ਸਾਂਝ ਦੀਆਂ ਬਰਕਤਾਂ

ਜੰਗਲਨਾਮਾ-11
‘ਜੰਗਲਨਾਮਾ’ ਉਨ੍ਹਾਂ ਜੰਗਲਾਂ ਦਾ ਬਿਰਤਾਂਤ ਦੱਸਦਾ ਹੈ ਜਿਥੇ ਮਾਓਵਾਦੀ ਆਪਣਾ ਸਿੱਕਾ ਚਲਾ ਰਹੇ ਹਨ। ਸਤਨਾਮ (ਅਸਲ ਨਾਂ ਗੁਰਮੀਤ) ਨੇ ਇਸ ਯਾਤਰਾ ਰਾਹੀਂ ਉਨ੍ਹਾਂ ਲੋਕਾਂ, ਉਨ੍ਹਾਂ ਦੇ ਫਿਕਰਾਂ ਅਤੇ ਉਨ੍ਹਾਂ ਦੇ ਜੁਝਾਰੂ ਜੀਵਨ ਬਾਰੇ ਲੰਮੀ ਬਾਤ ਸੁਣਾਈ ਹੈ। ਇਹ ਬਾਤ ਇਸ ਕਰ ਕੇ ਵਧੇਰੇ ਦਿਲਚਸਪ ਹੋ ਨਿਬੜੀ ਹੈ ਕਿਉਂਕਿ ਪਾਠਕ ਨੂੰ ਇਸ ਵਿਚੋਂ ਵਾਰ-ਵਾਰ ਆਪਣੇ ਹੀ ਜੀਵਨ ਦੇ ਝਲਕਾਰੇ ਦਿਸਦੇ ਹਨ। ਇਹ ਬਾਤ ਸੁਣਾਉਂਦਿਆਂ ਸਤਨਾਮ ਦੀ ਬਿਰਤਾਂਤ-ਜੁਗਤ ਕਮਾਲ ਦੀ ਹੈ।

ਇਸ ਬਿਰਤਾਂਤ ਵਿਚੋਂ ਮਾਓਵਾਦੀਆਂ ਦੇ ਘੋਲ ਦੀ ਝਲਕ ਤਾਂ ਮਿਲਦੀ ਹੀ ਹੈ, ਸਾਹਿਤਕ ਪੱਖ ਤੋਂ ਬਹੁਤ ਥਾਂਈਂ ਰੂਸੀ ਕਲਾਸਿਕ ਰਚਨਾਵਾਂ ਦੇ ਝਉਲੇ ਵੀ ਪੈਂਦੇ ਹਨ। ਪੰਜਾਬੀ ਵਿਚ ਅਜਿਹੀ ਅਨੂਠੀ ਰਚਨਾ ਘੱਟ ਹੀ ਨਜ਼ਰੀਂ ਪੈਂਦੀ ਹੈ। -ਸੰਪਾਦਕ

ਸਤਨਾਮ
ਖ਼ੇਮੇ ਵਿਚ ਮੇਰੇ ਚੌਵੀ ਘੰਟੇ ਰਹਿ ਗਏ ਹਨ। ਸ਼ਾਇਦ ਸਾਰਾ ਖ਼ੇਮਾ ਹੀ ਉਸ ਤੋਂ ਬਾਅਦ ਉਠ ਜਾਵੇਗਾ। ਉਹ ਆਪਣਾ ਮਾਲ-ਅਸਬਾਬ ਇਕੱਠਾ ਕਰਨਗੇ ਤੇ ਕਿਸੇ ਪਾਸੇ ਵੱਲ ਕੂਚ ਕਰ ਜਾਣਗੇ। ਖ਼ਾਨਾਬਦੋਸ਼ ਕਬੀਲਿਆਂ ਵਾਂਗ ਗੁਰੀਲਿਆਂ ਦਾ ਇਹ ਕਬੀਲਾ ਵੀ ਇਕ ਥਾਂ ਨਹੀਂ ਟਿਕਦਾ। ਇਸ ਨੂੰ ਉਹ ਆਪਣੀ ਭਾਸ਼ਾ ਵਿਚ ‘ਮੋਬਿਲਿਟੀ’ ਕਹਿੰਦੇ ਹਨ, ਯਾਨਿ ਗਤੀਸ਼ੀਲ ਰਹਿਣਾ। ਰਮਤੇ ਜੋਗੀਆਂ ਵਾਂਗ ਇਕ ਤੋਂ ਦੂਸਰੀ ਥਾਂ, ਦੂਸਰੀ ਤੋਂ ਤੀਸਰੀ।
ਸ਼ਾਮ ਨੂੰ ਆਈ ਟੀਮ ਨੂੰ ਉਸੇ ਤਰ੍ਹਾਂ ਖ਼ੁਸ਼-ਆਮਦੀਦ ਕਹੀ ਗਈ, ਜਿਵੇਂ ਸਾਡੇ ਆਉਣ ਉਤੇ ਕਹੀ ਗਈ ਸੀ। ਇਸੇ ਤਰ੍ਹਾਂ ਹੀ ਜਾਣ ਵਾਲਿਆਂ ਨੂੰ ਅਲਵਿਦਾ ਕਹੀ ਜਾਂਦੀ ਹੈ। ਸਾਰਾ ਖ਼ੇਮਾ ਇਕ ਥਾਂ ਇਕੱਠਾ ਹੁੰਦਾ ਹੈ ਅਤੇ ਜਾਣ ਵਾਲਿਆਂ ਨੂੰ ਹੱਥ ਮਿਲਾ ਕੇ ਅਤੇ ਸਲਾਮ ਕਹਿ ਕੇ ਤੋਰਦਾ ਹੈ। ਕੀ ਪਤਾ ਫਿਰ ਕੋਈ ਕਦੋਂ ਮਿਲੇ, ਮਿਲੇ ਜਾਂ ਨਾ ਹੀ ਮਿਲੇ। ਇਹ ਉਸੇ ਤਰ੍ਹਾਂ ਹੈ ਜਿਵੇਂ ਲਾਮ ‘ਤੇ ਜਾਣਾ ਹੋਵੇ। ਇਹ ਲਾਮ ਹੀ ਹੈ, ਲਗਾਤਾਰ ਦੀ ਲਾਮ। ਜਿਹੜੀ ਟੁਕੜੀ ਅਗਾਂਹ ਜਾਵੇਗੀ, ਉਹ ਵਾਪਸ ਪਰਤੇਗੀ ਵੀ ਕਿ ਨਹੀਂ, ਇਸ ਦਾ ਕੋਈ ਭਰੋਸਾ ਨਹੀਂ। ਸੋ, ਉਹ ਪੂਰੇ ਤਿਹੁ ਨਾਲ ਮਿਲਦੇ ਤੇ ਵਿਛੜਦੇ ਹਨ। ਖੁਸ਼ ਹੋ ਕੇ ਆਮਦੀਦ ਕਹਿੰਦੇ ਹਨ, ਖ਼ੁਸ਼ ਹੋ ਕੇ ਵਿਦਾ ਕਰਦੇ ਹਨ। ਇਸ ਤਰ੍ਹਾਂ ਨਾਲ ਉਹ ਇਕ ਦੂਸਰੇ ਨੂੰ ਹੌਸਲਾ ਵੀ ਬਖ਼ਸ਼ਦੇ ਹਨ ਅਤੇ ਤਾਕਤ ਵੀ ਦਿੰਦੇ ਹਨ। ਅਜਿਹਾ ਕਰਨਾ ਉਨ੍ਹਾਂ ਦੇ ਅਕੀਦੇ ਨੂੰ ਹੋਰ ਵੀ ਪੱਕਾ ਕਰਦਾ ਹੈ। ਨਵੇਂ ਆਏ ਲੋਕਾਂ ਨੂੰ ਤੁਸੀਂ ਪਛਾਣਦੇ ਨਹੀਂ ਹੋ, ਪਰ ਤੁਸੀਂ ਗਰਮਜੋਸ਼ੀ ਨਾਲ ਮਿਲਦੇ ਹੋ ਜਿਵੇਂ ਮੁੱਦਤਾਂ ਤੋਂ ਜਾਣਦੇ ਹੋਵੋ ਤੇ ਮੁੱਦਤਾਂ ਪਿਛੋਂ ਹੀ ਮਿਲ ਰਹੇ ਹੋਵੋ। ਮਿਲਣ ਤੇ ਵਿਦਾ ਹੋਣ ਦਾ ਇਹ ਤਰੀਕਾ ਉਨ੍ਹਾਂ ਦੀ ਜ਼ਿੰਦਗੀ ਦੇ ਤੌਰ ਦੀ ਦੇਣ ਹੈ, ਉਸ ਵਿਚੋਂ ਉਪਜੀ ਹੋਈ ਜ਼ਰੂਰਤ ਹੈ ਜਿਸ ਨੇ ਆਪਣਾ ਢੰਗ ਖ਼ੁਦ ਹੀ ਪੈਦਾ ਕਰ ਲਿਆ ਹੈ।
“ਲਓ, ਹੋ ਗਿਆ ਮਹਾਂ-ਭੋਜ!” ਰਾਤ ਨੂੰ ਜਦ ਥਾਲੀ ਵਿਚ ਸ਼ਿਕਾਰ ਦੇ ਮਾਸ ਨਾਲ ਚੌਲ ਮਿਲੇ ਤਾਂ ਕੋਸਾ ਬੋਲਿਆ।
ਨਾਲ ਦੇ ਕਿਸੇ ਪਿੰਡ ਤੋਂ ਕਬਾਇਲੀ ਲੋਕ ਜੰਗਲੀ ਸੂਰ ਦਾ ਸ਼ਿਕਾਰ ਕਰ ਲਿਆਏ ਸਨ। ਉਹ ਚਾਹੁੰਦੇ ਸਨ ਕਿ ਪਿੰਡ ਵੱਲੋਂ ਕੈਂਪ ਵਾਲਿਆਂ ਨੂੰ ਵਿਸ਼ੇਸ਼ ਦਾਅਵਤ ਦਿੱਤੀ ਜਾਵੇ। ਉਨ੍ਹਾਂ ਨੇ ਆਪ ਹੀ ਰਿੱਧਾ, ਪਕਾਇਆ ਤੇ ਪਰੋਸਿਆ।
ਅਰਬ ਵਿਚ ਊਠ, ਇਰਾਨ ਵਿਚ ਘੋੜੇ, ਬਰਾਜ਼ੀਲ ਵਿਚ ਕੀੜੇ ਮਕੌੜੇ, ਯੂਰਪ ਅਮਰੀਕਾ ਵਿਚ ਗਾਂ ਅਤੇ ਚੀਨ ਵਿਚ ਹਰ ਉਹ ਜੀਵ ਜਿਸ ਦੀ ਪਿੱਠ ਅੰਬਰ ਵੱਲ ਹੈ, ਲੋਕਾਂ ਦਾ ਰਵਾਇਤੀ ਖਾਣਾ ਹਨ। ਆਦਮੀ ਤੋਂ ਬਿਨਾਂ ਹਰ ਕਿਸੇ ਦੀ ਪਿੱਠ ਆਸਮਾਨ ਵੱਲ ਹੈ। ਸੋ, ਮਨੁੱਖ ਤੋਂ ਬਿਨਾ ਹਰ ਚੀਜ਼ ਹਲਾਲ ਹੈ। ਬਸਤਰ ਦੇ ਆਦਿਵਾਸੀਆਂ ਵਿਚ ਹਰ ਦੇਸ਼ ਦੇ ਲੋਕਾਂ ਦੀ ਵਿਸ਼ੇਸ਼ਤਾਈ ਮੌਜੂਦ ਹੈ; ਯਾਨਿ, ਜੋ ਕੁਝ ਵੀ ਮਿਲ ਗਿਆ, ਹਰ ਲਿਆ। ਬੇਸ਼ੱਕ, ਕਿਸੇ ਉਤੇ ਵੀ ਕੋਈ ਬੰਧੇਜ ਨਹੀਂ ਹੈ। ਕੋਈ ਕੁਝ ਖਾਵੇ, ਜਾਂ ਨਾ ਖਾਵੇ, ਉਸ ਦੀ ਇੱਛਾ। ਇਸ ਲਈ, ਜਿਸ ਦਿਨ ਮਾਸ ਰਿੱਧਾ ਜਾਂਦਾ ਹੈ, ਉਸ ਦਿਨ ਕੋਈ ਨਾ ਕੋਈ ਦਾਲ ਜਾਂ ਸਬਜ਼ੀ ਜ਼ਰੂਰ ਬਣਾਈ ਜਾਂਦੀ ਹੈ।
ਅੱਜ ਖਾਣ ਪੀਣ ਉਤੇ ਕੋਈ ਚਰਚਾ ਨਹੀਂ ਚੱਲੀ।
ਗੁਰੀਲਾ ਲੰਗਰ ਅਜਿਹੀ ਥਾਂ ਹੈ ਜਿਥੇ ਸਾਰਾ ਗੁਰੀਲਾ ਕਬੀਲਾ ਦਿਨ ਵਿਚ ਤਿੰਨ ਵਾਰ ਇਕੱਠਾ ਹੁੰਦਾ ਹੈ। ਜੇ ਸ਼ਾਮ ਦੀ ਚਾਹ ਦਾ ਸਮਾਂ ਵੀ ਇਸ ਵਿਚ ਜੋੜ ਲਿਆ ਜਾਵੇ ਤਾਂ ਅਜਿਹਾ ਚਾਰ ਵਾਰ ਹੋ ਜਾਂਦਾ ਹੈ, ਪਰ ਸ਼ਾਮ ਦੀ ਚਾਹ ਦਾ ਵਕਤ ਲੰਬਾ ਸਮਾਂ ਚੱਲਦਾ ਹੈ, ਕੋਈ ਆ ਗਿਆ, ਕੋਈ ਚਲਾ ਗਿਆ। ਇਹ ਇਕੱਠ ਉਨ੍ਹਾਂ ਨੂੰ ਸਜੀਵ ਰਿਸ਼ਤੇ ਵਿਚ ਬੰਨ੍ਹਦੇ ਹਨ, ਉਨ੍ਹਾਂ ਦੀ ਸਾਂਝ ਨੂੰ ਮਜ਼ਬੂਤ ਕਰਦੇ ਹਨ। ਖ਼ੇਮੇ ਦਾ ਲੰਗਰ ਆਪਣੇ ਆਪ ਵਿਚ ਹੀ ਸੰਸਥਾ ਹੈ ਜਿਹੜੀ ਦੂਰੀ ਮੇਸਦੀ ਹੈ ਅਤੇ ਸਮੂਹਿਕਤਾ ਦਾ ਅਹਿਸਾਸ ਭਰਦੀ ਹੈ। ਗੁਰੀਲਿਆਂ ਦੀ ਇਹ ਸ਼ਾਨਦਾਰ ਵਿਵਸਥਾ ਕਿਸੇ ਪੁਰਾਣੇ ਯੁੱਗ ਦੀ ਰਹਿੰਦ-ਖੂੰਹਦ ਨਹੀਂ ਹੈ, ਅੱਜ ਦੀ ਜ਼ਰੂਰਤ ਹੈ, ਹਾਲ ਦਾ ਸਜਿੰਦ ਹਿੱਸਾ ਹੈ। ਕਿਸੇ ਤੋਂ ਕੁਝ ਛੁਪਿਆ ਹੋਇਆ ਨਹੀਂ, ਤਾਲੇ ਪਿਛੇ ਬੰਦ ਨਹੀਂ। ਹਰ ਚੀਜ਼ ਹਰ ਕਿਸੇ ਦੇ ਸਾਹਮਣੇ ਹੈ, ਹਰ ਕਿਸੇ ਦੇ ਵਾਸਤੇ ਹੈ। ਘਰਾਂ ਦੀਆਂ ਚਾਰ ਦੀਵਾਰੀਆਂ ਨਾਲ ਪੈਦਾ ਹੁੰਦੀਆਂ ਦੂਰੀਆਂ ਅਤੇ ਓਹਲੇ ਏਥੇ ਮੌਜੂਦ ਨਹੀਂ ਹਨ। ਇਹ ਆਉਣ ਵਾਲੇ ਸਮਾਜ ਦਾ ਨਿੱਕਾ ਜਿਹਾ, ਪਰ ਮਹੱਤਵਪੂਰਨ ਝਲਕਾਰਾ ਹੈ। ਬਿਨਾਂ ਸ਼ੱਕ, ਏਥੇ ਵੀ ਤਫ਼ਰਕਾ ਰੱਖਿਆ ਜਾਂਦਾ ਹੈ। ਕੁਝ ਵਾਸਤੇ ਰਿਆਇਤ ਵਰਤੀ ਜਾਂਦੀ ਹੈ ਜਦਕਿ ਦੂਸਰੇ ਇਸ ਤੋਂ ਵਾਂਝੇ ਰਹਿੰਦੇ ਹਨ। ਔਰਤ ਗੁਰੀਲਿਆਂ ਵਾਸਤੇ ਗੁੜ ਅਤੇ ਆਂਡਿਆਂ ਦਾ ਵਿਸ਼ੇਸ਼ ਪ੍ਰਬੰਧ ਹੈ, ਭਾਵੇਂ ਅਜਿਹੀਆਂ ਕਈ ਹਨ ਜਿਹੜੀਆਂ ਆਂਡੇ ਨਹੀਂ ਖਾਂਦੀਆਂ। ਜੇ ਤੁਸੀਂ ਆਦਮੀ ਹੋ ਅਤੇ ਬਿਮਾਰ ਜਾਂ ਕਮਜ਼ੋਰ ਨਹੀਂ ਹੋ, ਤਾਂ ਇਹ ਤੁਹਾਨੂੰ ਨਹੀਂ ਮਿਲਣਗੇ। ਔਰਤ ਗੁਰੀਲਿਆਂ ਨੂੰ ਇਕ ਵਿਸ਼ੇਸ਼ ਰਿਆਇਤ ਹੋਰ ਵੀ ਹੈ: ਮੂੰਗਫਲੀ ਦਾ ਕੋਟਾ। ਇਨ੍ਹਾਂ ਵਖਰੇਵਿਆਂ ਉਪਰ ਤੁਸੀਂ ਖ਼ਫ਼ਾ ਨਹੀਂ ਹੋ ਸਕਦੇ। ਇਹ ਤੁਹਾਨੂੰ ਨਾਜਾਇਜ਼ ਮਹਿਸੂਸ ਨਹੀਂ ਹੁੰਦੇ।
ਤੁਸੀਂ ਚਾਹੋਗੇ ਕਿ ਲੰਗਰ ਦੀ ਅਜਿਹੀ ਵਿਵਸਥਾ ਸਮੁੱਚੇ ਸਮਾਜ ਵਿਚ ਹੀ ਫੈਲ ਜਾਵੇ, ਕਿ ਤਰ੍ਹਾਂ ਤਰ੍ਹਾਂ ਦੇ ਲਜ਼ੀਜ਼ ਖਾਣੇ ਜਿਹੜੇ ਅਮੀਰ ਘਰਾਂ ਵਿਚ, ਆਲੀਸ਼ਾਨ ਹੋਟਲਾਂ ਵਿਚ ਅਤੇ ਹਾਕਮਾਂ ਦੀਆਂ ਮੇਜ਼ਾਂ ਉਤੇ ਪਰੋਸੇ ਜਾਂਦੇ ਹਨ, ਉਹ ਹਰ ਕਿਸੇ ਦੀ ਪਹੁੰਚ ਵਿਚ ਆ ਜਾਣ। ਮਿਲੇ ਤਾਂ ਹਰ ਕਿਸੇ ਨੂੰ ਇਕੋ ਜਿਹੀ ਮਿਲੇ। ਗੱਲ ਇਹ ਸਿੱਧੀ ਜਿਹੀ ਹੈ, ਪਰ ਵਾਪਰ ਇਹ ਉਥੇ ਹੀ ਸਕਦੀ ਹੈ ਜਿਥੇ ਇਹੋ ਜਿਹੇ ਲੋਕ ਹੋਣ। ਜਿਥੇ ਲੰਗਰ ਮਹਿਜ਼ ਰਸਮ ਨਾ ਹੋਵੇ, ਰੈਲਿਕ ਨਾ ਹੋਵੇ, ਸਗੋਂ ਅਤਿ ਜ਼ਰੂਰੀ ਸਮਾਜਕ ਸੰਸਥਾ ਬਣ ਜਾਵੇ। ਇਹ ਸਿੱਧੀ ਜਿਹੀ ਗੱਲ ਮਹਾਨ ਕੋਸ਼ਿਸ਼ ਦੀ ਮੰਗ ਕਰਦੀ ਹੈ। ਇਹ ਖ਼ੇਮਾ ਅਜਿਹੀ ਕੋਸ਼ਿਸ਼ ਕਰਨ ਵਾਲਿਆਂ ਦਾ ਹੀ ਹੈ। ਐਤੂ, ਪਵਨ, ਸ਼੍ਰੀ ਕਾਂਤ, ਕੋਸਾ, ਰੰਗੰਨਾ, ਬਾਸੂ, ਸਾਰੇ ਹੀ ਜੀਅ-ਜਾਨ ਨਾਲ ਇਸ ਵਿਚ ਲੱਗੇ ਹੋਏ ਹਨ।

ਖੇਮੇ ‘ਚ ਆਖਰੀ ਦਿਨ: ਸਵੇਰੇ ਜਦ ਉਠਿਆ ਤਾਂ ਰੰਗੰਨਾ ਸਾਹਮਣੇ ਮਿਲਿਆ। ਕੋਸਾ ਤੜਕਸਾਰ ਹੀ ਸੈਂਟਰੀ ਪੋਸਟ ‘ਤੇ ਜਾ ਚੁੱਕਾ ਸੀ।
ਰੋਲ ਕਾਲ ਤੋਂ ਪਿਛੋਂ ਪੰਜ ਨਾਮ ਬੋਲੇ ਗਏ ਜਿਨ੍ਹਾਂ ਨੇ ਮੇਰੇ ਨਾਲ ਰਵਾਨਾ ਹੋਣਾ ਸੀ। ਸੋ, ਛੇ ਜਣੇ ਅੱਜ ਉਥੋਂ ਵਿਦਾ ਹੋ ਜਾਣੇ ਸਨ। ਅਜੇ ਹਾਜ਼ਰੀ ਖ਼ਤਮ ਹੀ ਹੋਈ ਸੀ ਕਿ ਪੰਡਾਂ ਚੁੱਕੀ ਚਾਰ ਜਣੇ ਉਥੇ ਪਹੁੰਚ ਗਏ। ਸਰਦੀਆਂ ਵਾਸਤੇ ਗਰਮ ਕੱਪੜੇ ਅਤੇ ਹੋਰ ਸਾਮਾਨ ਆ ਗਿਆ ਸੀ। ਹਰ ਕਿਸੇ ਨੂੰ ਕਹਿ ਦਿਤਾ ਗਿਆ ਕਿ ਉਹ ਆਪਣੀ ਆਪਣੀ ਜ਼ਰੂਰਤ ਪੂਰੀ ਕਰ ਲਵੇ।
“ਠੰਢ ਵਧ ਜਾਵੇਗੀ। ਮੰਕੀ ਕੈਪ ਲੈ ਲਵੋ।” ਸ਼੍ਰੀ ਕਾਂਤ ਨੇ ਮੈਨੂੰ ਠੰਢ ਦਾ ਪ੍ਰਬੰਧ ਕਰ ਲੈਣ ਲਈ ਫਿਰ ਕਿਹਾ।
“ਮੇਰੇ ਸਿਰ ਨੂੰ ਠੰਢ ਨਹੀਂ ਲਗਦੀ।” ਮੇਰੇ ਇੰਨਾ ਕਹਿਣ ਉਤੇ ਉਹ ਮੁਸਕਰਾ ਪਿਆ।
“ਇਸ ਦਾ ਮਤਲਬ ਤੁਹਾਨੂੰ ਠੰਢ ਲਗਦੀ ਹੀ ਨਹੀਂ, ਕਿਉਂਕਿ ਸਭ ਨੂੰ ਇਹ ਸਿਰ ਤੋਂ ਲਗਦੀ ਹੈ।” ਪਵਨ ਮੈਨੂੰ ਸੰਬੋਧਨ ਹੋਇਆ।
“ਲਗਦੀ ਹੈ, ਪਰ ਪੈਰਾਂ ਤੋਂ।”
“ਇਸ ਤਰ੍ਹਾਂ ਵੀ ਹੁੰਦਾ ਹੈ।” ਉਸ ਨੇ ਹਾਂ ਵਿਚ ਸਿਰ ਹਿਲਾਉਂਦਿਆਂ ਕਿਹਾ।
ਨਾਸ਼ਤੇ ਤੋਂ ਬਾਅਦ ਸ਼੍ਰੀ ਕਾਂਤ ਮੇਰੇ ਤੰਬੂ ਵੱਲ ਆ ਗਿਆ। ਅਸੀਂ ਪਹਿਲਾਂ ਵਾਲੇ ਹੀ ਬੈਂਚ ਉਤੇ ਬੈਠ ਗਏ।
“ਸ਼ੁਰੂ ਕਰੀਏ?” ਮੈਂ ਸ਼੍ਰੀ ਕਾਂਤ ਨੂੰ ਪੁੱਛਿਆ।
“ਹਾਂ।”
“ਸ਼ਹਿਰਾਂ ਅਤੇ ਕਸਬਿਆਂ ਵਿਚ ਜਨ ਸੰਗਠਨ ਕਿਵੇਂ ਚੱਲਦੇ ਹਨ?”
“ਸ਼ਹਿਰਾਂ ਵਿਚ ਪੁਲਿਸ ਦਾ ਜਬਰ ਬਹੁਤ ਜ਼ਿਆਦਾ ਹੈ। ਸੰਗਠਨਾਂ ਨੂੰ ਖੜ੍ਹਾ ਰੱਖਣਾ ਹੀ ਬਹੁਤ ਮੁਸ਼ਕਿਲ ਹੈ। ਅਸੀਂ ਜਥੇਬੰਦੀ ਬਣਾਉਂਦੇ ਹਾਂ, ਪੁਲਿਸ ਤੋੜ ਦਿੰਦੀ ਹੈ। ਇਥੋਂ ਤੱਕ ਕਿ ਜਮਹੂਰੀ ਹੱਕਾਂ ਦੀ ਲਹਿਰ ਚਲਾਉਣ ਵਾਲਿਆਂ ਨੂੰ ਵੀ ਕੰਮ ਨਹੀਂ ਕਰਨ ਦਿੰਦੀ।”
“ਪਰ ਸੰਗਠਨਾਂ ਬਿਨਾਂ ਪਰਚਾਰ ਤੇ ਹੋਰ ਸਰਗਰਮੀਆਂ ਕਿਵੇਂ ਹੋਣਗੀਆਂ?”
“ਕੋਸ਼ਿਸ਼ ਕਰਦੇ ਰਹਾਂਗੇ। ਤਰ੍ਹਾਂ ਤਰ੍ਹਾਂ ਦੇ ਸੰਗਠਨ ਬਣਾਵਾਂਗੇ, ਪਰ ਇਕ ਵਾਰ ਜਿਹੜਾ ਕਾਰਕੁਨ ਨਜ਼ਰ ਵਿਚ ਆ ਜਾਂਦਾ ਹੈ, ਉਹ ਭਾਵੇਂ ਕੁਝ ਵੀ ਕਰੇ, ਪੁਲਿਸ ਉਸ ਉਤੇ ਨਜ਼ਰ ਰੱਖਦੀ ਹੈ। ਜਦ ਜੀ ਚਾਹੇ, ਫੜ ਲੈਂਦੀ ਹੈ, ਜਾਂ ਇਥੋਂ ਤੱਕ ਕਿ ਮਾਰ ਵੀ ਦਿੰਦੀ ਹੈ। ਸਾਡੇ ਕੋਲ ਕਾਰਕੁਨਾਂ ਦੀ ਵੀ ਬਹੁਤ ਘਾਟ ਹੈ। ਸ਼ਹਿਰਾਂ ਵਿਚ ਲਹਿਰ ਨੂੰ ਅਸਰਅੰਦਾਜ਼ ਕਰਨ ਦੇ ਹੋਰ ਸਾਧਨਾਂ ਦੇ ਨਾਲ ਨਾਲ ਸਭ ਤੋਂ ਜ਼ਰੂਰੀ ਚੀਜ਼ ਪੇਂਡੂ ਇਲਾਕੇ ਵਿਚ ਗੁਰੀਲਾ ਜੰਗ ਦਾ ਵਿਕਸਤ ਹੋਣਾ ਹੈ। ਜਿੰਨਾ ਹੀ ਅਸੀਂ ਇਸ ਨੂੰ ਫ਼ੈਲਾਉਣ ਅਤੇ ਮਜ਼ਬੂਤ ਕਰਨ ਵਿਚ ਕਾਮਯਾਬ ਹੋਵਾਂਗੇ, ਉਨਾ ਹੀ ਸ਼ਹਿਰਾਂ ਵਿਚਲਾ ਆਧਾਰ ਵਧੇਗਾ। ਇਨਕਲਾਬੀ ਤਾਕਤਾਂ ਨੂੰ ਸ਼ਹਿਰਾਂ ਵਿਚ ਲੰਬਾ ਸਮਾਂ ਗੁਪਤ ਰੂਪ ਵਿਚ ਕੰਮ ਕਰਨਾ ਪਵੇਗਾ ਅਤੇ ਕਾਰਕੁਨਾਂ ਨੂੰ ਨਸ਼ਰ ਹੋਣ ਤੋਂ ਬਚਾਉਣਾ ਪਵੇਗਾ।” ਸ਼੍ਰੀ ਕਾਂਤ ਨੇ ਸ਼ਹਿਰੀ ਕੰਮ ਬਾਬਤ ਕਿਹਾ।
“ਪਰ ਇਕ ਹਿੱਸਾ ਤਾਂ ਹਮੇਸ਼ਾ ਹੀ ਨਸ਼ਰ ਹੋਇਆ ਕਰਦਾ ਹੈ। ਉਸ ਨੂੰ ਫੜਨ ਜਾਂ ਮਾਰਨ ਦੀ ਹਕੂਮਤ ਨੂੰ ਸਿਆਸੀ ਕੀਮਤ ਚੁਕਾਉਣ ਵਾਸਤੇ ਮਜਬੂਰ ਕਰਨਾ ਕੀ ਜ਼ਰੂਰੀ ਨਹੀਂ ਹੈ?”
“ਇਹ ਜ਼ਰੂਰੀ ਹੈ। ਅਸੀਂ ਇਸ ਦੀ ਕੋਸ਼ਿਸ਼ ਵੀ ਕਰਦੇ ਹਾਂ। ਸਾਡੇ ਸੰਗਠਨ ਅਨੇਕਾਂ ਮੁਜ਼ਾਹਰੇ ਕਰਦੇ ਹਨ, ਫਿਰ ਵੀ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਨੂੰ ਵਿਆਪਕ ਪੱਧਰ ਉਤੇ ਪਰਚਾਰ ਜਥੇਬੰਦ ਕਰਨ ਦੀ ਜ਼ਰੂਰਤ ਹੈ। ਸਾਨੂੰ ਇਹਦੇ ਵਾਸਤੇ ਖੁੱਲ੍ਹੇ ਤੇ ਗੁਪਤ, ਦੋਨੋਂ ਤਰ੍ਹਾਂ ਦੇ ਇਨਕਲਾਬੀ ਪਰਚਿਆਂ ਦੀ ਜ਼ਰੂਰਤ ਹੈ। ਪਾਬੰਦੀ ਦੀ ਹਾਲਤ ਨੇ ਸਾਡੇ ਵਾਸਤੇ ਹੋਰ ਵੀ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਅਸੀਂ ਇਸ ਦਾ ਹੱਲ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ। ਸਿਆਸੀ ਕੀਮਤ ਵਸੂਲਣ ਵਾਸਤੇ ਵਿਆਪਕ ਜਨਤਕ ਲਾਮਬੰਦੀ ਜ਼ਰੂਰੀ ਹੈ ਅਤੇ ਲਾਮਬੰਦੀ ਵਾਸਤੇ ਜਨ-ਸੰਗਠਨ। ਇਹ ਸੰਗਠਨ ਹੀ ਸ਼ਹਿਰਾਂ ਵਿਚ ਸਾਡੇ ਕੰਮ ਦੀ ਰੀੜ੍ਹ ਹੋਣਗੇ। ਮਜ਼ਦੂਰ ਜਮਾਤ ਦੀ ਸ਼ਹਿਰਾਂ ਵਿਚਲੀ ਲਹਿਰ ਅਤੇ ਗੁਰੀਲਾ ਜੰਗ ਦਰਮਿਆਨ ਗੂੜ੍ਹਾ ਰਿਸ਼ਤਾ ਸਥਾਪਤ ਕਰਨਾ ਸਾਡੀ ਜ਼ਰੂਰਤ ਹੈ ਜਿਸ ਵਿਚ ਗੁਰੀਲਾ ਜੰਗ ਕੇਂਦਰੀ ਭੂਮਿਕਾ ਨਿਭਾਵੇਗੀ।” ਸ਼੍ਰੀ ਕਾਂਤ ਛੋਟੇ ਛੋਟੇ ਵਾਕਾਂ ਵਿਚ ਆਪਣੀ ਗੱਲ ਕਰਦਾ ਹੈ।
ਸ਼੍ਰੀ ਕਾਂਤ ਨੂੰ ਪੱਕਾ ਯਕੀਨ ਹੈ ਕਿ ਲੋਕਾਂ ਕੋਲ ਉਨ੍ਹਾਂ ਦੀ ਆਪਣੀ ਸੈਨਾ ਤੋਂ ਬਿਨਾਂ ਕੁਝ ਨਹੀਂ ਹੁੰਦਾ। ਇਸ ਤੋਂ ਬਿਨਾਂ ਹੋਰ ਚੀਜ਼ਾਂ ਨੂੰ ਹਾਸਲ ਕਰ ਪਾਉਣਾ ਅਸੰਭਵ ਹੈ। ਰਾਜਸੀ ਤਾਕਤ ਜਨਤਾ ਦੀ ਹਥਿਆਰਬੰਦ ਤਾਕਤ ਤੋਂ ਬਿਨਾਂ ਹੱਥ ਵਿਚ ਨਹੀਂ ਲਈ ਜਾ ਸਕਦੀ। ਜਿਥੇ ਜਨਤਾ ਕੋਲ ਆਪਣੀ ਤਾਕਤ ਨਹੀਂ ਹੈ, ਉਥੇ ਉਸ ਕੋਲ ਮਜਬੂਰੀ ਤੇ ਲਾਚਾਰੀ ਬਿਨਾਂ ਕੁਝ ਨਹੀਂ ਹੈ। ਜੰਗਲ ਇਸ ਦੀ ਸਪਸ਼ਟ ਉਦਾਹਰਣ ਹੈ ਜਿਥੇ ਜਨਤਾ ਭਾਵੇਂ ਗਰੀਬ ਹੈ, ਪਰ ਉਹ ਜਬਰ ਤੋਂ ਮੁਕਤ ਹੈ। ਇਹ ਜਨਤਾ ਦੀਆਂ ਆਪਣੀਆਂ ਕੋਸ਼ਿਸ਼ਾਂ ਦਾ ਹੀ ਸਿੱਟਾ ਹੈ।
ਸ਼੍ਰੀ ਕਾਂਤ ਜਜ਼ਬਾਤੀ ਬਿਲਕੁਲ ਨਹੀਂ ਹੈ। ਉਹ ਵਿਸ਼ਵਾਸ ਨਾਲ ਭਰਿਆ ਹੋਇਆ ਦਿਸਦਾ ਹੈ। ਉਸ ਨੂੰ ਯਕੀਨ ਹੈ ਕਿ ਉਹ ਜੋ ਕੁਝ ਚਾਹੁੰਦੇ ਹਨ, ਉਹ ਕਰ ਲੈਣਗੇ। ਉਸ ਦੇ ਚਿਹਰੇ ਤੋਂ ਸਿਰੜ ਝਲਕਦਾ ਹੈ। ਉਸ ਨੂੰ ਕੋਈ ਵੀ ਗੱਲ ਕਹੋ, ਉਹ ਧਿਆਨ ਨਾਲ ਸੁਣੇਗਾ। ਕੋਈ ਵੀ ਸੁਝਾਅ ਦਿਓ, ਉਸ ਉਤੇ ਗ਼ੌਰ ਕਰੇਗਾ ਅਤੇ ਉਸ ਦੀ ਵਿਹਾਰਿਕਤਾ ਜਾਨਣ ਦੀ ਕੋਸ਼ਿਸ਼ ਕਰੇਗਾ।
ਸ਼੍ਰੀ ਕਾਂਤ ਕਹਿੰਦਾ ਹੈ ਕਿ ਹਥਿਆਰਬੰਦ ਜੱਦੋਜਹਿਦ ਦੇ ਨਾਲ ਲਗਵੇਂ ਇਲਾਕੇ ਉਪਰ ਉਨ੍ਹਾਂ ਦਾ ਜ਼ੋਰਦਾਰ ਪ੍ਰਭਾਵ ਹੈ। ਹਾਲਾਤ ਅਣਸੁਖਾਵੇਂ ਹੋਣ ਦੇ ਬਾਵਜੂਦ ਜ਼ਮੀਨ ਜ਼ਰਖ਼ੇਜ਼ ਹੈ ਅਤੇ ਜਨਤਾ ਲਾਜ਼ਮੀ ਹੀ ਉਨ੍ਹਾਂ ਦਾ ਸਾਥ ਦੇਵੇਗੀ।
ਸਾਡੀ ਗੱਲਬਾਤ ਜਲਦੀ ਖ਼ਤਮ ਹੋ ਗਈ। ਅਸੀਂ ਘੁੱਟ ਕੇ ਹੱਥ ਮਿਲਾਏ, ਫਿਰ ਕਦੇ ਮਿਲਣ ਦੀ ਕਾਮਨਾ ਕੀਤੀ ਅਤੇ ਅਲੱਗ ਹੋ ਗਏ।
ਸ਼੍ਰੀ ਕਾਂਤ ਅਤੇ ਉਸ ਵਰਗਿਆਂ ਦੀ ਦੁਨੀਆਂ ਵੱਖਰੀ ਹੀ ਦੁਨੀਆਂ ਹੈ। ਛੋਟੀ ਜਿਹੀ ਦੁਨੀਆਂ ਜਿਹੜੀ ਉਨ੍ਹਾਂ ਨੇ ਖ਼ੁਦ ਹੀ ਸਿਰਜੀ ਹੈ। ਉਹ ਸਭ ਪਾਸੇ ਫ਼ੈਲ ਜਾਣਾ ਲੋਚਦੇ ਹਨ। ਮੈਂ ਕਈ ਵਾਰ ਸੋਚਿਆ ਕਿ ਥੋੜ੍ਹੀ ਜਿਹੀ ਤਾਕਤ ਨਾਲ ਉਹ ਚਾਰੇ ਪਾਸੇ ਕਿਵੇਂ ਛਾਅ ਸਕਦੇ ਹਨ! ਛੋਟੀ ਜਿਹੀ ਤਾਕਤ ਲੱਖਾਂ ਕਰੋੜਾਂ ਉਤੇ ਕਿਵੇਂ ਫ਼ੈਲ ਸਕਦੀ ਹੈ! ਪਰ ਉਨ੍ਹਾਂ ਨੂੰ ਯਕੀਨ ਹੈ ਕਿ ਇਸੇ ਤਰ੍ਹਾਂ ਹੀ ਹੋਵੇਗਾ। ਇਤਿਹਾਸ ਇਸੇ ਤਰ੍ਹਾਂ ਹੀ ਅਗਾਂਹ ਵਧੇਗਾ। ਉਹ ਖ਼ੁਦ ਨੂੰ ਨਵੇਂ ਭਵਿਖ ਦਾ ਬੀਜ ਖਿਆਲ ਕਰਦੇ ਹਨ ਜਿਹੜਾ ਫੁੱਟ ਰਿਹਾ ਹੈ ਅਤੇ ਜਿਸ ਨੇ ਕੱਲ੍ਹ ਨੂੰ ਵੱਡਾ ਹੋ ਕੇ ਵਿਸ਼ਾਲ ਰੁੱਖ ਬਨਣਾ ਹੈ। ਇਹ ਲੋਹੜੇ ਦਾ ਆਤਮ-ਵਿਸ਼ਵਾਸ ਹੈ। ਆਤਮ-ਵਿਸ਼ਵਾਸ ਦੀ ਇੰਤਹਾ ਹੈ। ਆਤਮ-ਵਿਸ਼ਵਾਸ ਜਿਹੜਾ ਕਿਸੇ ਵੀ ਮੁਸ਼ਕਿਲ ਸਰ ਕਰਨ ਲਈ ਤਤਪਰ ਦਿਖਾਈ ਦਿੰਦਾ ਹੈ। ਉਨ੍ਹਾਂ ਕੋਲ ਇਤਿਹਾਸ ਦੀਆਂ ਅਨੇਕਾਂ ਉਦਾਹਰਣਾਂ ਹਨ ਜਿਨ੍ਹਾਂ ਵਿਚ ਇਸੇ ਤਰ੍ਹਾਂ ਵਾਪਰਿਆ ਸੀ। ਉਹ ਉਨ੍ਹਾਂ ਵਿਚ ਹੀ ਇਕ ਹੋਰ ਉਦਾਹਰਣ ਜੋੜ ਦੇਣ ਦਾ ਤਹੱਈਆ ਕਰੀ ਬੈਠੇ ਹਨ। ਉਹ ਕਹਿੰਦੇ ਹਨ, ਸਾਡਾ ਮਕਸਦ ਸਰਬ-ਉਚ ਹੈ, ਮਨੁੱਖਤਾਵਾਦੀ ਹੈ, ਮਨੁੱਖੀ ਆਸ਼ਿਆਂ ਦੇ ਮੁਤਾਬਕ ਹੈ। ਮਕਸਦ ਦੀ ਪਵਿਤਰਤਾ ਅਤੇ ਅਟੱਲਤਾ ਨੇ ਉਨ੍ਹਾਂ ਨੂੰ ਮੌਤ ਦੀਆਂ ਅੱਖਾਂ ਵਿਚ ਅੱਖਾਂ ਪਾਉਣ ਦੀ ਹਿੰਮਤ ਦਿੱਤੀ ਹੈ। ਉਹ ਮੌਤ ਦੀ ਪਰਵਾਹ ਨਹੀਂ ਕਰਦੇ। ਇਸੇ ਲਈ ਜ਼ਿੰਦਗੀ ਨੂੰ ਮਾਣ ਰਹੇ ਹਨ। ਅਜੀਬ ਹੈ ਇਹ ਮਾਨਣਾ ਵੀ! ਨਾ ਖਾਣ ਨੂੰ ਚੰਗਾ, ਨਾ ਬਿਮਾਰੀਆਂ ਤੋਂ ਬਚਾਅ, ਨਾ ਸੁੱਖ, ਨਾ ਸਹੂਲਤ। ਖ਼ਾਨਾਬਦੋਸ਼ੀ ਅਲੱਗ। ਅੱਜ ਚੁੱਲ੍ਹਾ ਏਥੇ, ਕੱਲ ਉਥੇ ਅਤੇ ਪਰਸੋਂ ਨੂੰ ਪਤਾ ਨਹੀਂ ਫ਼ਾਕਾ ਹੀ ਕੱਟਣਾ ਪਵੇ। ਇਹੋ ਜਿਹੇ ਨੇ ਇਹ ਆਦਮੀ, ਇਹੋ ਜਿਹੇ ਨੇ ਉਨ੍ਹਾਂ ਦੇ ਅਕੀਦੇ, ਤੇ ਇਹੋ ਜਿਹੀ ਹੈ ਉਨ੍ਹਾਂ ਦੀ ਜ਼ਿੰਦਗੀ। ਆਉਣ ਵਾਲੇ ਦਿਨਾਂ ਵਿਚ ਮੈਂ ਦੇਖਾਂਗਾ ਕਿ ਉਹ ਜੰਗਲ ਵਿਚ ਕਿਵੇਂ ਵਿਚਰਦੇ ਹਨ, ਕੀ ਕੀ ਕਰਦੇ ਹਨ।
ਸ਼ਾਮ ਨੂੰ ਸਾਢੇ ਪੰਜ ਵਜੇ ਸੀਟੀ ਦੀ ਆਵਾਜ਼ ਆਈ ਤਾਂ ਸਾਰਾ ਖ਼ੇਮਾ ਇਕ ਥਾਂ ਲਾਈਨਾਂ ਵਿਚ ਖੜ੍ਹਾ ਹੋ ਗਿਆ। ਜਾਣ ਵਾਲਿਆਂ ਛੇਆਂ ਦੀ ਲਾਈਨ ਅਲੱਗ ਸੀ। ਅਸੀਂ ਹਰ ਕਿਸੇ ਕੋਲ ਪਹੁੰਚੇ, ਹੱਥ ਮਿਲਾਏ, ਸਲਾਮ ਕਹੀ ਅਤੇ ਪਗਡੰਡੀ ਪੈ ਕੇ ਖ਼ੇਮੇ ਤੋਂ ਬਾਹਰ ਨਿਕਲ ਆਏ।
(ਚਲਦਾ)