ਮੂੰਹ-ਮੁਹਾਰਨੀ

ਡਾæ ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ ਸਗੋਂ ਕਾਵਿਕ ਰਵਾਨਗੀ ਹੁੰਦੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਬੜਾ ਸਿਆਣਾ ਬਜ਼ੁਰਗ ਆਪਣੇ ਤੋਂ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਦੱਸ ਰਿਹਾ ਹੋਵੇ। ਇਸ ਲੇਖ ਲੜੀ ਵਿਚ ਉਹ ਇਸ ਤੋਂ ਪਹਿਲਾਂ ਨੈਣਾਂ ਦੇ ਤੀਰ ਚਲਾ ਚੁਕੇ ਹਨ ਅਤੇ ਦਿਲ ਦੀਆਂ ਬਾਤਾਂ ਪਾ ਚੁਕੇ ਹਨ ਅਤੇ ਕਈਆਂ ਦੇ ਕੰਨਾਂ ‘ਚ ਫੂਕ ਮਾਰ ਚੁਕੇ ਹਨ, ਕੰਨਾਂ ‘ਚ ਪਾਈਆਂ ਨੱਤੀਆਂ, ਮੁਰਕੀਆਂ, ਬੁੰਦੇ, ਝੁਮਕੇ ਆਦਿ ਸ਼ਖਸੀ ਸੁੰਦਰਤਾ ਨੂੰ ਚਾਰ ਚੰਨ ਲਾਉਣ ਦੀ ਬਾਤ ਸੁਣਾ ਚੁਕੇ ਹਨ।

ਹਥਲੇ ਲੇਖ ਵਿਚ ਉਨ੍ਹਾਂ ਕਿਸੇ ਦੇ ਮੂੰਹੋਂ ਵੀ ਗੱਲ ਖੋਹੀ ਹੈ ਅਤੇ ਕਿਸੇ ਦੇ ਮੂੰਹ ‘ਤੇ ਵੀ ਮਾਰੀ ਹੈ। ਇਹ ਨਸੀਹਤ ਵੀ ਦਿੱਤੀ ਹੈ ਕਿ ਮੂੰਹ ਦੀਆਂ ਲੁਭਾਉਣੀਆਂ ਲੱਜਤਾਂ ਵਿਚ ਗੁਆਚਣ ਦੀ ਬਜਾਏ, ਇਸ ਦੀਆਂ ਨਿਆਮਤਾਂ ਨੂੰ ਅਪਨਾਉਣ ਅਤੇ ਤਰਕਸੰਗਤੀ ਰਾਹਾਂ ਨੂੰ ਮੰਜ਼ਲ-ਮਾਰਗ ਬਣਾਉਣ ਵੰਨੀਂ ਕਦਮ ਜਰੂਰ ਪੁੱਟਣਾ, ਤੁਹਾਨੂੰ ਮੂੰਹ ਮੰਗੀਆਂ ਮੁਰਾਦਾਂ ਮਿਲਣਗੀਆਂ। -ਸੰਪਾਦਕ

ਡਾæ ਗੁਰਬਖਸ਼ ਸਿੰਘ ਭੰਡਾਲ

ਮੂੰਹ, ਮਨੁੱਖੀ ਦਿੱਖ, ਚਿਹਰੇ ਦਾ ਸਰੂਪ, ਮੁੱਖੜੇ ਦਾ ਅਹਿਮ ਅੰਗ, ਨਕਸ਼ਾਂ ਦੀ ਨਿਸ਼ਾਨਦੇਹੀ, ਸਰੀਰਕ ਊਰਜਾ ਦਾ ਸਰੋਤ, ਬੋਲਬਾਣੀ ਦਾ ਬਿੰਬ ਅਤੇ ਖੁਦ ‘ਚੋਂ ਖੁਦਾ ਲਈ ਹੂਕ।
ਮੂੰਹ, ਰੂਹ ਦਾ ਰੱਜ, ਜੁਬਾਨ ਦਾ ਚੱਜ। ਪੇਟ-ਪੂਰਤੀ ਦਾ ਦੁਆਰ ਅਤੇ ਸਵਾਦ ਸਾਧਨਾਂ ਦਾ ਆਧਾਰ। ਬਹੁਤ ਸਾਰੇ ਸਰੋਕਾਰਾਂ ਦਾ ਆਧਾਰ ਜਿਹੜੇ ਅਸੀਂ ਜਾਣੇ-ਅਣਜਾਣੇ ਦਰ-ਕਿਨਾਰ ਕਰੀ ਰੱਖਦੇ। ਮੂੰਹ ਵਿਚਲੇ ਦੰਦਾਂ ਦੀ ਬਤੀਸੀ, ਸਦਾ ਹਰਕਤ ਵਿਚ ਰਹਿਣ ਵਾਲਾ ਜੁਬਾਨ-ਰੂਪੀ ਮਾਸ ਦਾ ਲੋਥੜਾ, ਹੋਠ ਆਦਿ ਮੂੰਹ ਦਾ ਸੁਹੱਪਣ ਵੀ ਹੁੰਦੇ ਤੇ ਕੋਝਾਪਣ ਵੀ। ਇਹ ਅੰਗ ਮੂੰਹ ਨੂੰ ਕਿਹੜਾ ਰੂਪ ਦਿੰਦੇ ਅਤੇ ਅਸੀਂ ਇਨ੍ਹਾਂ ਰਾਹੀਂ ਖੂਦ ਦੇ ਕਿਸ ਰੂਪ, ਆਵੇਸ਼ ਤੇ ਚੇਤਨਾ ਨੂੰ ਪ੍ਰਗਟ ਕਰਦੇ, ਇਹ ਸਾਡੇ ‘ਤੇ ਹੀ ਨਿਰਭਰ ਕਰਦਾ।
ਮੂੰਹ ਨਾਲ ਜੁੜੀਆਂ ਹੋਈਆਂ ਨੇ ਬਹੁਤ ਸਾਰੀਆਂ ਕਿਰਿਆਵਾਂ। ਹਰ ਰੋਜ਼ ਮੂੰਹ ਨਾਲ ਸਬੰਧਤ ਅੰਗ ਬਾਖੂਬੀ ਨਿਭਾਉਂਦੇ ਵੱਖ-ਵੱਖ ਕਾਰਜ। ਭਾਵੇਂ ਇਹ ਦੰਦਾਂ ਨਾਲ ਚਿੱਥ ਕੇ ਰੋਟੀ ਖਾਂਦਿਆਂ, ‘ਰੋਟੀ ਪੀਓ ਅਤੇ ਪਾਣੀ ਖਾਓ’ ਦੇ ਸੱਚ ਨੂੰ ਸਿੱਧ ਕਰਨਾ ਹੋਵੇ, ਜੀਭ ਨਾਲ ਰੱਸ ਚੱਖਣਾ ਹੋਵੇ, ਜੀਭ ਰਾਹੀਂ ਭਾਵਾਂ ਨੂੰ ਜੁਬਾਨ ਦੇਣੀ ਹੋਵੇ, ਬੁੱਲੀਆਂ ‘ਤੇ ਮਲਿਆ ਹੋਇਆ ਦਮੜੀ ਦਾ ਸੱਕ ਜਾਂ ਦੰਦਾਸਾ ਹੋਵੇ ਤੇ ਮੇਲਦਾ ਹਾਸਾ ਹੋਵੇ, ਕਿਸੇ ਦੇ ਹੋਠਾਂ ਨੂੰ ਸਹਿਲਾਉਣਾ ਹੋਵੇ, ਕੋਸੇ ਚੁੰਮਣਾਂ ਰਾਹੀਂ ਅੰਤਰੀਵ ਵਿਚ ਉਤਰਨਾ ਹੋਵੇ ਜਾਂ ਬੁੱਲ ਨਾਲ ਬੁੱਲ ਜੋੜ ਨੇ ਵਿਸਮਾਦੀ ਅਨੰਦ ਮਾਨਣਾ ਹੋਵੇ।
ਮੂੰਹ, ਮਨੁੱਖ ਦੀ ਹੋਂਦ ਨੂੰ ਸਿੱਧ ਕਰਨ ਦਾ ਸਾਜ਼, ਹਉਮੈ ਦਾ ਦਮਗਜ਼ਾ ਅਤੇ ਖੁਦੀ ਨੂੰ ਵਿਸਥਾਰਨ ਦਾ ਸਾਧਨ।
ਮੂੰਹ ਹੀ ਸਬੱਬ ਬਣਦਾ ਹੈ ਮੂਕ ਭਾਸ਼ਾ ਰਾਹੀਂ ਅੰਤਰੀਵ ਨੂੰ ਫਰੋਲਣ ਦਾ ਜਾਂ ਕਿਸੇ ਦੀ ਸਾਹ-ਰਗ ‘ਚ ਤੱਤਾ ਸਾਹ ਘੋਲਣ ਦਾ।
ਬੰਦ ਮੂੰਹ ਬਹੁਤ ਸਾਰੇ ਭੇਤਾਂ ਨੂੰ ਗੁੱਝੇ ਰੱਖਣ ਦੇ ਸਮਰੱਥ ਜਦ ਕਿ ਹੱਥ ਸਭ ਤੋਂ ਇਮਾਨਦਾਰ ਹੁੰਦੇ ਜੋ ਤੁਹਾਡੇ ਸਰੀਰਕ ਭਾਵਾਂ ਨੂੰ ਪੇਸ਼ ਕਰਨ ਤੋਂ ਬਗੈਰ ਨਹੀਂ ਰਹਿ ਸਕਦੇ।
ਮੂੰਹ ਨੂੰ ਲੋੜ ਅਨੁਸਾਰ ਅਤੇ ਨਿਯਮਿਤ ਸਮੇਂ ‘ਤੇ ਸਹੀ ਸੰਦਰਭ ਵਿਚ ਖੋਲ੍ਹਣ, ਸਹੀ ਵਰਤੋਂ ਅਤੇ ਇਸ ਰਾਹੀਂ ਉਪਜਦੀਆਂ ਬੁਰਾਈਆਂ ਤੇ ਚੰਗਿਆਈਆਂ ਬਾਰੇ ਸੁਚੇਤ ਕਰਦਿਆਂ ਗੁਰਬਾਣੀ ਦਾ ਫੁਰਮਾਨ ਹੈ,
ਚੁਪੈ ਚੰਗਾ ਨਾਨਕਾ ਵਿਣੁ ਨਾਵੈ ਮੁਹਿ ਗੰਧੁ॥੧॥ (ਪੰਨਾ 1288)
ਜਾਂ
ਜੀਉ ਪਾਇ ਮਾਸੁ ਮੁਹਿ ਮਿਲਿਆ ਹਡੁ ਚੰਮੁ ਤਨੁ ਮਾਸੁ॥ (ਪੰਨਾ 1289)
ਮੂੰਹ ਮਨੁੱਖੀ ਲੋਕ ਧਾਰਾ ਨਾਲ ਜੁੜਿਆ ਅਜਿਹਾ ਸ਼ਬਦ ਹੈ ਜਿਸ ਨਾਲ ਜੁੜੇ ਹੋਏ ਨੇ ਬਹੁਤ ਸਾਰੇ ਅਖਾਣ, ਲੋਕ-ਤੱਥ, ਜੀਵਨ-ਵਿਚਾਰ ਅਤੇ ਜੀਵਨ-ਜੁਗਤਾਂ। ਭੁੱਖ, ਪਿਆਸ, ਪੀੜਾ, ਖੁਸ਼ੀ, ਹਉਕਾ, ਹੇਰਵਾ ਅਤੇ ਹਿਚਕੀ ਨੂੰ ਜ਼ਾਹਰ ਕਰਨ ਲਈ ਸਭ ਤੋਂ ਪਹਿਲਾਂ ਮੂੰਹ ਹੀ ਸਾਡਾ ਸਾਧਨ ਬਣਦਾ ਅਤੇ ਅਸੀਂ ਆਪਾ ਪ੍ਰਗਟਾਉਂਦੇ।
ਮੂੰਹ, ਮਾਨਵਤਾ ਦਾ ਆਧਾਰ ਵੀ ਅਤੇ ਅਮਾਨਵੀ ਵਰਤਾਰਿਆਂ ਦੀ ਧਰਾਤਲ ਵੀ। ਇਹ ਇਸ ਗੱਲ ‘ਤੇ ਨਿਰਭਰ ਕਰਦਾ ਕਿ ਮੂੰਹ ਕਿਹੜੇ ਪਾਸੇ ਨੂੰ ਮੁੜਦਾ, ਕਿਸ ਦੀ ਹੇਕ ਜਾਂ ਹੁੰਗਾਰਾ ਬਣਦਾ ਅਤੇ ਕਿਹੜੀ ਵਿਚਾਰਧਾਰਾ ਦਾ ਧਾਰਨੀ ਹੋ ਕੇ ਸਮਾਜ ‘ਚ ਆਪਣੀ ਅਵਾਜ਼ ਬੁਲੰਦ ਕਰਦਾ।
ਕੁਝ ਲੋਕਾਂ ਦੇ ਮੂੰਹ ‘ਚੋਂ ਕੁਹਜ ਉਛਲਦਾ ਜੋ ਸਾਥੀਆਂ, ਸਬੰਧਾਂ ਤੇ ਸਨੇਹੀਆਂ ਨੂੰ ਪੀੜਾ ਦੇਣ ਵਿਚੋਂ ਹੀ ਸਵੈ ਲਈ ਖੁਸ਼ੀ ਅਤੇ ਤਸੱਲੀ ਭਾਲਦੇ ਜਦ ਕਿ ਕੁਝ ਦੇ ਮੁਖਾਰਬਿੰਦ ਵਿਚੋਂ ਸੁੱਚੇ ਬੋਲਾਂ ਦੇ ਸੂਹੇ ਫੁੱਲ ਕਿਰਦੇ ਜੋ ਸਮਾਜ ਤੇ ਮਾਨਵੀ ਵਰਤਾਰੇ ਨੂੰ ਸੁਹੱਪਣ ਬਖਸ਼ਦੇ।
ਕਿਸੇ ਦਾ ਮੂੰਹ ਰੱਖਣ ਲਈ ਆਪਣੀ ਸੋਚ-ਧਾਰਨਾ ਦੀ ਬਲੀ ਵਾਲੇ ਲੋਕ ਸਮਾਜ ਦਾ ਕਲੰਕ। ਉਨ੍ਹਾਂ ਲਈ ਸਮਾਜਿਕ ਸੂਝ, ਬੰਦਿਆਈ ਭਰਪੂਰ ਕਾਰਜ ਜਾਂ ਸੰਤੁਲਿਤ ਸੋਚ ਨੂੰ ਦਿਤੀ ਹੋਈ ਤਿਲਾਂਜਲੀ ਹੀ ਹੁੰਦੀ ਜੋ ਮਨੁੱਖੀ ਹੋਂਦ ਦੀ ਸਿਮਟਣੀ ਬਣ ਜਾਂਦੀ।
ਛੋਟਾ ਦਿਮਾਗ ਅਤੇ ਵੱਡੇ ਮੂੰਹ ਵਾਲੇ ਲੋਕ ਸਮਾਜ ਦਾ ਤਿੜਕਿਆ ਬਿੰਬ ਹੁੰਦੇ ਜਿਨ੍ਹਾਂ ਕਰਕੇ ਪਰਿਵਾਰ, ਸਮਾਜ ਤੇ ਭਾਈਚਾਰਿਆਂ ਵਿਚ ਖਿਚੋਤਾਣ ਪੈਦਾ ਹੁੰਦੀ। ਤਿੜਕੀਆਂ ਕੰਧਾਂ ਅਤੇ ਚਸਕਦੇ ਬੂਹੇ-ਬਾਰੀਆਂ ਦਾ ਦਰਦ, ਘਰ ਦੇ ਸੁਖਦ ਅਹਿਸਾਸ ਨੂੰ ਲੀਰਾਂ ਕਰ ਦਿੰਦਾ। ਜਦ ਕਿ ਵੱਡੇ ਦਿਮਾਗ ਅਤੇ ਛੋਟੇ ਮੂੰਹ ਦਾ ਰਿਸ਼ਤਾ ਮਨੁੱਖਤਾ ਲਈ ਬਹੁਤ ਹੀ ਅਹਿਮ। ਇਸ ਦੀ ਅਹਿਮੀਅਤ ਸਮਝਣ ਵਾਲੇ ਇਸ ‘ਤੇ ਪਹਿਰਾ ਦਿੰਦੇ ਜਿਸ ਨਾਲ ਉਨ੍ਹਾਂ ਦੇ ਪਰਿਵਾਰਕ ਰਿਸ਼ਤਿਆਂ ਵਿਚਲੀ ਪਾਕੀਜ਼ਗੀ, ਪਕੇਰਾਪਣ ਅਤੇ ਪਹਿਚਾਣ ਨੂੰ ਨਵੇਂ ਬਿੰਬ ਮਿਲਦੇ।
ਬਹੁਤ ਜਰੂਰੀ ਹੁੰਦਾ ਏ ਕਿ ਮੂੰਹ ਖੋਲ੍ਹਣ ਤੋਂ ਪਹਿਲਾਂ ਦਿਮਾਗ ਦੀ ਸੰਦੂਕੜੀ ਨੂੰ ਖੋਲ੍ਹ ਕੇ ਸਮਝ, ਸਿਆਣਪ ਤੇ ਸ਼ਬਦਾਂ ਵਿਚਲਾ ਸਮਤੋਲ ਬਣਾਇਆ ਜਾਵੇ ਕਿਉਂਕਿ ਮੂੰਹ ‘ਚੋਂ ਨਿਕਲੇ ਲਫਜ਼ ਕਦੇ ਪਰਤ ਕੇ ਵਾਪਸ ਨਹੀਂ ਆਉਂਦੇ।
ਮੂੰਹ ਨੂੰ ਥੋੜ੍ਹਾ ਖੋਲ੍ਹਣਾ ਅਤੇ ਦਿਮਾਗੀ ਤੰਦਰੁਸਤੀ ਨੂੰ ਚਿਰੰਜੀਵ ਰੱਖਣਾ ਹੀ ਚੰਗੇਰੀ ਜੀਵਨ-ਜਾਚ। ਚੰਗਾ ਹੋਵੇਗਾ ਜੇ ਅਸੀਂ ਖੁਦ ਨੂੰ ਦਿਮਾਗੀ ਚੇਤਨਾ ਅਤੇ ਮੂੰਹ ਦੇ ਨਿੱਕੇਪਣ ਦਾ ਅਹਿਸਾਸ ਕਰਵਾਉਂਦੇ ਰਹੀਏ।
ਜਦ ਕੋਈ ਨਿੱਕਾ ਮੂੰਹ, ਵੱਡੀ ਬਾਤ ਦੇ ਅਰਥ ਫਰੋਲਦਿਆਂ ਖੁਦ ਦਾ ਵਿਸ਼ਲੇਸ਼ਣ ਕਰਦਾ ਤਾਂ ਵਿਅਕਤੀ ਆਪਣੇ ਆਪ ਦੇ ਸਭ ਤੋਂ ਨਜ਼ਦੀਕ ਹੁੰਦਾ। ਅਜਿਹੀ ਨੇੜਤਾ ਹੀ ਸਰਬਮੁੱਖੀ ਵਿਕਾਸ ਦਾ ਆਧਾਰ ਬਣਦੀ।
ਮੂੰਹ ਮੰਗੀ ਦਾਤ ਜਦ ਸਾਡੀ ਝੋਲੀ ਪੈਂਦੀ ਤਾਂ ਬਹੁਤੀ ਵਾਰ ਅਸੀਂ ਸ਼ੁਕਰਗੁਜ਼ਾਰ ਹੋਣ ਦੀ ਬਜਾਏ, ਨਾ-ਸ਼ੁਕਰੇ ਪਲਾਂ ਦਾ ਠੂਠੇ ਫੜ ਕੇ ਸਵਾਲੀ ਬਣ ਬਹਿੰਦੇ। ਇਸ ਨਾ-ਸ਼ੁਕਰੇਪਣ ਵਿਚੋਂ ਹੀ ਉਪਜੀ ਏ ਅਜੋਕੀ ਮਨੁੱਖੀ ਸੰਤਾਪ ਦੀ ਹੋਣੀ।
ਬੱਚਾ ਮੂੰਹ ਚਿੜਾਉਂਦਾ ਤਾਂ ਅਸੀਂ ਇਸ ‘ਚੋਂ ਖੁਸ਼ੀ ਤੇ ਖੇੜਾ ਕਿਆਸਦੇ। ਸਾਨੂੰ ਨੀਵਾਂ ਦਿਖਾਉਣ ਲਈ ਜਦ ਕੋਈ ਮੂੰਹ ਦੇ ਕੋਝੇ ਰੂਪ ਬਣਾਉਂਦਾ ਤਾਂ ਸਾਡੀ ਸੰਵੇਦਨਾ ਡੰਗੀ ਜਾਂਦੀ। ਅਸੀਂ ਭੜਕ ਪੈਂਦੇ ਅਤੇ ਇਸ ਭੜਕਾਹਟ ਵਿਚੋਂ ਹੀ ਸਾਡਾ ਖੋਖਲਾਪਣ ਨਜ਼ਰ ਆਉਂਦਾ। ਦਰਅਸਲ ਹਰ ਵਿਅਕਤੀ ਦੇ ਅੰਦਰ ਇਕ ਕੂੜੇਦਾਨ ਵੀ ਹੁੰਦਾ ਜਿਸ ਵਿਚ ਈਰਖਾ, ਕਰੋਧ, ਸਾੜਾ, ਗੁੱਸਾ, ਢੀਠਤਾ, ਕਮੀਨਗੀ, ਝੂਠ, ਫਰੇਬ, ਲਾਲਚ ਆਦਿ ਸਾਂਭਿਆ ਹੁੰਦਾ ਜੋ ਇਨ੍ਹਾਂ ਨਾਲ ਤੁਹਾਨੂੰ ਲਬੇੜ ਸਕਦਾ ਹੈ ਜਾਂ ਉਸ ਦੀ ਆਤਮਾ ਦੇ ਆਲ੍ਹੇ ‘ਚ ਫੁੱਲਦਾਨ ਹੁੰਦਾ ਹੈ ਜਿਸ ਵਿਚ ਪਿਆਰ, ਆਪਣਾਪਣ, ਹਲੀਮੀ, ਮਿਲਵਰਤਣ, ਸ਼ੁਭ-ਵਿਚਾਰ, ਸਨੇਹੀ-ਕਾਮਨਾ, ਸੇਵਾ-ਭਾਵਨਾ ਦੇ ਸੱਜਰੇ ਫੁੱਲ ਹੁੰਦੇ ਜੋ ਮਹਿਕਾਂ ਤੇ ਰੰਗਾਂ ਦੇ ਸੰਧਾਰੇ ਵੰਡਦਾ, ਜੀਵਨੀ ਕਿਰਤ-ਸਾਧਨਾ ‘ਚ ਹਮੇਸ਼ਾ ਜੁਟਿਆ ਰਹਿੰਦਾ।
ਮੂੰਹ, ਮੁਹਤਾਜੀ ਵੀ ਤੇ ਮੁਹੱਬਤ ਵੀ, ਮੰਨਤ ਵੀ ਤੇ ਮੰਗਤਾ ਵੀ, ਮਜ਼ਮਾ ਵੀ ਤੇ ਮਹਿਫਿਲ ਵੀ, ਮੋਹਵੰਤਾ ਵੀ ਤੇ ਮੋਹਭੰਗਤਾ ਵੀ, ਮਨਮਾਨੀ ਵੀ ਤੇ ਮਨਧੀਰਤਾ ਵੀ, ਮੌਜ-ਮਸਤੀ ਵੀ ਤੇ ਮਲੰਗੀਪੁਣਾ ਵੀ ਅਤੇ ਮੇਲਾ ਵੀ ਤੇ ਮੌਨ ਵੀ। ਇਕ ਸ਼ਖਸ ਕਿਸ ਰੂਪ ਵਿਚ ਤੁਹਾਡੇ ਸਾਹਮਣੇ ਰੂਬਰੂ ਹੁੰਦਾ, ਇਹ ਉਸ ਦੇ ਸਰੋਕਾਰ ਤੇ ਸ਼ਖਸੀ ਬਿੰਬ ‘ਤੇ ਜ਼ਿਆਦਾਤਰ ਨਿਰਭਰ ਕਰਦਾ।
ਜਦ ਕਿਸੇ ਵਿਅਕਤੀ ਦੀ ਆਸਥਾ ਸਿਖਰ ‘ਤੇ ਪਹੁੰਚਦੀ ਤਾਂ ਉਹ ਸਵੈ-ਸੰਤੁਸ਼ਟੀ ਵਿਚੋਂ ਹੀ ਖੁਦ ਨੂੰ ਤਲਾਸ਼ਦਾ। ਉਸ ਦੇ ਅੰਤਰੀਵ ਵਿਚ “ਮੁਹਿ ਮੰਗਾਂ ਸੋਈ ਦੇਵਦਾ ਹਰਿ ਪਿਤਾ ਸੁਖਦਾਇਕ” ਦੀ ਧੁਨੀ ਗੂੰਜਦੀ।
ਜਦ ਮੂੰਹ ਵਿਚੋਂ ਨਿਕਲੀ ਹਰ ਮੰਗ ਪੂਰੀ ਹੋਣ ਲੱਗ ਪਵੇ ਤਾਂ ਜੀਵਨ ਸਹਿਲ ਲੱਗਦਾ। ਜਦ ਅਜਿਹੇ ਲੋਕਾਂ ਦੇ ਜੀਵਨ-ਪੰਧ ਵਿਚ ਮੁਸ਼ਕਲਾਂ ਦਾ ਪਹਾੜ ਉਗਦਾ ਤਾਂ ਜ਼ਿੰਦਗੀ ਦੁਸ਼ਵਾਰ ਲੱਗਦੀ। ਪਰਿਵਾਰਕ ਤਾਣਾ-ਬਾਣਾ ਉਲਝ ਜਾਂਦਾ। ਵਿਗੜੇ ਹੋਏ ਕਾਕੇ ਅਤੇ ਵੈਲੀ ਸਰਦਾਰ, ਆਪਣੀ ਅਤੇ ਖਾਨਦਾਨ ਦੀ ਸ਼ਾਨ ਰੋਲਣ ਦੇ ਰਾਹ ਤੁਰ ਪੈਂਦੇ। ਪਰ ਜਦ ਕੁਝ ਮੰਗਣ ਤੋਂ ਪਹਿਲਾਂ ਬੱਚੇ ਦੇ ਮਨ ਅੰਦਰ ਡਰ, ਬੇਬਸੀ ਪੈਦਾ ਹੋ ਜਾਵੇ। ਇਸ ਮੰਗ ਕਾਰਨ ਮਾਪਿਆਂ ਦੇ ਮਨਾਂ ਵਿਚ ਪੈਦਾ ਹੋਣ ਵਾਲੀ ਫਿਕਰਮੰਦੀ ਅਤੇ ਤਰਸਯੋਗਤਾ ਦਾ ਕਿਆਸ ਉਗਣ ਲੱਗ ਪਵੇ ਤਾਂ ਮੰਗਾਂ ਮੰਗੀਆਂ ਨਹੀਂ ਜਾਂਦੀ ਸਗੋਂ ਖੂਨ-ਪਸੀਨੇ ਦੀ ਕਮਾਈ ਕਰਦਿਆਂ, ਕਿਰਤ ਵਿਚੋਂ ਸੁਪਨਿਆਂ ਦੀ ਭਰਵੀਂ ਫਸਲ ਉਗਾਉਣੀ ਪੈਂਦੀ ਜਿਸ ਦੇ ਸੁਨਹਿਰੀ ਦਾਣੇ ਆਰ-ਪਰਿਵਾਰ ਲਈ ਮਾਣ-ਸਨਮਾਨ ਦਾ ਪ੍ਰਚਮ ਬਣਦੇ। ਅਜਿਹੇ ਬੱਚੇ ਵੱਡੇ ਹੋ ਕੇ ਪਰਿਵਾਰ ਤੇ ਸਮਾਜ ਦਾ ਮੁਹਾਂਦਰਾ ਰੁਸ਼ਨਾਉਂਦੇ।
ਮੂੰਹ ਨੂੰ ਤਾਲਾ ਲਾ ਕੇ ਜਿਊਣ ਨੂੰ ਜਿਊਣਾ ਨਹੀਂ ਕਿਹਾ ਜਾ ਸਕਦਾ। ਇਸ ਨਾਲ ਦਮ ਤੋੜ ਦਿੰਦੀ ਏ ਆਸਾਂ, ਉਮੀਦਾਂ, ਚਾਅਵਾਂ ਤੇ ਸੁਪਨਿਆਂ ਦੀ ਨਸਲ। ਇਹ ਤਾਂ ਨਰਕ ਭੋਗਣਾ ਹੁੰਦਾ ਜਿਸ ਨਾਲ ਹਰ ਸਾਹ ਸੰਗ ਕੰਡਿਆਂ ਦੀ ਪੀੜ ਮਿਲਦੀ।
ਮੂੰਹ ਬੰਦ ਕਰਕੇ ਜੋਰ ਜਬਰੀ ਕਰਨ ਵਾਲੇ, ਮਾਸੂਮਾਂ ਦੀ ਪੱਤ ਰੋਲਣ ਵਾਲੇ ਅਤੇ ਅਬਲਾਵਾਂ ਦੇ ਸਿਰ ‘ਤੇ ਚਿੱਟੀਆਂ ਚੁੰਨੀਆਂ ਤਾਣਨ ਵਾਲਿਆਂ ਲਈ ਜਦ ਚਿੱਟੀ ਚੁੰਨੀ, ਗੱਲ ‘ਚ ਪਈ ਫਾਹੀ ਦਾ ਰੂਪ ਧਾਰ ਪਵੇ ਤਾਂ ਗੁੰਗੇ ਮੂੰਹਾਂ ਵਿਚੋਂ ਨਿਕਲੇ ਅਬੋਲ ਹੀ ਜੁਲਮ ਦਾ ਸਰਬਨਾਸ਼ ਕਰਨ ਲਈ ਕਾਫੀ ਹੁੰਦੇ। ਯਾਦ ਰੱਖਣਾ! ਅਨਾਥ, ਲਤਾੜੇ ਅਤੇ ਗਰੀਬ ਲੋਕਾਂ ਦੇ ਬੋਲਾਂ ਨੂੰ ਦਬਾਇਆ ਜਾ ਸਕਦਾ ਏ, ਡਰ ਦੇ ਬੋਝ ਥੱਲੇ ਲੁਕੋਣ ਦਾ ਭਰਮ ਪੈਦਾ ਕੀਤਾ ਜਾ ਸਕਦਾ ਏ ਪਰ ਉਸ ਦੀ ਅੰਦਰਲੀ ਉਥਲ-ਪੁਥਲ, ਮਨ ਵਿਚ ਪੈਦਾ ਹੋ ਰਿਹਾ ਰੋਹ ਅਤੇ ਅੰਤਰੀਵ ਵਿਚ ਬਲ ਰਿਹਾ ਵਿਦਰੋਹ ਜਦ ਬਾਹਰ ਨਿਕਲਦਾ ਤਾਂ ਕੁਕਰਮੀ ਨੂੰ ਭਸਮ ਕਰ ਦਿੰਦਾ।
ਆਪਣੇ ਮੂੰਹੋਂ ਮੀਆਂ ਮਿੱਠੂ ਬਣਨ ਵਾਲਿਆਂ ਦੀ ਅਸਲੀਅਤ ਜਦ ਜੱਗ-ਜ਼ਾਹਰ ਹੁੰਦੀ ਤਾਂ ਉਹ ਨੀਚਤਾ ਦੀ ਅਜਿਹੀ ਰਸਾਤਲ ਬਣ ਜਾਂਦੇ ਕਿ ਜਿਸ ਤੋਂ ਨੀਚਤਾ ਖੁਦ ਹੀ ਸ਼ਰਮਸਾਰ ਹੁੰਦੀ। ਖੁਦ ਨੂੰ ਕਿੰਨਾ ਵੀ ਵਡਿਆ ਲਓ, ਇਸ ਦੇ ਕੋਈ ਅਰਥ ਨਹੀਂ। ਦੁਨੀਆਂ ਦੀਆਂ ਨਜ਼ਰਾਂ ਵਿਚ ਤੁਸੀਂ ਕੀ ਹੋ, ਇਸ ਦੇ ਬਹੁਤ ਹੀ ਗੂੜੇ ਅਤੇ ਅਮਿੱਟ ਅਰਥ ਹੁੰਦੇ।
ਮੂੰਹਾਂ ਦੀ ਮੰਗਵੀਂ ਧਾੜ, ਰੌਲੇ-ਰੱਪੇ ਤੱਕ ਹੀ ਸੀਮਤ ਹੁੰਦੀ ਏ। ਕੁਝ ਕਰ ਗੁਜਰਨ ਲਈ ਲਹੂ ਵਿਚ ਲੋਅ, ਹੋਸ਼ ਵਿਚ ਜੋਸ਼ ਅਤੇ ਖੂਨ ਵਿਚ ਜਨੂਨ ਦਾ ਕਦਮ-ਕਾਫਲਾ ਬਣਨਾ ਪੈਂਦਾ। ਅਜਿਹੇ ਕਾਫਲੇ ਹੀ ਗਿੱਦੜ ਭੱਬਕੀਆਂ ਦੀ ਹਿੱਕ ਦਾ ਖੰਜਰ ਬਣਦੇ।
ਮੂੰਹ ਜਦ ਮੋਹ-ਮੁਹੱਬਤ ਦੀ ਮੁਹਾਰਨੀ ਰੱਟਦਾ ਤਾਂ ਇਸ ਨਾਲ ਜਗਦੀਆਂ ਜੀਵਨ-ਜੋਤਾਂ। ਇਨ੍ਹਾਂ ਦੀ ਰੌਸ਼ਨੀ ਵਿਚ ਜੀਵਨੀ ਖੁੰਜਿਆਂ ਵਿਚ ਚਾਨਣ ਦਾ ਪਹੁ-ਫੁਟਾਲਾ ਹੁੰਦਾ। ਕੁਫਰ, ਕੁੜਿਤਣ, ਕਲੇਸ਼ ਅਤੇ ਕੜਵਾਹਟ ਦੀ ਕਾਲਖੀ ਧੁੰਦ ਛੱਟਦੀ ਅਤੇ ਚਾਨਣ-ਪੈੜਾਂ ਜੀਵਨ-ਨਾਦ ਬਣਦੀਆਂ।
ਮੂੰਹ ਨਾਲ ਹੀ ਰਿਸ਼ਤੇ, ਸਬੰਧ ਅਤੇ ਸਮਾਜ ਸਿਰਜਿਆ ਜਾਂਦਾ। ਇਸ ਲਈ ਮੂੰਹ ਨਾਲ ਅਜਿਹੇ ਹਰਫ-ਜੁਗਤ ਦਾ ਵਣਜ ਕਰੀਏ ਕਿ ਪਿਆਰ-ਸੁਨੇਹਾ, ਸੁਪਨ-ਸੰਦੇਸ਼ ਅਤੇ ਸਿਫਤਿ-ਸਾਲਾਹ ਵਿਚੋਂ ਹੀ ਆਪਣੇ ਆਪ ਨੂੰ ਨਿਹਾਰਨ ਅਤੇ ਨਿਖਾਰਨ ਦਾ ਸਬੱਬ ਬਣੇ।
ਮੂੰਹ ਦੀਆਂ ਲੁਭਾਉਣੀਆਂ ਲੱਜਤਾਂ ਵਿਚ ਗੁਆਚਣ ਦੀ ਬਜਾਏ, ਇਸ ਦੀਆਂ ਨਿਆਮਤਾਂ ਨੂੰ ਅਪਨਾਉਣ ਅਤੇ ਤਰਕਸੰਗਤੀ ਰਾਹਾਂ ਨੂੰ ਮੰਜ਼ਲ-ਮਾਰਗ ਬਣਾਉਣ ਵੰਨੀਂ ਕਦਮ ਜਰੂਰ ਪੁੱਟਣਾ, ਤੁਹਾਨੂੰ ਮੂੰਹ ਮੰਗੀਆਂ ਮੁਰਾਦਾਂ ਮਿਲਣਗੀਆਂ।
ਆਮੀਨ।