ਅਰਵਿੰਦ ਕੇਜਰੀਵਾਲ ਨੇ ਹਰਿਮੰਦਰ ਸਾਹਿਬ ਵਿਚ ਬਖਸ਼ਾਈ ਭੁੱਲ

ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ੍ਰੀ ਹਰਿਮੰਦਰ ਸਾਹਿਬ ਵਿਚ ਮੱਥਾ ਟੇਕਿਆ ਅਤੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿਚ ਭਾਂਡਿਆਂ ਦੀ ਸੇਵਾ ਕਰ ਕੇ ਪਾਰਟੀ ਕੋਲੋਂ ‘ਯੂਥ ਮੈਨੀਫੈਸਟੋ’ ਜਾਰੀ ਕਰਨ ਸਮੇਂ ਹੋਈ ਗਲਤੀ ਦੀ ਖਿਮਾ ਯਾਚਨਾ ਕੀਤੀ। ਉਨ੍ਹਾਂ ਨਾਲ ਪਾਰਟੀ ਦੇ ਸੀਨੀਅਰ ਆਗੂ ਤੇ ਮੈਨੀਫੈਸਟੋ ਤਿਆਰ ਕਰਨ ਵਾਲੀ ਟੀਮ ਦੇ ਮੈਂਬਰ ਵੀ ਸਨ। ਸ੍ਰੀ ਕੇਜਰੀਵਾਲ ਤਕਰੀਬਨ ਦੋ ਘੰਟੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਰਹੇ ਅਤੇ ਤਕਰੀਬਨ 8 ਵਜੇ ਵਾਪਸ ਦਿੱਲੀ ਪਰਤ ਗਏ।

ਗਲਤੀ ਲਈ ਪਸ਼ਚਾਤਾਪ ਕਰਦਿਆਂ ਸ੍ਰੀ ਕੇਜਰੀਵਾਲ ਨੇ ਕਿਹਾ, ‘ਯੂਥ ਮੈਨੀਫੈਸਟੋ ਜਾਰੀ ਕਰਨ ਸਮੇਂ ਪਾਰਟੀ ਕੋਲੋਂ ਗਲਤੀ ਹੋ ਗਈ ਸੀ। ਇਥੇ ਗੁਰੂ ਘਰ ਵਿਚ ਸੇਵਾ ਕਰ ਕੇ ਉਸ ਦੀ ਖਿਮਾ ਯਾਚਨਾ ਕੀਤੀ ਗਈ ਹੈ। ਦਰਬਾਰ ਸਾਹਿਬ ਵਿਚ ਬੈਠ ਕੇ ਕੀਰਤਨ ਸਰਵਣ ਕੀਤਾ, ਜਿਸ ਨਾਲ ਮਨ ਨੂੰ ਸਕੂਨ ਤੇ ਸ਼ਾਂਤੀ ਮਿਲੀ ਹੈ।’ ਉਨ੍ਹਾਂ ਇਥੇ ਖੁੱਲ੍ਹੇ ਮਨ ਨਾਲ ਸਵੀਕਾਰ ਕੀਤਾ ਕਿ ਪਾਰਟੀ ਕੋਲੋਂ ਗਲਤੀ ਹੋਈ ਸੀ ਅਤੇ ਇਸ ਵਾਸਤੇ ਸਾਰੀ ਪਾਰਟੀ ਨੇ ਸੇਵਾ ਕਰਕੇ ਭੁੱਲ ਬਖਸ਼ਾਈ ਹੈ ਜਦੋਂ ਕਿ ਇਸ ਤੋਂ ਪਹਿਲਾਂ ‘ਆਪ’ ਆਗੂ ਇਸ ਗੱਲ ਉਤੇ ਜ਼ੋਰ ਦੇ ਰਹੇ ਸਨ ਕਿ ਸ੍ਰੀ ਕੇਜਰੀਵਾਲ ਮੁਆਫੀ ਨਹੀਂ ਮੰਗਣਗੇ ਕਿਉਂਕਿ ਉਨ੍ਹਾਂ ਕੋਈ ਗਲਤੀ ਨਹੀਂ ਕੀਤੀ ਹੈ। ਮੱਥਾ ਟੇਕਣ ਤੋਂ ਪਹਿਲਾਂ ਉਹ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਗਏ, ਜਿਥੇ ਉਨ੍ਹਾਂ ਨੇ ਆਮ ਸ਼ਰਧਾਲੂਆਂ ਵਾਂਗ ਤਕਰੀਬਨ 30 ਮਿੰਟ ਬਰਤਨਾਂ ਦੀ ਸੇਵਾ ਕੀਤੀ। ‘ਆਪ’ ਦੇ ਬਾਕੀ ਆਗੂਆਂ ਨੇ ਵੀ ਸੇਵਾ ਕੀਤੀ। ਇਸ ਬਾਅਦ ਉਹ ਮੱਥਾ ਟੇਕਣ ਗਏ। ਉਨ੍ਹਾਂ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਵੀ ਭੇਟ ਕੀਤੀ।
ਉਨ੍ਹਾਂ ਸਿਰ ‘ਤੇ ਚਿੱਟਾ ਰੁਮਾਲ ਬੰਨ੍ਹਿਆ ਹੋਇਆ ਸੀ। ਉਹ ਅਰਦਾਸ ਵਿਚ ਵੀ ਸ਼ਾਮਲ ਹੋਏ। ਇਸ ਮੌਕੇ ਸਚਖੰਡ ਵਿਖੇ ਡਿਊਟੀ ਦੇ ਰਹੇ ਅਰਦਾਸੀਏ ਸਿੰਘ ਨੇ ਉਨ੍ਹਾਂ ਨੂੰ ਪਤਾਸਿਆਂ ਦਾ ਪ੍ਰਸ਼ਾਦ ਵੀ ਦਿੱਤਾ। ਉਨ੍ਹਾਂ ਨਾਲ ‘ਆਪ’ ਦੇ ਦਿੱਲੀ ਡਾਇਲਾਗ ਕਮਿਸ਼ਨ ਦੇ ਮੁਖੀ ਆਸ਼ੀਸ਼ ਖੇਤਾਨ ਵੀ ਹਾਜ਼ਰ ਸਨ, ਜਿਨ੍ਹਾਂ ਖਿਲਾਫ਼ ਇਥੇ ਸਿਵਲ ਲਾਈਨ ਥਾਣੇ ਵਿਚ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਵਿਚ ਕੇਸ ਦਰਜ ਹੈ। ਸ੍ਰੀ ਕੇਜਰੀਵਾਲ 15 ਦਿਨਾਂ ਵਿਚ ਦੋ ਵਾਰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਉਹ ਤਿੰਨ ਜੁਲਾਈ ਨੂੰ ਪਾਰਟੀ ਵੱਲੋਂ ਨੌਜਵਾਨਾਂ ਵਾਸਤੇ ਤਿਆਰ ਕੀਤੇ ਚੋਣ ਮਨੋਰਥ ਪੱਤਰ ਨੂੰ ਜਾਰੀ ਕਰਨ ਸਮੇਂ ਆਏ ਸਨ।
ਮੈਨੀਫੈਸਟੋ ਜਾਰੀ ਕਰਨ ਸਮੇਂ ਇਸ ਦੀ ਤੁਲਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਹੋਰ ਧਾਰਮਿਕ ਗ੍ਰੰਥਾਂ ਨਾਲ ਕੀਤੀ ਗਈ ਸੀ। ਇਸ ਤੋਂ ਇਲਾਵਾ ਮੈਨੀਫੈਸਟੋ ਦੇ ਮੁੱਖ ਪੰਨੇ ‘ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਨਾਲ ਪਾਰਟੀ ਦਾ ਚੋਣ ਨਿਸ਼ਾਨ ਝਾੜੂ ਦਿਖਾਇਆ ਗਿਆ ਸੀ। ਇਸ ਉਤੇ ਸਿੱਖ ਸੰਗਤ ਨੇ ਇਤਰਾਜ਼ ਕੀਤਾ ਸੀ। ਸ੍ਰੀ ਖੇਤਾਨ ਨੇ ਤੁਰਤ ਮੁਆਫੀ ਮੰਗ ਲਈ ਸੀ ਅਤੇ ਐਡਵੋਕੇਟ ਐਚæਐਸ਼ ਫੂਲਕਾ ਨੇ ਇਥੇ ਬਰਤਨਾਂ ਤੇ ਜੋੜਿਆਂ ਦੀ ਸੇਵਾ ਕਰ ਕੇ ਪਸ਼ਚਾਤਾਪ ਕੀਤਾ ਸੀ, ਪਰ ਇਸ ਦੇ ਬਾਵਜੂਦ ਸਿੱਖ ਭਾਈਚਾਰਾ ਮੰਗ ਕਰ ਰਿਹਾ ਸੀ ਕਿ ‘ਆਪ’ ਦਾ ਮੁਖੀ ਹੋਣ ਨਾਤੇ ਕੇਜਰੀਵਾਲ ਖੁਦ ਮੁਆਫੀ ਮੰਗਣ।
____________________________________________
ਕੇਜਰੀਵਾਲ ਨੇ ਕੀਤੀ ਡਰਾਮੇਬਾਜ਼ੀ: ਸੁਖਬੀਰ
ਬਰਨਾਲਾ: ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਗਈ ਲੰਗਰ ਸੇਵਾ ਦੌਰਾਨ ਸਾਫ ਭਾਂਡੇ ਮਾਂਜ ਕੇ ਡਰਾਮੇਬਾਜ਼ੀ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਅਸਲ ਵਿਚ ‘ਆਪ’ ਦੇ ਆਗੂਆਂ ਨੂੰ ਸਿੱਖ ਮਰਿਆਦਾ ਦਾ ਕੁਝ ਪਤਾ ਨਹੀਂ ਹੈ ਅਤੇ ਇਹ ਨਾਸਤਿਕ ਆਗੂਆਂ ਦਾ ਅਜਿਹਾ ਟੋਲਾ ਹੈ, ਜੋ ਕਿਸੇ ਧਰਮ ਦਾ ਸਤਿਕਾਰ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਡਰਾਮੇਬਾਜ਼ੀ ਨਾਲ ਲੋਕਾਂ ਨੂੰ ਗੁੰਮਰਾਹ ਕਰ ਕੇ ਸੱਤਾ ਪ੍ਰਾਪਤੀ ਦੇ ਸੁਪਨੇ ਵੇਖ ਰਿਹਾ ਹੈ।
_________________________________________
ਅਕਾਲ ਤਖਤ ਦੇ ਜਥੇਦਾਰ ਵਲੋਂ ਕੇਜਰੀਵਾਲ ਨੂੰ ਚਿਤਾਵਨੀ
ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਉਹ ਆਪਣੀ ਰਾਜਨੀਤੀ ਨੂੰ ਚਮਕਾਉਣ ਲਈ ਧਰਮ ਜਾਂ ਧਾਰਮਿਕ ਅਸਥਾਨ ਦਾ ਇਸਤੇਮਾਲ ਨਾ ਕਰਨ। ਉਨ੍ਹਾਂ ਕਿਹਾ ਕਿ ਆਦਮੀ ਪਾਰਟੀ ਵੱਲੋਂ ਜਾਰੀ ਕੀਤਾ ਗਿਆ ਮੈਨੀਫੈਸਟੋ ਝੂਠ ਦਾ ਪੁਲੰਦਾ ਹੈ। ਕਿਸੇ ਵੀ ਅਜਿਹੇ ਝੂਠੇ ਦਸਤਾਵੇਜ਼ ‘ਤੇ ਸੱਚਖੰਡ ਹਰਿਮੰਦਰ ਸਾਹਿਬ ਦੀ ਤਸਵੀਰ ਲਾਉਣਾ ਬਹੁਤ ਹੀ ਗਲਤ ਗੱਲ ਹੈ। ਰਾਜਨੀਤਕ ਪਾਰਟੀਆਂ ਲੋਕਾਂ ਨੂੰ ਧਰਮ ਦੇ ਨਾਂ ‘ਤੇ ਗੁੰਮਰਾਹ ਕਰ ਰਹੀਆਂ ਹਨ। ਉਨ੍ਹਾਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਧਰਮ ਨੂੰ ਰਾਜਨੀਤੀ ਲਈ ਇਸਤਮਾਲ ਨਾ ਕਰਨ।
________________________________________
‘ਆਪ’ ਬਦਲੇਗੀ ਚੋਣ ਮਨੋਰਥ ਪੱਤਰ ਦਾ ਬਾਹਰਲਾ ਪੰਨਾ
ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਕ ਰਸਾਲੇ ਵੱਲੋਂ ਨਿਹੰਗ ਬਾਣੇ ਵਿਚ ਦਿਖਾਉਣ ਦੇ ਮੁੱਦੇ ‘ਤੇ ਪਾਰਟੀ ਵਿਚ ਰਸਾਲੇ ਖਿਲਾਫ਼ ਰੋਸ ਹੈ। ਇਹ ਗੱਲ ‘ਆਪ’ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਆਖੀ। ਪਾਰਟੀ ਦੇ ਚੋਣ ਮਨੋਰਥ ਪੱਤਰ ਜਾਰੀ ਕਰਨ ਸਮੇਂ ਹੋਈ ਗਲਤੀ ਬਾਰੇ ਉਨ੍ਹਾਂ ਆਖਿਆ ਕਿ ਇਸ ਸਬੰਧੀ ਆਮ ਆਦਮੀ ਪਾਰਟੀ ਵੱਲੋਂ ਗੁਰੂ ਸਾਹਿਬ ਅਤੇ ਸੰਗਤ ਕੋਲੋਂ ਮੁਆਫੀ ਮੰਗ ਲਈ ਗਈ ਹੈ ਤੇ ਚੋਣ ਮਨੋਰਥ ਪੱਤਰ ਦਾ ਬਾਹਰਲਾ ਪੰਨਾ ਬਦਲਿਆ ਜਾਵੇਗਾ। ਉਨ੍ਹਾਂ ਮੰਨਿਆ ਕਿ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਨਾਲ ਪਾਰਟੀ ਦਾ ਨਿਸ਼ਾਨ ‘ਝਾੜੂ’ ਲਾਉਣਾ ਗਲਤੀ ਹੈ, ਪਰ ਅਜਿਹਾ ਅਣਜਾਣੇ ਵਿਚ ਹੋਇਆ।