-ਜਤਿੰਦਰ ਪਨੂੰ
ਫਰਾਂਸ ਦੇ ਸਮੁੰਦਰੀ ਕੰਢੇ ਵੱਸਦੇ ਛੋਟੇ ਜਿਹੇ ਸ਼ਹਿਰ ਨੀਸ ਵਿਚ ਬੀਤੀ ਚੌਦਾਂ ਜੁਲਾਈ ਨੂੰ ਵਾਪਰੇ ਦੁਖਾਂਤ ਨੇ ਇਹ ਸਵਾਲ ਪੁੱਛਣ ਲਈ ਬਹੁਤ ਸਾਰੇ ਲੋਕਾਂ ਨੂੰ ਮਜਬੂਰ ਕਰ ਦਿੱਤਾ ਹੈ ਕਿ ਜਿੱਥੇ ਅਸੀਂ ਬੈਠੇ ਹਾਂ, ਕੀ ਅਸੀਂ ਉਥੇ ਪੂਰੀ ਤਰ੍ਹਾਂ ਸੁਰੱਖਿਅਤ ਹਾਂ? ਉਂਜ ਬਹੁਤ ਸਾਰੇ ਮਾਮਲਿਆਂ ਵਿਚ ਸੁਰੱਖਿਆ ਦੇ ਵੱਡੇ ਤੋਂ ਵੱਡੇ ਮਾਹਰ ਇਹ ਗੱਲ ਕਹਿ ਦਿੰਦੇ ਹਨ ਕਿ ਸੌ ਫੀਸਦੀ ਗਾਰੰਟੀ ਕਦੀ ਕਿਸੇ ਪ੍ਰਬੰਧ ਬਾਰੇ ਦੇਣੀ ਮੁਸ਼ਕਲ ਹੁੰਦੀ ਹੈ, ਪਰ ਜਿਹੜੇ ਪ੍ਰਬੰਧ ਉਹ ਖੁਦ ਕਰ ਰਹੇ ਹੁੰਦੇ ਹਨ, ਉਨ੍ਹਾਂ ਉਤੇ ਭਰੋਸਾ ਰੱਖਣ ਲਈ ਪੂਰੇ ਜ਼ੋਰ ਨਾਲ ਆਖਦੇ ਹਨ। ਪਿਛਲੇ ਸਮੇਂ ਦੌਰਾਨ ਜਿਹੜੇ ਹਾਲਾਤ ਸੰਸਾਰ ਵਿਚ ਵੇਖਣ ਨੂੰ ਮਿਲੇ ਹਨ, ਤੇ ਉਨ੍ਹਾਂ ਦਾ ਵਹਿਣ ਅਜੇ ਜਾਰੀ ਹੈ, ਉਨ੍ਹਾਂ ਨੂੰ ਵੇਖਦੇ ਹੋਏ ਇਹ ਗੱਲ ਆਮ ਕਹੀ ਜਾਣ ਲੱਗੀ ਹੈ ਕਿ ਕਿਤੇ ਵੀ, ਕਦੇ ਵੀ, ਕੁਝ ਵੀ ਵਾਪਰ ਸਕਦਾ ਹੈ। ਅਸਲੋਂ ਹੀ ਬੇਯਕੀਨੀ ਦਾ ਮਾਹੌਲ ਬਣ ਗਿਆ ਜਾਪਦਾ ਹੈ।
ਸਾਡੀ ਪੀੜ੍ਹੀ ਦੇ ਲੋਕ ਇਸ ਗੱਲੋਂ ਦੁਖੀ ਹਨ ਕਿ ਅਸੀਂ ਜਿਹੜੇ ਮਾਹੌਲ ਵਿਚ ਬਚਪਨ ਦੇ ਦਿਨ ਗੁਜ਼ਾਰੇ ਸਨ, ਉਸ ਵਿਚ ਇਸ ਤਰ੍ਹਾਂ ਦਾ ਕਦੇ ਕੋਈ ਸਹਿਮ ਨਹੀਂ ਸੀ ਹੁੰਦਾ ਅਤੇ ਅਗਲੀ ਪੀੜ੍ਹੀ ਲਈ ਜਿਸ ਤਰ੍ਹਾਂ ਦਾ ਆਹ ਮਾਹੌਲ ਅਸੀਂ ਬਣਦਾ ਵੇਖ ਰਹੇ ਹਾਂ, ਇਹ ਗੁਨਾਹ ਸਾਡੀਆਂ ਅੱਖਾਂ ਸਾਹਮਣੇ ਹੋਇਆ ਹੈ।
ਜੰਗਾਂ ਆਮ ਲੋਕ ਨਹੀਂ ਲਾਉਂਦੇ, ਉਹ ਸਿਰਫ ਭੁਗਤਦੇ ਹੀ ਹਨ। ‘ਖੇਡਣ ਦੀ ਇੱਛਾ ਰੱਖੇ ਬਗੈਰ ਸਿਆਸਤ ਦੇ ਜੂਏ ਵਿਚ ਆਪਣੇ ਸਿਰਾਂ ਦੇ ਸਾਈਂ ਹਾਰ ਚੁੱਕੀਆਂ ਦੋ ਪੰਜਾਬਣਾਂ’ ਬਾਰੇ ਬਾਈ ਕੁ ਸਾਲ ਪਹਿਲਾਂ ਅਸੀਂ ਲਿਖਣ ਵਾਸਤੇ ਕਲਮ ਉਠਾਈ ਸੀ, ਉਹ ਲੇਖ ਲਿਖਣ ਤੇ ਦੋਬਾਰਾ ਪੜ੍ਹ ਕੇ ਸੋਧਣ ਵੇਲੇ ਹੰਝੂ ਸੰਭਾਲਣੇ ਔਖੇ ਹੋ ਗਏ ਸਨ। ਦੁਖਾਂਤ ਦੇ ਹਾਲਾਤ ਨੂੰ ਹੰਢਾਉਣ ਵਾਲੀਆਂ ਉਨ੍ਹਾਂ ਦੋਵਾਂ ਪੰਜਾਬਣਾਂ ਨਾਲ ਮੇਰੀ ਕਿਸੇ ਤਰ੍ਹਾਂ ਦੀ ਰਿਸ਼ਤੇਦਾਰੀ ਨਹੀਂ ਸੀ, ਪਰ ਮੇਰੀ ਮਾਂ ਦੀ ਉਮਰ ਦੀਆਂ ਉਨ੍ਹਾਂ ਔਰਤਾਂ ਦਾ ਦਰਦ ਮੈਨੂੰ ਪੰਜਾਬੀਅਤ ਦਾ ਦਰਦ ਜਾਪਦਾ ਸੀ। ਅੱਜ ਜਿਹੜਾ ਦਰਦ ਫਰਾਂਸ ਵਿਚਲੇ ਉਸ ਬਹੁਤ ਘੱਟ ਜਾਣੇ ਜਾਂਦੇ ਛੋਟੇ ਜਿਹੇ ਸ਼ਹਿਰ ਦੇ ਲੋਕਾਂ ਨੂੰ ਭੁਗਤਣਾ ਪਿਆ ਹੈ, ਉਨ੍ਹਾਂ ਲੋਕਾਂ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਬੰਧ ਨਾ ਹੋਣ ਦੇ ਬਾਵਜੂਦ ਉਨ੍ਹਾਂ ਪੰਜਾਬਣਾਂ ਦੇ ਦਰਦ ਵਾਂਗ ਮਹਿਸੂਸ ਕੀਤਾ ਹੈ। ਲੋਕਾਂ ਨੂੰ ਕੁਚਲਦਾ ਕਾਤਲ ਦਾ ਟਰੱਕ ਜਦੋਂ ਇੱਕ ਕੁੜੀ ਤੇ ਫਿਰ ਇੱਕ ਬੱਚੇ ਦੇ ਉਪਰ ਦੀ ਲੰਘਦਾ ਹੈ, ਉਹ ਤਸਵੀਰ ਵੇਖਣ ਦੇ ਬਾਅਦ ਸਾਨੂੰ ਏਦਾਂ ਦੀ ਮੁਸੀਬਤ ਦੇ ਕਈ ਮੌਕੇ ਇੱਕਦਮ ਯਾਦ ਆ ਸਕਦੇ ਹਨ। ਇਹ ਤਸਵੀਰਾਂ ਸਾਡੇ ਵਿਚੋਂ ਹਰ ਉਸ ਬੰਦੇ ਦੀ ਨੀਂਦ ਉਡਾ ਸਕਦੀਆਂ ਹਨ, ਜਿਸ ਦੇ ਅੰਦਰ ਇਨਸਾਨੀਅਤ ਹਾਲੇ ਜ਼ਿੰਦਾ ਹੈ।
ਇੱਕ ਮਾੜਾ ਦੌਰ ਸਾਡੀ ਪੀੜ੍ਹੀ ਦਾ ਬਚਪਨ ਸ਼ੁਰੂ ਹੋਣ ਤੋਂ ਕੁਝ ਸਾਲ ਪਹਿਲਾਂ ਉਦੋਂ ਦਾ ਸੀ, ਜਦੋਂ ਹਿਟਲਰ ਨੇ ਸਾਰੀ ਦੁਨੀਆਂ ਉਤੇ ਕਬਜ਼ਾ ਕਰਨ ਲਈ ਫੌਜਾਂ ਚਾੜ੍ਹੀਆਂ ਸਨ। ਜਿਨ੍ਹਾਂ ਲੋਕਾਂ ਨੂੰ ਉਸ ਦੀ ਫੌਜ ਕੈਦ ਕਰ ਲੈਂਦੀ ਸੀ, ਉਨ੍ਹਾਂ ਨੂੰ ਗੈਸ ਦੇ ਚੈਂਬਰਾਂ ਵਿਚ ਸੁੱਟ ਕੇ ਮਾਰਿਆ ਜਾਂਦਾ ਸੀ। ਨਿਊਰਮਬਰਗ ਟਰਾਇਲ ਦੀ ਡਾਇਰੀ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਕਈ ਵਾਰੀ ਕੈਦੀਆਂ ਨੂੰ ਇਹ ਆਖ ਕੇ ਕਿਸੇ ਵੱਡੇ ਗੋਦਾਮ ਵਿਚ ਭੇਜਿਆ ਗਿਆ ਕਿ ਉਧਰ ਨਹਾਉਣ ਲਈ ਪਾਣੀ ਦੇ ਫੁਹਾਰੇ ਹਨ, ਪਰ ਜਦੋਂ ਉਹ ਉਨ੍ਹਾਂ ਫੁਹਾਰਿਆਂ ਹੇਠ ਹੋਏ ਤਾਂ ਉਨ੍ਹਾਂ ਦੇ ਸਰੀਰ ਗਾਲਣ ਵਾਲਾ ਪਦਾਰਥ ਉਨ੍ਹਾਂ ਉਤੇ ਸੁੱਟ ਦਿੱਤਾ ਗਿਆ ਤੇ ਪਲਾਂ ਵਿਚ ਖਤਮ ਕਰ ਦਿੱਤੇ ਗਏ ਸਨ। ਮੁਕੱਦਮੇ ਦੌਰਾਨ ਇੱਕ ਵਾਰ ਇੱਕ ਸਿਰ ਵੀ ਜੱਜਾਂ ਅੱਗੇ ਪੇਸ਼ ਕੀਤਾ ਗਿਆ, ਜਿਹੜਾ ਕਿਸੇ ਦੇ ਘਰ ਪਏ ਸ਼ੋਅ-ਪੀਸ ਵਰਗਾ ਸੀ, ਇਹ ਕਿਸੇ ਜਰਮਨ ਜਰਨੈਲ ਦੇ ਘਰੋਂ ਮਿਲਿਆ ਸ਼ੋਅ-ਪੀਸ ਸੀ। ਖਾਸ ਗੱਲ ਇਸ ਵਿਚ ਇਹ ਸੀ ਕਿ ਇਹ ਕਿਸੇ ਇਨਸਾਨ ਦਾ ਅਸਲੀ ਸਿਰ ਵੱਢ ਕੇ ਅੰਦਰੋਂ ਸਾਰਾ ਖੁਰਚਣ ਪਿੱਛੋਂ ਨਕਲੀ ਮਾਲ ਭਰ ਕੇ ਉਸ ਜਰਨੈਲ ਨੇ ਆਪਣੇ ਲਈ ਬਣਵਾਇਆ ਸੀ।
ਹਿਟਲਰ ਦਾ ਇੱਕ ਸਾਥੀ ਇੱਕ ਵਾਰੀ ਉਸ ਨੂੰ ਪੁੱਛ ਬੈਠਾ ਕਿ ਏਨੇ ਜ਼ੁਲਮ ਕਰਦਾ ਕਿਉਂ ਹੈਂ, ਅੱਗੋਂ ਉਸ ਦਾ ਜਵਾਬ ਸੀ ਕਿ ਮੈਂ ਭਵਿੱਖ ਵਿਚ ਸੋਹਣੀ ਦੁਨੀਆਂ ਬਣਾਉਣੀ ਚਾਹੁੰਦਾ ਹਾਂ, ਜਿਸ ਵਾਸਤੇ ਮੈਂ ਆਪਣੀ ਕੌਮ ਦੇ ਫੁੱਲਾਂ ਵਰਗੇ ਨੌਜਵਾਨ ਜੰਗ ਦੀ ਭੱਠੀ ਵਿਚ ਝੋਕ ਰਿਹਾ ਹਾਂ, ਇਸ ਲਈ ਹੋਰਨਾਂ ਉਤੇ ਵੀ ਤਰਸ ਨਹੀਂ ਕਰ ਸਕਦਾ। ਸੰਸਾਰ ਨੂੰ ਦਹਿਸ਼ਤਗਰਦੀ ਦੀ ਭੱਠੀ ਵਿਚ ਝੋਕਣ ਲਈ ਜਿਹੜਾ ਵੀ ਤੁਰਦਾ ਹੈ, ਉਹ ਲੋਕਾਂ ਨੂੰ ਸੋਹਣੇ ਭਵਿੱਖ ਦੇ ਸੁਫਨੇ ਦਿਖਾ ਕੇ ਹੀ ਕੁਰਾਹੇ ਪਾਉਂਦਾ ਹੈ। ਅੱਜ ਦੇ ਇਸਲਾਮੀ ਦਹਿਸ਼ਤਗਰਦੀ ਦੇ ਮੁਹਰੈਲ ਵੀ ਇਹੋ ਬੇਹੂਦਗੀ ਕਰਦੇ ਹਨ।
ਇਹ ਗੱਲ ਕਹਿਣ ਨੂੰ ਚੰਗੀ ਲੱਗਦੀ ਹੈ ਕਿ ‘ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰਖਨਾ’, ਸੱਚਾਈ ਇਹ ਹੈ ਕਿ ਸੰਸਾਰ ਨੇ ਸਦੀਆਂ ਤੇ ਯੁੱਗਾਂ ਦੇ ਪੈਂਡੇ ਦੌਰਾਨ ਮਜ਼ਹਬ ਦੇ ਨਾਂ ਉਤੇ ਜਿੰਨਾ ਖੂਨ ਵਗਦਾ ਵੇਖਿਆ ਹੈ, ਬਾਕੀ ਸਾਰੀਆਂ ਜੰਗਾਂ ਵਿਚ ਤਬਾਹੀ ਦਾ ਉਹ ਪੱਧਰ ਸ਼ਾਇਦ ਨਹੀਂ ਵੇਖਿਆ ਹੋਵੇਗਾ। ਕਿਸੇ ਨੂੰ ਸਲੀਬ ਉਤੇ ਟੰਗਣ ਤੋਂ ਲੈ ਕੇ ਕਿਸੇ ਨੂੰ ਨੀਂਹਾਂ ਵਿਚ ਚਿਣਨ, ਦੇਗ ਵਿਚ ਉਬਾਲਣ ਅਤੇ ਆਰੇ ਨਾਲ ਚੀਰ ਦੇਣ ਦੇ ਸਾਰੇ ਜ਼ੁਲਮ ਮਜ਼ਹਬ ਦੇ ਨਾਂ ਹੇਠ ਹੋਏ ਸਨ। ਹੋਰਨਾਂ ਨੂੰ ਛੱਡ ਦਿਓ, ਇੱਕ ਵਾਰੀ ਈਸਾਈਅਤ ਨੇ ਆਪਣੀ ਇੱਕ ਕੁੜੀ ਨੂੰ ਚੁੜੇਲ ਹੋਣ ਦਾ ਫਤਵਾ ਦੇ ਕੇ ਜਿੰਦਾ ਸਾੜਿਆ ਤੇ ਡੇਢ ਸਦੀ ਬਾਅਦ ਮੰਨਿਆ ਸੀ ਕਿ ਗਲਤੀ ਹੋ ਗਈ, ਉਹ ਮੁਟਿਆਰ ਚੁੜੇਲ ਨਹੀਂ, ਇੱਕ ਮਹਾਨ ਸੰਤਣੀ ਸੀ। ਫਿਰ ਉਸ ਨੂੰ ਬਾਕਾਇਦਾ ਸੰਤਣੀ ਦੀ ਉਪਾਧੀ ਦਿੱਤੀ ਸੀ। ਸਿਰਫ ਆਪਣਾ ਧਰਮ ਉਤਮ ਮੰਨਣ ਤੇ ਬਾਕੀਆਂ ਨੂੰ ਦੁਨੀਆਂ ਦਾ ਬੋਝ ਸਮਝਣ ਤੋਂ ਤੁਰਦੀ ਸੋਚਣੀ ਆਪਣੇ ਧਰਮ ਦੇ ਝੰਡੇ ਦੁਨੀਆਂ ਉਤੇ ਝੁਲਾਉਣ ਲਈ ਹੋਰਨਾਂ ਨੂੰ ਮਾਰਨ ਤੇ ਆਪ ਮਰਨ ਦੀ ਉਸ ਲੜਾਈ ਤੱਕ ਲੈ ਜਾਂਦੀ ਹੈ, ਜਿਸ ਨੂੰ ਦਹਿਸ਼ਤਗਰਦੀ ਕਿਹਾ ਜਾਂਦਾ ਹੈ ਅਤੇ ਜਿਹੜੀ ਸਾਡੇ ਸਮਿਆਂ ਦਾ ਸਭ ਤੋਂ ਵੱਡਾ ਖਤਰਾ ਬਣ ਕੇ ਇਸ ਸੰਸਾਰ ਦੇ ਸਾਹਮਣੇ ਆ ਰਹੀ ਹੈ।
ਬਹੁਤ ਸਾਰੇ ਵਰਤਾਰੇ ਇਸ ਸੰਸਾਰ ਵਿਚ ਕੁਦਰਤੀ ਹੁੰਦੇ ਹਨ, ਪਰ ਦਹਿਸ਼ਤਗਰਦੀ ਦਾ ਵਰਤਾਰਾ ਇਸ ਤਰ੍ਹਾਂ ਦਾ ਨਹੀਂ ਕਿ ਇਸ ਨੂੰ ਆਪ-ਮੁਹਾਰੇ ਫੁੱਟਦਾ ਕਿਹਾ ਜਾ ਸਕੇ। ਇਸ ਦੀ ਜ਼ਹਿਰੀਲੀ ਦਾਬ ਪਹਿਲਾਂ ਰਾਜਨੀਤੀ ਜਾਂ ਕੂਟਨੀਤੀ ਦਾ ਕੋਈ ਨਾ ਕੋਈ ਮਦਾਰੀ ਲਾਉਂਦਾ ਹੈ ਤੇ ਫਿਰ ਉਹ ਆਪਣੇ ਆਪ ਵਧਦੀ ਹੋਈ ਕਈ ਵਾਰ ਦਾਬ ਲਾਉਣ ਵਾਲੇ ਲਈ ਖਤਰਾ ਬਣ ਜਾਂਦੀ ਹੈ। ਅਮਰੀਕਾ ਅਤੇ ਉਸ ਦੇ ਸਾਥੀ ਦੇਸ਼ਾਂ ਨਾਲ ਇਹੋ ਵਾਪਰ ਰਿਹਾ ਹੈ। ਉਨ੍ਹਾਂ ਨੇ ਇਹ ਦਾਬ ਉਦੋਂ ਲਾਈ ਸੀ, ਜਦੋਂ ਸਾਡੀ ਪੀੜ੍ਹੀ ਅਜੇ ਮੁੱਛ ਫੁੱਟਦੀ ਉਮਰ ਦੀ ਸੀ। ਅਫਗਾਨਿਸਤਾਨ ਵਿਚ ਰੂਸ ਪੱਖੀ ਇੱਕ ਸਰਕਾਰ ਬਣ ਗਈ ਤਾਂ ਉਸ ਨੂੰ ਪਲਟਣ ਲਈ ਅਮਰੀਕਾ ਦੇ ਉਦੋਂ ਦੇ ਬਦ-ਦਿਮਾਗ ਹਾਕਮਾਂ ਨੇ ਗਵਾਂਢ ਦੇ ਦੇਸ਼ ਪਾਕਿਸਤਾਨ ਨੂੰ ਅੱਡਾ ਬਣਾ ਕੇ ਦਹਿਸ਼ਤਗਰਦਾਂ ਦੀ ਪਹਿਲੀ ਪਨੀਰੀ ਉਥੋਂ ਤਿਆਰ ਕੀਤੀ ਸੀ। ਉਦੋਂ ਉਹ ਮੁਜਾਹਿਦ ਅਖਵਾਉਂਦੇ ਸਨ। ਫਿਰ ਜਦੋਂ ਰੂਸ ਵਿਚ ਸੋਵੀਅਤ ਸਰਕਾਰ ਦਾ ਭੋਗ ਪੈ ਗਿਆ ਤੇ ਅਫਗਾਨਿਸਤਾਨ ਵਿਚ ਉਨ੍ਹਾਂ ਦੇ ਪੱਖ ਦੀ ਸਰਕਾਰ ਦੀ ਮਦਦ ਕਰਨ ਵਾਲਾ ਕੋਈ ਨਾ ਰਿਹਾ ਤਾਂ ਅਮਰੀਕੀ ਕਮਾਂਡਰਾਂ ਦੀ ਦਿੱਤੀ ਜੰਗ-ਨੀਤੀ ਨਾਲ ਉਥੇ ਮੁਜਾਹਿਦੀਨ ਨੇ ਕਬਜ਼ਾ ਕਰ ਲਿਆ ਸੀ।
ਰੂਸ ਪੱਖੀ ਹਾਕਮ ਨਜੀਬੁਲਾ ਨੂੰ ਜਦੋਂ ਯੂæਐਨæਓæ ਦੇ ਮਿਸ਼ਨ ਵਿਚੋਂ ਫੜਿਆ ਗਿਆ ਤਾਂ ਉਸ ਨੂੰ ਤੇ ਉਸ ਦੇ ਭਰਾ ਨੂੰ ਟਰੱਕ ਪਿੱਛੇ ਬੰਨ੍ਹ ਕੇ ਰਾਜਧਾਨੀ ਦੀਆਂ ਸੜਕਾਂ ਉਤੇ ਘਸੀਟਿਆ ਤੇ ਉਨ੍ਹਾਂ ਦੇ ਸਿਰ ਲਾਹ ਕੇ ਰਾਜਧਾਨੀ ਕਾਬਲ ਦੇ ਵਿਚਾਲੇ ਇੱਕ ਖੰਭੇ ਨਾਲ ਟੰਗੇ ਗਏ ਸਨ। ਅਮਰੀਕੀ ਹਾਕਮਾਂ ਨੂੰ ਉਦੋਂ ਸਮਝ ਲੱਗ ਜਾਣੀ ਚਾਹੀਦੀ ਸੀ ਕਿ ਮੱਧ ਯੁੱਗ ਵਾਲਾ ਇਹ ਵਹਿਸ਼ੀਪੁਣਾ ਜਿਹੜੇ ਸਿਰਾਂ ਨੂੰ ਚੜ੍ਹੀ ਜਾਂਦਾ ਹੈ, ਇਹ ਕਾਬਲ ਤੱਕ ਰੁਕਣ ਵਾਲੇ ਨਹੀਂ ਹੋਣਗੇ ਅਤੇ ਜਨੂੰਨੀ ਕਾਤਲਾਂ ਦੀ ਧਾੜ ਦੇ ਇਸ ਨਮੂਨੇ ਦਾ ਕੋਈ ਇਸ ਤੋਂ ਵੱਧ ਖਤਰਨਾਕ ਮਾਡਲ ਕਿਸੇ ਦਿਨ ਅਮਰੀਕਾ ਦੇ ਆਪਣੇ ਦੇਸ਼ ਉਤੇ ਹਮਲਾ ਕਰਨ ਲਈ ਵੀ ਤੁਰ ਸਕਦਾ ਹੈ। ਹੋਇਆ ਵੀ ਇਹੋ ਸੀ।
ਜਦੋਂ ਤਾਲਿਬਾਨ ਹਕੂਮਤ ਦੌਰਾਨ ਓਸਾਮਾ ਬਿਨ ਲਾਦਿਨ ਦੇ ਤਿਆਰ ਕੀਤੇ ਦਹਿਸ਼ਤਗਰਦਾਂ ਨੇ ਵਰਲਡ ਟਰੇਡ ਸੈਂਟਰ ਦੇ ਦੋ ਟਾਵਰਾਂ ਨੂੰ ਜਾ ਤੋੜਿਆ ਤਾਂ ਅਮਰੀਕਾ ਹਿੱਲ ਗਿਆ। ਉਸ ਮਗਰੋਂ ਵੀ ਅਮਰੀਕੀ ਹਾਕਮਾਂ ਨੇ ਦਹਿਸ਼ਤਗਰਦੀ ਬਾਰੇ ਸਿੱਧੀ ਸੇਧ ਵਿਚ ਚੱਲਣ ਵਾਲੀ ਨੀਤੀ ਨਹੀਂ ਸੀ ਅਪਨਾਈ। ਰੂਸ ਖਿਲਾਫ ਲੜ ਰਹੇ ਕਾਸੋਵੋ ਦੇ ਦਹਿਸ਼ਤਗਰਦਾਂ ਨੂੰ ਉਹ ਸ਼ਹਿ ਦਿੰਦਾ ਰਿਹਾ ਤੇ ਭਾਰਤ ਦੇ ਖਿਲਾਫ ਦਹਿਸ਼ਤਗਰਦੀ ਵਾਲੀ ਲੁਕਵੀਂ ਜੰਗ ਲੜਦੇ ਪਏ ਪਾਕਿਸਤਾਨ ਨੂੰ ਕਦੇ ਝਿੜਕਣ ਅਤੇ ਕਦੇ ਪਲੋਸਣ ਦੀ ਨੀਤੀ ਉਤੇ ਚੱਲਦਾ ਰਿਹਾ। ਉਹ ਨੀਤੀ ਹੁਣ ਖੁਦ ਉਸ ਨੂੰ ਮਹਿੰਗੀ ਪੈਣ ਲੱਗੀ ਹੈ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਅੱਗੇ ਲਾ ਕੇ ਸਾਰੀ ਦੁਨੀਆਂ ਨੂੰ ਦਹਿਸ਼ਤਗਰਦੀ ਵਿਰੁਧ ਜੰਗ ਵਿਚ ਇਕੱਠੇ ਹੋਣ ਦਾ ਹੋਕਾ ਦੇਣ ਲੱਗ ਪਿਆ ਹੈ। ਨੀਤੀ ਫਿਰ ਇਸ ਤਰ੍ਹਾਂ ਦੀ ਹੈ ਕਿ ਫਸ ਗਿਆ ਤਾਂ ਨਰਿੰਦਰ ਮੋਦੀ ਤੇ ਭਾਰਤ ਦੇਸ਼ ਭੁਗਤਦਾ ਰਹੇਗਾ, ਅਸੀਂ ਓਨੀ ਦੇਰ ਤੱਕ ਆਪਣੇ ਖੰਗੂਰੇ ਉਤੇ ਚੱਲਣ ਲਈ ਕਿਸੇ ਹੋਰ ਦੇਸ਼ ਦੇ ਇਹੋ ਜਿਹੇ ਪਿਆਦੇ ਤਿਆਰ ਕਰ ਲਵਾਂਗੇ। ਉਸ ਦੀ ਇਹ ਨੀਤੀ ਪਿਛਲੇ ਸਮਿਆਂ ਵਿਚ ਸੰਸਾਰ ਲਈ ਘਾਟੇਵੰਦੀ ਰਹੀ ਹੈ, ਉਸ ਦੇ ਆਪਣੇ ਦੇਸ਼ ਦੇ ਲੋਕਾਂ ਵਾਸਤੇ ਵੀ ਚੰਗੀ ਨਹੀਂ ਰਹੀ ਅਤੇ ਅੱਗੋਂ ਵੀ ਇਹੋ ਹੋਵੇਗਾ।
ਸਾਡੇ ਭਾਰਤ ਦੇ ਇੱਕ ਪ੍ਰਸਿੱਧ ਕਾਰਟੂਨਿਸਟ ਨੇ ਬੜੇ ਸਾਲ ਪਹਿਲਾਂ ਤਿੰਨ ਹਿੱਸਿਆਂ ਦਾ ਇੱਕ ਵਿਅੰਗ ਚਿੱਤਰ ਬਣਾ ਕੇ ਪੇਸ਼ ਕੀਤਾ ਸੀ। ਉਸ ਦੇ ਪਹਿਲੇ ਹਿੱਸੇ ਵਿਚ ਕਲਾਕਾਰ ਇੱਕ ਵਿਅਕਤੀ ਦੀ ਤਸਵੀਰ ਬਣਾਉਂਦਾ ਤੇ ਉਸ ਨੂੰ ਬਦਮਾਸ਼ੀ ਮੁੱਛਾਂ ਲਾਉਣ ਪਿੱਛੋਂ ਉਸ ਦੇ ਹੱਥ ਵਿਚ ਪਿਸਤੌਲ ਵੀ ਫੜਾ ਦਿੰਦਾ ਹੈ। ਦੂਸਰੀ ਤਸਵੀਰ ਵਿਚ ਉਹ ਆਪਣੇ ਬਣਾਏ ਬਦਮਾਸ਼ ਦਾ ਚਿੱਤਰ ਵੇਖ ਕੇ ਖੁਸ਼ ਹੁੰਦਾ ਹੈ ਕਿ ਇਹ ਬਿਲਕੁਲ ਅਸਲੀ ਜਾਪਦਾ ਹੈ। ਇਸ ਦੇ ਬਾਅਦ ਤੀਸਰੀ ਤਸਵੀਰ ਵਿਚ ਉਹ ਬਦਮਾਸ਼ ਫਰੇਮ ਵਿਚੋਂ ਨਿਕਲ ਕੇ ਅਸਲੀ ਬਦਮਾਸ਼ ਬਣਦਾ ਤੇ ਬਣਾਉਣ ਵਾਲੇ ਉਸ ਕਲਾਕਾਰ ਨੂੰ ਉਸੇ ਦੇ ਬਣਾਏ ਤਸਵੀਰ ਵਾਲੇ ਪਿਸਤੌਲ ਨਾਲ ਗੋਲੀ ਮਾਰ ਦਿੰਦਾ ਹੈ।
ਉਦੋਂ ਅਸੀਂ ਤਸਵੀਰ ਵੇਖੀ ਤੇ ਹੱਸਦਿਆਂ ਪਾਸੇ ਰੱਖ ਦਿੱਤੀ ਸੀ। ਅੱਜ ਉਸ ਤਸਵੀਰ ਦੇ ਅਰਥ ਸਮਝ ਆ ਰਹੇ ਹਨ। ਕਲਾਕਾਰ ਵੱਲੋਂ ਬਦਮਾਸ਼ ਦੀ ਤਸਵੀਰ ਬਣਾਉਣ ਵਾਂਗ ਅਫਗਾਨਿਸਤਾਨ ਦੇ ਜਹਾਦ ਦੇ ਬਹਾਨੇ ਜਿਹੜੇ ਜਨੂੰਨੀਆਂ ਦੀ ਸਿਰਜਣਾ ਅੱਜ ਤੋਂ ਸਾਢੇ ਤਿੰਨ ਦਹਾਕੇ ਪਹਿਲਾਂ ਅਮਰੀਕੀ ਹਾਕਮਾਂ ਨੇ ਕੀਤੀ ਸੀ, ਤਸਵੀਰ ਵਾਲੇ ਉਸ ਕਾਲਪਨਿਕ ਬਦਮਾਸ਼ ਵਾਂਗ ਉਦੋਂ ਦੇ ਜਹਾਦੀ ਅੱਜ ਦੇ ਦਹਿਸ਼ਤਗਰਦਾਂ ਦੇ ਰੂਪ ਵਿਚ ਬਹੁਤ ਸਾਰੀਆਂ ਜਥੇਬੰਦੀਆਂ ਬਣਾ ਕੇ ਸੰਸਾਰ ਦੇ ਸਾਹਮਣੇ ਖੜੇ ਹਨ।
ਮਨੁੱਖ ਵਿਗਿਆਨ ਦੇ ਖੇਤਰ ਦੀ ਤਰੱਕੀ ਕਰਦਾ ਅਣਗਾਹੇ ਪੁਲਾੜ ਵਿਚ ਤਾਰਿਆਂ ਦੀ ਖੋਜ ਕਰਨ ਤੱਕ ਪਹੁੰਚ ਗਿਆ, ਪਰ ਮਨੁੱਖਤਾ ਇਸ ਸਹਿਮ ਹੇਠ ਹੀ ਮਰਨੇ ਪਈ ਹੈ ਕਿ ਭਲਕ ਦਾ ਸੂਰਜ ਵੇਖਾਂਗੇ ਜਾਂ ਨਹੀਂ! ਦੂਸਰੀ ਸੰਸਾਰ ਜੰਗ ਦੌਰਾਨ ਪੰਜ ਕਰੋੜ ਤੋਂ ਵੱਧ ਮਨੁੱਖੀ ਜਾਨਾਂ ਦੀ ਕੁਰਬਾਨੀ ਦੇ ਕੇ ਸਾਡੇ ਤੋਂ ਪਹਿਲੀ ਪੀੜ੍ਹੀ ਨੇ ਸਾਡੇ ਲਈ ਜਿਸ ਤਰ੍ਹਾਂ ਦਾ ਅਮਨ ਦਾ ਮਾਹੌਲ ਸਿਰਜਿਆ ਸੀ, ਸਾਡੀ ਪੀੜ੍ਹੀ ਸੰਭਾਲ ਨਹੀਂ ਸਕੀ। ਅਗਲੀ ਪੀੜ੍ਹੀ ਲਈ ਅਸੀਂ ਕਈ ਤਰ੍ਹਾਂ ਦੇ ਕੰਪਿਊਟਰ, ਐਪ ਅਤੇ ਕਈ ਕੁਝ ਹੋਰ ਬਣਾ ਦਿੱਤਾ ਹੈ, ਪਰ ਉਹ ਪੀੜ੍ਹੀ ਇਹ ਸੁੱਖ ਮਾਨਣ ਨੂੰ ਜਿੰਦਾ ਰਹੇਗੀ ਜਾਂ ਨਹੀਂ, ਇਹ ਗਾਰੰਟੀ ਨਹੀਂ ਦੇ ਸਕਦੇ। ਇਹ ਸਥਿਤੀ ਅਮਰੀਕੀ ਹਾਕਮਾਂ ਦੇ ਕਾਰਨ ਬਣੀ ਹੈ। ਇਸ ਪੀੜ੍ਹੀ ਵਿਚਲੇ ਲੋਕ ਏਨੇ ‘ਬੇਚਾਰੇ’ ਜਿਹੇ ਹੋ ਗਏ ਹਨ ਕਿ ਅੱਖਾਂ ਸਾਹਮਣੇ ਜ਼ੁਲਮ ਹੁੰਦਾ ਵੇਖ ਕੇ ਅੰਦਰੋ-ਅੰਦਰੀ ਰੋਣ ਅਤੇ ਹਉਕੇ ਭਰਨ ਤੋਂ ਸਿਵਾ ਕੁਝ ਕਰਨ ਜੋਗੇ ਨਹੀਂ ਜਾਪਦੇ, ਪਰ ਜਿਨ੍ਹਾਂ ਦਾ ਕੀਤਾ ਉਹ ਭੁਗਤ ਰਹੇ ਹਨ, ਉਹ ਅਜੇ ਵੀ ਉਚੀ ਹੇਕ ਵਿਚ ਗਾਈ ਜਾਂਦੇ ਹਨ ਕਿ ‘ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰਖਨਾ’। ਅਸੀਂ ਮਜ਼ਹਬ ਨੂੰ ਵੈਰ ਰੱਖਣ ਵਾਲਾ ਕਹੀਏ ਜਾਂ ਨਾ ਕਹੀਏ, ਖੂਨ-ਖਰਾਬੇ ਦੇ ਜਨੂੰਨ ਲਈ ਸਭ ਤੋਂ ਵੱਧ ਵਰਤੋਂ ਇਸੇ ਦੀ ਕੀਤੀ ਜਾਂਦੀ ਹੈ।