ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਸੂਬੇ ਦੇ 117 ਵਿਧਾਨ ਸਭਾ ਹਲਕਿਆਂ ‘ਚ ਉਮੀਦਵਾਰਾਂ ਦੀ ਚੋਣ ਲਈ ਦਰਖਾਸਤਾਂ ਲੈਣ ਦੀ ਸ਼ੁਰੂ ਕੀਤੀ ਗਈ ਪ੍ਰਕਿਰਿਆ ਨੇ ਜਿਥੇ ਕਾਂਗਰਸੀ ਖੇਮਿਆਂ ਦੀ ਸਿਆਸਤ ਨੂੰ ਹੋਰ ਵੀ ਗਰਮਾ ਦਿੱਤਾ ਹੈ, ਉਥੇ ਇਸ ਵਾਰ ਟਿਕਟ ਅਪਲਾਈ ਕਰਨ ਲਈ ਕਾਂਗਰਸ ਵੱਲੋਂ ਰੱਖੀਆਂ ਗਈਆਂ ਕੁਝ ਸਖਤ ਸ਼ਰਤਾਂ ਕਾਰਨ ‘ਬਰਸਾਤੀ ਡੱਡੂਆਂ’ ਵਾਂਗ ਇਕਦਮ ਨਿਕਲੇ ਟਿਕਟਾਂ ਦੇ ਦਾਅਵੇਦਾਰਾਂ ਦੇ ਸੁਪਨੇ ਹੁਣ ਤੋਂ ਹੀ ਟੁੱਟਦੇ ਵਿਖਾਈ ਦੇ ਰਹੇ ਹਨ।
ਖਾਸ ਤੌਰ ਉਤੇ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਵੱਲੋਂ ਟਿਕਟ ਅਪਲਾਈ ਕਰਨ ਲਈ ਬਣਾਏ ਪ੍ਰੋਫਾਰਮੇ ਦੇ 15 ਨੰਬਰ ਕਾਲਮ ਕਾਰਨ ਜਨਤਕ ਆਧਾਰ ਤੋਂ ਸੱਖਣੇ ਟਿਕਟਾਂ ਦੇ ਦਾਅਵੇਦਾਰ ਇਕ ਤਰ੍ਹਾਂ ਨਾਲ ਆਪਣੇ ਆਪ ਹੀ ਇਸ ਦੌੜ ਤੋਂ ਬਾਹਰ ਹੋ ਗਏ ਹਨ।
ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿਚੋਂ ਇਸ ਮੌਕੇ 42 ਹਲਕਿਆਂ ਵਿਚ ਕਾਂਗਰਸ ਦੇ ਵਿਧਾਇਕ ਹਨ ਜਦੋਂ ਕਿ 35 ਤੋਂ 40 ਹੋਰ ਹਲਕਿਆਂ ਵਿਚ ਵੀ ਕਾਂਗਰਸੀ ਆਗੂਆਂ ਦੀਆਂ ਟਿਕਟਾਂ ਲਗਭਗ ਪੱਕੀਆਂ ਹਨ, ਪਰ 36 ਦੇ ਕਰੀਬ ਹਲਕੇ ਅਜਿਹੇ ਜਿਨ੍ਹਾਂ ਵਿਚ ਪਿਛਲੀਆਂ ਚੋਣਾਂ ਦੌਰਾਨ ਵੀ ਇਕ ਅਨਾਰ ਸੌ ਬਿਮਾਰ ਵਾਲੀ ਸਥਿਤੀ ਬਣਨ ਕਾਰਨ ਕਾਂਗਰਸ ਨੂੰ ਵੱਡੀ ਅੰਦਰੂਨੀ ਫੁੱਟ ਦਾ ਸਾਹਮਣਾ ਕਰਨਾ ਪਿਆ ਸੀ ਤੇ ਇਨ੍ਹਾਂ ਆਗੂਆਂ ਦੀ ਆਪਸੀ ਖਿੱਚੋਤਾਣ ਦੇ ਚੱਲਦਿਆਂ ਹੀ ਕਾਂਗਰਸ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਮੀਦਵਾਰਾਂ ਦਾ ਐਲਾਨ ਕਰਨ ਵਿਚ ਪਛੜ ਗਈ ਸੀ। ਸਿਆਸੀ ਮਾਹਰਾਂ ਅਨੁਸਾਰ ਲਗਾਤਾਰ ਦੂਸਰੀ ਵਾਰ ਕਾਂਗਰਸ ਦੇ ਸੱਤਾ ‘ਚੋਂ ਬਾਹਰ ਰਹਿਣ ਲਈ ਅਜਿਹੇ ਹਲਕੇ ਜ਼ਿੰਮੇਵਾਰ ਸਨ, ਜਿਨ੍ਹਾਂ ਵਿਚ ਟਿਕਟਾਂ ਦੀ ਲੜਾਈ ਬਣੀ ਹੋਈ ਸੀ। ਇਸ ਵਾਰ ਵੀ ਅਜਿਹੇ ਸਾਰੇ ਹਲਕਿਆਂ ਦੇ ਨਾਲ-ਨਾਲ ਅੱਧੀ ਦਰਜਨ ਦੇ ਕਰੀਬ ਹਲਕੇ ਹੋਰ ਵੀ ਸ਼ਾਮਲ ਹੋ ਗਏ ਹਨ, ਜਿਨ੍ਹਾਂ ਵਿਚ ਮੌਜੂਦਾ ਵਿਧਾਇਕਾਂ/ਹਲਕਾ ਇੰਚਾਰਜਾਂ ਦੀਆਂ ਟਿਕਟਾਂ ਕੱਟ ਕੇ ਕੁਝ ਨਵੇਂ ਆਗੂ ਟਿਕਟਾਂ ਦੀ ਮੰਗ ਕਰ ਰਹੇ ਹਨ। ਇਸ ਮਾਮਲੇ ਵਿਚ ਸਭ ਤੋਂ ਹਾਸੋਹੀਣੀ ਗੱਲ ਇਹ ਹੈ ਕਿ ਟਿਕਟਾਂ ਮਿਲਣ ਦਾ ਸੁਪਨਾ ਦੇਖ ਰਹੇ ਅਨੇਕਾਂ ਆਗੂ ਅਜਿਹੇ ਵੀ ਹਨ, ਜਿਨ੍ਹਾਂ ਨੇ ਪਿਛਲੇ ਤਕਰੀਬਨ ਸਾਢੇ ਚਾਰ ਸਾਲ ਨਾ ਤਾਂ ਹਲਕਿਆਂ ‘ਚ ਕੋਈ ਸਰਗਰਮੀ ਕੀਤੀ ਅਤੇ ਨਾ ਹੀ ਉਨ੍ਹਾਂ ਦਾ ਪਾਰਟੀ ਵਰਕਰਾਂ ਦੇ ਹੱਕਾਂ ‘ਤੇ ਪਹਿਰਾ ਦੇਣ ਵਿਚ ਕੋਈ ਯੋਗਦਾਨ ਰਿਹਾ ਹੈ। ਇਥੋਂ ਤੱਕ ਕਿ ਟਿਕਟ ਪੱਕੀ ਹੋਣ ਦਾ ਸਭ ਤੋਂ ਜ਼ਿਆਦਾ ਦਾਅਵਾ ਕਰਨ ਵਾਲੇ ਕੁਝ ਆਗੂ ਅਜਿਹੇ ਵੀ ਹਨ ਜਿਨ੍ਹਾਂ ਦਾ ਕੋਈ ਵੀ ਜਨਤਕ ਆਧਾਰ ਨਹੀਂ ਹੈ ਤੇ ਉਨ੍ਹਾਂ ਦੇ ਪਿੰਡਾਂ/ਵਾਰਡਾਂ ਅਤੇ ਮੁਹੱਲਿਆਂ ਵਿਚ ਵੀ ਉਨ੍ਹਾਂ ਨੂੰ ਲੋਕਾਂ ਵੱਲੋਂ ਪੂਰਨ ਸਮਰਥਨ ਨਹੀਂ ਹੈ। ਅਜਿਹੇ ਆਗੂਆਂ ਨੂੰ ਇਸ ਦੌੜ ਵਿਚੋਂ ਬਾਹਰ ਕਰਨ ਲਈ ਬੇਸ਼ੱਕ ਕਾਂਗਰਸ ਵੱਲੋਂ ਕਈ ਸਰਵੇ ਕਰਵਾਏ ਜਾ ਰਹੇ ਹਨ ਤੇ ਆਉਣ ਵਾਲੇ ਸਮੇਂ ਵਿਚ ਵੀ ਪਾਰਟੀ ਵੱਲੋਂ ਪੂਰੀ ਘੋਖ ਕਰਨ ਉਪਰੰਤ ਹੀ ਟਿਕਟਾਂ ਵੰਡੀਆਂ ਜਾਣੀਆਂ ਹਨ, ਪਰ ਇਸ ਪ੍ਰਕਿਰਿਆ ਦੇ ਪਹਿਲੇ ਪੜਾਅ ਵਿਚ ਹੀ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਵੱਲੋਂ ਟਿਕਟ ਅਪਲਾਈ ਕਰਨ ਲਈ ਜਾਰੀ ਕੀਤਾ ਗਿਆ 15 ਕਾਲਮਾਂ ਵਾਲਾ ਪ੍ਰੋਫਾਰਮਾ ਕਈ ਆਗੂਆਂ ਲਈ ਸਿਰਦਰਦੀ ਬਣਿਆ ਹੋਇਆ ਹੈ।
ਇਸ ਪ੍ਰੋਫਾਰਮੇ ਦੇ 15 ਨੰਬਰ ਕਾਲਮ ਵਿਚ ਉਮੀਦਵਾਰ ਨੂੰ ਆਪਣੇ ਹਲਕੇ ਦੇ ਹਰੇਕ ਪੋਲਿੰਗ ਬੂਥ ਤੋਂ ਘੱਟੋ-ਘੱਟ 2-2 ਵੋਟਰਾਂ ਦੇ ਨਾਂ, ਪਤੇ, ਵੋਟਰ ਆਈæਡੀæ ਕਾਰਡ, ਟੈਲੀਫੋਨ ਨੰਬਰ ਆਦਿ ਦੇਣੇ ਪੈਣਗੇ ਜਿਸ ਦੇ ਚੱਲਦਿਆਂ ਹਰੇਕ ਹਲਕੇ ਵਿਚ ਔਸਤਨ 180 ਬੂਥ ਹੋਣ ਕਾਰਨ ਇਨ੍ਹਾਂ ਉਮੀਦਵਾਰਾਂ ਨੂੰ ਆਪਣੇ ਹੱਕ ਵਿਚ 360 ਵੋਟਰਾਂ ਦੀ ਸਹਿਮਤੀ ਦੇਣੀ ਪਵੇਗੀ। ਅਜਿਹੀ ਸਥਿਤੀ ‘ਚ ਜਿਹੜੇ ਆਗੂ ਟਿਕਟ ਲੈਣ ਲਈ ਪਹਿਲਾਂ ਦਿੱਲੀ ਜਾਂ ਚੰਡੀਗੜ੍ਹ ਬੈਠੇ ਸੀਨੀਅਰ ਆਗੂਆਂ ਦੇ ਘਰਾਂ ਅਤੇ ਦਫਤਰਾਂ ਦੇ ਗੇੜੇ ਕੱਟ ਕੇ ਟਿਕਟਾਂ ਦਾ ਸੁਪਨਾ ਦੇਖ ਰਹੇ ਸਨ, ਉਨ੍ਹਾਂ ਵੱਲੋਂ ਹੁਣ ਬੂਥਾਂ ਦੀਆਂ ਲਿਸਟਾਂ ਲੱਭ ਕੇ ਉਥੇ 2-2 ਵੋਟਰਾਂ ਦੀ ਭਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਜਿਹੜੇ ਆਗੂ ਪਿਛਲੇ ਸਮੇਂ ਦੌਰਾਨ ਇਨ੍ਹਾਂ ਬੂਥਾਂ ‘ਤੇ ਲਗਾਤਾਰ ਵਿਚਰਦੇ ਰਹੇ ਹਨ, ਉਹ ਇਸ ਪ੍ਰੋਫਾਰਮੇ ਨੂੰ ਲੈ ਕੇ ਬਾਗੋਬਾਗ ਦਿਖਾਈ ਦੇ ਰਹੇ ਹਨ।
_______________________________________
ਕਾਂਗਰਸ ਨੇ ਹੁਣ ਸ਼ੀਲਾ ‘ਤੇ ਖੇਡਿਆ ਦਾਅ
ਨਵੀਂ ਦਿੱਲੀ: ਉਤਰ ਪ੍ਰਦੇਸ਼ ਫਤਹਿ ਕਰਨ ਲਈ ਕਾਂਗਰਸ ਨੇ ਕਮਰ ਕੱਸ ਲਈ ਹੈ। ਪਾਰਟੀ ਨੇ ਰਾਜ ਬੱਬਰ ਨੂੰ ਪ੍ਰਦੇਸ਼ ਦਾ ਨਵਾਂ ਪ੍ਰਧਾਨ ਬਣਾਉਣ ਪਿੱਛੋਂ ਹੁਣ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੂੰ ਉਤਰ ਪ੍ਰਦੇਸ਼ ਵਿਚ ਮੁੱਖ ਮੰਤਰੀ ਦੀ ਉਮੀਦਵਾਰ ਐਲਾਨ ਦਿੱਤਾ ਹੈ। ਇਸ ਦੇ ਨਾਲ ਗਾਂਧੀ ਪਰਿਵਾਰ ਦੀ ਬੇਟੀ ਪ੍ਰਿਅੰਕਾ ਗਾਂਧੀ ਦੇ ਨਾਂ ਬਾਰੇ ਚਰਚਾ ‘ਤੇ ਰੋਕ ਲੱਗ ਗਈ ਹੈ। ਹੁਣ ਤੱਕ ਇਹ ਅਟਕਲਾਂ ਸਨ ਕਿ ਪ੍ਰਿਅੰਕਾ ਗਾਂਧੀ ਵੀ ਸੂਬੇ ਵਿਚ ਕਾਂਗਰਸ ਦਾ ਚਿਹਰਾ ਹੋ ਸਕਦੀ ਹੈ। ਕਾਬਲੇਗੌਰ ਹੈ ਕਿ ਕਾਂਗਰਸ ਉਤਰ ਪ੍ਰਦੇਸ਼ ਦੀ ਸੱਤਾ ਤੋਂ 26 ਸਾਲਾਂ ਤੋਂ ਦੂਰ ਹੈ। ਸੂਬੇ ਵਿਚ 1989 ਵਿਚ ਕਾਂਗਰਸ ਦੇ ਆਖਰੀ ਮੁੱਖ ਮੰਤਰੀ ਐਨæਡੀæ ਤਿਵਾੜੀ ਸਨ। ਕਾਂਗਰਸ ਨੂੰ ਲੱਗਦਾ ਹੈ ਕਿ ਸ਼ੀਲਾ ਦੀ ਬੇਦਾਗ ਸ਼ਖਸੀਅਤ ਤੇ ਬ੍ਰਾਹਮਣ ਚਿਹਰਾ ਉਤਰ ਪ੍ਰਦੇਸ਼ ਵਿਚ ਕੰਮ ਕਰੇਗਾ। ਉਤਰ ਪ੍ਰਦੇਸ਼ ਵਿਚ ਅਗਲੇ ਸਾਲ ਚੋਣਾਂ ਹੋ ਰਹੀਆਂ ਹਨ। 2012 ਵਿਚ ਕਾਂਗਰਸ 403 ਸੀਟਾਂ ਵਾਲੀ ਵਿਧਾਨ ਸਭਾ ਵਿਚ 28 ਸੀਟਾਂ ਉਤੇ ਹੀ ਸਿਮਟ ਗਈ ਸੀ।