ਤੁਰਕੀ ਵਿਚ ਤਖਤਾ ਪਲਟਣ ਦੀ ਕੋਸ਼ਿਸ਼ ਨਾਕਾਮ, 265 ਮੌਤਾਂ

ਅੰਕਾਰਾ: ਤੁਰਕੀ ਵਿਚ ਬਾਗੀ ਫੌਜੀਆਂ ਦੇ ਇਕ ਧੜੇ ਵੱਲੋਂ ਕੀਤੀ ਗਈ ਤਖਤਾ ਪਲਟ ਦੀ ਕੋਸ਼ਿਸ਼ ਨੂੰ ਸਰਕਾਰ ਨੇ ਨਾਕਾਮ ਕਰ ਦਿੱਤਾ। ਕਈ ਘੰਟਿਆਂ ਦੀ ਅਫਰਾ-ਤਫਰੀ ਅਤੇ ਹਿੰਸਾ ਦਰਮਿਆਨ 265 ਜਣੇ ਮਾਰੇ ਗਏ। ਰਾਸ਼ਟਰਪਤੀ ਰੈਕੱਪ ਤਾਇਪ ਅਰਦੋਜਨ ਨੇ ਫੌਜ ਦੇ ਵਫਾਦਾਰ ਸੈਨਿਕਾਂ ਅਤੇ ਲੋਕਾਂ ਦੀ ਸਹਾਇਤਾ ਨਾਲ ਬਾਗੀਆਂ ਦੇ ਹਮਲੇ ਨੂੰ ਠੱਲ੍ਹ ਦਿੱਤਾ।

ਤਕਰੀਬਨ 8 ਕਰੋੜ ਦੀ ਆਬਾਦੀ ਵਾਲੇ ਰਣਨੀਤਕ ਤੌਰ ‘ਤੇ ਅਹਿਮ ਨਾਟੋ ਮੈਂਬਰ ਮੁਲਕ ਵਿਚ 2839 ਜਵਾਨਾਂ ਨੂੰ ਤਖਤਾ ਪਲਟੇ ਦੀ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਹਿਰਾਸਤ ਵਿਚ ਲੈ ਲਿਆ ਗਿਆ ਹੈ। ਅਧਿਕਾਰੀਆਂ ਨੇ ਅਰਦੋਜਨ ਨੂੰ ਸੱਤਾ ਤੋਂ ਹਟਾਉਣ ਲਈ ਅਮਰੀਕਾ ਆਧਾਰਤ ਧਾਰਮਿਕ ਮੁਸਲਿਮ ਆਗੂ ਫ਼ਤਿਹਉੱਲ੍ਹਾ ਗੁਲੇਨ ਨੂੰ ਦੋਸ਼ੀ ਠਹਿਰਾਇਆ ਹੈ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ, ਹੋਰ ਪੱਛਮੀ ਮੁਲਕਾਂ ਅਤੇ ਨਾਟੋ ਦੇ ਮੁਖੀ ਜੇਨਸ ਸਟੋਲਟਨਬਰਗ ਨੇ ਤੁਰਕੀ ਸਰਕਾਰ ਨੂੰ ਹਮਾਇਤ ਦਿੰਦਿਆਂ ਉਥੇ ਸ਼ਾਂਤੀ ਦੀ ਅਪੀਲ ਕੀਤੀ ਹੈ। ਤੁਰਕੀ ਦੇ ਹਾਲਾਤ ਕਾਰਨ ਮੱਧ ਪੂਰਬੀ ਖਿੱਤੇ ਵਿਚ ਅਸਥਿਰਤਾ ਦਾ ਨਵਾਂ ਦੌਰ ਸ਼ੁਰੂ ਹੋ ਗਿਆ ਹੈ ਕਿਉਂਕਿ ਸੀਰੀਆ ਸੰਘਰਸ਼ ਵਿਚ ਤੁਰਕੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਧਰ, ਭਾਰਤ ਨੇ ਕਿਹਾ ਹੈ ਕਿ ਤੁਰਕੀ ‘ਚ ਸਾਰੇ ਭਾਰਤੀ ਸੁਰੱਖਿਅਤ ਹਨ ਅਤੇ ਹਾਈ ਕਮਿਸ਼ਨ ਉਨ੍ਹਾਂ ਦੇ ਸੰਪਰਕ ਵਿਚ ਹੈ। ਤਖ਼ਤਾ ਪਲਟੇ ਦੀ ਕੋਸ਼ਿਸ਼ ਦੌਰਾਨ ਰਾਸ਼ਟਰਪਤੀ ਦੇ ਟਿਕਾਣੇ ਦਾ ਕਿਸੇ ਨੂੰ ਕੁਝ ਵੀ ਨਹੀਂ ਪਤਾ ਸੀ, ਪਰ ਉਹ ਅਚਾਨਕ ਇਸਤੰਬੁਲ ਹਵਾਈ ਅੱਡੇ ‘ਤੇ ਪਹੁੰਚ ਗਏ ਜਿਥੇ ਸੈਂਕੜੇ ਸਮਰਥਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।
__________________________________
ਬਾਗੀਆਂ ਨੂੰ ਕੀਮਤ ਚੁਕਾਉਣੀ ਪਵੇਗੀ: ਰਾਸ਼ਟਰਪਤੀ
ਅੰਕਾਰਾ: ਰਾਸ਼ਟਰਪਤੀ ਏਰਦੋਗਨ ਨੇ ਤਖਤਾ ਪਲਟਣ ਦੀ ਕੋਸ਼ਿਸ਼ ਦੀ ਨਿਖੇਧੀ ਕਰਦਿਆਂ ਇਸ ਨੂੰ ਵਿਸ਼ਵਾਸਘਾਤ ਦੱਸਿਆ। ਉਨ੍ਹਾਂ ਕਿਹਾ ਕਿ ਜੋ ਵੀ ਸਾਜ਼ਿਸ਼ ਰਚੀ ਜਾ ਰਹੀ ਹੈ, ਉਗ ਦੇਸ਼ ਧ੍ਰੋਹ ਤੇ ਬਗਾਵਤ ਹੈ। ਅਜਿਹਾ ਕਰਨ ਵਾਲਿਆਂ ਨੂੰ ਇਸ ਦੀ ਵੱਡੀ ਕੀਮਤ ਚੁਕਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਉਹ ਆਪਣਾ ਕੰਮ ਕਰ ਰਹੇ ਹਨ ਤੇ ਅਖੀਰ ਤੱਕ ਕਰਦੇ ਰਹਿਣਗੇ। ਫੌਜ ਵਿਚ ਅਰਾਜਕਤਾ ਫੈਲਾਉਣ ਵਾਲਿਆਂ ਖਿਲਾਫ਼ ਮੁਹਿੰਮ ਆਰੰਭ ਕਰ ਦਿੱਤੀ ਹੈ।
_________________________________
ਤੁਰਕੀ ਦੀ ਬਦਕਿਸਮਤੀ ਦੀ ਕਹਾਣੀæææ
ਤੁਰਕੀ 7,84,000 ਵਰਗ ਕਿਲੋਮੀਟਰ ਖੇਤਰਫਲ ਵਾਲਾ ਦੇਸ਼ ਹੈ ਤੇ ਇਸ ਦੀਆਂ ਸਰਹੱਦਾਂ ਸੀਰੀਆ, ਈਰਾਨ, ਇਰਾਕ, ਗਰੀਸ ਅਤੇ ਬੁਲਗਾਰੀਆ ਆਦਿ ਦੇਸ਼ਾਂ ਨਾਲ ਲਗਦੀਆਂ ਹਨ ਅਤੇ ਇਸ ਦੀ ਆਬਾਦੀ 78 ਮਿਲੀਅਨ ਹੈ। ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਆਟੋਮਨ ਸਾਮਰਾਜ ਦੇ ਪਤਨ ਪਿੱਛੋਂ 1923 ਵਿਚ ਇਹ ਦੇਸ਼ ਹੋਂਦ ਵਿਚ ਆਇਆ ਸੀ। ਇਸ ਦੇ ਬਾਨੀ ਮੁਸਤਫਾ ਕਮਾਲ ਅਤਾਤੁਰਕ ਨੇ ਇਸ ਦੀ ਫੌਜ ਨੂੰ ਜਮਹੂਰੀਅਤ ਅਤੇ ਧਰਮ-ਨਿਰਪੱਖਤਾ ਦੇ ਸਿਧਾਂਤ ਦਿੱਤੇ ਸਨ ਅਤੇ ਇਨ੍ਹਾਂ ਸਿਧਾਂਤਾਂ ਦੀ ਉਲੰਘਣਾ ਕਰਨ ਵਾਲੇ ਸ਼ਾਸਕਾਂ ਨੂੰ ਸਮੇਂ-ਸਮੇਂ ਫ਼ੌਜ ਦਖਲ ਦੇ ਕੇ ਗੱਦੀ ਤੋਂ ਵੀ ਉਤਾਰਦੀ ਰਹੀ ਹੈ। 1960, 1971 ਅਤੇ 1980 ਵਿਚ ਫੌਜ ਨੇ ਅਜਿਹੀ ਦਖ਼ਲ-ਅੰਦਾਜ਼ੀ ਕੀਤੀ ਸੀ। ਮੌਜੂਦਾ ਰਾਸ਼ਟਰਪਤੀ ਰਿਸੇਪ ਤਾਇਪ ਇਰਦੋਗਨ 2003 ਵਿਚ ਪ੍ਰਧਾਨ ਮੰਤਰੀ ਬਣੇ ਸਨ ਅਤੇ 2014 ਵਿਚ ਉਨ੍ਹਾਂ ਨੇ ਰਾਸ਼ਟਰਪਤੀ ਦੇ ਤੌਰ ‘ਤੇ ਦੇਸ਼ ਦੀ ਵਾਗਡੋਰ ਸੰਭਾਲੀ ਸੀ। ਉਨ੍ਹਾਂ ‘ਤੇ ਦੇਸ਼ ਦੀ ਰਾਜਨੀਤੀ ਨੂੰ ਇਸਲਾਮ ਪੱਖੀ ਬਣਾਉਣ ਅਤੇ ਵੱਧ ਤੋਂ ਵੱਧ ਤਾਕਤਾਂ ਆਪਣੇ ਹੱਥਾਂ ‘ਚ ਕੇਂਦਰਤ ਕਰਨ ਦਾ ਦੋਸ਼ ਲਗਦਾ ਹੈ ਅਤੇ ਇਸ ਕਾਰਨ ਉਨ੍ਹਾਂ ਦੇ ਫੌਜ ਨਾਲ ਤਿੱਖੇ ਮਤਭੇਦ ਵੀ ਚਲੇ ਆ ਰਹੇ ਸਨ। ਦੇਸ਼ ਵਿਚ ਭਾਵੇਂ ਲੰਮੇ ਸਮੇਂ ਤੋਂ ਰਾਜਨੀਤਕ ਸਥਿਰਤਾ ਅਤੇ ਆਰਥਿਕ ਮਜ਼ਬੂਤੀ ਰਹੀ ਹੈ, ਪਰ ਪਿਛਲੇ ਕੁਝ ਸਾਲਾਂ ਤੋਂ ਸੀਰੀਆ ਵਿਚ ਜੰਗ ਛਿੜਨ ਅਤੇ ਇਸ ਕਾਰਨ ਤੁਰਕੀ ਦਾ ਬਾਗੀ ਕੁਰਦਾਂ ਅਤੇ ਇਸਲਾਮਿਕ ਕੱਟੜਪੰਥੀਆਂ ਨਾਲ ਟਕਰਾਅ ਵਧਣ ਕਾਰਨ 2015 ਅਤੇ ਇਸ ਸਾਲ 2016 ਵਿਚ ਵੱਡੇ ਅਤਿਵਾਦੀ ਹਮਲਿਆਂ ਦਾ ਸਾਹਮਣਾ ਕਰਨਾ ਪਿਆ। ਆਈæਐਸ਼ ਨੇ ਸੀਰੀਆ ਤੇ ਇਰਾਕ ਦੇ ਕਈ ਇਲਾਕਿਆਂ ‘ਤੇ ਕਬਜ਼ਾ ਕੀਤਾ ਹੋਇਆ ਹੈ। ਤੁਰਕੀ ਨਾਟੋ ਦਾ ਮੈਂਬਰ ਹੈ ਅਤੇ ਅਮਰੀਕਾ ਦੀ ਅਗਵਾਈ ਵਿਚ ਆਈæਐਸ਼ ਵਿਰੁੱਧ ਜੰਗ ਵਿਚ ਸ਼ਾਮਲ ਹੈ। ਭਾਵੇਂ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਤਖਤ ਪਲਟੇ ਲਈ ਇਸਲਾਮਿਕ ਕੱਟੜਪੰਥੀਆਂ ਦੇ ਆਗੂ ਫਤਹਿਉਲਾ ਗੁਲੇਨ ਅਤੇ ਉਸ ਦੇ ਸਮਰਥਕਾਂ ਨੂੰ ਜ਼ਿੰਮੇਵਾਰ ਦੱਸਿਆ ਹੈ, ਪਰ ਫੌਜ ਨੇ ਸੱਤਾ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦੌਰਾਨ ਜੋ ਬਿਆਨ ਜਾਰੀ ਕੀਤਾ ਗਿਆ ਹੈ, ਉਸ ਤੋਂ ਅਜਿਹਾ ਲਗਦਾ ਹੈ ਕਿ ਤਖਤਾ ਪਲਟਣ ਦੀ ਕੋਸ਼ਿਸ਼ ਫੌਜ ਅੰਦਰਲੇ ਧਰਮ ਨਿਰਪੱਖ ਅਨਸਰਾਂ ਵੱਲੋਂ ਕੀਤੀ ਗਈ ਹੈ।