ਜਮਹੂਰੀਅਤ ਅਤੇ ਸੰਗਤ ਦਰਸ਼ਨਾਂ ਦੀ ਸਿਆਸਤ

ਡਾæ ਹਜ਼ਾਰਾ ਸਿੰਘ ਚੀਮਾ
ਫੋਨ: +91-98142-81938
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਕੀਤੇ ਜਾ ਰਹੇ ਸੰਗਤ ਦਰਸ਼ਨਾਂ ਬਾਰੇ ਅਕਸਰ ਹੁੱਬ ਕੇ ਕਿਹਾ ਜਾਂਦਾ ਹੈ ਕਿ ਆਮ ਲੋਕਾਂ ਨਾਲ ਰਾਬਤਾ ਕਾਇਮ ਕਰਨ ਲਈ Ḕਸੰਗਤ ਦਰਸ਼ਨḔ ਦੀ ਕਾਢ ਉਨ੍ਹਾਂ ਦੇ ਦਿਮਾਗ ਦੀ ਹੀ ਹੈ। ਉਹ ਇਹ ਦਾਅਵਾ ਵੀ ਕਰਦੇ ਹਨ ਕਿ ਸਮੁੱਚੇ ਭਾਰਤ ਵਿਚਲੇ ਮੁੱਖ ਮੰਤਰੀਆਂ ਵਿਚੋਂ ਉਹ ਇਕੱਲੇ ਹੀ ਹਨ ਜੋ ਸੰਗਤ ਦਰਸ਼ਨਾਂ ਦੀ ਸਕੀਮ ਨੂੰ ਸਫਲਤਾ ਨਾਲ ਚਲਾ ਰਹੇ ਹਨ, ਦੂਜੀਆਂ ਪਾਰਟੀਆਂ ਦੇ ਆਗੂ ਸੰਗਤ ਦਰਸ਼ਨ ਦੇ ਨਾਂ ਉਪਰ ਸਿਰਫ਼ ਡਰਾਮਾ ਹੀ ਕਰ ਰਹੇ ਹਨ।

ਪੰਜਾਹ-ਸੱਠ ਸਾਲ ਦੇ ਆਪਣੇ ਸਿਆਸੀ ਜੀਵਨ ਵਿਚ, ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸ਼ ਬਾਦਲ ਦੇ ਮਨ ਵਿਚ ਇਹ ਗੱਲ ਘਰ ਕਰ ਗਈ ਲਗਦੀ ਹੈ ਕਿ ਉਹ ਪੰਜਾਬ ਦੇ ਲੋਕਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਦੇ ਰਹੇ ਹਨ। ਸੰਗਤ ਦਰਸ਼ਨ ਦਰਮਿਆਨ ਗ੍ਰਾਂਟਾਂ ਵੰਡਣ ਸਮੇਂ ਕੁਰਸੀ ਉਪਰ ਬੈਠੇ ਪ੍ਰਕਾਸ਼ ਸਿੰਘ ਬਾਦਲ ਆਪਣੇ-ਆਪ ਨੂੰ ਸਿੰਘਾਸਨ ਉਪਰ ਬੈਠਾ ਮਹਾਰਾਜਾ ਅਤੇ ਸਾਹਮਣੇ ਵੱਖ-ਵੱਖ ਕੰਮਾਂ ਲਈ ਹੱਥਾਂ ਵਿਚ ਅਰਜ਼ੀਆਂ ਫੜੀ, ਉਸ ਦੀ ਆਪਣੀ ਹੀ ਪਾਰਟੀ (ਕਿਉਂਕਿ ਕਿਸੇ ਵਿਰੋਧੀ ਨੂੰ ਤਾਂ ਉਥੇ ਫਟਕਣ ਵੀ ਨਹੀਂ ਦਿਤਾ ਜਾਂਦਾ) ਦੇ ਜਥੇਦਾਰਾਂ, ਪੰਚਾਂ, ਸਰਪੰਚਾਂ, ਹਲਕਾ ਇੰਚਾਰਜਾਂ ਨੂੰ ਪਰਜਾ ਸਮਝਣ ਦਾ ਭਰਮ ਪਾਲ ਰਹੇ ਹੁੰਦੇ ਹਨ।
ਉਂਜ, ਜੇ ਸੰਗਤ ਦਰਸ਼ਨ ਦੇ ਸ਼ਬਦੀ ਅਰਥਾਂ ਵੱਲ ਜਾਈਏ ਤਾਂ ਇਸ ਦਾ ਮਤਲਬ ਸੰਗਤ, ਭਾਵ ਆਮ ਲੋਕਾਂ ਦੇ ਦਰਸ਼ਨ ਕਰਨਾ ਹੀ ਨਿਕਲਦਾ ਹੈ। ਬਾਦਲ ਦੇ ਸੰਗਤ ਦਰਸ਼ਨਾਂ ਵਿਚ ਬਾਦਲ ਆਪਣੀ ਹੀ ਪਾਰਟੀ ਦੇ, ਹਾਂ-ਵਿਚ-ਹਾਂ ਮਿਲਾਉਣ ਵਾਲੇ ਕੁਝ ਚੋਣਵੇਂ ਚੌਧਰੀਆਂ (ਸੰਗਤ) ਨੂੰ ਆਪ ਦਰਸ਼ਨ ਦਿੰਦੇ ਹਨ, ਉਨ੍ਹਾਂ ਦੇ ਦਰਸ਼ਨ ਕਰਦੇ ਨਹੀਂ। ਚੋਣਾਂ ਸਿਰ ਉਪਰ ਆਈਆਂ ਦੇਖ, ਪਾਰਟੀ ਦੀ ਲੋਕਾਂ ਵਿਚ ਡਿੱਗ ਰਹੀ ਸਾਖ ਨੂੰ ਠੁੰਮ੍ਹਣਾ ਦੇਣ ਅਤੇ ਚੋਣਾਂ ਵਿਚ ਮੂੰਹ ਦਿਖਾਉਣ ਜੋਗੇ ਹੋਣ ਲਈ ਹਾਕਮ ਪਾਰਟੀ ਦੇ ਸਥਾਨਕ ਆਗੂ ਮੁੱਖ ਮੰਤਰੀ ਸਾਹਮਣੇ ਪਿੰਡ ਦੀਆਂ ਗਲੀਆਂ-ਨਾਲੀਆਂ ਪੱਕੀਆਂ ਕਰਨ, ਪਿੰਡ ਦੇ ਸਕੂਲ ਨੂੰ ਅਪਗਰੇਡ ਕਰਨ, ਸਿਵਲ ਡਿਸਪੈਂਸਰੀਆਂ ਖੋਲ੍ਹਣ, ਪਸ਼ੂ ਹਸਪਤਾਲ ਬਣਾਉਣ ਆਦਿ ਵਰਗੀਆਂ ਮੁੱਢਲੀਆਂ ਸਹੂਲਤਾਂ ਦੀ ਮੰਗ ਸਬੰਧੀ ਅਰਜ਼ੀਆਂ ਪੇਸ਼ ਕਰਦੇ ਹਨ। ਸਿਆਸੀ ਗਿਣਤੀਆਂ-ਮਿਣਤੀਆਂ ਕਰ ਕੇ ਪਹਿਲਾਂ ਹੀ ਤੈਅ ਕੀਤੀ ਰਕਮ ਬਾਦਲ ਵਲੋਂ ਚੈੱਕ ਦੇ ਰੂਪ ਵਿਚ ਇਉਂ ਪੇਸ਼ ਕੀਤੀ ਜਾਂਦੀ ਹੈ ਜਿਵੇਂ ਉਨ੍ਹਾਂ ਵਲੋਂ ਇਹ ਆਪਣੀ ਜੇਬ ਵਿਚੋਂ ਦਿਤੀ ਜਾ ਰਹੀ ਹੋਵੇ।
ਬਾਦਲ ਵਲੋਂ ਇੰਜ ਸੰਗਤ ਦਰਸ਼ਨਾਂ ਦੇ ਰੂਪ ਵਿਚ ਦਰਬਾਰ ਲਗਾ ਕੇ ਸਰਕਾਰੀ ਖ਼ਜ਼ਾਨੇ ਜਿਸ ਨੂੰ ਲੋਕਾਂ ਦੀਆਂ ਜੇਬਾਂ ਵਿਚੋਂ ਵੱਖ-ਵੱਖ ਟੈਕਸਾਂ ਦੇ ਰੂਪ ਵਿਚ ਪੈਸਾ ਇਕੱਠਾ ਕਰ ਕੇ ਭਰਿਆ ਗਿਆ ਹੁੰਦਾ ਹੈ, ਨੂੰ ਇਵੇਂ ਲੁਟਾਉਣਾ ਕਿਸੇ ਵੀ ਤਰ੍ਹਾਂ ਤਰਕਸੰਗਤ ਅਤੇ ਦਰੁਸਤ ਨਹੀਂ ਕਿਹਾ ਜਾ ਸਕਦਾ। ਪੰਜ ਵਾਰ ਮੁੱਖ ਮੰਤਰੀ ਰਹਿਣ ਦੇ ਬਾਵਜੂਦ ਉਹ ਲੋਕਾਂ, ਖ਼ਾਸ ਕਰ ਕੇ ਪਿੰਡਾਂ ਵਿਚ ਰਹਿਣ ਵਾਲਿਆਂ ਦੀਆਂ ਮੁੱਢਲੀਆਂ ਲੋੜਾਂ-ਗਲੀਆਂ-ਨਾਲੀਆਂ ਪੱਕੀਆਂ ਕਰਨੀਆਂ, ਸਾਧਨਹੀਣ ਲੋਕਾਂ ਲਈ ਸਾਂਝੇ ਪਖ਼ਾਨੇ, ਸਕੂਲ, ਹਸਪਤਾਲ ਤੇ ਪਸ਼ੂ ਡਿਸਪੈਂਸਰੀਆਂ ਆਦਿ ਬਣਵਾਉਣੇ ਅਤੇ ਉਨ੍ਹਾਂ ਵਿਚ ਲੋੜੀਂਦੇ ਸਟਾਫ ਦੀ ਪੂਰਤੀ ਕਰਨ ਦਾ ਕੰਮ ਵੀ ਪੂਰਾ ਨਹੀਂ ਕਰ ਸਕੇ। ਪੰਜਾਬ ਦੇ ਹਰ ਪਿੰਡ, ਕਸਬੇ ਤੇ ਸ਼ਹਿਰ ਆਦਿ ਦੀਆਂ ਲੋੜਾਂ ਤੇ ਮੰਗਾਂ ਤਕਰੀਬਨ ਇਕੋ ਜਿਹੀਆਂ ਹਨ, ਪਰ ਸੰਗਤ ਦਰਸ਼ਨ ਦੇ ਨਾਂ Ḕਤੇ ਆਪਣੇ ਹੀ ਹਮਾਇਤੀ ਕੁਝ ਚੋਣਵੇ ਚੌਧਰੀਆਂ ਦੀ ਫੋਕੀ ਟੌਹਰ ਬਣਾਉਣ ਲਈ, ਉਨ੍ਹਾਂ ਰਾਹੀਂ ਪਿੰਡਾਂ ਦੀਆਂ ਸੰਸਥਾਵਾਂ ਨੂੰ ਵਿਤਕਰੇ ਨਾਲ ਗ੍ਰਾਂਟਾਂ ਦਿਤੀਆਂ ਜਾ ਰਹੀਆਂ ਹਨ। ਚਾਹੀਦਾ ਤਾਂ ਇਹ ਹੈ ਕਿ ਵਿਕਾਸ ਵਾਸਤੇ ਪਿੰਡਾਂ ਵਿਚ ਹੋਣ ਵਾਲੇ ਕੰਮਾਂ ਦਾ ਵੇਰਵਾ ਅਰਜ਼ੀਆਂ ਦੇ ਰੂਪ ਚੁਣੀਆਂ ਹੋਈਆਂ ਪੰਚਾਇਤਾਂ ਰਾਹੀਂ ਮੰਗਵਾਇਆ ਜਾਵੇ। ਉਪਰੰਤ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਰਾਹੀਂ ਵੱਖ-ਵੱਖ ਪਿੰਡਾਂ ਦੀਆਂ ਲੋੜਾਂ/ਕੰਮਾਂ ਦਾ ਸਰਵੇਖਣ ਕਰਵਾਇਆ ਜਾਵੇ। ਇਸ ਤੋਂ ਬਾਅਦ ਹੋਣ ਵਾਲੇ ਸਮੁੱਚੇ ਕੰਮਾਂ ਦੇ ਖ਼ਰਚੇ ਦਾ ਅਨੁਮਾਨ ਲਗਾਉਣ ਉਪਰੰਤ ਕੰਮਾਂ ਦੀ ਪਹਿਲ-ਸੂਚੀ ਤਿਆਰ ਕੀਤੀ ਜਾਵੇ। ਇਸ ਤੋਂ ਬਾਅਦ ਸਬੰਧਿਤ ਸਾਲ/ਸਾਲਾਂ ਵਿਚ ਉਪਲੱਬਧ ਬਜਟ ਅਨੁਸਾਰ ਕੰਮ ਨੇਪੜੇ ਚਾੜ੍ਹੇ ਜਾਣ। ਕੀਤੇ ਜਾ ਰਹੇ ਕੰਮਾਂ ਦਾ ਪਬਲਿਕ ਆਡਿਟ ਵੀ ਹੋਵੇ। ਇਸ ਲਈ ਕੀਤੇ ਜਾਣ ਵਾਲੇ ਕੰਮਾਂ ਦਾ ਵੇਰਵਾ, ਉਸ ਉਪਰ ਖ਼ਰਚ ਹੋਣ ਵਾਲੀ ਨਿਰਧਾਰਿਤ ਰਕਮ, ਕੰਮ ਨੇਪਰੇ ਚਾੜ੍ਹਨ ਦਾ ਨਿਰਧਾਰਿਤ ਸਮਾਂ, ਠੇਕੇਦਾਰ ਦਾ ਨਾਮ ਤੇ ਸ਼ਿਕਾਇਤ ਆਦਿ ਕਰਨ ਲਈ ਸਬੰਧਿਤ ਉਚ ਅਫਸਰਾਂ ਦੇ ਸੰਪਰਕ ਨੰਬਰ ਆਦਿ ਦਰਸਾਉਂਦੇ ਸਾਈਨ ਬੋਰਡ ਲਗਾਉਣੇ ਚਾਹੀਦੇ ਹਨ, ਪਰ ਬਾਦਲ ਦੇ ਮੌਜੂਦਾ ਸੰਗਤ ਦਰਸ਼ਨਾਂ ਵਿਚ ਅਜਿਹਾ ਕੁਝ ਵੀ ਨਹੀਂ। ਇਨ੍ਹਾਂ ਸੰਗਤ ਦਰਸ਼ਨਾਂ ਵਿਚ ਕੀਤੇ ਜਾਣ ਵਾਲੇ ਕੰਮਾਂ ਦਾ ਨਾ ਵਿਸਥਾਰ ਸਹਿਤ ਵੇਰਵਾ, ਨਾ ਹੋਣ ਵਾਲੇ ਖ਼ਰਚੇ ਦਾ ਕੋਈ ਅਨੁਮਾਨ ਹੁੰਦਾ ਹੈ ਅਤੇ ਨਾ ਹੀ ਬਾਅਦ ਵਿਚ ਇਸ ਰਕਮ ਦੇ ਖ਼ਰਚ ਦੀ ਕੋਈ ਪੁੱਛ-ਪੜਤਾਲ ਹੁੰਦੀ ਹੈ। ਇਸ ਕਰ ਕੇ ਸੰਗਤ ਦਰਸ਼ਨਾਂ ਵਿਚ ਵੰਡੀਆਂ ਜਾਂਦੀਆਂ ਖ਼ੈਰਾਤਨੁਮਾ ਗ੍ਰਾਂਟਾਂ ਦੀ ਦੁਰਵਰਤੋਂ ਹੋ ਰਹੀ ਹੈ। ਇਸ ਨਾਲ ਸਰਕਾਰੀ ਖ਼ਜ਼ਾਨੇ ਦਾ ਕੂੰਡਾ ਹੋ ਰਿਹਾ ਹੈ।
ਇਉਂ ਸੰਗਤ ਦਰਸ਼ਨਾਂ ਵਿਚ ਵੰਡੀਆਂ ਜਾ ਰਹੀਆਂ ਗ੍ਰਾਂਟਾਂ ਸਿਰਫ਼ ਆਪਣੀ ਪਾਰਟੀ ਦੇ ਚੌਧਰੀਆਂ ਨੂੰ ਦਿਤੀ ਜਾ ਰਹੀ ਸਿੱਧੇ-ਅਸਿੱਧੇ ਰੂਪ ਵਿਚ ਸਿਆਸੀ ਰਿਸ਼ਵਤ ਦਾ ਹੀ ਰੂਪ ਧਾਰਨ ਕਰ ਚੁੱਕੀਆਂ ਹਨ। ਕੁਝ ਸਿਆਣੇ ਲੋਕ ਤਾਂ ਇਹ ਵੀ ਸ਼ੱਕ ਕਰਦੇ ਹਨ ਕਿ ਸਰਪੰਚਾਂ ਨੂੰ ਚੋਣਾਂ ਵਾਲੇ ਸਾਲ ਵਿਚ ਵਰਤਾਏ ਗੱਫੇ, ਚੋਣਾਂ ਸਮੇਂ ਵੋਟਾਂ ਖ਼ਰੀਦਣ ਲਈ ਵਰਤੇ ਜਾਂਦੇ ਹਨ। ਜਿਥੋਂ ਤਕ ਬਾਦਲ ਵਲੋਂ ਕੀਤੇ ਜਾ ਰਹੇ ਇਸ ਦਾਅਵੇ ਦਾ ਸਬੰਧ ਹੈ ਕਿ ਸੰਗਤ ਦਰਸ਼ਨ ਉਨ੍ਹਾਂ ਦੇ ਦਿਮਾਗ ਦੀ ਹੀ ਕਾਢ ਹੈ, ਇਹ ਗੱਲ ਵੀ ਦਰੁਸਤ ਨਹੀਂ, ਕਿਉਂਕਿ ਦੱਖਣੀ ਭਾਰਤ ਦੇ ਕਈ ਸੂਬਿਆਂ ਦੇ ਮੁੱਖ ਮੰਤਰੀ ਪਹਿਲਾਂ ਵੀ ਇਹ ਤਜਰਬਾ ਕਰ ਚੁੱਕੇ ਹਨ, ਪਰ ਆਮ ਲੋਕਾਂ ਦੀਆਂ ਅਸਲ ਸਮੱਸਿਆਵਾਂ ਹੱਲ ਕਰਨ ਤੋਂ ਅਸਮਰਥ ਰਹਿਣ ਕਾਰਨ ਉਹ ਇਸ ਫਜ਼ੂਲ ਅਭਿਆਸ ਤੋਂ ਕਿਨਾਰਾ ਕਰ ਗਏ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਵੀ ਚੰਡੀਗੜ੍ਹ ਵਿਖੇ ਖੁੱਲ੍ਹਾ ਦਰਬਾਰ ਲਗਾਉਂਦੇ ਰਹੇ ਹਨ। ਆਪਣੀ ਰਿਹਾਇਸ਼ Ḕਤੇ ਖੁੱਲ੍ਹੇ ਵਿਹੜੇ ਵਿਚ ਕਤਾਰਾਂ ਵਿਚ ਲੱਗੀਆਂ ਕੁਰਸੀਆਂ ਉਪਰ ਲੋਕ ਆਪੋ-ਆਪਣੀਆਂ ਫ਼ਰਿਆਦਾਂ ਲੈ ਕੇ ਬੈਠੇ ਹੁੰਦੇ ਸਨ। ਬੇਅੰਤ ਸਿੰਘ ਨਾਸ਼ਤੇ ਤੋਂ ਵਿਹਲੇ ਹੋ ਕੇ ਉਡੀਕ ਕਰ ਰਹੇ ਫ਼ਰਿਆਦੀਆਂ ਪਾਸੋਂ ਇਕੱਲੇ-ਇਕੱਲੇ ਕੋਲ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਦੇ ਸਨ ਅਤੇ ਇਸ ਦੇ ਹੱਲ ਲਈ ਸਬੰਧਿਤ ਅਫਸਰਾਂ ਨੂੰ ਹਦਾਇਤਾਂ ਦਿੰਦੇ ਸਨ, ਪਰ ਉਹ ਇਹ ਅਭਿਆਸ ਬਾਦਲ ਵਾਂਗ ਸਿਰਫ਼ ਚੋਣਾਂ ਵਾਲੇ ਸਾਲ ਵਿਚ ਹੀ ਜਾਂ ਕੁਝ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਵੇਲੇ ਨਹੀਂ ਸਨ ਕਰਦੇ।
ਇਸ ਸਮੇਂ ਲੋਕਾਂ ਦੀ ਸਭ ਤੋਂ ਵੱਡੀ ਸਮੱਸਿਆ, ਉਨ੍ਹਾਂ ਦੇ ਪੜ੍ਹੇ-ਲਿਖੇ ਬੱਚਿਆਂ ਵਾਸਤੇ ਰੁਜ਼ਗਾਰ ਮੁਹੱਈਆ ਕਰਨ ਜਾਂ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਦੀ ਹੈ, ਪਰ ਬਾਦਲ ਅਜਿਹਾ ਕਰਨ ਦੀ ਥਾਂ ਉਨ੍ਹਾਂ ਨੂੰ ਪਿੰਡਾਂ ਵਿਚ ਜਿਮ ਖੋਲ੍ਹਣ ਅਤੇ ਖੇਡ ਕਿਟਾਂ ਵਾਸਤੇ ਗ੍ਰਾਂਟਾਂ ਵੰਡ ਰਹੇ ਹਨ। ਬਾਦਲ ਵਲੋਂ ਅਕਸਰ ਕਿਹਾ ਜਾਂਦਾ ਹੈ ਕਿ ਸੰਗਤ ਦਰਸ਼ਨ ਸਮੇਂ ਉਨ੍ਹਾਂ ਦਾ ਆਮ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਹੋਣ ਕਾਰਨ, ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ, ਸਮਝਣ ਅਤੇ ਹੱਲ ਕਰਨ ਵਿਚ ਮਦਦ ਮਿਲਦੀ ਹੈ, ਪਰ ਉਨ੍ਹਾਂ ਨੂੰ ਪੁੱਛਿਆ ਜਾ ਸਕਦਾ ਹੈ ਕਿ ਪਿੰਡਾਂ ਵਿਚ ਗਲੀਆਂ-ਨਾਲੀਆਂ ਪੱਕੀਆਂ ਕਰਨ, ਸਕੂਲਾਂ, ਹਸਪਤਾਲਾਂ ਦੀ ਹਾਲਤ ਸੁਧਾਰਨ ਅਤੇ ਉਨ੍ਹਾਂ ਵਿਚ ਪੂਰਾ ਸਟਾਫ ਦੇਣ ਆਦਿ ਮੰਗਾਂ ਕੀ ਹਰ ਪਿੰਡ ਦੀਆਂ ਵੱਖ-ਵੱਖ ਹਨ ਜਿਨ੍ਹਾਂ ਨੂੰ ਸਮਝਣ ਲਈ ਸੂਬੇ ਦੇ ਮੁੱਖ ਮੰਤਰੀ ਨੂੰ ਆਪਣੀ ਸਕਿਉਰਿਟੀ ਸਮੇਤ ਉਚ ਅਫਸਰਾਂ ਦਾ ਪੂਰਾ ਲਾਮ ਲਸ਼ਕਰ ਲੈ ਕੇ ਹਰ ਪਿੰਡ ਪਹੁੰਚਣਾ ਜ਼ਰੂਰੀ ਹੈ? ਜੁਆਬ ਵਿਚ ਸਾਧਾਰਨ ਤੋਂ ਸਾਧਾਰਨ ਬੰਦਾ ਵੀ ਇਹੋ ਕਹੇਗਾ ਕਿ ਜਿਨ੍ਹਾਂ ਕੰਮ ਲਈ ਸੂਬਾਈ ਪੱਧਰ ਉਤੇ ਕਿਸੇ ਠੋਸ ਸਾਂਝੀ ਨੀਤੀ ਬਣਾਉਣ ਦੀ ਲੋੜ ਹੋਵੇ, ਉਨ੍ਹਾਂ ਵਾਸਤੇ ਸੰਗਤ ਦਰਸ਼ਨ ਦੇ ਰੂਪ ਵਿਚ ਪਿੰਡੋ-ਪਿੰਡ ਭੱਜੇ ਫਿਰਨਾ ਅਤੇ ਇਸ ਅਭਿਆਸ ਉਪਰ ਸੁਰੱਖਿਆ ਅਤੇ ਪੈਟਰੋਲ ਆਦਿ ਉਪਰ ਹੋਣ ਵਾਲੇ ਖ਼ਰਚੇ ਨਾਲ ਸਰਕਾਰੀ ਖ਼ਜ਼ਾਨੇ ਉਪਰ ਕਰੋੜਾਂ ਰੁਪਏ ਦਾ ਬੋਝ ਪਾਉਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ। ਇਸ ਤਰ੍ਹਾਂ ਕਰਨ ਨਾਲ ਸਰਕਾਰੀ ਖ਼ਜ਼ਾਨੇ ਉਪਰ ਬੇਲੋੜਾ ਬੋਝ ਤਾਂ ਪੈਂਦਾ ਹੀ ਹੈ, ਇਸ ਤੋਂ ਇਲਾਵਾ ਸਮੂਹ ਜ਼ਿਲ੍ਹਾ ਅਧਿਕਾਰੀਆਂ ਵਲੋਂ ਆਪਣੇ ਦਫ਼ਤਰ ਛੱਡ ਕੇ ਸੰਗਤ ਦਰਸ਼ਨ ਵਿਚ ਹਾਜ਼ਰੀ ਭਰਨ ਕਰ ਕੇ ਉਨ੍ਹਾਂ ਦੇ ਆਪਣੇ ਦਫ਼ਤਰਾਂ ਵਿਚ ਉਨ੍ਹਾਂ ਦੀ ਗ਼ੈਰਹਾਜ਼ਰੀ ਕਾਰਨ ਕੰਮਾਂ-ਕਾਰਾਂ ਲਈ ਆਏ ਲੋਕਾਂ ਨੂੰ ਖੱਜਲ-ਖੁਆਰ ਵੀ ਹੋਣਾ ਪੈਂਦਾ ਹੈ। ਜਿਵੇਂ ਵੈਟਰਨਰੀ ਅਫ਼ਸਰ ਲਈ ਪਸ਼ੂ ਹਸਪਤਾਲ, ਖੇਤੀ ਵਿਕਾਸ ਅਫ਼ਸਰ, ਬਲਾਕ ਵਿਕਾਸ ਅਫ਼ਸਰ, ਸਿੱਖਿਆ ਅਧਿਕਾਰੀ ਤੇ ਪਟਵਾਰੀ ਆਦਿ ਦੇ ਕੰਮ ਕਰਨ ਦੀ ਅਸਲੀ ਥਾਂ ਉਨ੍ਹਾਂ ਦੇ ਦਫ਼ਤਰ ਹਨ, ਸੰਗਤ ਦਰਸ਼ਨ ਵਾਲੀ ਜਗ੍ਹਾ ਨਹੀਂ। ਆਪਣੇ ਦਫ਼ਤਰ ਬੈਠ ਕੇ ਰੋਜ਼ਮਰ੍ਹਾ ਦਾ ਕੰਮ ਕਰਨ ਦੀ ਥਾਂ ਸੰਗਤ ਦਰਸ਼ਨਾਂ ਵਿਚ ਹਾਜ਼ਰੀ ਭਰਨ ਲਈ ਮਜਬੂਰ ਹੋਣਾ ਉਨ੍ਹਾਂ ਦੇ ਦਫ਼ਤਰੀ ਕੰਮ ਵਿਚ ਵਿਘਨ ਪਾਉਣ ਅਤੇ ਕੰਮਾਂ-ਕਾਰਾਂ ਲਈ ਆਏ ਲੋਕਾਂ ਦੀ ਖੱਜਲ-ਖੁਆਰੀ ਦਾ ਸਬੱਬ ਬਣਦਾ ਹੈ।
ਬਾਦਲ ਨੇ ਪੰਜ ਵਾਰ ਮੁੱਖ ਮੰਤਰੀ ਬਣ ਕੇ ਪੰਜਾਬ ਦੇ Ḕਲੋਕਾਂ ਦੀ ਸੇਵਾḔ ਕਰ ਕੇ ਰਾਜਸੱਤਾ ਦਾ ਕਾਫ਼ੀ ਆਨੰਦ ਮਾਣ ਲਿਆ ਹੈ। ਉਨ੍ਹਾਂ ਨੂੰ ਸਿਆਸਤ ਦੇ ਨਾਲ-ਨਾਲ ਪ੍ਰਸ਼ਾਸਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੀ ਭਰਪੂਰ ਜਾਣਕਾਰੀ ਹੈ। ਇਸ ਹਾਲਤ ਵਿਚ ਉਨ੍ਹਾਂ ਨੂੰ ਗ਼ੈਰ-ਤਰਕਸੰਗਤ ਅਤੇ ਗ਼ੈਰ-ਲੋਕਰਾਜੀ ਸੰਗਤ ਦਰਸ਼ਨ ਮੁਹਿੰਮ ਜਿਸ ਲਈ ਉਹ ਦੋ ਬੰਦਿਆਂ ਦੇ ਮੋਢਿਆਂ ਦਾ ਸਹਾਰਾ ਲੈ ਕੇ ਚਲਦੇ ਹਨ, ਨੂੰ ਸੰਤੋਖ ਕੇ ਹੁਣ ਸੂਬੇ ਦੀ ਰਾਜਧਾਨੀ ਵਿਚ ਪੱਕਾ ਡੇਰਾ ਲਾ ਕੇ ਅਤੇ ਆਪਣੇ ਮੰਤਰੀਆਂ ਤੇ ਅਫਸਰਾਂ ਦੀ ਉਨ੍ਹਾਂ ਦੇ ਸਬੰਧਤ ਦਫ਼ਤਰਾਂ ਵਿਚ ਹਾਜ਼ਰੀ ਯਕੀਨੀ ਬਣਾਉਣੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਨੂੰ ਰੋਜ਼ੀ-ਰੋਟੀ ਲਈ ਸੰਘਰਸ਼ ਕਰ ਰਹੇ ਸਮਾਜ ਦੇ ਵੱਖ-ਵੱਖ ਵਰਗਾਂ ਦੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਚੰਡੀਗੜ੍ਹ ਬੁਲਾ ਕੇ ਉਨ੍ਹਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਦਾ ਨਿਬੇੜਾ ਕਰਨ ਦੇ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਵੱਖ-ਵੱਖ ਥਾਵਾਂ Ḕਤੇ ਸੰਗਤ ਦਰਸ਼ਨਾਂ ਦੇ ਨੇੜੇ ਪੁਲਿਸ ਅਤੇ ਕਦੇ-ਕਦੇ ਸਥਾਨਕ ਜਥੇਦਾਰਾਂ ਦੀਆਂ ਡਾਗਾਂ ਖਾਣ ਦੀ ਥਾਂ ਉਹ ਆਪਣੇ ਦੁੱਖ ਮੁੱਖ ਮੰਤਰੀ ਨੂੰ ਦੱਸ ਸਕਣ। ਅਜਿਹਾ ਕਰਨਾ ਹੀ ਹਕੀਕਤ ਦੇ ਭਾਵਪੂਰਤ ਸੰਗਤ ਦਰਸ਼ਨ ਹੋ ਸਕਦਾ ਹੈ। -0-