ਗੁਲਜ਼ਾਰ ਸੰਧੂ
ਪਾਕਿਸਤਾਨ ਦੇ ਬਲੋਚਾਂ ਦੀ ਧੀ ਕੰਦੀਲ ਬਲੋਚ ਦੀ ਉਸ ਦੇ ਛੋਟੇ ਭਰਾ ਮੁਹੰਮਦ ਵਸੀਮ ਨੇ ਹੱਤਿਆ ਕਰ ਦਿੱਤੀ ਹੈ। ਛੋਟੇ ਭਰਾ ਨੂੰ ਉਸ ਦੀ ਵੱਡੀ ਭੈਣ ਦਾ ਤੇਜ਼ੀ ਨਾਲ ਸ਼ੋਸਲ ਮੀਡੀਆ ਹਸਤੀ ਤੇ ਪਾਕਿਸਤਾਨੀ ਮਾਡਲ ਵੱਜੋਂ ਉਭਰਨਾ ਨਹੀਂ ਸੁਖਾਇਆ। ਡੇਰਾ ਗਾਜ਼ੀ ਖਾਂ ਤੋਂ ਗ੍ਰਿਫ਼ਤਾਰ ਕੀਤੇ ਵਸੀਮ ਨੇ ਆਪਣਾ ਦੋਸ਼ ਕਬੂਲਦਿਆਂ ਭਰੀ-ਭੁਕੰਨੀ ਪ੍ਰੈਸ ਕਾਨਫਰੰਸ ਵਿਚ ਆਪਣੀ ਇਸ ਕਰਵਾਈ ਉਤੇ ਫਖਰ ਜਤਾਇਆ ਹੈ। ਅਸੀਂ ਮੰਨਦੇ ਹਾਂ ਕਿ ਸ਼ੀਆ ਸੋਚ ਨੂੰ ਪ੍ਰਣਾਏ ਬਲੋਚ ਪਰਿਵਾਰਾਂ ਦੀਆਂ ਧੀਆਂ ਧਿਆਣੀਆਂ ਨੂੰ ਅਜਿਹੀਆਂ ਖੁਲ੍ਹਾਂ ਲੈਣ ਦੀ ਆਗਿਆ ਨਹੀਂ, ਜਿਹੋ ਜਿਹੀਆਂ ਕੰਦੀਲ ਲੈਣ ਲੱਗੀ ਸੀ।
ਪਰ ਵਸੀਮ ਦਾ ਇਹ ਕਹਿਣਾ ਕਿ ਉਸ ਦੇ ਮਾਪੇ ਵੀ ਆਪਣੀ ਧੀ ਦੇ ਵਤੀਰੇ ਨੂੰ ਨਫਰਤ ਕਰਦੇ ਸਨ, ਉਕਾ ਹੀ ਗਲਤ ਹੈ। ਜੇ ਇੰਜ ਹੁੰਦਾ ਤਾਂ ਉਹ ਉਸ ਦੀ ਮੌਤ ਉਤੇ ਏਨੇ ਦੁਖੀ ਨਾ ਹੁੰਦੇ। ਕੰਦੀਲ ਨੂੰ ਵਸੀਮ ਨੇ ਫੇਸ ਬੁੱਕ ਉਤੇ ਬਾਜ਼ ਆ ਜਾਣ ਲਈ ਕਿਹਾ ਸੀ ਪਰ ਉਸ ਨੇ ਇੱਕ ਨਹੀਂ ਸੀ ਸੁਣੀ।
ਜਿਸ ਦਿਨ ਉਸ ਦਾ ਕਤਲ ਹੋਇਆ, ਕੰਦੀਲ ਕਰਾਚੀ ਤੋਂ ਆਪਣੇ ਰੋਗੀ ਬਾਪ ਨਾਲ ਈਦ ਮਨਾਉਣ ਮੁਲਤਾਨ ਪਹੁੰਚੀ ਸੀ। ਜਦੋਂ ਮਾਂ ਬਾਪ ਪਹਿਲੀ ਮੰਜ਼ਲ ਉਤੇ ਜਾ ਕੇ ਸੌਂ ਗਏ ਤਾਂ ਕੰਦੀਲ ਤੇ ਵਸੀਮ ਹੇਠਲੀ ਮੰਜ਼ਲ ਉਤੇ ਖੁਸ਼ ਗੱਪਾਂ ਮਾਰ ਰਹੇ ਸਨ। ਇੱਕ ਪੜਾਅ ਉਤੇ ਵਸੀਮ ਨੇ ਕਿਸੇ ਤਰ੍ਹਾਂ ਕੰਦੀਲ ਨੂੰ ਬੇਹੋਸ਼ੀ ਵਾਲੀ ਗੋਲੀ ਖਿਲਾ ਦਿੱਤੀ ਤੇ ਉਸ ਤੋਂ ਪਿੱਛੋਂ ਗਲਾ ਘੁੱਟ ਕੇ ਉਸ ਦੀ ਜਾਨ ਲੈ ਲਈ।
ਵਸੀਮ ਦੇ ਇਸ ਅਮਲ ਨੂੰ ਕਟੜਪੰਥੀ ਜਾਂ ਉਦਾਰ ਬਲੋਚ ਕਿਵੇਂ ਲੈਂਦੇ ਹਨ ਤੇ ਪਾਕਿਸਤਾਨ ਦੀ ਅਦਾਲਤ ਵਸੀਮ ਨੂੰ ਕੀ ਸਜ਼ਾ ਦਿੰਦੀ ਹੈ? ਇਹ ਤਾਂ ਉਹੀਓ ਜਾਣਨ ਪਰ ਇਸ ਗੱਲ ਤੋਂ ਉਕਾ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਕਤਲ ਪਾਕਿਸਤਾਨੀ ਔਰਤਾਂ ਦੀ ਸੁਤੰਤਰ ਸੋਚ ਉਤੇ ਉਂਗਲ ਉਠਾਉਂਦਾ ਹੈ। ਸੁਤੰਤਰਤਾ ਇੱਕ ਅਜਿਹਾ ਜਜ਼ਬਾ ਹੈ ਕਿ ਇੱਕ ਨਾ ਇੱਕ ਦਿਨ ਇਸ ਨੇ ਜਿੱਤਣਾ ਹੈ। ਪਾਕਿਸਤਾਨੀ ਵੱਸੋਂ ਨੂੰ ਅਜਿਹੇ ਸਮੇਂ ਲਈ ਤਿਆਰ ਰਹਿਣਾ ਚਾਹੀਦਾ ਹੈ। ਜਦੋਂ ਕੰਦੀਲ ਬਲੋਚ ਦੀ ਹੱਤਿਆ ਇਸਤਰੀ ਸੁਤੰਤਰਤਾ ਦੇ ਪਰਚਮ ਨੂੰ ਲਹਿਰਾਉਣ ਵਿਚ ਸਹਾਈ ਹੋਵੇਗੀ। ਜੇ ਸਮਾਂ ਪਾ ਕੇ ਇਸ ਹੱਤਿਆ ਨੇ ਸ਼ਹਾਦਤ ਦਾ ਰੂਪ ਧਾਰ ਲਿਆ ਤਾਂ ਮੈਨੂੰ ਕੋਈ ਹੈਰਾਨੀ ਨਹੀਂ ਹੋਵੇਗੀ। ਇਹ ਸਤਰਾਂ ਲਿਖੇ ਜਾਣ ਸਮੇਂ ਮੁਲਤਾਨ ਦੀ ਪੁਲਿਸ ਨੇ ਇਸ ਹੱਤਿਆ ਵਿਚ ਵਸੀਮ ਦੇ ਮਾਪਿਆਂ ਵੱਲੋਂ ਪੁੱਤਰ ਦੀ ਜਾਨ ਬਚਾਉਣ ਲਈ ਮੁਆਫੀ ਦੀ ਦਰਖਾਸਤ ਪਾਉਣ ਉਤੇ ਧਾਰਾ 311 ਅਧੀਨ ਰੋਕ ਵੀ ਲਾ ਦਿੱਤੀ ਹੈ।
ਨੀਸ (ਫਰਾਂਸ) ਦਾ ਤੇਤੀ ਸਾਲ ਪਹਿਲਾਂ ਦਾ ਭਾਈਚਾਰਾ: ਫਰਾਂਸ ਦੇ ਨੀਸ ਸ਼ਹਿਰ ਵਿਚ ਕੌਮੀ ਦਿਵਸ ਮਨਾ ਰਹੇ ਫਰਾਂਸੀਸੀਆਂ ਨੂੰ ਕਿਸੇ ਦਿਮਾਗ ਦੇ ਰੋਗੀ ਜਾਂ ਇਸਲਾਮਿਕ ਸਟੇਟ ਦੇ ਕੱਚੇ ਰੰਗਰੂਟ ਵੱਲੋਂ ਆਪਣੇ ਟਰੱਕ ਦੇ ਪਹੀਆਂ ਹੇਠ ਦੋ ਕਿਲੋਮੀਟਰ ਤੱਕ ਕੁਚਲਦੇ ਚਲੇ ਜਾਣ ਦੇ ਕਾਨੂੰਨੀ ਤੇ ਮਾਨਸਕ ਪੱਖ ਉਘੜਦਿਆਂ ਤਾਂ ਸਮਾਂ ਲਗੇਗਾ ਪਰ ਇਸ ਖਬਰ ਨੇ ਮੈਨੂੰ 33 ਸਾਲ ਪਹਿਲਾਂ ਵਾਲੇ ਨੀਸ ਭਾਈਚਾਰੇ ਦੀ ਯਾਦ ਦਿਵਾ ਦਿੱਤੀ ਹੈ।
ਮੈਨੂੰ ਤੇ ਤਾਮਿਲ ਭਾਸ਼ਾ ਦੀ ਜਾਣੀ-ਪਛਾਣੀ ਨਾਵਲਕਾਰ ਵਾਸੰਤੀ ਨੂੰ 1983 ਵਿਚ ਭਾਰਤ ਸਰਕਾਰ ਨੇ ਇੱਕ ਮਿੱਥੇ ਪ੍ਰੋਗਰਾਮ ਅਧੀਨ 15 ਦਿਨ ਵਾਸਤੇ ਫਰਾਂਸ ਦੀ ਸੈਰ ਲਈ ਭੇਜਿਆ ਸੀ। ਸਾਡੇ ਆਉਣ-ਜਾਣ ਅਤੇ ਫਰਾਂਸ ਵਿਚ ਠਹਿਰਨ ਤੇ ਘੁੰਮਣ ਫਿਰਨ ਦਾ ਖਰਚਾ ਦੋਹਾਂ ਸਰਕਾਰਾਂ ਨੇ ਕਰਨਾ ਸੀ। ਅਸੀਂ ਆਪਣੀ ਇਸ ਫੇਰੀ ਨੂੰ ਨੀਸ ਵਿਚ ਹੋਣ ਵਾਲੀ ਆਲਮੀ ਲੇਖਕ ਕਾਨਫਰੰਸ ਨਾਲ ਜੋੜ ਲਿਆ। ਫਰਾਂਸ ਸਰਕਾਰ ਦੇ ਵਿਰੋਧ ਦੇ ਬਾਵਜੂਦ ਅਸੀਂ ਸਰਕਾਰੀ ਖਰਚੇ ਉਤੇ ਪੈਰਿਸ ਤੋਂ ਨੀਸ ਜਾਣ ਵਿਚ ਸਫਲ ਹੋ ਗਏ। ਜਿੱਥੋਂ ਅਸੀਂ ਇਟਲੀ ਤੇ ਫਰਾਂਸ ਦੀ ਸੀਮਾ ਉਤੇ ਪੈਂਦੇ ਮੋਨਾਕੋ ਨਾਂ ਦੇ ਨਿੱਕੇ ਜਿਹੇ ਦੇਸ਼ ਵਿਚ ਵੀ ਘੁੰਮਣ ਗਏ। ਭਾਵੇਂ ਨੀਸ ਫਰਾਂਸ ਦਾ ਇਕ ਸ਼ਹਿਰ ਹੈ ਤੇ ਮੋਨਾਕੋ ਇੱਕ ਸੁਤੰਤਰ ਦੇਸ਼, ਪਰ ਦੋਹਾਂ ਦੀ ਰਹਿਣੀ-ਸਹਿਣੀ ਇੱਕੋ ਜਿਹੀ ਹੈ। 1983 ਵਿਚ ਮੋਨਾਕੋ ਦੀ ਕੁੱਲ ਵੱਸੋਂ 40,000 ਸੀ ਤੇ ਕੁਲ ਰਕਬਾ 11/2 ਮੁਰੱਬਾ ਕਿਲੋਮੀਟਰ। ਮੋਨਾਕੋ ਆਪਣੇ ਜੂਆ ਘਰਾਂ, ਨਾਚ, ਗਾਣਿਆਂ, ਪਹਾੜਾਂ ਦੀਆਂ ਖੁੰਦਰਾਂ ਵਿਚ ਬਣੀਆਂ ਦੁਕਾਨਾਂ ਲਈ ਜਾਣਿਆ ਜਾਂਦਾ ਹੈ। ਜਿੱਥੇ ਦੁਕਾਨਾਂ ਦੇ ਅੰਦਰ 24 ਘੰਟੇ ਹਨੇਰਾ ਰਹਿੰਦਾ ਹੈ ਤੇ ਇਸ ਨੂੰ ਦੂਰ ਕਰਨ ਲਈ ਬਿਜਲੀ ਦੇ ਬਲਬ ਦਿਨ ਰਾਤ ਜਲਦੇ ਰਹਿੰਦੇ ਹਨ। ਇਥੋਂ ਦੇ ਵਸਨੀਕਾਂ ਦੀ ਔਸਤ ਉਮਰ 78 ਸਾਲ ਹੈ ਤੇ ਵਿੱਦਿਆ ਦੀ ਦਰ 100 ਪ੍ਰਤੀਸ਼ਤ। ਦੇਸ਼ ਦੀ ਆਰਥਕਤਾ ਦਾ ਸੋਮਾ ਇਥੋਂ ਦੇ ਜੂਆ ਘਰਾਂ, ਆਰਕੈਸਟਰਾ, ਰੇਡੀਓ ਤੇ ਟੀæਵੀæ ਉਤੇ ਲਾਏ ਜਾਂਦੇ ਟੈਕਸ ਹਨ। ਖਾਸ ਕਰਕੇ ਮੌਂਟੀਕਾਰਕੋ ਵਿਚ ਹੋਣ ਵਾਲੀਆਂ ਕਾਰਾਂ ਦੀਆਂ ਦੌੜਾਂ ਉਤੇ। ਹੈਰਾਨੀ ਦੀ ਗੱਲ ਇਹ ਕਿ ਪਿਛਲੇ ਸਾਢੇ ਅੱਠ ਸੌ ਸਾਲ ਤੋਂ ਇਥੇ ਇੱਕੋ ਜਿਨੋਈ ਖਾਨਦਾਨ ਦਾ ਰਾਜ ਹੈ। ਰਾਜੇ ਨੂੰ ਕੁੰਵਰ ਕਹਿੰਦੇ ਹਨ ਤੇ ਉਹ ਆਪਣੀ ਪਰਜਾ ਨੂੰ ਕਾਬੂ ਵਿਚ ਰੱਖਣ ਲਈ ਫਰਾਂਸ ਦੀ ਪ੍ਰਸ਼ਾਸਨ ਸੇਵਾ ਵਿਚੋਂ ਇਕ ਬੰਦਾ ਚੁਣ ਲੈਂਦਾ ਹੈ ਜਿਸ ਨੂੰ ਬਿਊਰੋਕਰੈਟ ਕਹਿੰਦੇ ਹਨ। ਖੂਬੀ ਇਹ ਕਿ ਇਸ ਦੇਸ਼ ਦੇ ਸਥਾਨਕ ਵਸਨੀਕ ਕੁੱਲ ਵੱਸੋਂ ਦਾ ਕੇਵਲ ਸਤ ਪ੍ਰਤੀਸ਼ਤ ਹਨ। ਇਨ੍ਹਾਂ ਨੂੰ ਜੂਆ ਘਰਾਂ ਵਿਚ ਜੂਆ ਖੇਲ੍ਹਣ ਦੀ ਸਖਤ ਮਨਾਹੀ ਹੈ।
ਨੀਸ ਦੇ ਰਹਿਣ ਵਾਲੇ ਬਹੁਤੇ ਕੰਮਾਂ ਵਿਚ ਮੋਨਾਕੋ ਦੀ ਨਕਲ ਮਾਰਦੇ ਹਨ ਪਰ ਫਰਾਂਸ ਦੀ ਸਰਕਾਰ ਨੇ ਉਨ੍ਹਾਂ ਦੇ ਆਮ ਜੀਵਨ ਉਤੇ ਬੰਦਿਸ਼ਾਂ ਲਾ ਰੱਖੀਆਂ ਹਨ। ਉਥੋਂ ਦੀ ਆਲਮੀ ਲੇਖਕ ਕਾਨਫਰੰਸ ਸਾਗਰੀ ਤੱਟ ਦੇ ਇੱਕ ਵੱਡੇ ਹੋਟਲ ਵਿਚ ਸੀ, ਪਰ ਕਾਨਫਰੰਸ ਵਿਚ ਸ਼ਿਰਕਤ ਕਰ ਰਿਹਾ ਕੋਈ ਵੀ ਡੈਲੀਗੇਟ ਕਿਸੇ ਵੀ ਹੋਟਲ ਵਿਚ ਜਾ ਕੇ ਜੋ ਜੀਅ ਚਾਹੇ ਖਾ ਪੀ ਸਕਦਾ ਸੀ, ਮੁਫਤੋ-ਮੁਫਤੀ। ਸਰਕਾਰ ਨੇ ਮੈਨੂੰ ਤੇ ਵਾਸੰਤੀ ਨੂੰ ਨੇੜੇ ਹੀ ਮੈਰੀਡੀਅਨ ਹੋਟਲ ਵਿਚ ਠਹਿਰਾਇਆ ਹੋਇਆ ਸੀ। ਮੇਰੀ ਪਗੜੀ ਤੇ ਦਾੜ੍ਹੀ ਦੇਖ ਕੇ ਦੋ ਲੇਖਕ ਮੇਰੇ ਵਾਲੀ ਮੇਜ਼ ਉਤੇ ਆ ਕੇ ਮੇਰੇ ਨਾਲ ਖੁਸ਼ਵੰਤ ਸਿੰਘ ਤੇ ਅੰਮ੍ਰਿਤਾ ਪ੍ਰੀਤਮ ਦੀਆਂ ਗੱਲਾਂ ਕਰਨ ਲਗ ਪਏ ਤੇ ਵਾਸੰਤੀ ਨਾਲ ਤਾਮਿਲ ਲੇਖਕਾਂ ਦੀਆਂ।
ਉਂਜ ਉਥੇ ਲੇਖਕਾਂ ਨਾਲੋਂ ਅਲੇਖਕ ਬਹੁਤੇ ਸਨ। ਹਰ ਇੱਕ ਦੀ ਨਜ਼ਰ ਲੁਦਮਿਲਾ ਚੈਰੀਨਾ ਨਾਂ ਦੀ ਬੈਲੇ ਨਾਚੀ ਉਤੇ ਸੀ। ਉਹ ਜਿਸ ਮੇਜ਼ ਉਤੇ ਬੈਠਦੀ, ਸਾਰੇ ਆਪਣੀਆਂ ਕੁਰਸੀ ਖਿੱਚ ਕੇ ਉਸ ਦੇ ਨੇੜੇ ਜਾ ਬਹਿੰਦੇ। ਇਹੋ ਜਿਹੇ ਸ਼ਾਂਤੀ ਪਸੰਦ ਲੋਕਾਂ ਉਤੇ ਟਰੱਕ ਚਾੜ੍ਹਨ ਵਾਲਾ ਮੁਹੰਮਦ ਬਹਿਲੋਲ ਕਿਸ ਰੋਗ ਦਾ ਰੋਗੀ ਹੋਵੇਗਾ, ਮੇਰੀ ਨਿਗਾਹ ਓਧਰ ਹੀ ਲੱਗੀ ਰਹੇਗੀ।
ਅੰਤਿਕਾ: ਸ਼ਿਵ ਕੁਮਾਰ ਬਟਾਲਵੀ
ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ
ਤੈਨੂੰ ਚੁੰਮਣ ਪਿਛਲੀ ਸੰਗ ਵਰਗਾ।
ਹੈ ਕਿਰਨਾਂ ਦੇ ਵਿਚ ਨਸ਼ਾ ਜਿਹਾ
ਨਾ ਕਿਸੇ ਛੀਂਬੇ ਸੱਪ ਦੇ ਡੰਗ ਵਰਗਾ।