ਬਲਜੀਤ ਬਾਸੀ
‘ਕਿਰਮਚੀ ਲਕੀਰਾਂ’ ਅੰਮ੍ਰਿਤਾ ਪ੍ਰੀਤਮ ਰਚਿਤ ਸਮਕਾਲੀ ਸ਼ਖਸੀਅਤਾਂ ਬਾਰੇ ਮੁਲਾਕਾਤਾਂ ਦਾ ਸੰਗ੍ਰਿਹ ਹੈ। ਕਿਰਮਚੀ ਗੂੜ੍ਹਾ ਊਦਾ, ਅਰਗਵਾਨੀ ਰੰਗ ਹੁੰਦਾ ਹੈ। ਲਾਲ ਜਾਂ ਲਾਲੀ ਦੀ ਭਾਅ ਮਾਰਦੇ ਰੰਗਾਂ ਦੇ ਨਾਂ ਡੂੰਘੇ ਜਜ਼ਬਿਆਂ ਦੇ ਪ੍ਰਤੀਕ ਹਨ, ਗੌਰ ਕਰੋ, “ਨੀ ਮੇਰਾ ਭਰਾ ਆਇਆ, ਜਾਣੋਂ ਕੰਧਾਂ ਨੂੰ ਲਾਲੀਆਂ ਚੜ੍ਹ ਗਈਆਂ।” ਸੋ ਕਿਰਮਚੀ ਲਕੀਰਾਂ ਦਾ ਭਾਵ ਹੈ, ਨਾਮੀ ਸ਼ਖਸੀਅਤਾਂ ਬਾਰੇ ਮਨ ਵਿਚ ਗੂੜ੍ਹੇ ਜਜ਼ਬਾਤੀ ਪ੍ਰਭਾਵ ਉਕਰਨ ਵਾਲੀਆਂ ਮੁਲਾਕਾਤਾਂ। ਰਵੀ ਸਚਦੇਵਾ ਦੀ ਇਕ ਕਹਾਣੀ ਵਿਚ ‘ਕਿਰਮਚੀ ਲੀਕਾਂ’ ਸ਼ਬਦ ਜੁੱਟ ਵਰਤਿਆ ਗਿਆ ਹੈ,
“ਉਹ ਮੁੰਡਾ ਕੁੜੀ ਦੇ ਬਦਨ ਦੀਆਂ ਗੁਲਾਈਆਂ ‘ਤੇ ਗੁੰਦਵੇਂ, ਲਚਕੀਲੇ ਅੰਗਾਂ ਦੇ ਰਹੱਸ ਨੂੰ ਆਪਣੀਆਂ ਅੱਖਾਂ ਨਾਲ ਸਕੈਨ ਕਰਨ ਵਿਚ ਮਸਤ ਹੋ ਗਿਆ। ਬਾਹਰਲੀ ਗਰਮੀ ਨੂੰ ਅੰਦਰੂਨੀ ਗਰਮੀ ਕੱਟ ਰਹੀ ਸੀ। ਉਹਦੇ ਰੋਮ-ਰੋਮ ‘ਚ ਦੌੜਦੀਆਂ ਏਨ੍ਹਾਂ ਸੁਆਦਲੀਆਂ ਕਿਰਮਚੀ ਲੀਕਾਂ ਨੇ ਉਹਨੂੰ ਅਧੂਰੀ ਦਿਹਾੜੀ ਦੇ ਫਿਕਰ ਤੋਂ ਮੁਕਤ ਕਰ ਦਿੱਤਾ।”
ਰੰਗਾਂ ਦੀ ਪਛਾਣ ਅਤੇ ਇਨ੍ਹਾਂ ਦੀ ਸ਼ਬਦਾਵਲੀ ਬਾਰੇ ਔਰਤਾਂ ਦੀ ਜਾਣਕਾਰੀ ਦਾ ਕੋਈ ਸਾਨੀ ਨਹੀਂ। ਭਾਵੇਂ ਅੱਜ ਕਲ੍ਹ ਵੀ ਸਥਿਤੀ ਇਹੋ ਹੀ ਹੈ ਪਰ ਹੁਣ ਬਹੁਤ ਘਟ ਔਰਤਾਂ ਨੂੰ ਰੰਗਾਂ ਬਾਰੇ ਠੇਠ ਪੰਜਾਬੀ ਸ਼ਬਦਾਂ ਦਾ ਗਿਆਨ ਰਹਿ ਗਿਆ ਹੈ। ਇਹ ਗੱਲ ਸ਼ਹਿਰੀ ਔਰਤਾਂ ‘ਤੇ ਵਧੇਰੇ ਢੁਕਦੀ ਹੈ। ਬਹੁਤੀਆਂ ਕਿਰਮਚੀ ਰੰਗ ਨੂੰ ਵੀ ਕ੍ਰਿਮਜ਼ਨ ਕਲਰ ਹੀ ਆਖਣਗੀਆਂ, “ਹਾਏ ਨੀ ਕਿੰਨਾ ਸੁਹਣਾ ਕ੍ਰਿਮਜ਼ਨ ਕਲਰ ਦਾ ਬਲਾਊਜ਼ ਪਾਇਆ ਉਸ ਨੇ।” ਡੁਬਦਾ ਸੂਰਜ ਕਈ ਰੰਗ ਬਦਲਦਾ ਹੈ, ਉਨ੍ਹਾਂ ਵਿਚੋਂ ਇਕ ਕਿਰਮਚੀ ਹੈ, ਸ਼ਿਵ ਕੁਮਾਰ ਦੀ ਗਵਾਹੀ ਲੈਂਦੇ ਹਾਂ:
ਪੰਚਮ ਦਾ ਚੰਨ ਵੇਖ ਰਿਹਾ ਸੀ
ਆਥਣ ਵੇਲਾ ਹੋਇਆ।
ਲਹਿੰਦੇ ਦੇ ਪੱਤਣਾਂ ਦਾ ਅੰਬਰ
ਲਾਲ ਕਿਰਮਚੀ ਹੋਇਆ।
ਕਿਰਮਚੀ ਸ਼ਬਦ ਦਾ ਇਕ ਰੁਪਾਂਤਰ ਹਿਰਮਚੀ ਜਾਂ ਹੁਰਮਚੀ ਵੀ ਹੈ ਜੋ ਆਮ ਤੌਰ ‘ਤੇ ਇੱਟਾਂ ਉਤੇ ਫੇਰਨ ਵਾਲੀ ਲਾਲ ਰੰਗ ਦੀ ਮਿੱਟੀ ਨੂੰ ਕਿਹਾ ਜਾਂਦਾ ਹੈ। ਮੋਹਨ ਸਿੰਘ ਦੇ ‘ਨਾਨਕਾਇਣ’ ਵਿਚ ਗੁਰੂ ਨਾਨਕ ਦੇ ਤਲਵੰਡੀ ਵਿਚ ਪ੍ਰਗਟ ਹੋਣ ਦਾ ਜ਼ਿਕਰ ਇਸ ਤਰ੍ਹਾਂ ਹੋਇਆ ਹੈ,
ਮੋੜਿਆ ਸੂਰਜ ਰੱਥ ਨੇ ਲਹਿੰਦੇ ਵੱਲ ਮੁਹਾਣ।
ਰੰਗਲੀ ਆਥਣ ਉਤਰੀ ਤਲਵੰਡੀ ‘ਤੇ ਆਣ।
ਅੱਥਰੇ ਘੋੜੇ ਰੱਥ ਦੇ ਗੁਲਨਾਰੀ ਤੇ ਸੇਤ।
ਮਹਿੰਦੀ ਰੰਗੇ, ਹੁਰਮਚੀ, ਮੁਸ਼ਕੀ ਅਤੇ ਕੁਮੇਤ।
ਕਿਰਮਚੀ ਸਿਰਫ ਰੰਗ ਦਾ ਹੀ ਨਾਂ ਨਹੀਂ, ਰੰਜਕ ਅਰਥਾਤ ਰੰਗਣ ਵਾਲੇ ਪਦਾਰਥ ਦਾ ਨਾਂ ਵੀ ਹੈ। ਆਮ ਤੌਰ ‘ਤੇ ਰੰਗਾਈ ਦਾ ਕੰਮ ਕਪੜਿਆਂ ਲਈ ਹੀ ਹੁੰਦਾ ਸੀ। ਪੁਰਾਣੇ ਜ਼ਮਾਨੇ ਵਿਚ ਰੰਗ ਕੁਦਰਤੀ ਵਸਤਾਂ ਜਿਵੇਂ ਜੜ੍ਹਾਂ, ਸੱਕਾਂ, ਪੱਤਿਆਂ, ਕੀੜੇ-ਮਕੌੜਿਆਂ ਤੇ ਹੋਰ ਕੁਦਰਤੀ ਵਸਤਾਂ ਤੋਂ ਬਣਾਏ ਜਾਂਦੇ ਸਨ। ਮਿਸਾਲ ਵਜੋਂ ਮਜੀਠ ਬੂਟੇ ਤੋਂ ਲਾਲ ਰੰਗ ਅਤੇ ਘੋਗਾ ਮੱਛੀ ਤੋਂ ਜਾਮਨੀ ਰੰਗ ਬਣਾਇਆ ਜਾਂਦਾ ਸੀ। ਇਸ ਤਰ੍ਹਾਂ ਕਿਰਮਚੀ ਰੰਗ ਕਰਮੇਜ਼ (ਖeਰਮeਸ) ਨਾਂ ਦੇ ਕੀਟ ਦੀ ਮਦੀਨ ਤੋਂ ਤਿਆਰ ਹੁੰਦਾ ਸੀ। ਇਹ ਜੀਵ ਇਕ ਖਾਸ ਤਰ੍ਹਾਂ ਦੇ ਬਲੂਤ ਵਿਚ ਪਲਦਾ ਹੈ। ਇਸ ਤੋਂ ਕਿਰਮਚੀ ਰੰਗ ਹਾਸਿਲ ਕਰਨ ਦੀ ਵਾਰਤਾ ਬਹੁਤ ਰੌਚਿਕ ਹੈ। ਔਰਤ ਬੱਚਾ ਪੈਦਾ ਕਰਨ ਲਈ ਕਿੰਨੀ ਜੰਮਣ ਪੀੜਾ ਸਹਿੰਦੀ ਹੈ ਪਰ ਇਸ ਕੀਟ ਦੀ ਮਦੀਨ ਤਾਂ ਆਪਣੀ ਔਲਾਦ ਪੈਦਾ ਕਰਦਿਆਂ ਆਪਣੀ ਜਾਨ ਤੱਕ ਨਿਛਾਵਰ ਕਰ ਦਿੰਦੀ ਹੈ। ਹੋਰ ਕੀਟਾਂ ਦੀ ਤਰ੍ਹਾਂ ਮਦੀਨ ਕਰਮੇਜ਼ ਦੀਆਂ ਵੀ ਲੱਤਾਂ ਹੁੰਦੀਆਂ ਹਨ ਪਰ ਜਦ ਆਂਡੇ ਦੇਣ ਦਾ ਸਮਾਂ ਆਉਂਦਾ ਹੈ ਤਾਂ ਇਸ ਦੀਆਂ ਲੱਤਾਂ ਅਲੋਪ ਹੋ ਜਾਂਦੀਆਂ ਹਨ। ਆਂਡੇ ਦੇਣ ਤੋਂ ਪਹਿਲਾਂ ਮਾਦਾ ਕਰਮੇਜ਼ ਦਰਖਤ ‘ਤੇ ਇਕ ਲੇਸਦਾਰ ਪਦਾਰਥ ਛਡਦੀ ਹੈ ਤੇ ਇਸ ਦੀ ਸਹਾਇਤਾ ਨਾਲ ਆਪਣੇ ਆਪ ਨੂੰ ਦਰਖਤ ਦੇ ਤਣੇ ਆਦਿ ਨਾਲ ਏਨੇ ਜ਼ੋਰ ਨਾਲ ਚਿਪਕਾ ਲੈਂਦੀ ਹੈ ਕਿ ਉਹ ਮੁੜ ਕੇ ਉਥੋਂ ਲਹਿ ਨਾ ਸਕੇ। ਇਸ ਤਰ੍ਹਾਂ ਉਸ ਦੇ ਦਿੱਤੇ ਆਂਡੇ ਬਾਹਰੀ ਖਤਰੇ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਰਹਿੰਦੇ ਹਨ। ਆਂਡਿਆਂ ਵਿਚੋਂ ਲਾਰਵਾ ਨਿਕਲਣ ਉਪਰੰਤ ਬੱਚਿਆਂ ਦਾ ਆਪਣਾ ਜੀਵਨ ਚੱਕਰ ਸ਼ੁਰੂ ਹੋ ਜਾਂਦਾ ਹੈ ਪਰ ਕਰਮੇਜ਼ ਯੋਗ ਦਾ ਆਸਣ ਜਿਹਾ ਕਰਦੀ ਹੋਈ ਆਪਣੀ ਪੂਛ ਨੂੰ ਸਿਰ ਨਾਲ ਜੋੜ ਕੇ ਦਿਲ ਵਰਗੀ ਸ਼ਕਲ ਬਣਾ ਲੈਂਦੀ ਹੈ ਤੇ ਦਮ ਤੋੜ ਦਿੰਦੀ ਹੈ।
ਮਰਨ ਉਪਰੰਤ ਉਸ ਦਾ ਛੱਡਿਆ ਲੇਸਦਾਰ ਪਦਾਰਥ ਦਰਖਤ ਦੀਆਂ ਟਾਹਣੀਆਂ ਨੂੰ ਵੀ ਹਮੇਸ਼ਾ ਲਈ ਕਿਰਮਚੀ ਰੰਗ ਦੇ ਦਿੰਦਾ ਹੈ। ਇਸ ਜੀਵ ਦੇ ਮਰੇ ਹੋਏ ਜਿਸਮ ਨੂੰ ਸੁਕਾ ਕੇ ਪੀਸ ਲਿਆ ਜਾਂਦਾ ਹੈ ਜਿਸ ਤੋਂ ਫਿਰ ਕਿਰਮਚੀ ਰੰਗ ਬਣਾਇਆ ਜਾਂਦਾ ਹੈ। ਪੁਰਾਣੇ ਜ਼ਮਾਨੇ ਵਿਚ ਇਸੇ ਨਾਲ ਰੇਸ਼ਮੀ ਅਤੇ ਊਨੀ ਕੱਪੜੇ ਰੰਗੇ ਜਾਂਦੇ ਸਨ। ਇਸ ਮਾਦਾ ਕੀਟ ਦਾ ਬਾਈਬਲ ਵਿਚ ਕਾਫੀ ਜ਼ਿਕਰ ਆਉਂਦਾ ਹੈ। ਹਿਬਰੂ ਵਿਚ ਇਸ ਕੀਟ ਨੂੰ ਟੋਲਾ ਕਿਹਾ ਗਿਆ ਹੈ ਜਿਸ ਦਾ ਅਰਥ ਹੈ, ਪੇਟੂ ਕਿਉਂਕਿ ਇਹ ਜੀਵ ਦਰਖਤ ਦੇ ਰਸ ਨੂੰ ਭੁੱਖੜਾਂ ਦੀ ਤਰ੍ਹਾਂ ਖਾਂਦਾ ਹੈ। ਇਕ ਭਜਨ ਵਿਚ ਈਸਾ ਕਹਿੰਦੇ ਹਨ, “ਮੈਂ ਕਿਰਮ ਹਾਂ।” ਇਸ ਕਥਨ ਦਾ ਭਾਵ ਹੈ ਕਿ ਈਸਾ ਨੇ ਇਸ ਕੀਟ ਵਾਂਗ ਲੱਕੜੀ ਦੀ ਸੂਲੀ ‘ਤੇ ਚੜ੍ਹ ਕੇ ਆਪਣੀ ਔਲਾਦ (ਲੋਕਾਂ) ਖਾਤਰ ਕੁਰਬਾਨੀ ਦੇਣ ਦੀ ਭਵਿਖਵਾਣੀ ਕੀਤੀ ਹੈ।
ਉਪਰ ਜ਼ਿਕਰ ਕੀਤੇ ਜੀਵ ਦਾ ਅੰਗਰੇਜ਼ੀ ਨਾਂ ਕਰਮੇਜ਼ ਅਸਲ ਵਿਚ ਉਹੀ ਸ਼ਬਦ ਹੈ ਜਿਸ ਨੂੰ ਅਸੀਂ ਪੰਜਾਬੀ ਵਿਚ ਕਿਰਮ ਆਖਦੇ ਹਾਂ। ਚਿਰਕਾਲ ਤੋਂ ਹੀ ਭੂ-ਮਧ ਸਾਗਰ ਦੇ ਆਲੇ-ਦੁਆਲੇ ਦੇ ਏਸ਼ੀਆ ਅਤੇ ਯੂਰਪ ਦੇ ਦੇਸ਼ਾਂ ਵਿਚ ਇਸ ਕੀਟ ਤੋਂ ਉਪਲਬਧ ਰੰਗ ਦੀ ਵਰਤੋਂ ਹੁੰਦੀ ਰਹੀ ਹੈ। ਇਸ ਲਈ ਇਸ ਦਾ ਜ਼ਿਕਰ ਅੰਗਰੇਜ਼ੀ ਸ਼ਬਦ ਤੋਂ ਕੀਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਹ ਸ਼ਬਦ ਕੁਝ ਇਕ ਵਾਰੀ ਆਇਆ ਹੈ ਜਿਵੇਂ ‘ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ॥’ (ਗੁਰੂ ਰਾਮ ਦਾਸ); ‘ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ॥Ḕ (ਭਗਤ ਕਬੀਰ); ‘ਰਕਤ ਕਿਰਮ ਮਹਿ ਨਹੀ ਸੰਘਾਰਿਆ’, ਅਰਥਾਤ ਜਿਸ ਨੇ ਮਾਂ ਦੀ ਰੱਤ ਦੇ ਕਿਰਮਾਂ ਵਿਚ ਜੀਵ ਨੂੰ ਮਰਨ ਨਹੀਂ ਦਿੱਤਾ। ਕੀਟ ਜਾਂ ਕੀੜੇ ਦੀ ਤਰ੍ਹਾਂ ਕਿਰਮ ਦਾ ਅਰਥ ਤੁਛ, ਅਦਨਾ, ਕਮੀਨਾ ਵੀ ਹੈ ਜਿਵੇਂ ‘ਸੋ ਬਿਸਟਾ ਕਾ ਕਿਰਮ ਹੁਇ, ਜਨਮ ਗਵਾਵੈ ਬਾਦ’ (ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ)। ਇਸ ਦਾ ਅਰਥ ਲਹੂ ਵੀਰਯ ਵਿਚ ਸੂਖਮ ਬੀਜਰੂਪ ਵੀ ਹੈ ਜੋ ਉਤਪਤੀ ਦਾ ਕਾਰਨ ਹੈ।
‘ਮਹਾਨ ਕੋਸ਼’, ਪਲੈਟਸ ਦੇ ਕੋਸ਼ ਅਤੇ ਅਮਰਵੰਤ ਸਿੰਘ ਰਚਿਤ ‘ਅਰਬੀ-ਫਾਰਸੀ ਵਿਚੋਂ ਉਤਪੰਨ ਪੰਜਾਬੀ ਸ਼ਬਬਦਾਵਲੀ’ ਅਨੁਸਾਰ ਇਹ ਸ਼ਬਦ ਫਾਰਸੀ ਤੋਂ ਆਇਆ ਹੈ ਅਤੇ ਇਸ ਦੇ ਅਰਥ ਹਨ-ਕੀੜਾ, ਕੀਟ। ਇਸ ਸ਼ਬਦ ਦੇ ਪੁਰਾਤਨ ਰੂਪ ਪਹਿਲਵੀ ਅਤੇ ਜ਼ੰਦ ਵਿਚ ਵੀ ਮਿਲਦੇ ਹਨ। ‘ਮਹਾਨ ਕੋਸ਼’ ਨੇ ਤਾਂ ਇਸ ਨੂੰ ਬੈਕਟੀਰੀਆ ਵੀ ਕਹਿ ਮਾਰਿਆ ਹੈ ਜੋ ਬੈਕਟੀਰੀਆ ਬਾਰੇ ਅਜੋਕੀ ਸਮਝ ਅਨੁਸਾਰ ਢੁਕਦਾ ਨਹੀਂ। ਸੰਸਕ੍ਰਿਤ ਵਿਚ ਕਿਰਮ ਦੇ ਹੋਰ ਅਰਥ ਹਨ- ਮਕੜੀ, ਰੇਸ਼ਮ ਦਾ ਕੀੜਾ, ਕੀੜੀ, ਲਾਖ, ਖੋਲ ਵਾਲਾ ਕੀਟ ਆਦਿ। ਸਾਡੀ ਦਿਲਚਸਪੀ ਵਾਲਾ ਅਰਥ ਖੋਲ ਵਾਲਾ ਕੀਟ ਹੈ। ਖੋਲ ਵਾਲੇ ਕੀਟ ਜਿਵੇਂ ਪਹਿਲਾਂ ਵੀ ਸੰਕੇਤ ਦਿੱਤਾ ਜਾ ਚੁੱਕਾ ਹੈ, ਆਪਣੇ ਦੁਆਲੇ ਇਕ ਮੋਮ ਵਰਗਾ ਲੇਸਦਾਰ ਮਾਦਾ ਰਿਸਾ ਕੇ ਇਸ ਦੇ ਕਵਚ ਵਿਚ ਪਲਦੇ ਰਹਿੰਦੇ ਹਨ। ਇਨ੍ਹਾਂ ਦੀਆਂ ਮਦੀਨਾਂ ਦੇ ਖੋਲ ਗਤੀਹੀਣ ਹੁੰਦੇ ਹਨ ਅਤੇ ਇਹ ਹਮੇਸ਼ਾ ਕਿਸੇ ਬੂਟੇ ਨਾਲ ਚਿਪਕ ਕੇ ਉਨ੍ਹਾਂ ਤੋਂ ਖੁਰਾਕ ਚੂਸਦੀਆਂ ਰਹਿੰਦੀਆਂ ਹਨ। ਲਾਖ ਜੀਵ ਵੀ ਅਜਿਹੀ ਮਿਸਾਲ ਹੈ। ਕਿਰਮ ਤੋਂ ਕਿਰਮਾਂ ਨੂੰ ਮਾਰਨ ਵਾਲੀਆਂ ਔਸ਼ਧੀਆਂ ਲਈ ਸਮਾਸੀ ਸ਼ਬਦ ਬਣੇ ਕਿਰਮ-ਨਾਸ਼ਕ ਅਤੇ ਕਿਰਮਹਰ।
ਪਰ ਕਿਰਮਚੀ ਦੀ ਕਹਾਣੀ ਕੁਝ ਹੋਰ ਤਰ੍ਹਾਂ ਹੈ। ਬਹੁਤ ਸਾਰੇ ਸਰੋਤਾਂ ਅਨੁਸਾਰ ਇਸ ਦਾ ਮੁਢ ਬੱਝਾ ਸੰਸਕ੍ਰਿਤ ਦੇ ‘ਕਿਰਮਜ’ (ਕਿਰਮ+ਜ) ਤੋਂ ਜਿਸ ਵਿਚ ‘ਜ’ ਦਾ ਅਰਥ ਹੁੰਦਾ ਹੈ-ਉਪਜਿਆ, ਪੈਦਾ ਹੋਇਆ ਜਿਵੇਂ ਨੀਰਜ ਦਾ ਅਰਥ ਹੈ ਨੀਰ ਯਾਨਿ ਪਾਣੀ ਵਿਚ ਉਪਜਿਆ। ਸੋ ਕਿਰਮਜ ਦਾ ਅਰਥ ਬਣਿਆ, ਕਿਰਮ ਤੋਂ ਉਤਪੰਨ। ਇਸ ਲਈ ਕਿਰਮਜ ਸ਼ਬਦ ਕਿਰਮਾਂ ਤੋਂ ਪੈਦਾ ਹੁੰਦੇ ਹੋਰ ਕਈ ਕਿਸਮਾਂ ਦੇ ਪਦਾਰਥਾਂ ਖਾਸ ਤੌਰ ‘ਤੇ ਰੰਗਾਂ ਲਈ ਵਰਤਿਆ ਜਾਂਦਾ ਇਕ ਆਮ ਸ਼ਬਦ ਹੈ ਜਿਵੇਂ ਲਾਖ। ਇਹ ਸ਼ਬਦ ਫਾਰਸੀ ਰਾਹੀਂ ਅਰਬੀ ਵਿਚ ਗਿਆ ਤਾਂ ਇਸ ਦਾ ਰੂਪ ਬਣ ਗਿਆ ਕਿਰਮਚ ਤੇ ਵਾਪਸ ਸਾਡੀਆਂ ਭਾਸ਼ਾਵਾਂ ਵਿਚ ਇਸੇ ਰੂਪ ਵਿਚ ਆ ਪਧਾਰਿਆ। ਇਹ ਸ਼ਬਦ ਅੱਗੇ ਹੋਰ ਯੂਰਪੀ ਭਾਸ਼ਾਵਾਂ ਵਿਚ ਵੀ ਚਲੇ ਗਿਆ। ਕਿਰਮਚ ਤੋਂ ਵਿਸ਼ੇਸ਼ਣ ਰੂਪ ਕਿਰਮਚੀ ਬਣ ਗਿਆ।
ਅਮਰਵੰਤ ਸਿੰਘ ਅਨੁਸਾਰ ਇਹ ਸ਼ਬਦ ਅਸਲ ਵਿਚ ਕਿਰਮਕਜ਼ ਭਾਵ ਰੇਸ਼ਮ ਦਾ ਕੀੜਾ ਹੈ ਕਿਉਂਕਿ ਇਸ ਕੀੜੇ ਨਾਲ ਰੇਸ਼ਮ ਨੂੰ ਸੁਰਖ ਰੰਗ ਚਾੜ੍ਹਿਆ ਜਾਂਦਾ ਹੈ ਤੇ ਇਸ ਨੂੰ ਸੰਖੇਪ ਕਰਕੇ ਕਿਰਮਿਜ਼ ਬਣਾ ਦਿੱਤਾ ਗਿਆ। ਪਰ ਕਿਰਮਕਜ਼ ਸ਼ਬਦ ਮੈਨੂੰ ਅਰਬੀ ਵਿਚ ਨਹੀਂ ਮਿਲਿਆ ਤੇ ਜਿਵੇਂ ਉਪਰ ਦੱਸਿਆ ਗਿਆ ਹੈ, ਇਹ ਸ਼ਬਦ ਰੇਸ਼ਮ ਬਣਾਉਣ ਵਾਲੇ ਕੀੜੇ ਲਈ ਵੀ ਵਰਤਿਆ ਜਾਂਦਾ ਹੈ।
ਸ਼ੁਰੂ ਵਿਚ ਦੱਸਿਆ ਗਿਆ ਅੰਗਰੇਜ਼ੀ ਸ਼ਬਦ ਕਰਮੇਜ਼ ਸੰਸਕ੍ਰਿਤ ਕਿਰਮਜ ਦਾ ਬਦਲਿਆ ਰੂਪ ਹੈ ਪਰ ਇਸ ਦਾ ਅਰਥ ਉਹ ਬਲੂਤ ਵੀ ਹੈ ਜਿਸ ਵਿਚ ਇਹ ਕੀਟ ਪਲਦੇ ਹਨ। ਇਹ ਸ਼ਬਦ ਸੰਸਕ੍ਰਿਤ ਕਿਰਮਜ ਤੋਂ ਮਧਕਾਲੀ ਲਾਤੀਨੀ ਰਾਹੀਂ ਹੋਰ ਯੂਰਪੀ ਭਾਸ਼ਾਵਾਂ ਫਰਾਂਸੀਸੀ, ਇਤਾਲਵੀ, ਸਪੇਨੀ ਵਿਚ ਦਾਖਲ ਹੋਇਆ। ਕਿਰਮ ਸ਼ਬਦ ਹਿੰਦ-ਯੂਰਪੀ ਖਾਸੇ ਵਾਲਾ ਹੈ ਅਤੇ ਵਿਦਵਾਨਾਂ ਨੇ ਇਸ ਦਾ ਭਾਰੋਪੀ ਮੂਲ ḔਕਵਰਮੀḔ ਨਿਰਧਾਰਤ ਕੀਤਾ ਹੈ। ਇਸ ਤੋਂ ਅੰਗਰੇਜ਼ੀ ਸ਼ਬਦ ੱੋਰਮ (ਵਰਮ), ਲਿਥੂਏਨੀਅਨ ਕਿਰਮਿਸ ਅਤੇ ਅਲਬੇਨੀਅਨ ਕਰਿੰਪ ਬਣੇ ਹਨ, ਸਭ ਦਾ ਅਰਥ ਕੀਟ ਹੀ ਹੈ। ਸ਼ੁਰੂ ਵਿਚ ਜ਼ਿਕਰ ਅਧੀਨ ਆਇਆ ਅੰਗਰੇਜ਼ੀ ਸ਼ਬਦ ਛਰਮਿਸੋਨ (ਕ੍ਰਿਮਜ਼ਨ) ਵੀ ਇਸੇ ਲੜੀ ਵਿਚ ਆਉਂਦਾ ਹੈ। ਇਹ ਸ਼ਬਦ ਲਾਤੀਨੀ ਛਰeਮeਸਨੁਸ ਤੋਂ ਬਣਿਆ ਜੋ ਪੰਦਰਵੀਂ ਸਦੀ ਵਿਚ ਅੰਗਰੇਜ਼ੀ ਵਿਚ ਆਇਆ। ਇਸ ਤਰ੍ਹਾਂ ਕ੍ਰਿਮਜ਼ਨ ਅਤੇ ਕਿਰਮਚੀ ਇਕੋ ਥੈਲੀ ਦੇ ਚੱਟੇ-ਵੱਟੇ ਹਨ। ਅੰਗਰੇਜ਼ੀ ਛਅਰਮਨਿe (ਕਿਰਮਚੀ), ੜeਰਮeਲਿ (ਕਿਰਮਚੀ), ੜeਰਮਲਿਨ (ਸੰਧੂਰ) ਸ਼ਬਦ ਵੀ ਇਸੇ ਤੁਛ ਕਿਰਮ ਦੀ ਔਲਾਦ ਹਨ। ਮਧਕਾਲੀ ਫਰਾਂਸ ਵਿਚ ਵਰਮੇਲ ਰੰਜਕ ਦੀ ਵਰਤੋਂ ਲਾਲ ਵਾਈਨ ਨੂੰ ਹੋਰ ਗੂੜ੍ਹਾ ਕਰਨ ਲਈ ਕੀਤੀ ਜਾਂਦੀ ਸੀ।