ਪੰਜਾਬ ਦੀ ਸੱਤਾ ਅਤੇ ਸਿਆਸਤ ਦੀ ਸੁਰ

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਜ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਦੇ ਅਚਾਨਕ ਅਸਤੀਫੇ ਨੇ ਪੰਜਾਬ ਦੀ ਸਿਆਸਤ ਵਿਚ ਇਕਦਮ ਉਬਾਲ ਲੈ ਆਂਦਾ ਹੈ। ਜਦੋਂ ਉਹ ਕ੍ਰਿਕਟ ਦੇ ਮੈਦਾਨ ਵਿਚ ਬੱਲਾ ਲੈ ਕੇ ਪੁੱਜਦਾ ਸੀ ਤਾਂ ਅਕਸਰ ਚੌਕੇ-ਛੱਕੇ ਮਾਰ ਕੇ ਇਸੇ ਤਰ੍ਹਾਂ ਹੈਰਾਨ ਕਰਦਾ ਹੁੰਦਾ ਸੀ। ਮਗਰੋਂ ਕਾਮਯਾਬ ਤੇ ਵਿਲੱਖਣ ਕਿਸਮ ਦਾ ਕ੍ਰਿਕਟ ਕੁਮੈਂਟੇਟਰ ਬਣ ਕੇ ਵੀ ਉਹਨੇ ਸਭ ਨੂੰ ਹੈਰਾਨ ਕੀਤਾ। ਫਿਰ ਟੈਲੀਵਿਜ਼ਨ ਦੀ ਦੁਨੀਆਂ ਅਤੇ ਸਿਆਸਤ ਦੇ ਪਿੜ ਵਿਚ ਉਸ ਵੱਲੋਂ ਵਿਛਾਈ ਬਿਸਾਤ ਵੀ ਕੋਈ ਘੱਟ ਦਿਲਚਸਪ ਨਹੀਂ ਸੀ।

ਉਹਦੀ ਨੇੜਤਾ ਭਾਵੇਂ ਕਾਂਗਰਸੀਆਂ ਨਾਲ ਸੀ, ਪਰ ਉਹਨੇ ਚੋਣ ਭਾਜਪਾ ਵੱਲੋਂ ਲੜੀ ਸੀ। ਉਸ ਦੀ ਸਿਆਸਤ ਵੀ ਨਿਰਾਲੀ ਨਿਕਲੀ। ਸੰਜੀਦਾ ਬੰਦਿਆਂ ਨੂੰ ਉਸ ਦੀ ਸਿਆਸਤ, ‘ਮਸਖਰਾ ਸਿਆਸਤ’ ਤੋਂ ਘੱਟ ਨਹੀਂ ਸੀ ਜਾਪਦੀ, ਪਰ ਆਪਣੀ ਸ਼ਖਸੀਅਤ ਦੇ ਕੁਝ ਖਾਸ ਗੁਣਾਂ ਅਤੇ ਲੋਕਪ੍ਰਿਯਤਾ ਸਦਕਾ ਉਹ ਸਿਆਸਤ ਵਿਚ ਵੀ ਸਭ ਨੂੰ ਪਛਾੜਦਾ ਪਹਿਲੀ ਕਤਾਰ ਵਿਚ ਆਣ ਖੜ੍ਹਾ ਹੋਇਆ। ਪਾਰਟੀ ਅੰਦਰ ਹਰ ਕਿਸ ਦੇ ਵਿਰੋਧ ਦੇ ਬਾਵਜੂਦ ਉਸ ਦਾ ਨਾਂ ਪੰਜਾਬ ਭਾਜਪਾ ਦੇ ਪ੍ਰਧਾਨ ਦੇ ਅਹੁਦੇ ਲਈ ਵੀ ਬੋਲਦਾ ਰਿਹਾ। ਅੰਮ੍ਰਿਤਸਰ ਤੋਂ ਲੋਕ ਸਭਾ ਦਾ ਮੈਂਬਰ ਹੁੰਦਿਆਂ ਸ਼੍ਰੋਮਣੀ ਅਕਾਲੀ ਦਲ, ਖਾਸ ਕਰ ਕੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਉਸ ਦਾ ਸਿੱਧਾ ਪੇਚਾ ਪਿਆ ਰਿਹਾ। 2014 ਵਿਚ ਲੋਕ ਸਭਾ ਚੋਣਾਂ ਦੌਰਾਨ ਉਸ ਨੂੰ ਪਿਛਾਂਹ ਸੁੱਟਣ ਦੇ ਰੋਸੇ ਵਜੋਂ ਉਹ ਹੌਲੀ-ਹੌਲੀ ਪਾਰਟੀ ਸਰਗਰਮੀਆਂ ਤੋਂ ਦੂਰ ਹੁੰਦਾ ਗਿਆ। ਫਿਰ ਉਹ ਦੌਰ ਵੀ ਆਇਆ ਜਦੋਂ ਉਸ ਅਤੇ ਉਸ ਦੀ ਵਿਧਾਇਕ ਪਤਨੀ ਨਵਜੋਤ ਕੌਰ ਸਿੱਧੂ ਦੇ ‘ਆਪ’ ਵੱਲ ਜਾਣ ਦੀਆਂ ਕਨਸੋਆਂ ਪੈਣ ਲੱਗੀਆਂ। ਸਿੱਧੂ ਜੋੜੀ ਦੇ ਅਕਾਲੀ ਦਲ ਨਾਲ ਤਿੱਖੇ ਭੇੜ ਨੇ ਇਨ੍ਹਾਂ ਕਨਸੋਆਂ ਨੂੰ ਲੋੜੀਂਦੀ ਹਵਾ ਵੀ ਦਿੱਤੀ। ਨਵਜੋਤ ਕੌਰ ਸਿੱਧੂ ਦਾ ਐਲਾਨ ਸੀ ਕਿ ਭਾਜਪਾ ਜੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕਾਇਮ ਰੱਖਦੀ ਹੈ ਤਾਂ ਉਹ ਦੋਵੇਂ ਪਿਛਾਂਹ ਹਟਣ ਨੂੰ ਤਰਜੀਹ ਦੇਣਗੇ। ਸ਼ਾਇਦ ਇਸੇ ਕਰ ਕੇ ਭਾਜਪਾ ਨੇ ਇਸ ਜੋੜੀ ਨੂੰ ਮਨਾਉਣ ਦੇ ਇਰਾਦੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਦੀ ਪੰਜਾਬ ਕਮੇਟੀ ਵਿਚ ਖਾਸ ਜਗ੍ਹਾ ਦਿੱਤੀ ਅਤੇ ਰਾਜ ਸਭਾ ਲਈ ਨਾਮਜ਼ਦ ਵੀ ਕੀਤਾ, ਪਰ ਗੱਲ ਬਣੀ ਨਹੀਂ ਅਤੇ ਸਿੱਧੂ ਜੋੜੀ ਦੇ ਬਗਾਵਤ ਨੇ ਪਾਰਟੀ ਨੂੰ ਇਕ ਤਰ੍ਹਾਂ ਨਾਲ ਹਿਲਾ ਕੇ ਰੱਖ ਦਿੱਤਾ। ਇਹੀ ਨਹੀਂ ਪਾਰਟੀ ਦੇ ਮੁਅੱਤਲ ਲੋਕ ਸਭਾ ਮੈਂਬਰ ਕੀਰਤੀ ਆਜ਼ਾਦ ਜਿਸ ਦਾ ਦਿੱਲੀ ਕ੍ਰਿਕਟ ਐਸੋਸੀਏਸ਼ਨ ਦੇ ਮਾਮਲੇ ਵਿਚ ਸਿੱਧਾ ਟਕਰਾਅ ਸੀਨੀਅਰ ਆਗੂ ਅਰੁਣ ਜੇਤਲੀ ਨਾਲ ਹੋਇਆ ਸੀ, ਦੀ ਪਤਨੀ ਪੂਨਮ ਆਜ਼ਾਦ ਨੇ ‘ਆਪ’ ਦਾ ਝੰਡਾ ਚੁੱਕਣ ਦਾ ਐਲਾਨ ਕਰ ਦਿੱਤਾ ਹੈ। ਮੀਡੀਆ ਵਿਚ ਚੱਲ ਰਹੀ ਚਰਚਾ ਮੁਤਾਬਕ, ਨਵਜੋਤ ਸਿੰਘ ਸਿੱਧੂ ਵੀ ਹੁਣ ‘ਆਪ’ ਦਾ ਹੀ ਝੰਡਾ ਚੁੱਕਣਗੇ।
ਅਸਲ ਵਿਚ ਅੱਜ ਪੰਜਾਬ ਦੀ ਸਮੁੱਚੀ ਸਿਆਸਤ ਸਿਰਫ ਇਕ ਧਿਰ ‘ਤੇ ਕੇਂਦਰਤ ਹੋ ਗਈ ਜਾਪਦੀ ਹੈ ਅਤੇ ਇਹ ਧਿਰ ਆਮ ਆਦਮੀ ਪਾਰਟੀ (ਆਪ) ਹੈ ਜਿਸ ਨੇ ਸਿਆਸਤ ਦੇ ਪਿੜ ਵਿਚ ਆਪਣਾ ਆਗਾਜ਼ ਅਜੇ ਕੁਝ ਅਰਸਾ ਪਹਿਲਾਂ ਹੀ ਕੀਤਾ ਹੈ। ਕਾਂਗਰਸ ਅਤੇ ਭਾਜਪਾ ਦੀ ਨਾਕਸ ਸਿਆਸਤ ਕਾਰਨ ਇਸ ਪਾਰਟੀ ਨੇ ਪਹਿਲਾਂ ਦਿੱਲੀ ਫਤਿਹ ਕੀਤੀ ਸੀ, ਹੁਣ ਇਸ ਨੇ ਪੰਜਾਬ ਦੀ ਰਵਾਇਤੀ ਸਿਆਸਤ ਵਿਚ ਵੀ ਪਾਰਟੀ ਨੇ ਵਾਹਵਾ ਉਥਲ-ਪੁਥਲ ਕਰ ਦਿੱਤੀ ਹੈ। ਇਹ ਸੂਬੇ ਵਿਚ ਜਿਸ ਢੰਗ ਨਾਲ ਤੀਜੀ ਮਜ਼ਬੂਤ ਧਿਰ ਵਜੋਂ ਸਾਹਮਣੇ ਆਈ ਹੈ, ਉਸ ਨੇ ਰਵਾਇਤੀ ਸਿਆਸਤ ਨੂੰ ਮੂਲੋਂ ਹੀ ਬਦਲ ਕੇ ਰੱਖ ਦਿੱਤਾ ਹੈ ਜਾਂ ਤਿੱਖੀ ਤਬਦੀਲੀ ਵਾਲੇ ਰਾਹ ਪਾ ਦਿੱਤਾ ਹੈ। ਫਿਲਹਾਲ ਇਹ ਪਾਰਟੀ ਭਾਵੇਂ ਪੁਖਤਾ ਜਥੇਬੰਦਕ ਢਾਂਚੇ ਦੀ ਅਣਹੋਂਦ ਅਤੇ ਲੀਡਰਸ਼ਿਪ ਦੇ ਮਾਮਲਿਆਂ ਵਿਚ ਅੰਦਰੂਨੀ ਖਿੱਚੋਤਾਣ ਵਿਚੋਂ ਲੰਘ ਰਹੀ ਹੈ, ਪਰ ਪੰਜਾਬ ਦੇ ਲੋਕਾਂ ਨੇ ਜਿਸ ਤਰ੍ਹਾਂ ਅਕਾਲੀ ਦਲ ਅਤੇ ਕਾਂਗਰਸ ਦੀ ਰਵਾਇਤੀ ਸਿਆਸਤ ਨੂੰ ਇਕ ਪਾਸੇ ਰੱਖ ਕੇ ਇਸ ਪਾਰਟੀ ਲਈ ਹੁੰਗਾਰਾ ਭਰਿਆ ਹੈ, ਉਹ ਗੌਲਣ ਵਾਲਾ ਹੈ। ਸਿਆਸੀ ਵਿਸ਼ਲੇਸ਼ਕ ਤਾਂ ਸਿੱਧੂ ਜੋੜੀ ਦੀ ਸਿਆਸਤ ਨੂੰ ਵੀ ‘ਆਪ’ ਵਾਲੇ ਵਰਤਾਰੇ ਨਾਲ ਜੋੜ ਕੇ ਦੇਖ ਰਹੇ ਹਨ। ਇਹ ਗੱਲ ਵੱਖਰੀ ਹੈ ਕਿ ‘ਆਪ’ ਉਸ ਸਿਆਸਤ ਤੋਂ ਤਾਂ ਹੁਣ ਲਾਂਭੇ ਨਿਕਲ ਗਈ ਲਗਦੀ ਹੈ ਜਿਸ ਦਾ ਵਾਅਦਾ ਇਸ ਨੇ ਸ਼ੁਰੂ ਵਿਚ ਕੀਤਾ ਸੀ। ਉਂਜ, ਇਕ ਗੱਲ ਹੁਣ ਤੈਅ ਹੈ ਕਿ ਇਸ ਨੇ ਘੱਟੋ-ਘੱਟ ਪੰਜਾਬ ਦੀ ਸਿਆਸੀ ਤਬਦੀਲੀ ਦਾ ਮੁੱਢ ਤਾਂ ਬੰਨ੍ਹ ਹੀ ਦੇਣਾ ਹੈ। ਇਸ ਵਾਰ ਅਕਾਲੀ ਦਲ ਤੀਜੀ ਵਾਰ ਜਿੱਤ ਦੀ ਆਸ ਲਾਈ ਬੈਠਾ ਹੈ ਅਤੇ ਸੁਖਬੀਰ ਸਿੰਘ ਬਾਦਲ ਲਈ ਇਹ ਚੋਣਾਂ ਬੜੀਆਂ ਅਹਿਮ ਹਨ, ਪਰ ਹਾਲਾਤ ਦਲ ਦੇ ਖਿਲਾਫ ਜਾ ਰਹੇ ਦਿਸਦੇ ਹਨ। ਕਾਂਗਰਸ ਲਈ ਵੀ ਪੰਜਾਬ ਦੀ ਜਿੱਤ ਬਹੁਤ ਵੱਡੇ ਮਆਨੇ ਰੱਖਦੀ ਹੈ। ਪੰਜਾਬ ਦੀ ਜਿੱਤ ਇਸ ਪਾਰਟੀ ਲਈ ਕੌਮੀ ਪੱਧਰ ਉਤੇ ਲਗਾਤਾਰ ਪੈ ਰਹੀ ਪਛਾੜ ਨੂੰ ਠੱਲ੍ਹਣ ਦਾ ਜ਼ਰੀਆ ਹੋ ਸਕਦੀ ਹੈ।
ਕੌਮੀ ਪੱਧਰ ਉਤੇ ਆਰæਐਸ਼ਐਸ਼ ਦਾ ਦਾਈਆ ਹੈ ਕਿ ਕਾਂਗਰਸ ਨੂੰ ਹੁਣ ਕਿਸੇ ਵੀ ਤਰੀਕੇ ਉਠਣ ਨਹੀਂ ਦੇਣਾ ਤਾਂ ਕਿ ਭਾਜਪਾ ਕੌਮੀ ਪੱਧਰ ‘ਤੇ ਇਕੋ-ਇਕ ਕੌਮੀ ਪਾਰਟੀ ਵਜੋਂ ਸਥਾਪਤ ਹੋ ਸਕੇ। ਇਸ ਸੂਰਤ ਵਿਚ ਕੌਮੀ ਪੱਧਰ ਉਤੇ ਇਸ ਧਿਰ ਲਈ ਕੋਈ ਵੰਗਾਰ ਨਹੀਂ ਰਹੇਗੀ ਅਤੇ ਆਰæਐਸ਼ਐਸ਼ ਨੂੰ ਆਪਣਾ ਖਾਸ ਏਜੰਡਾ ਲਾਗੂ ਕਰਨ ਵਿਚ ਹੋਰ ਸੌਖ ਹੋ ਜਾਵੇਗੀ। ਇਸੇ ਕਰ ਕੇ ਹੀ ਇਹ ਧਿਰ ਨਵਜੋਤ ਸਿੰਘ ਸਿੱਧੂ ਦੇ ਤਾਜ਼ਾ ਫੈਸਲੇ ਨੂੰ ਇਸੇ ਰੌਸ਼ਨੀ ਵਿਚ ਦੇਖਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਧਿਰ ਨੂੰ ਜਾਪਦਾ ਹੈ ਕਿ ਅਜਿਹੇ ਪੈਂਤੜਿਆਂ ਨਾਲ ਕਾਂਗਰਸ ਦੀ ਹਾਲਤ ਪਤਲੀ ਪੈਣੀ ਲਾਜ਼ਮੀ ਹੈ। ਜ਼ਾਹਿਰ ਹੈ ਕਿ ਸਿੱਧੂ ਜੋੜੀ ਦਾ ਨਵਾਂ ਪੈਂਤੜਾ ਅਤੇ ਆਮ ਆਦਮੀ ਪਾਰਟੀ ਦੀ ਚੜ੍ਹਤ ਪੰਜਾਬ ਹੀ ਨਹੀਂ, ਕੌਮੀ ਸਿਆਸਤ ਵਿਚ ਤਬਦੀਲੀ ਦਾ ਵੀ ਜ਼ਰੀਆ ਬਣ ਸਕਦੀ ਹੈ। ਆਉਣ ਵਾਲਾ ਸਮਾਂ ਸਿਆਸੀ ਪਿੜ ਵਿਚ ਤਿੱਖੀ ਤਬਦੀਲੀ ਦਾ ਹੈ।