ਪਾਣੀਆਂ ਦੇ ਮਸਲੇ ‘ਤੇ ਸਿਆਸੀ ਭਵਿੱਖ ਚਮਕਾਉਣ ਲਈ ਜ਼ੋਰ ਅਜ਼ਮਾਈ

ਚੰਡੀਗੜ੍ਹ: ਪੰਜਾਬ ਦੇ ਪਾਣੀਆਂ ਦੀ ਰਾਖੀ ਦੇ ਨਾਂ ਉਤੇ ਭਾਵੇਂ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਖਾਵੇ ਤੇ ਪੰਚਾਇਤਾਂ ਤੋਂ ਮਤੇ ਪਾਸ ਕਰਵਾਉਣ ਦਾ ਸਿਲਸਲਾ ਜਾਰੀ ਹੈ, ਪਰ ਪੰਜਾਬ ਦਾ ਤਕਰੀਬਨ 400 ਕਿਊਬਿਕ ਮੀਟਰ ਵਾਧੂ ਨਹਿਰੀ ਪਾਣੀ ਹਰ ਸੈਕਿੰਡ ਬਾਅਦ ਹਰਿਆਣਾ ਨੂੰ ਜਾਣ ਦਾ ਮਾਮਲਾ ਵਿਵਾਦਾਂ ਵਿਚ ਘਿਰ ਗਿਆ ਹੈ। ਬੇਸ਼ੱਕ ਸਰਕਾਰ ਨੇ ਨਹਿਰੀ ਪਾਣੀ ਬਚਾਉਣ ਲਈ ਕਿਸਾਨਾਂ ‘ਤੇ ਜਲ ਸੈੱਸ ਲਾ ਰੱਖਿਆ ਹੈ, ਪਰ ਇਸ ਦੇ ਬਾਵਜੂਦ ਨਹਿਰਾਂ ਦੀ ਸੰਭਾਲ ਨਾ ਹੋਣ ਕਾਰਨ ਅਜਿਹਾ ਪਾਣੀ ਦੂਜੇ ਸੂਬਿਆਂ ਦੇ ਖੇਤਾਂ ਵੱਲ ਲਗਾਤਾਰ ਜਾ ਰਿਹਾ ਹੈ।

ਵੇਰਵਿਆਂ ਅਨੁਸਾਰ ਪੰਜਾਬ ਵਾਲੇ ਪਾਸਿਉਂ ਭਾਖੜਾ ਮੇਨ ਲਾਈਨ (ਬੀæਐਮæਐਲ਼) ਤੇ ਨਰਵਾਣਾ ਬ੍ਰਾਂਚ ਨਾਂ ਦੀਆਂ ਦੋ ਵੱਡੀਆਂ ਨਹਿਰਾਂ ਹਰਿਆਣਾ ਵਿਚ ਦਾਖਲ ਹੁੰਦੀਆਂ ਹਨ ਤੇ ਇਨ੍ਹਾਂ ਰਾਹੀਂ ਹੀ ਪਹਿਲਾਂ ਹੋਏ ਸਮਝੌਤਿਆਂ ਮੁਤਾਬਕ ਹਰਿਆਣਾ ਨੂੰ ਉਸ ਦੇ ਹਿੱਸੇ ਦਾ ਤੈਅਸ਼ੁਦਾ ਪਾਣੀ ਪਹੁੰਚਦਾ ਹੈ। ਇਨ੍ਹਾਂ ਨਹਿਰਾਂ ਦੇ ਹਰਿਆਣਾ ਵਿਚ ਦਾਖਲ ਹੋਣ ਤੋਂ ਪਹਿਲਾਂ ਪੰਜਾਬ ਦੇ ਖੇਤਰ ਵਿਚ ਨਰਵਾਣਾ ਬਰਾਂਚ ਵਿਚੋਂ ਕੁੱਲ 422 ਕਿਊਬਿਕ ਸਮਰੱਥਾ ਦੇ ਪੰਜ ਅਤੇ ਬੀæਐਮæਐਲ਼ ਵਿਚੋਂ ਕੁਲ 860 ਕਿਊਜ਼ਿਕ ਸਮਰੱਥਾ ਵਾਲੇ 10 ਸੂਏ ਨਿਕਲਦੇ ਹਨ, ਜੋ ਮੁੱਖ ਤੌਰ ‘ਤੇ ਫਤਹਿਗੜ੍ਹ ਸਾਹਿਬ ਤੇ ਪਟਿਆਲਾ ਜ਼ਿਲ੍ਹਿਆਂ ਅਤੇ ਸੰਗਰੂਰ ਦੇ ਕੁਝ ਇਲਾਕੇ ਨੂੰ ਨਹਿਰੀ ਪਾਣੀ ਦਿੰਦੇ ਹਨ। ਬੀਤੇ ਕਾਫੀ ਅਰਸੇ ਤੋਂ ਇਨ੍ਹਾਂ ਸੂਇਆਂ ਦੀ ਸਹੀ ਢੰਗ ਨਾਲ ਸਾਂਭ ਸੰਭਾਲ ਅਤੇ ਸਫਾਈ ਨਾ ਹੋਣ ਕਾਰਨ ਇਹ ਆਪਣੀ ਪੂਰੀ ਸਮਰੱਥਾ ਦਾ ਮੁਸ਼ਕਲ ਨਾਲ 65 ਤੋਂ 70 ਪ੍ਰਤੀਸ਼ਤ ਪਾਣੀ ਹੀ ਲੈ ਰਹੇ ਹਨ। ਸੀæਪੀæਆਈ (ਐਮæਐਲ਼) ਲਿਬਰੇਸ਼ਨ ਦੇ ਸੂਬਾ ਸਕੱਤਰੇਤ ਮੈਂਬਰ ਕਾæ ਸੁਖਦਰਸ਼ਨ ਸਿੰਘ ਨੱਤ, ਜੋ ਖੁਦ ਸੇਵਾਮੁਕਤ ਇੰਜੀਨੀਅਰ ਹਨ, ਨੇ ਦੱਸਿਆ ਕਿ ਪੰਜਾਬ ਦਾ ਕਰੀਬ 400 ਕਿਊਜ਼ਿਕ ਨਹਿਰੀ ਪਾਣੀ ਬਿਨਾਂ ਕਿਸੇ ਗਿਣਤੀ ਮਿਣਤੀ ਦੇ ਹੀ 24 ਘੰਟੇ ਹਰਿਆਣਾ ਨੂੰ ਜਾ ਰਿਹਾ ਹੈ। ਲਿਬਰੇਸ਼ਨ ਆਗੂ ਦਾ ਕਹਿਣਾ ਹੈ ਕਿ ਉਹ ਹਰਿਆਣਾ ਸਮੇਤ ਕਿਸੇ ਵੀ ਗੁਆਂਢੀ ਸੂਬੇ ਦੇ ਖਿਲਾਫ਼ ਨਹੀਂ ਹਨ, ਪਰ ਪੰਜਾਬ ਦਾ ਬਣਦੇ ਹੱਕ ਹਾਸਲ ਕਰਨੇ ਅਤੇ ਬੇਸ਼ਕੀਮਤੀ ਦਰਿਆਈ ਪਾਣੀ ਸਮੇਤ ਆਪਣੇ ਹਿੱਸੇ ਆਉਂਦੇ ਕੁਦਰਤੀ ਸੋਮਿਆਂ ਦੀ ਸੁਚੱਜੀ ਵਰਤੋਂ ਤੇ ਸੰਭਾਲ ਹਰੇਕ ਜ਼ਿੰਮੇਵਾਰ ਧਿਰ ਲਈ ਬੇਹੱਦ ਜ਼ਰੂਰੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਦਾ ਰਿਕਾਰਡ ਅਤੇ ਕਾਰਗੁਜ਼ਾਰੀ ਬਹੁਤ ਮਾੜੀ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਹਰਿਆਣਾ ਵੱਲ ਵਾਧੂ ਵਗ ਰਹੇ ਇਸ ਨਹਿਰੀ ਪਾਣੀ ਦੀ ਯੋਗ ਵਰਤੋਂ ਲਈ ਫੌਰੀ ਲੋੜੀਂਦੀ ਕਾਰਵਾਈ ਕੀਤੀ ਜਾਵੇ।
______________________________________
ਪਾਣੀਆਂ ‘ਤੇ ਡਰਾਮਾ ਕਰ ਰਹੇ ਨੇ ਅਕਾਲੀ: ਭੱਠਲ
ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਵੱਲੋਂ ਪੰਚਾਇਤਾਂ ਨਾਲ ਮਿਲ ਕੇ ਐਸ਼ਵਾਈæਐਲ਼ ਦੇ ਮੁੱਦੇ ‘ਤੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਦੇਣ ਸਬੰਧੀ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਅਕਾਲੀ ਦਲ ਐਸ਼ਵਾਈæਐਲ਼ ਦੇ ਮੁੱਦੇ ‘ਤੇ ਡਰਾਮਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਭਾਜਪਾ ਸਰਕਾਰ ਹੈ ਅਤੇ ਹਰਿਆਣਾ ਵਿਚ ਵੀ ਭਾਜਪਾ ਸਰਕਾਰ ਹੈ, ਫਿਰ ਵੀ ਕੋਈ ਹੱਲ ਨਹੀਂ ਹੋ ਰਿਹਾ।
____________________________
ਸਿਆਸੀ ਰੋਟੀਆਂ ਨਾ ਸੇਕੇ ਕਾਂਗਰਸ: ਬਾਦਲ
ਹੁਸ਼ਿਆਰਪੁਰ: ਕਾਂਗਰਸ ਨੂੰ ਸਤਲੁਜ-ਯਮੁਨਾ ਲਿੰਕ ਨਹਿਰ ‘ਤੇ ਬੇਲੋੜੀ ਬਿਆਨਬਾਜ਼ੀ ਬੰਦ ਕਰਨ ਦੀ ਸਲਾਹ ਦਿੰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਪਾਣੀ ਦੀ ਲੜਾਈ ਸੂਬੇ ਲਈ ਲੜ ਰਹੀ ਹੈ ਨਾ ਕਿ ਸ਼੍ਰੋਮਣੀ ਅਕਾਲੀ ਦਲ ਲਈ। ਉਨ੍ਹਾਂ ਕਿਹਾ ਕਿ ਐਸ਼ਵਾਈæਐਲ਼ ਦਾ ਮਾਮਲਾ ਸੁਪਰੀਮ ਕੋਰਟ ਵਿਚ ਹੈ, ਇਸ ਦੇ ਬਾਵਜੂਦ ਕਾਂਗਰਸ ਇਸ ‘ਤੇ ਸਿਆਸੀ ਰੋਟੀਆਂ ਸੇਕ ਰਹੀ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਅਗਲੀ ਰਣਨੀਤੀ ‘ਤੇ ਵਿਚਾਰ ਕੀਤਾ ਜਾਵੇਗਾ।