ਫਰਾਂਸ ਵਿਚ ਅਤਿਵਾਦੀ ਵੱਲੋਂ ਵਹਿਸ਼ੀਪੁਣੇ ਦੀਆਂ ਹੱਦਾਂ ਪਾਰ

ਨੀਸ: ਫਰਾਂਸ ਵਿਚ ਇਕ ਵਾਰ ਫਿਰ ਹੋਏ ਭਿਆਨਕ ਅਤਿਵਾਦੀ ਹਮਲੇ ਨੇ ਦਹਿਸ਼ਤਵਾਦ ਨੂੰ ਨੱਥ ਪਾਉਣ ਲਈ ਕੀਤੇ ਜਾ ਰਹੇ ਯਤਨਾਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਫਰਾਂਸ ਦੇ ਨੀਸ ਸ਼ਹਿਰ ਵਿਚ ਆਪਣਾ ਕੌਮੀ ਦਿਵਸ ਮਨਾ ਰਹੇ ਲੋਕਾਂ ਉਤੇ ਇਕ ਗੋਲੀ-ਬਾਰੂਦ ਨਾਲ ਭਰਿਆ ਟਰੱਕ ਚਾੜ੍ਹ ਦਿੱਤਾ ਗਿਆ। ਟਰੱਕ ਲੋਕਾਂ ਨੂੰ ਦੋ ਕਿਲੋਮੀਟਰ ਦੂਰ ਤੱਕ ਕੁਚਲਦਾ ਚਲਿਆ ਗਿਆ। ਮੀਡੀਆ ਰਿਪੋਰਟਾਂ ਅਨੁਸਾਰ ਟਰੱਕ ਦਾ ਡਰਾਈਵਰ ਲੋਕਾਂ ਨੂੰ ਕੁਚਲਣ ਤੋਂ ਇਲਾਵਾ ਇਕ ਤਾਕੀ ਖੋਲ੍ਹ ਕੇ ਗੋਲੀਆਂ ਵੀ ਚਲਾਉਂਦਾ ਰਿਹਾ। ਇਸ ਘਟਨਾਕ੍ਰਮ ਵਿਚ 84 ਲੋਕਾਂ ਦੇ ਮਰਨ ਅਤੇ ਦਰਜਨਾਂ ਹੋਰ ਜ਼ਖ਼ਮੀ ਹੋਣ ਦੀ ਪੁਸ਼ਟੀ ਹੋਈ ਹੈ।

ਟਰੱਕ ਚਾਲਕ ਨੂੰ ਪੁਲਿਸ ਵੱਲੋਂ ਗੋਲੀ ਮਾਰ ਕੇ ਹਲਾਕ ਕਰ ਦੇਣ ਨਾਲ ਇਹ ਕੋਹਰਾਮ ਰੁਕਿਆ। ਫਰਾਂਸੀਸੀ ਅਧਿਕਾਰੀਆਂ ਅਨੁਸਾਰ ਟਰੱਕ ਵਿਚ ਸਿਰਫ ਡਰਾਈਵਰ ਹੀ ਸਵਾਰ ਸੀ। ਟਰੱਕ ਵਿਚੋਂ ਇਕ ਅਣਚੱਲਿਆ ਗ੍ਰੇਨੇਡ ਅਤੇ ਕੁਝ ਹਥਿਆਰ ਬਰਾਮਦ ਹੋਏ।ਟਰੱਕ ਡਰਾਈਵਰ ਟਿਊਨਿਸ਼ੀਅਨ ਮੂਲ ਦਾ ਫਰਾਂਸੀਸੀ ਨਾਗਰਿਕ ਸੀ। ਉਸ ਦੇ ਕੱਟੜ ਇਸਲਾਮਪ੍ਰਸਤ ਹੋਣ ਦੀ ਚਰਚਾ ਵੀ ਸੀ। ਉਸ ਉਪਰ ਫਰਾਂਸੀਸੀ ਖ਼ੁਫੀਆ ਏਜੰਸੀਆਂ ਦੀ ਨਜ਼ਰ ਵੀ ਸੀ, ਪਰ ਕਿਸੇ ਵੀ ਅਪਰਾਧ ਵਿਚ ਉਹ ਪਹਿਲਾਂ ਕਦੇ ਨਾਮਜ਼ਦ ਨਹੀਂ ਸੀ ਕੀਤਾ ਗਿਆ।
ਬੈਸਟੀਲ ਦਿਵਸ ਨੂੰ ਫਰਾਂਸ ਦੇ ਕੌਮੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਸ਼ਾਂਪਸ ਲਿਜ਼ੀ ਐਵੇਨਿਊ ਵਿਚ ਫ਼ੌਜੀ ਪਰੇਡ ਹੁੰਦੀ ਹੈ। ਰਾਸ਼ਟਰਪਤੀ ਵੱਲੋਂ ਵੀ ਇਸ ਵਿਚ ਹਾਜ਼ਰੀ ਭਰੀ ਜਾਂਦੀ ਹੈ। ਇਹ ਸਮਾਗਮ ਭਾਰਤ ਦੀ ਗਣਤੰਤਰ ਦਿਵਸ ਪਰੇਡ ਵਰਗਾ ਹੀ ਹੁੰਦਾ ਹੈ। ਜਿਵੇਂ ਕਿ ਫਰਾਂਸੀਸੀ ਰਾਸ਼ਟਰਪਤੀ ਫਰਾਂਸਵਾ ਔਲਾਂਦ ਨੇ ਇਸ ਹਮਲੇ ਤੋਂ ਬਾਅਦ ਰਾਸ਼ਟਰ ਦੇ ਨਾਂ ਸੰਦੇਸ਼ ਵਿਚ ਕਿਹਾ, ‘ਫਰਾਂਸ ਉਪਰ ਇਸ ਦੇ ਕੌਮੀ ਦਿਹਾੜੇ ਦੌਰਾਨ ਕੀਤਾ ਹਮਲਾ ਸਾਰੇ ਫਰਾਂਸ ਵਾਸੀਆਂ ਲਈ ਇਕਮੁੱਠ ਹੋਣ ਅਤੇ ਦਹਿਸ਼ਤਗਰਦੀ ਦਾ ਪੂਰੀ ਦ੍ਰਿੜ੍ਹਤਾ ਨਾਲ ਟਾਕਰਾ ਕਰਨ ਦੀ ਚੁਣੌਤੀ ਪੇਸ਼ ਕਰਦਾ ਹੈ।”
ਪਿਛਲੇ 18 ਮਹੀਨਿਆਂ ਦੌਰਾਨ ਫਰਾਂਸੀਸੀ ਸਰਜ਼ਮੀਂ ਉਤੇ ਇਹ ਤੀਜਾ ਵੱਡਾ ਦਹਿਸ਼ਤੀ ਹਮਲਾ ਹੈ। ਪਹਿਲਾਂ ਪਿਛਲੇ ਸਾਲ ਪੈਰਿਸ ਵਿਚ ਹਾਸ-ਵਿਅੰਗ ਨਾਲ ਜੁੜੀ ਪੱਤ੍ਰਿਕਾ ‘ਸ਼ਰਲੀ ਐਬਦੋ’ ਦੇ ਦਫਤਰ ਉਪਰ ਹਮਲਾ ਹੋਇਆ ਸੀ ਅਤੇ ਫਿਰ ਪੈਰਿਸ ਅੰਦਰ ਕੁਝ ਸੈਰਗਾਹਾਂ ਤੇ ਮਨੋਰੰਜਨ ਘਰਾਂ ਉਪਰ ਹਮਲਿਆਂ ਵਿਚ 130 ਬੰਦਿਆਂ ਨੂੰ ਮਾਰ ਦਿੱਤਾ ਗਿਆ ਸੀ। ਫਰਾਂਸੀਸੀ ਅਧਿਕਾਰੀਆਂ ਨੇ ਪਿਛਲੇ ਦੋਵੇਂ ਕੇਸ ਸੁਲਝਾ ਲੈਣ ਅਤੇ ਹਮਲਾਵਰਾਂ ਦਾ ਖੁਰਾ ਨੱਪ ਲੈਣ ਦਾ ਦਾਅਵਾ ਕੀਤਾ ਸੀ, ਪਰ ਨਾਲ ਹੀ ਹੋਰ ਹਮਲਿਆਂ ਦੇ ਖਤਰੇ ਦੀਆਂ ਸੰਭਾਵਨਾਵਾਂ ਦਰਕਿਨਾਰ ਨਹੀਂ ਸੀ ਕੀਤੀਆਂ। ਇਸ ਦੀ ਇਕ ਵਜ੍ਹਾ ਇਹ ਹੈ ਕਿ ਇਸ ਮੁਲਕ ਵਿਚ ਇਸ ਦੀਆਂ ਸਾਬਕਾ ਉਤਰ ਅਫਰੀਕੀ ਬਸਤੀਆਂ ਨਾਲ ਸਬੰਧਤ ਲੋਕ ਵੱਡੀ ਗਿਣਤੀ ਵਿਚ ਵਸੇ ਹੋਏ ਹਨ। ਇਨ੍ਹਾਂ ਵਿਚੋਂ ਬਹੁਤੇ ਇਸਲਾਮ ਦੇ ਧਾਰਨੀ ਹਨ। ਇਸਲਾਮੀ ਰੇਡੀਕਲਾਈਜੇਸ਼ਨ ਦਾ ਅਸਰ ਇਨ੍ਹਾਂ ਦੀ ਨਵੀਂ ਪੀੜ੍ਹੀ ‘ਤੇ ਕਾਫ਼ੀ ਜ਼ਿਆਦਾ ਹੈ। ਪਹਿਲੇ ਹਮਲਿਆਂ ਦੇ ਤਾਰ ਵੀ ਇਸੇ ਵਸੋਂ ਵਰਗ ਨਾਲ ਜੁੜੇ ਸਨ।
________________________________
ਛੋਟਾ ਮੋਟਾ ਅਪਰਾਧੀ ਸੀ ਹਮਲਾਵਰ
ਨੀਸ: ਫਰਾਂਸ ਦੇ ਨੀਸ ਸ਼ਹਿਰ ਵਿਚ ਲੋਕਾਂ ਨੂੰ ਟਰੱਕ ਹੇਠ ਦਰੜਨ ਵਾਲਾ ਹਮਲਾਵਰ ਛੋਟਾ ਜਿਹਾ ਅਪਰਾਧੀ ਸੀ, ਪਰ ਹਮਲੇ ਤੋਂ ਪਹਿਲਾਂ ਉਹ ਕਦੇ ਵੀ ਫਰਾਂਸ ਦੀ ਖ਼ੁਫ਼ੀਆ ਸੇਵਾਵਾਂ ਦੀ ਜਾਂਚ ਹੇਠ ਨਹੀਂ ਰਿਹਾ। ਟਿਊਨਿਸ਼ੀਆ ਦੇ ਸਕੇਨ ਕਸਬੇ ਵਿਚ ਪੈਦਾ ਹੋਇਆ ਮੁਹੰਮਦ ਲਹੌਐਜ ਬੋਹਲੇਲ ਕੁਝ ਸਾਲ ਪਹਿਲਾਂ ਫਰਾਂਸ ਗਿਆ ਸੀ ਅਤੇ ਉਥੇ ਕਾਨੂੰਨੀ ਤੌਰ ‘ਤੇ ਰਹਿ ਰਿਹਾ ਸੀ। ਉਸ ਦੇ ਗੁਆਂਢੀਆਂ ਨੇ ਉਸ ਨੂੰ ਚੰਚਲ ਸੁਭਾਅ ਦਾ ਵਿਅਕਤੀ ਦੱਸਿਆ ਜਿਹੜਾ ਅਕਸਰ ਸ਼ਰਾਬ ਪੀਣ ਦਾ ਆਦੀ ਸੀ, ਜ਼ਿਆਦਾ ਔਰਤਾਂ ਨਾਲ ਸਬੰਧ ਰੱਖਣ ਦਾ ਸ਼ੌਕੀਨ ਸੀ ਅਤੇ ਆਪਣੀ ਪਤਨੀ ਨਾਲ ਉਸ ਦਾ ਤਲਾਕ ਦਾ ਕੇਸ ਚਲ ਰਿਹਾ ਸੀ।
_______________________________
ਹਮਲਾ ਬੇਹਦ ਭਿਆਨਕ: ਓਬਾਮਾ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਫਰਾਂਸ ਦੇ ਨੀਸ ਸ਼ਹਿਰ ਦੇ ਰਿਜ਼ਾਰਟ ਵਿਚ ਹੋਇਆ ਹਮਲਾ ਭਿਆਨਕ ਅਤਿਵਾਦੀ ਹਮਲਾ ਹੈ। ਓਬਾਮਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਅਧਿਕਾਰੀਆਂ ਨੂੰ ਫਰਾਂਸ ਦੇ ਅਧਿਕਾਰੀਆਂ ਨਾਲ ਸੰਪਰਕ ਵਿਚ ਰਹਿਣ ਦੇ ਨਿਰਦੇਸ਼ ਦਿੱਤੇ। ‘ਅਸੀਂ ਇਸ ਹਮਲੇ ਦੀ ਜਾਂਚ ਲਈ ਅਤੇ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਘੇਰੇ ਵਿਚ ਲਿਆਉਣ ਲਈ ਹਰ ਸੰਭਵ ਮਦਦ ਦੀ ਪੇਸ਼ਕਸ਼ ਕੀਤੀ ਹੈ।’