ਆਮ ਆਦਮੀ ਪਾਰਟੀ ਨੇ ਮਘਾਇਆ ਪੰਜਾਬ ਦਾ ਸਿਆਸੀ ਪਿੜ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦੇ ਉਮੀਦਵਾਰ ਦਾ ਐਲਾਨ ਕਰਨ ਦਾ ਫੈਸਲਾ ਲੈਂਦਿਆਂ ਇਕ ਹਫਤੇ ਵਿਚ ਉਮੀਦਵਾਰਾਂ ਦੀ ਪਹਿਲੀ ਸੂਚੀ ਵੀ ਜਾਰੀ ਕਰਨ ਦੀ ਰਣਨੀਤੀ ਤਿਆਰ ਕੀਤੀ ਹੈ। ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਦਿੱਲੀ ਵਿਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੀਟਿੰਗ ਤੋਂ ਬਾਅਦ ਕਿਹਾ ਸੀ ਕਿ ਪਾਰਟੀ ਦੇ ਮੁੱਖ ਮੰਤਰੀ ਦੀ ਚੋਣ ਚੁਣੇ ਵਿਧਾਇਕ ਹੀ ਕਰਨਗੇ।

ਪੰਜਾਬ ਦੀ ਪ੍ਰਚਾਰ ਕਮੇਟੀ ਦੇ ਮੁਖੀ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪਾਰਟੀ ਦੀ ਨਵੀਂ ਰਣਨੀਤੀ ਦਾ ਐਲਾਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਉਮੀਦਵਾਰ ਦਾ ਖੁਲਾਸਾ ਚੋਣ ਪ੍ਰਕਿਰਿਆ ਦੌਰਾਨ ਹੀ ਢੁਕਵੇਂ ਸਮੇਂ ਉਤੇ ਕਰ ਦਿੱਤਾ ਜਾਵੇਗਾ। ਆਮ ਆਦਮੀ ਪਾਰਟੀ (ਆਪ) ਵੱਲੋਂ ਪਹਿਲੇ ਪੜਾਅ ਵਿਚ ਵਿਧਾਨ ਸਭਾ ਚੋਣਾਂ ਲਈ 25 ਉਮੀਦਵਾਰਾਂ ਦਾ ਐਲਾਨ ਕਰਨ ਦੀ ਤਿਆਰੀ ਕਰ ਲਈ ਗਈ ਹੈ। ਪਹਿਲੀ ਸੂਚੀ ਵਿਚ ਪ੍ਰਮੁੱਖ ਖਿਡਾਰੀ, ਪੁਲਿਸ ਤੇ ਸਿਵਲ ਅਧਿਕਾਰੀ, ਕਲਾਕਾਰ ਅਤੇ ਕੁਝ ਹੋਰ ਪਾਰਟੀਆਂ ਤੋਂ ਆਏ ਆਗੂ ਸ਼ਾਮਲ ਹੋ ਸਕਦੇ ਹਨ।
ਭਰੋਸੇਯੋਗ ਸੂਤਰਾਂ ਅਨੁਸਾਰ ‘ਆਪ’ ਦੀ ਚੰਡੀਗੜ੍ਹ ਹੋਈ ਮੀਟਿੰਗ ਵਿਚ ਜਿਥੇ ਅਕਾਲੀ ਦਲ-ਭਾਜਪਾ ਅਤੇ ਕਾਂਗਰਸ ਵੱਲੋਂ ਪਾਰਟੀ ਨੂੰ ਧਾਰਮਿਕ ਮੁੱਦਿਆਂ ਵਿਚ ਉਲਝਾਉਣ ਦੀ ਰਣਨੀਤੀ ਦਾ ਡਟਵਾਂ ਮੁਕਾਬਲਾ ਕਰਨ ਉਤੇ ਚਰਚਾ ਕੀਤੀ ਗਈ, ਉਥੇ ਹਰੇਕ ਫਰੰਟ ‘ਤੇ ਪੰਜਾਬ ਦੀ ਲੀਡਰਸ਼ਿਪ ਨੂੰ ਹੋਰ ਵਿਆਪਕ ਪੱਧਰ ਉਤੇ ਉਭਾਰਨ ਦੀ ਰਣਨੀਤੀ ਬਣਾਈ ਗਈ ਹੈ। ਇਸ ਤਹਿਤ ਸੰਸਦ ਮੈਂਬਰ ਭਗਵੰਤ ਮਾਨ ਦੀ ਅਗਵਾਈ ਹੇਠ ਬਣੀ ਪ੍ਰਚਾਰ ਕਮੇਟੀ ਵਿਚਲੇ ਪੰਜਾਬੀ ਆਗੂਆਂ ਨੂੰ ਹੋਰ ਸਰਗਰਮ ਕੀਤਾ ਜਾ ਸਕਦਾ ਹੈ। ਸੂਤਰਾਂ ਅਨੁਸਾਰ ਪਾਰਟੀ ਜਲਦੀ ਹੀ ਉਮੀਦਵਾਰਾਂ ਦਾ ਐਲਾਨ ਕਰ ਕੇ ਉਨ੍ਹਾਂ ਰਾਹੀਂ ਰਾਜ ਦੀ ਸਿਆਸਤ ਵਿਚ ਪੰਜਾਬੀ ਚਿਹਰੇ ਉਭਾਰਨ ਦੇ ਰਾਹ ਪੈ ਰਹੀ ਹੈ।
ਪਹਿਲੇ ਪੜਾਅ ਵਿਚ 25 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਪਾਰਟੀ ਇਸ ਸੂਚੀ ਵਿਚ ਹਰੇਕ ਵਰਗ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸ਼ਾਮਲ ਕਰਨ ਦੇ ਰੌਂਅ ਵਿਚ ਹੈ। ਦਰਅਸਲ ‘ਆਪ’ ਦੀ ਲੀਡਰਸ਼ਿਪ ਦੀ ਧਾਰਨਾ ਹੈ ਕਿ ਰਾਜ ਦੇ ਲੋਕ ਰਵਾਇਤੀ ਸਿਆਸੀ ਆਗੂਆਂ ਦੀ ਥਾਂ ਨਵੇਂ ਚਿਹਰਿਆਂ ਨੂੰ ਪਸੰਦ ਕਰਦੇ ਹਨ। ਇਸੇ ਆਧਾਰ ਉਤੇ ਹੀ ਪਾਰਟੀ ਵੱਲੋਂ ਸਮਾਜ ਦੇ ਵੱਖ-ਵੱਖ ਵਰਗਾਂ ਵਿਚਲੇ ਨਾਮੀ ਵਿਅਕਤੀਆਂ ਨੂੰ ਚੋਣਾਂ ਵਿਚ ਉਤਾਰਨ ਦੀ ਤਰਜੀਹ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਵਿਰੋਧੀ ਪਾਰਟੀਆਂ ਵੱਲੋਂ ਅਕਸਰ ‘ਆਪ’ ਉਤੇ ਬਾਹਰੀ ਆਗੂਆਂ ਦੇ ਭਾਰੂ ਹੋਣ ਦੇ ਸਿਆਸੀ ਦੋਸ਼ ਲਾਏ ਜਾ ਰਹੇ ਹਨ। ਇਸੇ ਤਰ੍ਹਾਂ ਪਾਰਟੀ ਦੇ ਅੰਦਰ ਵੀ ਕਿਸੇ ਨਾ ਕਿਸੇ ਰੂਪ ਵਿਚ ਇਕ ਧਿਰ ਪੰਜਾਬੀਆਂ ਅਤੇ ਦਿੱਲੀ ਵਾਲਿਆਂ ਦਾ ਮੁੱਦਾ ਉਛਾਲਦੀ ਆ ਰਹੀ ਹੈ।
ਸਿਖਰਲੀ ਲੀਡਰਸ਼ਿਪ ਨੇ ਜਲਦੀ ਉਮੀਦਵਾਰਾਂ ਦਾ ਐਲਾਨ ਕਰ ਕੇ ਪੰਜਾਬ ਦੀ ਸਿਆਸਤ ਵਿਚ ਵੱਧ ਤੋਂ ਵੱਧ ਪੰਜਾਬੀ ਚਿਹਰੇ ਲਿਆ ਕੇ ਇਨ੍ਹਾਂ ਦੂਸ਼ਣਾਂ ਦਾ ਜਵਾਬ ਦੇਣ ਦੀ ਤਿਆਰੀ ਕਰ ਲਈ ਹੈ। ਸੂਤਰਾਂ ਅਨੁਸਾਰ ‘ਆਪ’ ਪਹਿਲਾਂ ਹੀ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਦੇ ਰੌਂਅ ਵਿਚ ਸੀ, ਪਰ ਯੂਥ ਮੈਨੀਫੈਸਟੋ ਦੇ ਮੁੱਖ ਪੰਨੇ ਦੇ ਵਿਵਾਦ ਅਤੇ ਪੰਜਾਬ ਪੁਲਿਸ ਵੱਲੋਂ ਮਾਲੇਰਕੋਟਲਾ ਕਾਂਡ ਵਿਚ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਦਾ ਨਾਂ ਸ਼ਾਮਲ ਕਰਨ ਕਾਰਨ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਦਾ ਪ੍ਰੋਗਰਾਮ ਰੋਕਣਾ ਪਿਆ ਹੈ।
______________________________________
ਕੇਜਰੀਵਾਲ ਦੀ ਪਤਨੀ ਵੀ ਸਿਆਸਤ ਵਿਚ!
ਨਵੀਂ ਦਿੱਲੀ: ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਨੇ ਭਾਰਤੀ ਮਾਲ ਸੇਵਾਵਾਂ ਤੋਂ ਵਾਲੰਟੀਅਰੀ ਰਿਟਾਇਰਮੈਂਟ (ਵੀæਆਰæਐਸ਼) ਲਈ ਹੈ। ਉਨ੍ਹਾਂ ਨੇ ਆਮਦਨ ਕਰ ਵਿਭਾਗ ਵਿਚ ਤਕਰੀਬਨ 22 ਸਾਲ ਨੌਕਰੀ ਕਰਨ ਤੋਂ ਬਾਅਦ ਫੈਸਲਾ ਕੀਤਾ ਹੈ। ਉਹ ਦਿੱਲੀ ਦੇ ਆਮਦਨ ਕਰ ਐਪੀਲਿਏਟ ਟ੍ਰਿਬਿਊਨਲ ਵਿਚ ਕਮਿਸ਼ਨਰ ਆਫ ਇਨਕਮ ਟੈਕਸ ਦੀ ਪੋਸਟ ‘ਤੇ ਤਾਇਨਾਤ ਸੀ। ਅਫਸਰਾਂ ਨੇ ਦੱਸਿਆ ਕਿ ਸੁਨੀਤਾ ਨੇ ਇਸ ਸਾਲ ਦੀ ਸ਼ੁਰੂਆਤ ‘ਤੇ ਹੀ ਵੀæਆਰæਐਸ਼ ਦੀ ਮੰਗ ਕੀਤੀ ਸੀ। ਇਸ ਉਤੇ ਸੈਂਟਰ ਬੋਰਡ ਆਫ ਡਾਇਰੈਕਟ ਟੈਕਸ ਨੇ ਹੁਣ ਹੁਕਮ ਜਾਰੀ ਕੀਤੇ ਹਨ। ਸੁਨੀਤਾ ਦੀ ਵੀæਆਰæਐਸ਼ 15 ਜੁਲਾਈ ਤੋਂ ਹੋਵੇਗੀ।
______________________________________
‘ਆਪ’ ਵਲੋਂ ਬਾਦਲ ਵਿਰੁਧ ਕੇਸ ਦਾਇਰ
ਹੁਸ਼ਿਆਰਪੁਰ: ਆਮ ਆਦਮੀ ਪਾਰਟੀ ਦੇ ਚੱਬੇਵਾਲ ਤੋਂ ਸੈਕਟਰ ਮੀਡੀਆ ਇੰਚਾਰਜ ਡਾæ ਕੁਲਵੰਤ ਸਿੰਘ ਨੇ ਇਥੋਂ ਦੀ ਅਦਾਲਤ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਾਇਰ ਕੀਤਾ ਹੈ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਪੰਜ ਅਗਸਤ ਨੂੰ ਰੱਖੀ ਹੈ। ਡਾæ ਕੁਲਵੰਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਮਾਈ ਭਾਗੋ ਸਕੀਮ ਤਹਿਤ ਜਿਹੜੇ ਸਾਈਕਲ ਵਿਦਿਆਰਥਣਾਂ ਨੂੰ ਦਿੱਤੇ ਗਏ, ਉਨ੍ਹਾਂ ਦੀ ਟੋਕਰੀ ‘ਤੇ ਸ਼ਬਾਦਲ ਨੇ ਆਪਣੀ ਫੋਟੋ ਲਵਾਈ ਹੋਈ ਹੈ ਤੇ ਮਾਈ ਭਾਗੋ ਦਾ ਨਾਂ ਚੇਨ ਕਵਰ ‘ਤੇ ਲਿਖਵਾਇਆ ਹੈ। ਅਜਿਹਾ ਕਰ ਕੇ ਸ਼ ਬਾਦਲ ਨੇ ਸਾਰੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਨੇ ਪਹਿਲਾਂ ਹੀ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਮਾਤਾ ਚਿੰਤਪੁਰਨੀ ਦੀ ਫੋਟੋ ਆਪਣੇ ਬੱਸ ਚਾਲਕ ਦੇ ਪੈਰਾਂ ਕੋਲ ਲਗਵਾਉਣ ਸਬੰਧੀ ਸ਼ਿਕਾਇਤ ਜ਼ਿਲ੍ਹਾ ਪੁਲਿਸ ਮੁਖੀ (ਹੁਸ਼ਿਆਰਪੁਰ) ਨੂੰ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇ ਪੁਲਿਸ ਨੇ ਕਾਰਵਾਈ ਨਾ ਕੀਤੀ ਤਾਂ ਉਹ ਇਸ ਮਾਮਲੇ ਨੂੰ ਵੀ ਅਦਾਲਤ ਵਿਚ ਲੈ ਕੇ ਜਾਣਗੇ।