ਚੈਪਮੈਨ ਯੂਨੀਵਰਸਿਟੀ ਦੇ ਗਰੈਜੂਏਟ, ਸਿੱਖ ਨੌਜਵਾਨ ਹਰਜਸ ਸਿੰਘ ਨੇ ਭਗਤ ਸਿੰਘ ਥਿੰਦ ਬਾਰੇ ਫਿਲਮ ‘ਆਲ ਕੁਆਈਟ ਆਨ ਦਿ ਹੋਮਫਰੰਟ’ ਬਣਾਈ ਹੈ। ਭਗਤ ਸਿੰਘ ਥਿੰਦ (3 ਅਕਤੂਬਰ 1892-15 ਸਤੰਬਰ 1967) ਸਾਲ 1913 ਵਿਚ ਉਚ ਸਿੱਖਿਆ ਲਈ ਅਮਰੀਕਾ ਆਇਆ ਸੀ। ਬਾਅਦ ਵਿਚ ਉਸ ਨੇ ਅਮਰੀਕੀ ਨਾਗਰਿਕਤਾ ਹਾਸਲ ਕਰਨ ਲਈ ਮਿਸਾਲੀ ਲੜਾਈ ਲੜੀ। ਉਹ ਇਹ ਨਾਗਰਿਕਤਾ ਹਾਸਲ ਕਰਨ ਲਈ ਪੂਰੇ 19 ਵਰ੍ਹੇ ਜੂਝਿਆ ਅਤੇ ਹਰ ਕਿਸਮ ਦੇ ਵਿਤਕਰੇ ਖਿਲਾਫ਼ ਆਵਾਜ਼ ਬੁਲੰਦ ਕੀਤੀ।
ਉਸ ਨੂੰ ਪਹਿਲਾਂ 9 ਦਸੰਬਰ 1918 ਨੂੰ ਨਾਗਰਿਕਤਾ ਸਰਟੀਫਿਕੇਟ ਮਿਲ ਗਿਆ ਸੀ, ਪਰ ਚਾਰ ਦਿਨਾਂ ਬਾਅਦ ਹੀ 13 ਦਸੰਬਰ 1918 ਨੂੰ ਉਸ ਦੀ ਨਾਗਰਿਕਤਾ ਇਹ ਕਹਿ ਕੇ ਰੱਦ ਕਰ ਦਿੱਤੀ ਗਈ ਕਿ ਉਹ ਦੀ ਚਮੜੀ ਦਾ ਰੰਗ ਗੋਰਾ ਨਹੀਂ ਹੈ। ਇਸ ਤੋਂ ਬਾਅਦ ਥਿੰਦ ਨੇ ਨਾਗਰਿਕਤਾ ਹਾਸਲ ਕਰਨ ਲਈ ਪੂਰਾ ਟਿੱਲ ਲਾ ਦਿੱਤਾ ਅਤੇ ਉਸ ਨੂੰ ਆਖਰਕਾਰ 1936 ਵਿਚ ਨਾਗਰਿਕਤਾ ਹਾਸਲ ਹੋਈੇ। ਹਰਜਸ ਸਿੰਘ ਨੇ ਉਸ ਦੇ ਇਸ ਅਨੋਖੇ ਸੰਘਰਸ਼ ਨੂੰ ਆਪਣੀ ਇਸ ਫਿਲਮ ਵਿਚ ਪੇਸ਼ ਕੀਤਾ ਹੈ।
ਫਿਲਮ ਵਿਚ ਅਮਰੀਕਾ ਦਾ ਮਸ਼ਹੂਰ ਅਦਾਕਾਰ ਵਾਰਿਸ ਆਹਲੂਵਾਲੀਆ, ਭਗਤ ਸਿੰਘ ਥਿੰਦ ਵਾਲਾ ਕਿਰਦਾਰ ਨਿਭਾਅ ਰਿਹਾ ਹੈ। 1974 ਵਿਚ ਜਨਮਿਆ ਭਾਰਤੀ-ਅਮਰੀਕੀ ਮੂਲ ਦਾ ਵਾਰਿਸ, ਨਿਊ ਯਾਰਕ ਵਸਦਾ ਹੈ। ਮੁੱਖ ਤੌਰ ‘ਤੇ ਉਹ ਡਿਜ਼ਾਇਨਰ ਹੈ, ਪਰ ਉਸ ਨੇ ਕਈ ਫਿਲਮਾਂ ਵਿਚ ਯਾਦਗਾਰੀ ਕਿਰਦਾਰ ਨਿਭਾਏ ਹਨ। ਉਸ ਦਾ ਜਨਮ ਅੰਮ੍ਰਿਤਸਰ ਵਿਚ ਹੋਇਆ ਸੀ ਅਤੇ ਪੰਜ ਸਾਲ ਦੀ ਉਮਰ ਵਿਚ ਉਹ ਅਮਰੀਕਾ ਆਣ ਪੁੱਜਾ ਸੀ। ਉਸ ਨੂੰ ਵੀ ਅਮਰੀਕਾ ਵਿਚ ਨਸਲੀ ਵਿਤਕਰੇ ਦਾ ਸ਼ਿਕਾਰ ਹੋਣਾ ਪੈ ਗਿਆ ਜਦੋਂ ਫਰਵਰੀ 2016 ਵਿਚ ਦਸਤਾਰ ਕਾਰਨ ਉਸ ਨੂੰ ਜਹਾਜ਼ ਵਿਚ ਚੜ੍ਹਨ ਤੋਂ ਰੋਕ ਦਿੱਤਾ ਗਿਆ। ਬਾਅਦ ਵਿਚ ਉਸ ਵੱਲੋਂ ਚਲਾਈ ਮੁਹਿੰਮ ਕਾਰਨ ਜਹਾਜ਼ ਕੰਪਨੀ ਨੂੰ ਮੁਆਫ਼ੀ ਮੰਗ ਕੇ ਖਹਿੜਾ ਛੁਡਾਉਣਾ ਪਿਆ।
ਹਰਜਸ ਸਿੰਘ ਅਸਲ ਵਿਚ ਡਾਕਟਰ ਬਣਨਾ ਚਾਹੁੰਦਾ ਸੀ, ਪਰ ਅਮਰੀਕਾ ਵਿਚ ਸਿੱਖਾਂ ਦੀ ਸ਼ਨਾਖਤ ਦੇ ਮਸਲੇ ਨੇ ਉਸ ਨੂੰ ‘ਆਲ ਕੁਆਈਟ ਆਨ ਦਿ ਹੋਮਫਰੰਟ’ ਦਾ ਡਾਇਰੈਕਟਰ ਬਣਾ ਦਿੱਤਾ। ਉਹ ਚਾਹੁੰਦਾ ਹੈ ਕਿ ਉਹ ਅਮਰੀਕੀ ਲੋਕਾਂ ਨੂੰ ਸਿੱਖਾਂ ਦੀ ਕਹਾਣੀ ਇਸ ਢੰਗ ਨਾਲ ਸੁਣਾਵੇ ਕਿ ਸਿੱਖਾਂ ਬਾਰੇ ਪਏ ਸਭ ਭਰਮ-ਭੁਲੇਖੇ ਦੂਰ ਹੋ ਜਾਣ। ਉਹ ਚਾਹੁੰਦਾ ਹੈ ਕਿ ਸਿੱਖ ਪਾਤਰ ਹਾਲੀਵੁੱਡ ਤੱਕ ਉਡਾਣ ਭਰਨ। ਯਾਦ ਰਹੇ ਕਿ 2015 ਵਿਚ ਹਰਜਸ ਸਿੰਘ ਨੇ ਪੈਸੇਡੇਨਾ ਦੀ ‘ਰੋਜ਼ ਪਰੇਡ’ ਵਿਚ ਫਲੋਟ ਪੇਸ਼ ਕੀਤਾ ਸੀ ਜਿਸ ਵਿਚ ਅਮਰੀਕੀ ਸਿੱਖਾਂ ਨੂੰ ਪੇਸ਼ ਕੀਤਾ ਗਿਆ ਸੀ। ਇਹ ਪਰੇਡ ਅਹਿਮ ਅਮਰੀਕੀ ਸ਼ਖਸੀਅਤਾਂ ਨੇ ਦੇਖੀ ਸੀ ਅਤੇ ਇਸ ਨੂੰ ਕੌਮੀ ਪੱਧਰ ਉਤੇ ਸਲਾਹਿਆ ਗਿਆ ਸੀ। ਹਰਜਸ ਸਿੰਘ ਚਾਹੁੰਦਾ ਹੈ ਕਿ ਅਮਰੀਕੀਆਂ ਕੋਲ ਸਿੱਖਾਂ ਬਾਰੇ ਸਹੀ ਗਿਆਨ ਅੱਪੜੇ। ਇਸੇ ਕਰ ਕੇ ਉਸ ਨੇ ਇਹ ਫਿਲਮ ਬਣਾਈ। -0-