ਵਾਦੀ ‘ਚ ਠੱਲ੍ਹਿਆ ਨਹੀਂ ਜਾ ਰਿਹਾ ਲੋਕਾਂ ਦਾ ਰੋਹ

ਸ੍ਰੀਨਗਰ: ਕਸ਼ਮੀਰ ਵਾਦੀ ਵਿਚ ਸੁਰੱਖਿਆ ਬਲਾਂ ਤੇ ਆਮ ਲੋਕਾਂ ਵਿਚ ਝੜਪਾਂ ਦਾ ਸਿਲਸਲਾ ਜਾਰੀ ਹੈ। ਝੜਪਾਂ ਵਿਚ ਹੁਣ ਤੱਕ 46 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪ੍ਰਸ਼ਾਸਨ ਨੇ ਮੀਡੀਆ ‘ਤੇ ਵੀ ਸ਼ਿਕੰਜਾ ਕੱਸਿਆ ਹੈ। ਕਸ਼ਮੀਰ ਘਾਟੀ ਵਿਚ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਿਹਾ ਹੈ।

ਕੇਂਦਰ ਸਰਕਾਰ ਨੇ ਵਾਦੀ ਵਿਚ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਸੀæਆਰæਪੀæਐਫ਼ ਦੇ ਦੋ ਹਜ਼ਾਰ ਹੋਰ ਜਵਾਨ ਤਾਇਨਾਤ ਕੀਤੇ ਹਨ। ਯਾਦ ਰਹੇ ਕਿ ਹਿਜ਼ਬੁਲ ਮੁਜਾਹਦੀਨ ਦੇ ਕਮਾਂਡਰ ਬੁਰਹਾਨ ਮੁਜ਼ੱਫਰ ਵਾਨੀ ਦੀ ਦੋ ਸਾਥੀਆਂ ਸਮੇਤ ਮੁਕਾਬਲੇ ਵਿਚ ਮੌਤ ਪਿੱਛੋਂ ਰੋਹ ਭੜਕ ਗਿਆ ਸੀ। ਪੁਲਵਾਮਾ ਜ਼ਿਲ੍ਹੇ ‘ਚ ਪਥਰਾਅ ਕਰ ਰਹੀ ਭੀੜ ਦੇ ਹਮਲੇ ਵਿਚ ਸੱਤਾਧਾਰੀ ਪੀæਡੀæਪੀæ ਦੇ ਵਿਧਾਇਕ ਮੁਹੰਮਦ ਖਲੀਲ ਬਾਂਦ ਜ਼ਖਮੀ ਹੋ ਗਏ। ਬਾਂਦ ਦੀ ਗੱਡੀ ਨੂੰ ਪਥਰਾਅ ਕਰ ਰਹੀ ਭੀੜ ਨੇ ਨਿਸ਼ਾਨਾ ਬਣਾਇਆ। ਵੱਖਵਾਦੀਆਂ ਵੱਲੋਂ ਦਿੱਤੇ ਬੰਦ ਦੇ ਸੱਦੇ ਦੇ ਮੱਦੇਨਜ਼ਰ ਕਰਫਿਊ ਜਾਰੀ ਹੈ। ਬਾਂਦੀਪੋਰਾ ਜ਼ਿਲ੍ਹੇ ਦੇ ਸਦਰਕੋਟ ਖੇਤਰ ਵਿਚ ਰਾਸ਼ਟਰੀ ਰਾਈਫਲਜ਼ ਦੇ ਕੈਂਪ ‘ਤੇ ਭੀੜ ਨੇ ਹਮਲਾ ਕਰ ਦਿਤਾ ਜਿਸ ਦੌਰਾਨ ਜਵਾਨਾਂ ਨੂੰ ਗੋਲੀ ਚਲਾਉਣੀ ਪਈ, ਇਸ ਘਟਨਾ ਵਿਚ ਚਾਰ ਪ੍ਰਦਰਸ਼ਨਕਾਰੀ ਜ਼ਖਮੀ ਹੋ ਗਏ।
ਉਧਰ, ਭਾਰਤ ਨੇ ਖਾੜਕੂ ਬੁਰਹਾਨ ਵਾਨੀ ਦਾ ਮੁੱਦਾ ਸੰਯੁਕਤ ਰਾਸ਼ਟਰ (ਯੂæਐਨæ) ਸਾਹਮਣੇ ਲਿਜਾਣ ਨੂੰ ਲੈ ਕੇ ਪਾਕਿਸਤਾਨ ਨੂੰ ਫਟਕਾਰਿਆ ਹੈ। ਭਾਰਤ ਨੇ ਯੂæਐਨæ ਵਿਚ ਕਿਹਾ ਕਿ ਅਤਿਵਾਦ ਪਾਕਿਸਤਾਨ ਦੀ ਸਟੇਟ ਪਾਲਿਸੀ ਦਾ ਹਿੱਸਾ ਹੈ। ਪਾਕਿਸਤਾਨ ਨੂੰ ਕਰੜੇ ਹੱਥੀਂ ਲੈਂਦਿਆਂ ਭਾਰਤ ਨੇ ਕਿਹਾ ਕਿ ਪਾਕਿਸਤਾਨ ਦੂਸਰੇ ਦੇਸ਼ ਦੇ ਲੋਕਾਂ ਨੂੰ ਦੇਸ਼ ਖਿਲਾਫ ਭੜਕਾ ਰਿਹਾ ਹੈ। 193 ਮੈਂਬਰੀ ਯੂæਐਨæ ਜਨਰਲ ਅਸੈਂਬਲੀ ‘ਚ ਮਨੁੱਖੀ ਅਧਿਕਾਰਾਂ ‘ਤੇ ਬਹਿਸ ਦੌਰਾਨ ਪਾਕਿਸਤਾਨ ਨੇ ਕਸ਼ਮੀਰ ਦਾ ਮੁੱਦਾ ਚੁੱਕਿਆ ਸੀ। ਭਾਰਤ ਨੇ ਜਵਾਬੀ ਹਮਲੇ ਵਿਚ ਕਿਹਾ ਹੈ ਕਿ ਪਾਕਿਸਤਾਨ ਦਹਿਸ਼ਤਗਰਦਾਂ ਦੇ ਸੋਹਲੇ ਗਾਉਂਦਾ ਹੈ ਅਤੇ ਹੋਰਾਂ ਦੇ ਇਲਾਕਿਆਂ ‘ਤੇ ਉਸ ਦੀਆਂ ਲਾਰਾਂ ਟਪਕਦੀਆਂ ਰਹਿੰਦੀਆਂ ਹਨ। ਉਧਰ, ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਨੂੰ ਵਧਦਿਆਂ ਦੇਖ ਕੇ ਅਮਰੀਕਾ ਅਤੇ ਸੰਯੁਕਤ ਰਾਸ਼ਟਰ ਨੇ ਦੋਹਾਂ ਮੁਲਕਾਂ ਨੂੰ ਸੰਜਮ ਵਰਤ ਕੇ ਦੁਵੱਲੇ ਮਸਲੇ ਸੁਲਝਾਉਣ ‘ਤੇ ਜ਼ੋਰ ਦਿੱਤਾ ਹੈ।
_________________________________
ਪਾਕਿ ਨੇ ਬੁਰਹਾਨ ਨੂੰ ਸ਼ਹੀਦ ਐਲਾਨਿਆ
ਲਾਹੌਰ: ਕਸ਼ਮੀਰ ਮਸਲੇ ਉਤੇ ਭਾਰਤ ਨੂੰ ਚੋਭਾਂ ਲਾਉਣੀਆਂ ਜਾਰੀ ਰੱਖਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਹਿਜ਼ਬੁਲ ਕਮਾਂਡਰ ਬੁਰਹਾਨ ਵਾਨੀ ਨੂੰ ਸ਼ਹੀਦ ਐਲਾਨ ਦਿੱਤਾ। ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਤੋਂ ਵੀ ਕਸ਼ਮੀਰ ਵਿਚ ਹਿਰਾਸਤੀ ਮੌਤਾਂ ਦੀ ਜਾਂਚ ਦੀ ਮੰਗ ਕੀਤੀ। ਕਸ਼ਮੀਰ ਦੇ ਹਾਲਾਤ ਬਾਰੇ ਚਰਚਾ ਲਈ ਸੱਦੀ ਕੈਬਨਿਟ ਦੀ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ਰੀਫ਼ ਨੇ ਕਸ਼ਮੀਰੀਆਂ ਦੀ ਲਹਿਰ ਨੂੰ ਆਜ਼ਾਦੀ ਦੀ ਲਹਿਰ ਗਰਦਾਨਿਆ।