ ਜਾਂਦੀਆਂ ਹਨ। ਲੜੀਵਾਰ ਛਪਦਾ ਸਤਨਾਮ ਦਾ “ਜੰਗਲਨਾਮਾ” ਅਜਿਹੀਆਂ ਹੀ ਕੁਝ ਸਿਰਕੱਢ ਲਿਖਤਾਂ ਵਿਚੋਂ ਹੈ। ਇਸ ਵਾਰ ਨੀਲਮ ਸੈਣੀ ਦੇ ਜਨਮ ਵੇਲੇ ਦੇ ਲੋਕ ਗੀਤ ਤੇ ਰਸਮਾਂ, ਪ੍ਰੋæ ਹਰਪਾਲ ਸਿੰਘ ਦਾ ਲੋਹਗੜ੍ਹ ਬਾਰੇ ਖੋਜ ਭਰਪੂਰ ਲੇਖ, ਗੁਰਬਖਸ ਸਿੰਘ ਭੰਡਾਲ ਦਾ ਕੰਨਾ ਬਾਰੇ ਵਿਗਿਆਨਕ ਲੇਖ ਜਾਣਕਾਰੀ ਵਾਲੇ ਤੇ ਦਿਲਚਸਪ ਹਨ। ਦਿਲ ਕਰਦਾ ਹੈ, ਇਹ ਲੇਖਕ ਅਜਿਹਾ ਕੁਝ ਹੋਰ ਵੀ ਲਿਖਦੇ ਰਹਿਣ ਤੇ ਅਸੀਂ ਪੜ੍ਹਦੇ ਰਹੀਏ। ਗੁਰਬਚਨ ਦੀ “ਮਹਾਂਯਾਤਰਾ” ਬਾਰੇ ਜਸਵੀਰ ਸਮਰ ਦਾ ਪ੍ਰਤੀਕਰਮ ਤਾਂ ਇਕ ਅਜਿਹੀ ਲਿਖਤ ਹੈ ਜਿਸ ਨੂੰ ਪੜ੍ਹ ਕੇ ਮਹਾਂਯਾਤਰਾ ਨੂੰ ਖੁਦ ਪੜਨ ਨੂੰ ਦਿਲ ਕਰਦਾ ਹੈ, ਤੇ ਇਸ ਬਾਰੇ ਆਪਣਾ ਪ੍ਰਤੀਕਰਮ ਲਿਖਣ ਨੂੰ ਵੀ। ਜਤਿੰਦਰ ਪੰਨੂੰ, ਬਲਜੀਤ ਬਾਸੀ ਤੇ ਗੁਲਜ਼ਾਰ ਸਿੰਘ ਸੰਧੂ ਦੇ ਲੜੀਵਾਰ ਵੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਰਸਭਿੰਨੇ ਹਨ। ਕੁਲਦੀਪ ਕੌਰ ਦੇ ਫਿਲਮਾਂ ਬਾਰੇ ਰਿਵੀਊ ਤੇ ਲੇਖ ਤਾਂ ਹੁੰਦੇ ਹੀ ਬਹੁਤ ਰੁਮਾਂਚਿਕ ਤੇ ਦਿਲ-ਕਸ਼ ਹਨ ਪਰ ਐਤਕੀ ਉਨ੍ਹਾਂ ਦਾ ਮਸ਼ਹੂਰ ਫਿਲਮ ḔਬੰਬੇḔ ਦਾ ਰੀਵੀਊ ਪੜਨ ਵਾਲਾ ਹੈ। ਮੁਨਸ਼ੀ ਪ੍ਰੇਮ ਚੰਦ ਦੀ ਕਹਾਣੀ ਪੋਹ ਦੀ ਰਾਤ ਦਾ ਪੰਜਾਬੀ ਅਨੁਵਾਦ ਤਾਂ ਕਈ ਯਾਦਾਂ ਤਾਜ਼ੀਆਂ ਕਰ ਗਿਆ ਤੇ ਕਿਸਾਨੀ ਨਾਲ ਜੁੜੇ ਕਈ ਆਧੁਨਿਕ ਪ੍ਰਸ਼ਨਾਂ ਦੇ ਉਤਰ ਵੀ ਦੇ ਗਿਆ।
ਇਸੇ ਪਰਚੇ ਵਿਚ ਡਾæ ਗੋਬਿੰਦਰ ਸਿੰਘ ਸਮਰਾਓ ਦੀ ਹੋਮਿਓਪੈਥੀ ਬਾਰੇ ਪੁਸਤਕ “ਸੋ ਦੁਖੁ ਕੈਸਾ ਪਾਵੈ” ਦਾ ਰਿਵੀਊ ਪੜ੍ਹਿਆ। ਰਿਵੀਊ ਵਿਚ ਪੁਸਤਕ ਦੀ ਬਹੁਤ ਤਾਰੀਫ ਹੈ, ਜੋ ਸਹੀ ਜਾਪਦੀ ਹੈ। ਡਾæ ਸਾਹਿਬ ਪਹਿਲਾਂ ਪੰਜਾਬ ਟਾਈਮਜ਼ ਵਿਚ ਵੀ ਲਿਖਦੇ ਹੁੰਦੇ ਸਨ, ਹੁਣ ਪਤਾ ਨਹੀਂ ਕਿਉਂ ਛੱਡ ਗਏ। ਮੈਂ ਆਸ ਕਰਦਾ ਹਾਂ ਕਿ ਉਨ੍ਹਾਂ ਦੀ ਇਹ ਪੁਸਤਕ ਓਨੀ ਹੀ ਲਾਭਦਾਇਕ ਤੇ ਰੌਚਿਕਤਾ ਭਰਭੂਰ ਹੋਵੇਗੀ ਜਿੰਨੇ ਕਿ ਉਨ੍ਹਾਂ ਦੇ ਛਪਦੇ ਲੇਖ ਤੇ ਕਹਾਣੀਆਂ। ਰਿਵੀਊ ਕਰਤਾ ਨੇ ਇਹ ਨਹੀਂ ਲਿਖਿਆ ਕਿ ਇਹ ਪੁਸਤਕ ਮਿਲਦੀ ਕਿਥੋਂ ਹੈ?
ਮੇਰੇ ਵਲੋਂ ਆਪ ਜੀ ਨੂੰ ਇਸ ਅੱਦੁਤੀ ਪਰਚੇ ਨੂੰ ਛਾਪਣ ਲਈ ਲੱਖ ਲੱਖ ਵਧਾਈ ਤੇ ਇਸ ਨੂੰ ਇਵੇਂ ਚਲਦਾ ਰਖਣ ਲਈ ਅਰਦਾਸ।
ਸ਼ੁਭ-ਚਿੰਤਕ
-ਅਮਰ ਸਿੰਘ ਦਾਦ
ਸੈਕਰਾਮੈਂਟੋ, ਕੈਲੀਫੋਰਨੀਆ।