ਅਖੰਡ ਪਾਠ ਜਾਂ…

ਸਿੱਖ ਧਰਮ ਦੇ ਬਾਨੀਆਂ ਨੇ ਸਿੱਖੀ ਵਿਚੋਂ ਕਰਮ-ਕਾਂਡ ਨੂੰ ਮਨਫੀ ਕੀਤਾ ਸੀ ਪਰ ਅਸੀਂ ਸਭ ਜਾਣਦੇ ਹਾਂ ਕਿ ਅੱਜ ਫਿਰ ਉਹ ਕਰਮ-ਕਾਂਡ ਭਾਰੂ ਹੋ ਚੁਕਾ ਹੈ। ਜਿਸ ਬ੍ਰਾਹਮਣਵਾਦ ਵਿਰੁਧ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਖਬਰਦਾਰ ਕੀਤਾ ਸੀ, ਅੱਜ ਉਹ ਫਿਰ ਭਾਰੂ ਹੋ ਰਿਹਾ ਹੈ ਅਤੇ ਅਸੀਂ ਗੁਰੂ ਦੀਆਂ ਸਿੱਖਿਆਵਾਂ ਤੋਂ ਬੇਮੁਖ ਹੁੰਦੇ ਜਾ ਰਹੇ ਹਾਂ। ਹਥਲੇ ਲੇਖ ਵਿਚ ਲੇਖਿਕਾ ਗੁਰਜੀਤ ਕੌਰ ਨੇ ਇਸ ਬੇਮੁਖਤਾ ਅਤੇ ਕਰਮ-ਕਾਂਡ ਉਪਰ ਹੀ ਉਂਗਲ ਉਠਾਈ ਹੈ। ਇਸ ਲੇਖ ਨੂੰ ਛਾਪਣ ਪਿਛੇ ਸਾਡਾ ਮਕਸਦ ਪਾਠਕਾਂ ਨੂੰ ਇਸ ਪੱਖ ਬਾਰੇ ਸੁਚੇਤ ਕਰਨਾ ਹੈ। ਇਸ ਪ੍ਰਤੀ ਆਏ ਹੋਰ ਵਿਚਾਰਾਂ ਨੂੰ ਵੀ ਬਣਦੀ ਥਾਂ ਦਿੱਤੀ ਜਾਵੇਗੀ।

-ਸੰਪਾਦਕ

ਗੁਰਜੀਤ ਕੌਰ
ਫੋਨ: 713-469-2474

‘ਅਖੰਡ’ ਦਾ ਅਰਥ ਹੈ, ਖੰਡਿਤ ਨਾ ਹੋਣ ਵਾਲਾ ਜਾਂ ਬਗੈਰ ਰੁਕੇ, ਪ੍ਰਵਾਹ ਹੇਠ ਚੱਲਣ ਵਾਲਾ। ਜੇ ਇਸ ਦਾ ਸਬੰਧ ਬਾਣੀ ਦੇ ਗਾਇਨ ਜਾਂ ਉਚਾਰਨ ਨਾਲ ਜੋੜ ਦਿਤਾ ਜਾਵੇ ਤਾਂ ਫਿਰ ਅਰਥ ਬਣਦਾ ਹੈ- ਬਗੈਰ ਰੁਕਿਆਂ ਬਾਣੀ ਦਾ ਉਚਾਰਨ।
ਕੁਝ ਵਕਤ ਪਹਿਲਾਂ ਦੀ ਗੱਲ ਹੈ, ਮੈਂ ਗੁਰਦੁਆਰੇ ਵਿਚ ਪਾਠ ਦੀ ਰੌਲ ਉਤੇ ਬੈਠੀ ਸੀ ਅਤੇ ਪਾਠ ਤੇਜ਼ ਰਫਤਾਰ ਨਾਲ ਕਰ ਰਹੀ ਸੀ। ਭਾਈ ਸਾਹਿਬ ਆਏ ਤੇ ਕਹਿਣ ਲੱਗੇ ਕਿ ਪਾਠ ਹੌਲੀ ਕਰਾਂ, ਕਿਉਂਕਿ ਇਉਂ ਤਾਂ ਪਾਠ 48 ਘੰਟਿਆਂ ਤੋਂ ਪਹਿਲਾਂ ਸਮਾਪਤ ਹੋ ਜਾਵੇਗਾ! ਮੈਂ ਵਿਚੇ ਹੀ ਬੋਲ ਪਈ ਕਿ ਜੇ ਮੈਂ ਪਾਠ ਦੀ ਰਫਤਾਰ ਬਦਲੀ ਤਾਂ ਪੜ੍ਹਨ ਲੱਗਿਆਂ ਬਹੁਤ ਗਲਤੀਆਂ ਕਰਾਂਗੀ। ਰੌਲ ਤੋਂ ਬਾਅਦ ਭਾਈ ਸਾਹਿਬ ਉਚੇਚੇ ਤੌਰ ‘ਤੇ ਮੇਰੇ ਕੋਲ ਆਏ ਅਤੇ ਮੈਨੂੰ ਤਾਕੀਦ ਕਰਨ ਲੱਗੇ ਕਿ ਇਸ ਤਰ੍ਹਾਂ ਪਾਠ ਦੌਰਾਨ ਗੱਲਬਾਤ ਕੀਤਿਆਂ ਪਾਠ ਖੰਡਿਤ ਹੋ ਜਾਂਦਾ ਹੈ।
ਇਸ ਤੋਂ ਬਾਅਦ ਮੇਰੇ ਜ਼ਿਹਨ ਵਿਚ ਕਈ ਸਵਾਲ ਉਠੇ। ਮੈਂ ਸੋਚਿਆ, ਜੇ ਬੋਲਿਆਂ ਪਾਠ ਖੰਡਿਤ ਹੁੰਦਾ ਹੈ ਤਾਂ ਰੌਲ ਦੇਣ ਵਾਲੇ ਜਦੋਂ ਬਾਣੀ ਪੜ੍ਹਦਿਆਂ ਇਕ ਦੂਜੇ ਨੂੰ ਘੜੀਆਂ ਵਿਖਾਉਂਦੇ ਪੁੱਛਦੇ ਹੁੰਦੇ ਨੇ ਕਿ ਉਸ ਦੀ ਰੌਲ ਕਦੋਂ ਸਮਾਪਤ ਹੁੰਦੀ ਹੈ; ਜਾਂ ਜਦੋਂ ਕੌਲੀ ‘ਤੇ ਚਮਚਾ ਖੜਕਾਉਂਦੇ ਨੇ ਕਿ ਅਗਲਾ ਬੰਦਾ ਆ ਜਾਓ, ਕੀ ਉਦੋਂ ਪਾਠ ਖੰਡਿਤ ਨਹੀਂ ਹੁੰਦਾ? ਜੇ ਬਾਣੀ ਪੜ੍ਹਦਿਆਂ 48 ਦੀ ਬਜਾਏ 52 ਘੰਟੇ ਵੀ ਹੋ ਗਏ, ਤਾਂ ਕਿਹੜਾ ਗੁਰੂ ਨੇ ਸਰਾਪ ਦੇ ਦੇਣਾ ਹੈ!
ਜੇ ਅਗਾਂਹ ਅਰਥ ਕਰੀਏ ਤਾਂ ਖੰਡਿਤ ਸ਼ਬਦ ਬੇਅਦਬੀ ਨਾਲ ਵੀ ਜੁੜਦਾ ਹੈ। ਪਾਠ ਕਰਦਿਆਂ ਜੇ ਇਹੀ ਧਿਆਨ ਵਿਚ ਰਿਹਾ ਕਿ ਅਗਲਾ ਬੰਦਾ ਕਿਤੇ ਲੇਟ ਨਾ ਹੋ ਜਾਵੇ, ਜਾਂ ਫਿਰ ਪਾਠ ਨੂੰ 48 ਘੰਟਿਆਂ ਵਿਚ ਸਮਾਪਤ ਕਰਨਾ ਹੈ, ਤੇ ਸਾਰਾ ਧਿਆਨ ਪਾਠ ਦੀ ਸਪੀਡ ਉਤੇ ਹੀ ਹੋਵੇ, ਇਹਦੇ ਨਾਲ ਕਿਹੜਾ ਬਾਣੀ ਖੰਡਿਤ ਨਹੀਂ ਹੋਈ! ਮੇਰੀ ਜਾਚੇ, ਇਹ ਪਰੰਪਰਾ ਅਖੰਡ ਪ੍ਰਵਾਹ ਦੀ ਹੈ, ਨਾ ਕਿ ਅਖੰਡ ਪਾਠ ਦੀ, ਕਿਉਂਕਿ ਪਾਠ ਦਾ ਉਰਦੂ ਵਿਚ ਅਰਥ ਹੈ ‘ਸ਼ਬਦ’ ਤੇ ਅੰਗਰੇਜ਼ੀ ਵਿਚ ‘ਲੈਸਨ’ ਜਿਸ ਦਾ ਸਿਧ-ਪਧਰਾ ਮਤਲਬ ਹੈ ਕਿ ਕੁਝ ਗ੍ਰਹਿਣ ਕਰਨਾ। ਹੁਣ ਦੱਸੋ ਕਿ ਅਸੀਂ ਪਾਠ ਤੋਂ ਬਾਅਦ ਕੀ ਗ੍ਰਹਿਣ ਕਰਦੇ ਹਾਂ?
ਅਜੋਕੇ ਸਮੇਂ ਵਿਚ ਇੰਨੀ ਮਨਮਤ ਦੇ ਪ੍ਰਭਾਵ ਹੇਠ ਬਾਣੀ ਦਾ ਵਜੂਦ ਕਰਮ-ਕਾਂਡ ਪੁਗਾਉਣ ਦਾ ਸਰੋਤ ਬਣ ਕੇ ਰਹਿ ਗਿਆ ਹੈ। ਮਿਸਾਲ ਦੇ ਤੌਰ ‘ਤੇ, ਅਖੰਡ ਪਾਠ ਸੁੱਖਣਾ। ਇਕ ਗੱਲ ਬੜੀ ਹਾਸੋਹੀਣੀ ਵੇਖਣ ਨੂੰ ਮਿਲਦੀ ਹੈ ਕਿ ਜੇ ਤਾਂ ਸ਼ਰਤ ਜਿੱਤ ਗਏ, ਫਿਰ ਤਾਂ ਪਾਠ ਦਾ ਸੁਨੇਹਾ ਹਰ ਘਰ ਪਹੁੰਚ ਗਿਆ, ਤੇ ਜੇ ਹਾਰ ਗਏ ਤਾਂ ਮੈਂ ਅੱਜ ਤੱਕ ਕੋਈ ਇਹ ਕਹਿੰਦਾ ਨਹੀਂ ਸੁਣਿਆ ਕਿ ਮੇਰਾ ਕੰਮ ਨਹੀਂ ਹੋਇਆ, ਮੈਂ ਤਾਂ ਸ਼ੁਕਰਾਨੇ ਵਜੋਂ ਕਰਾ ਰਿਹਾ ਹਾਂ ਕਿ ਖਬਰੇ ਇਹਦੇ ਵਿਚ ਗੁਰੂ ਮੈਨੂੰ ਕੀ ਨਸੀਹਤ ਦੇਣੀ ਸੀ।
ਹੁਣ ਆਈਏ ਦੁਨਿਆਵੀ ਕਾਰਨਾਂ ਵੱਲ ਜਿਨ੍ਹਾਂ ਦੀ ਅਗਵਾਈ ਹੇਠ ਬਾਣੀ ਦੇ ਲੜੀਵਾਰ ਉਚਾਰਨ ਨੂੰ ਪਾਠ ਦਾ ਦਰਜਾ ਮਿਲਦਾ ਹੈ। ਬੱਚੇ ਦੀ ਪੈਦਾਇਸ਼, ਖਾਸ ਕਰ ਕੇ ਪੁੱਤਰ ਦੀ ਪੈਦਾਇਸ਼ ਉਤੇ, ਜੇ ਪੁੱਤਰ ਅਰਜੋਈਆਂ ਕਰ ਕੇ ਮਿਲਿਆ ਹੋਵੇ ਤਾਂ ਫਿਰ ਸੁੱਖੇ ਹੋਏ ਪਾਠ ਦੀ। ਹੁਣ ਪਾਠ ਕਰਾਉਣ ਵਾਲਾ ਦੱਸੇ ਕਿ ਬਾਣੀ ਵਿਚ ਕਿਥੇ ਧੀ ਦੀ ਨਿਖੇਧੀ ਤੇ ਪੁੱਤਰ ਦੀ ਉਸਤਤ ਹੋਈ ਹੈ; ਜਾਂ ਫਿਰ ਇਹ ਲਿਖਿਆ ਹੈ ਕਿ ਜੇ ਪੁੱਤਰ ਅਰਜੋਈਆਂ ਨਾਲ ਮਿਲਿਆ ਤਾਂ ਉਚਾਰਨ ਲਗਾਤਾਰ 48 ਘੰਟੇ ਕਰਾਇਉ, ਇਸ ਨਾਲ ਬੁਢਾਪੇ ਦੇ ਸਹਾਰੇ ਦੀ ਗਾਰੰਟੀ ਮਿਲ ਜਾਵੇਗੀ। ਜਿੰਨਾ ਕੁ ਮੈਨੂੰ ਸਮਝ ਆਇਆ ਹੈ, ਬਾਣੀ ਵਿਚ ਲਿਖਿਆ ਹੈ ਕਿ ਜਨਨੀ ਆਪਣੇ ਪੁੱਤਰ ਨੂੰ ਵੱਡਿਆਂ ਹੁੰਦੇ ਵੇਖ ਕੇ ਖੁਸ਼ ਹੁੰਦੀ ਹੈ, ਪਰ ਉਹ ਇਹ ਨਹੀਂ ਵਿਚਾਰਦੀ ਕਿ ਉਹਦੀ ਉਮਰ ਦਿਨੋ-ਦਿਨ ਘਟ ਰਹੀ ਹੈ। ਇਹ ਕਿਥੇ ਲਿਖਿਆ ਹੈ ਕਿ ਪਾਠ ਦੇ ਭੋਗ ਤੋਂ ਬਾਅਦ ਨਾਨਕੇ, ਧੀ ਦੇ ਸਹੁਰੇ ਹਰ ਇਕ ਜੀਅ ਲਈ ਸੁਗਾਤਾਂ ਲਿਆਉਣ? ਜੇ ਪਾਠ ਕਰਾਉਣ ਵਾਲੇ ਕੋਲ ਬਹਾਨਾ ਹੈ ਕਿ ਪੁੱਤਾਂ ਨਾਲ ਸੰਸਾਰ ਵਿਚ ਗੰਢ ਪੈਂਦੀ ਹੈ (ਜੋ ਬਾਣੀ ਦਾ ਮਨਮਤ ਭਰਿਆ ਭਾਵ-ਅਰਥ ਹੈ), ਇਸ ਹਿਸਾਬ ਨਾਲ ਤਾਂ ਗੁਰੂ ਗੋਬਿੰਦ ਸਿੰਘ ਦਾ ਨਾਂ ਤਾਂ ਅਠਾਰਵੀਂ ਸਦੀ ਦੇ ਅਰੰਭ ਵਿਚ ਹੀ ਲੁਪਤ ਹੋ ਜਾਣਾ ਚਾਹੀਦਾ ਸੀ!
ਅਗਲਾ ਕਾਰਨ ਹੈ ਵਿਆਹ ਦਾ ਸਮਾਂ। ਭਾਈਆਂ ਨਾਲ ਰਕਮ ਤੈਅ ਕਰ ਲਈ ਜਾਂਦੀ ਹੈ। ਹੁਣ ਭਾਈ ਜਾਣੇ ਤੇ ਉਹਦਾ ਕੰਮ, ਅਸੀਂ ਤਾਂ ਨਾਈ ਕੋਲ ਵੀ ਜਾਣਾ ਹੈ, ਡੀæਜੇæ ਦਾ ਪ੍ਰਬੰਧ ਵੀ ਕਰਨਾ ਹੈ, ਸਭ ਤੋਂ ਅਹਿਮ ਕੰਮ- ਸ਼ਰਾਬ ਦਾ ਪ੍ਰਬੰਧ ਵੀ ਕਰਨਾ ਹੈ। ਇਹ ਕੰਮ ਕਿਸੇ ਵੀ ਹਾਲ ਭੁੱਲਣਾ ਨਹੀਂ ਚਾਹੀਦਾ, ਕਿਉਂਕਿ ਪਾਰਟੀ ਵੇਲੇ ‘ਉਚੇ ਵਿਚਾਰ’ ਵੱਜਣੇ ਨੇ- ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ!æææ ਚਲੋ ਘਰ ਦੀ ਨਾ ਸਹੀ, ਠੇਕੇ ਦੀ ਹੀ ਸਹੀ। ਪਾਠ ਕਰਾਉਣ ਦਾ ਮਕਸਦ ਤਾਂ ਸੀ, ਗੁਰੂ ਦੀ ਆਗਿਆ ਲੈ ਕੇ ਸਾਰੇ ਕੰਮ ਕਰਨੇ; ਪਰ ਭੰਗ, ਮੱਛੀ, ਸੁਰਾਪਾਨ ਬਾਰੇ ਗੁਰੂ ਦੇ ਕੀ ਵਿਚਾਰ ਸਨ, ਇਹ ਵੀ ਕਿਸੇ ਰੌਲ ਦੇਣ ਵਾਲੇ ਤੋਂ ਪੁੱਛ ਲਏ ਹੁੰਦੇ! ਹੱਥ ਵਿਚ ਗਲਾਸ ਫੜੇ ਹੋਏ ਨੇ, ਤੇ ਡੀæਜੇæ ਉਤੇ ਸਾਹਿਤ ਅਕਾਦਮਿਕ ਪੁਰਸਕਾਰ ਦੀ ਹੱਕਦਾਰ, ਸਾਹਿਤ ਦੀ ਪਰਮ ਸਤਿਕਾਰਯੋਗ ਰਚਨਾ ਵੱਜਦੀ ਹੈ- ਫੱਤੋ ਦੇ ਯਾਰ ਬੜੇ ਨੇ, ਕਿੱਦਾਂ ਪਰਪੋਜ਼ ਕਰਾਂ?æææ ਮੇਰੇ ਖਿਆਲ ਵਿਚ ‘ਫੱਤੋ’ ਕੋਈ ਮੁਟਿਆਰ ਹੈ; ਅਸ਼ਕੇ ਸਭਿਆਚਾਰ ਦੇ ਸੇਵਕ ਅਖਵਾਉਣ ਵਾਲਿਆਂ ਇਨ੍ਹਾਂ ਕਲਾਕਾਰਾਂ ਦੇ! ਇੰਨਾ ਉਚਾ ਜ਼ਿਹਨੀ ਮਿਆਰ! ਅੱਜ ਇਹ ਧੀਆਂ ਨੂੰ ਪੁਣਦੇ ਨੇ, ਉਹ ਦਿਨ ਦੂਰ ਨਹੀਂ ਜਦੋਂ ਮਾਂਵਾਂ ਦੀ ਵੀ ਪੁਣਨਗੇ- ਬੀਬੀ ਦੇ ਯਾਰ ਬੜੇ ਨੇ, ਕਿੱਦਾਂ ਅਫ਼ਸੋਸ ਕਰਾਂ! ਸ਼ਾਬਾਸ਼ੇ! ਕੀ ਤ੍ਰਾਸਦੀ ਹੈ। ਇਤਿਹਾਸ ਦੱਸਦਾ ਹੈ ਕਿ ਗੈਰ-ਸਿੱਖ ਧੀ, ਆਪਣੇ ਬਚਾਉ ਲਈ ਕਿਸੇ ਸਿੱਖ ਅੱਗੇ ਗੁਹਾਰ ਲਾਉਂਦੀ ਸੀ, ਅੱਜ ਅਸੀਂ ਬਾਣੀ ਅੱਗੇ ਸਿਰ ਝੁਕਾਉਣ ਵਾਲੇæææ? ਕੀ ਜਵਾਨ ਧੀਆਂ ਸਾਡੇ ਵੱਲ ਨਹੀਂ?
ਵਾਰੀ ਆਈ ਦੁਨੀਆਂ ਨੂੰ ਅਲਵਿਦਾ ਕਹਿਣ ਦੀ। ਅਖੰਡ ਪਾਠ ਦਾ ਭੋਗ ਪਿਆ। ਭਾਈਆਂ ਨੂੰ ਤਾਂ ਕੀਰਤਨ ਤੋਂ ਬਾਅਦ ਬਗੈਰ ਪੁੱਛਿਆਂ ਜਾਣ ਦਿਤਾ ਕਿ ਕਿਹੜੇ ਪੰਨੇ ਉਤੇ ਹਦਾਇਤ ਸੀ ਕਿ ਪਗੜੀ ਪੇਕਿਆਂ ਜਾਂ ਪੁੱਤਰ ਦਿਆਂ ਸਹੁਰਿਆਂ ਵੱਲੋਂ ਹੋਵੇ? ਚਲੋ, ਬਾਣੀ ਵਿਚ ਇਹ ਹਦਾਇਤ ਜੇ ਨਾ ਹੋਵੇ ਤਾਂ ਆਪਣੇ ਇਤਿਹਾਸ ਵੱਲ ਝਾਤ ਮਾਰੀਏ ਕਿ ਜਿੰਨਾ ਕੁ ਸਿੱਖਾਂ ਨੂੰ ਮਿਟਾਇਆ ਗਿਆ ਹੈ, ਜੇ ਉਨ੍ਹਾਂ ਦੇ ਸਿਰਾਂ ਦੇ ਮੁੱਲ ਪਏ ਨੇ, ਉਸ ਹਿਸਾਬ ਨਾਲ ਤਾਂ ਕੱਪੜੇ ਦੇ ਵਪਾਰੀ ਤਾਂ ਫਿਰ ਸੁਨਿਆਰਿਆਂ ਤੋਂ ਵੱਧ ਪੈਸੇ ਕਮਾਉਂਦੇ ਹੋਣਗੇ।
ਅਜੋਕੇ ਸਮੇਂ ਵਿਚ ਅਖੰਡ ਪਾਠ ਆਪਣੇ ਆਪ ਵਿਚ ਹੋਰ ਸਬੰਧਤ ਰਸਮਾਂ ਵਿਚੋਂ ਇਕ ਰਸਮ ਹੀ ਸਮਝਿਆ ਜਾਂਦਾ ਹੈ। ਰਸਮਾਂ ਦੀ ਤਰਤੀਬ ਵਿਚ ਇਸ ਦਾ ਪਹਿਲਾ ਜਾਂ ਆਖਰੀ ਨੰਬਰ ਹੁੰਦਾ ਹੈ। ਉਦੋਂ ਫਿਰ ਅਖੰਡ ਪਾਠ ‘ਥ੍ਰੀ ਟਾਈਮਜ਼ ਲਗਜ਼ਰੀ ਬਫ਼ੇ’ ਵਿਚੋਂ ਨਿਬੜਦਾ ਹੈ। ਮੈਂ ਸ਼ਾਇਦ ਹੀ ਕਿਸੇ ਕਰਮਾਂਵਾਲੇ ਨੂੰ ਵੇਖਿਆ ਹੋਵੇ, ਜਿਹੜਾ ਅਗਲੇ ਘਰ ਪਾਠ ਪੜ੍ਹਨ ਲਈ ਹਾਜ਼ਰੀ ਲਗਾਵੇ, ਨਹੀਂ ਤਾਂ ਪਦਾਰਥਾਂ ਤੇ ਪਦਾਰਥ ਬਣਦੇ ਹੁੰਦੇ ਨੇ। ਜੇ ਕਿਸੇ ਨਾਲ ਨਾਂਹ ਦੇ ਬਰਾਬਰ ਕਿਸੇ ਨੂੰ ਮਤਲਬ ਹੁੰਦਾ ਹੈ, ਤਾਂ ਉਹ ਹੁੰਦੀ ਹੈ ਗੁਰੂ ਦੀ ਬਾਣੀ। ਬਾਹਰ ਇਕ ਢਾਣੀ ਕੁਰਸੀਆਂ ਡਾਹ ਕੇ ਬੈਠੀ ਹੁੰਦੀ ਹੈ, ਬਾਬਾ ਤੇ ਬੀਬੀ ਬਾਦਲ ਦੀਆਂ ਬਦਖੋਈਆਂ ਕਰਨ ਵਿਚ ਮਸਰੂਫ। ਚਲੋ, ਉਨ੍ਹਾਂ ਤਾਂ ਸਾਫ ਦਰਸਾ ਦਿਤਾ ਕਿ ਉਨ੍ਹਾਂ ਦੀਆਂ ਮਾੜੀਆਂ ਕਰਤੂਤਾਂ ਗੁਰੂ ਦੀ ਸਿੱਖਿਆ ਨਾ ਮੰਨਣ ਕਰ ਕੇ ਨੇ, ਪਰ ਇਹ ਤ੍ਰਾਸਦੀ ਤੁਸੀਂ ਆਪਣੇ ਆਪ ‘ਤੇ ਕਿਉਂ ਵਾਪਰਨ ਦੇ ਰਹੇ ਹੋ? ਨੌਵੇਂ ਮਹੱਲੇ ਦੇ ਸਲੋਕਾਂ ਵੇਲੇ ਅਸੀਂ ਅੰਦਰ ਆਉਣਾ ਹੈ ਤਾਂ ਉਹ ਅਰੰਭ ਹੀ ਇਸ ਵਿਚਾਰ ਤੋਂ ਹੋਣੇ ਨੇ, ਗੋਬਿੰਦ ਦੇ ਗੁਣ ਨਾ ਗਾ ਕੇ ਜਨਮ ਨੂੰ ਬੇਅਰਥ ਬਣਾ ਲਿਆ, ਇਹ ਗੱਲ ਸਾਡੇ ਸਾਰਿਆਂ ਦੇ ਸਿਰਾਂ ਤੋਂ ਲੰਘ ਗਈ।
ਬਾਣੀ ਦਾ ਉਚਾਰਣ ਭਾਵੇਂ ਅਖੰਡ ਨਾ ਵੀ ਹੁੰਦਾ, ਪਰ ਗੁਰੂ ਦੀ ਬਾਣੀ ਦਾ ਭਾਵ ਤਾਂ ਅਖੰਡ ਸੀ। ਅਸੀਂ ਆਪੋ-ਆਪਣੇ ਪਖੰਡ ਜੋੜ ਦਿੱਤੇ। ਭਗਤ ਨਾਮਦੇਵ ਲੰਗਰ ਦਾ ਭੋਗ ਲਗਵਾਉਣ ਬਾਰੇ ਆਪਣੀ ਤਕਰੀਰ ਪੇਸ਼ ਕਰਦੇ ਪਏ ਨੇ ਤੇ ਉਹੀ ਰੌਲ ਦੇਣ ਵਾਲਾ ਬੰਦਾ ਕਹਿ ਰਿਹਾ ਹੈ, “ਭੈਣ ਜੀ, ਥਾਲ ਸਜਾ ਦਿੱਤਾ? ਮਹਾਰਾਜ ਨੂੰ ਭੋਗ ਲਵਾਉਣਾ ਹੈ।” ਸਦਕੇ ਤੁਹਾਡੇ! ਬੰਦਾ ਪੁੱਛੇ ਕਿ ਬਾਣੀ ਮੁਤਾਬਕ ਤਾਂ ਰੱਬ ਦਾ ਕੋਈ ਆਕਾਰ ਨਹੀਂ, ਫਿਰ ਇਸ ਬੰਦੇ ਨੂੰ ਕਿਹੜੇ ਵੇਲੇ ਪਰਮਾਤਮਾ ਨੇ ਆਪਣਾ ‘ਡਾਈਟ ਪਲੈਨ’ ਦੇ ਦਿਤਾ। ਫਿਰ ਮੈਨੂੰ ਅੱਜ ਤੱਕ ਸਮਝ ਨਹੀਂ ਆਇਆ ਕਿ ਤਾਬਿਆ ਦੇ ਲਾਗੇ ਘੜਾ ਕਿਉਂ ਪਿਆ ਹੁੰਦਾ ਹੈ। ਬਾਣੀ ਦੇ ਰਚਣਹਾਰਿਆਂ ਨੇ ਤਾਂ ਜੁੱਤੀਆਂ ਗੰਢਦਿਆਂ, ਖੱਡੀ ‘ਤੇ ਤੰਦਾਂ ਪਾਉਂਦਿਆਂ, ਕਿਰਸਾਨੀ ਕਰਦਿਆਂ ਆਦਿ ਹਰ ਅਵਸਥਾ ਵਿਚ ਬਾਣੀ ਲਿਖੀ ਹੋਈ ਹੈ। ਕੀ ਆਦਿ ਗ੍ਰੰਥ ਦੀ ਸਥਾਪਨਾ ਵੇਲੇ ਵੀ ਪਾਣੀ ਦਾ ਘੜਾ ਭਰ ਕੇ ਰੱਖਿਆ ਹੋਵੇਗਾ?
ਇਕ ਦਿਨ ਕਿਸੇ ਪਾਠੀ ਸਿੰਘ ਨਾਲ ਗੱਲ ਕਰਨ ਦਾ ਮੌਕਾ ਮਿਲਿਆ। ਮੈਂ ਕਿਸੇ ਘਰ ਅਖੰਡ ਪਾਠ ਉਤੇ ਗਈ ਹੋਈ ਸੀ। ਮੈਂ ਉਸ ਨੂੰ ਪੁੱਛਿਆ, ਉਸ ਨੂੰ ਨਹੀਂ ਲੱਗਦਾ ਕਿ ਅਖੰਡ ਪਾਠ ਦੀ ਇਹ ਪ੍ਰਥਾ ਨਹੀਂ ਹੋਣੀ ਚਾਹੀਦੀ, ਕਿਉਂਕਿ ਗੁਰੂ ਦਾ ਹੁਕਮ ਹੈ ਕਿ ਗਾਵੀਏ ਸੁਣੀਏ ਅਤੇ ਭਾਵ ਅਰਥ ਨੂੰ ਜ਼ਿੰਦਗੀ ਵਿਚ ਲਾਗੂ ਕਰੀਏ। ਜੇ ਇਹ ਸੱਚ ਨਾ ਹੁੰਦਾ ਤਾਂ ਗੁਰੂ ਨੇ ਸਿਰਫ ਸੁਣੀਏ ਹੀ ਕਹਿਣਾ ਸੀ। ਨਾਲੇ ਜੇ ਕੋਈ ਡਿਗਰੀ ਲੈਣੀ ਹੈ ਤਾਂ ਪੜ੍ਹਨਾ ਵੀ ਤਾਂ ਆਪ ਹੀ ਨੂੰ ਪਵੇਗਾ। ਲੋਕੀਂ ਦੂਸਰੇ ਦੇਸ਼ ਵਿਚ ਬੈਠੇ ਕਿਸੇ ਗੁਰਧਾਮ ਵਿਚ ਅਖੰਡ ਪਾਠਾਂ ਦੀ ਲਿਸਟ ਵਿਚ ਆਪਣਾ ਨਾਂ ਲਿਖਾ ਕੇ ਪੈਸੇ ਦੇ ਦਿੰਦੇ ਨੇ, ਜੇ ਉਹੀ ਬੰਦੇ ਕਿਸੇ ਨੂੰ ਪੈਸਾ ਦੇ ਕੇ ਆਪਣੇ ਬੱਚੇ ਦੇ ਫਰਜ਼ੀ ਇਮਤਿਹਾਨ ਦਿਵਾ ਦੇਣ ਅਤੇ ਇਸ ਦੀ ਮੁਨਿਆਦੀ ਉਹ ਹਰ ਪਾਸੇ ਕਰਨ, ਤਾਂ ਫਿਰ ਬਾਣੀ ਨੂੰ ਕਿਸੇ ਹੋਰ ਤੋਂ ਪੜ੍ਹਾਉਣ ਤੋਂ ਪਹਿਲਾਂ ਅਸੀਂ ਸੱਦਾ ਪੱਤਰ ਕਿਉਂ ਦਿੰਦੇ ਹਾਂ?
ਇਸ ਗੱਲਬਾਤ ਦਾ ਨਤੀਜਾ ਇਹ ਹੋਇਆ ਕਿ ਭੋਗ ਵੇਲੇ ਮੇਰੇ ‘ਤੇ ਤੋਹਮਤ ਲੱਗੀ ਕਿ ਮੈਂ ਸੰਗਤ ਨੂੰ ਬਾਣੀ ਤੋਂ ਤੋੜਦੀ ਹਾਂ। ਕੀਰਤਨ ਕਰਨ ਵਾਲੇ ਦਾ ਬਿਆਨ ਸੀ, “ਸਾਧ ਸੰਗਤ ਜੀ, ਸਾਡੇ ਸਿੱਖਾਂ ਵਿਚ ਹੀ ਕਈ ਇਹੋ ਜਿਹੇ ਸਰੀਰ ਮਿਲ ਜਾਂਦੇ ਨੇ ਜਿਹੜੇ ਸਾਨੂੰ ਇਕੱਠਿਆਂ ਬੈਠਿਆਂ ਨਹੀਂ ਦੇਖਣਾ ਚਾਹੁੰਦੇ।” ਕੀ ਇਹ ਮੁਮਕਿਨ ਨਹੀਂ ਕਿ ਮੇਰੇ ਵਰਗੇ ਸਰੀਰਾਂ ਤੋਂ ਬਚਣ ਲਈ ਭਾਈ ਸਾਹਿਬ ਕਿਸੇ ਪ੍ਰਕਾਰ ਦੇ ਸੱਦਾ ਪੱਤਰ ਤੇ ਤੈਅਸ਼ੁਦਾ ਰਕਮ ਬਗੈਰ ਹਰ ਮਹੀਨੇ ਲੋਕਾਂ ਨੂੰ ਆਪਣੇ ਘਰ ਬੁਲਾ ਕੇ ਆਪ ਹੀ ਪਾਠ ਦੀ ਸੇਵਾ ਕਰ ਲਿਆ ਕਰਨ!
ਜੇ ਕਿਸੇ ਨੂੰ ਪੁੱਛਿਆ ਜਾਵੇ ਕਿ ਅਖੰਡ ਪਾਠ ਕਿਉਂ ਕਰਾਉਂਦੇ ਹੋ, ਤਾਂ ਸ਼ਾਇਦ ਉਤਰ ਮਿਲੇ ਕਿ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਿੱਖਾਂ ਪਾਸੋਂ ਕਰਵਾਇਆ। ਸੌ ਫੀਸਦੀ ਦਰੁਸਤ ਹੈ ਇਹ ਤੱਥ, ਪਰ ਧਿਆਨ ਨਾਲ ਇਹਿਤਾਸ ਨੂੰ ਪੜਚੋਲੀਏ। ਗੁਰੂ ਦਾ ਸੰਕਲਪ ਸਿਰਫ ਬਾਣੀ ਦਾ ਉਚਾਰਣ ਕਰਾਉਣਾ ਨਹੀਂ ਹੋ ਸਕਦਾ। ਗੁਰੂ ਸਾਹਿਬ ਨੇ ਇਕ ਚਾਨਣ ਮੁਨਾਰੇ ਦਾ ਸੰਪਾਦਨ ਕਰਵਾਇਆ ਸੀ, ਜਿਹੜੀ ਬਾਣੀ ਸਾਧਾਰਨ ਇਨਸਾਨ ਨੂੰ ਮਰਜੀਵੜੇ ਵਿਚ ਤਬਦੀਲ ਕਰਨ ਦੀ ਤਾਕਤ ਰੱਖਦੀ ਸੀ। ਉਸ ਸਮੇਂ ਹਰ ਬੰਦਾ ਸਮਾਪਤੀ ਤੋਂ ਬਾਅਦ ਹੀ ਉਠਿਆ ਹੋਣਾ ਹੈ ਤੇ ਜਿਸ ਪ੍ਰਵਾਹ ਨਾਲ ਬਾਣੀ ਦਾ ਉਚਾਰਨ ਹੁੰਦਾ ਹੋਵੇਗਾ, ਉਦੋਂ 48 ਘੰਟੇ ਲੱਗੇ ਹੋਣਗੇ। ਹੁਣ 48 ਘੰਟੇ ਤਾਂ ਰਵਾਇਤ ਬਣ ਗਏ, ਪਰ ਗੁਰੂ ਜਾਂ ਉਸ ਦੇ ਸਿੰਘਾਂ ਨੇ ਜਿਹੜੀ ਦ੍ਰਿੜ੍ਹਤਾ ਦਾ ਮੁਜਾਹਰਾ ਕੀਤਾ ਸੀ, ਅਸੀਂ ਉਸ ਦੀ ਰੀਸ ਕਰ ਸਕਦੇ ਹਾਂ? ਹੁਣ ਜੰਗਲ ਵਿਚ ਮੋਰ ਕਦੋਂ ਨੱਚਿਆ; ਕਿਹਨੂੰ, ਕੀ ਪਤਾ? ਇਸੇ ਤਰ੍ਹਾਂ ਸਾਡੇ ਉਹਲੇ ਕੋਈ ਕੀ ਪੜ੍ਹ ਗਿਆ, ਸਾਨੂੰ ਕੀ ਪਤਾ? 48 ਘੰਟੇ ਦੇ ਪਾਠ ਦੀ ਥਾਂ 480 ਘੰਟੇ ਆਪ ਲਾਏ ਹੁੰਦੇ ਤਾਂ ਉਸ ਦਾ ਲਾਭ ਵੀ ਸਾਨੂੰ ਹੁੰਦਾ ਅਤੇ ਅੱਜ ਅਖੌਤੀ ਬਾਬਿਆਂ ਜਾਂ ਪ੍ਰਚਾਰਕਾਂ ਪਾਸੋਂ ਸੁਣਾਈਆਂ ਜਾ ਰਹੀਆਂ ਮਨਘੜਤ ਸਾਖੀਆਂ ਦਾ ਜਵਾਬ ਵੀ ਸਾਡੇ ਕੋਲ ਹੁੰਦਾ।
ਇਹ ਸਾਡੀ ਬਦਕਿਸਮਤੀ ਹੈ ਕਿ ਅਸੀਂ ਗੁਰੂ ਦੇ ਫਰਮਾਨ ਨਾਲ ਧ੍ਰੋਹ ਕਮਾ ਰਹੇ ਹਾਂ। ਅਸੀਂ ਰਹਿੰਦੇ ਕਿਤੇ ਹਾਂ ਤੇ ਪਾਠ ਦੁਨੀਆਂ ਦੇ ਕਿਸੇ ਦੂਜੇ ਕੋਨੇ ਵਿਚ ਕਰਵਾਉਂਦੇ ਹਾਂ ਜਿਸ ਦੀ ਵਾਰੀ ਵੀ ਅਜੇ ਸਾਲ ਬਾਅਦ ਆਉਣੀ ਹੁੰਦੀ ਹੈ। ਫਿਰ ਉਮੀਦ ਰੱਖਦੇ ਹਾਂ ਕਿ ਸਾਡਾ ਇਥੇ ਬੈਠਿਆਂ ਹੀ ਬਹੁਤ ਕੁਝ ਸੌਰ ਜਾਵੇ। ਚਲੋ, ਇਕ ਚੁਣੌਤੀ ਕਬੂਲ ਕਰੀਏæææ ਬਿਮਾਰੀ ਮੈਨੂੰ ਹੈ ਤੇ ਦਵਾਈ ਪਾਠੀ ਸਿੰਘ ਨੂੰ ਖੁਆ ਦਈਏ, ਦੇਖੀਏ ਮੈਨੂੰ ਅਰਾਮ ਆਉਂਦਾ ਹੈ!
ਗੁਰਧਾਮਾਂ ‘ਤੇ ਹਰ ਵੇਲੇ ਲੜੀਵਾਰ ਪਾਠ ਹੁੰਦੇ ਰਹਿੰਦੇ ਨੇ, ਫਿਰ ਭਾਈ ਮਹਿਤਾਬ ਸਿੰਘ ਨੂੰ ਗੁਰਧਾਮ ਦੀ ਪਵਿੱਤਰਤਾ ਕਾਇਮ ਰੱਖਣ ਲਈ ਕਿਰਪਾਨ ਕਿਉਂ ਚੁੱਕਣੀ ਪਈ? ਤੀਜਾ ਘੱਲੂਘਾਰਾ ਅਜੇ ਕੱਲ੍ਹ ਦੀ ਗੱਲ ਹੈ। ਹੁਣ ਅਸੀਂ ਇਹ ਵੇਖੀਏ ਕਿ ਕਿਸ ਨੂੰ ਚੇਤੇ ਹੈ ਕਿ ਕਿਸ ਨੇ ਕਿੰਨੇ ਪਾਠ ਕਰਵਾਏ? ਚੇਤੇ ਉਹ ਰਹਿ ਗਏ ਜਿਨ੍ਹਾਂ ਗੁਰੂ ਦੀ ਬਾਣੀ ਦਾ ਆਸਰਾ ਲੈ ਕੇ ਗੁਰੂ ਵੱਲੋਂ ਬਖਸ਼ੇ ਦ੍ਰਿੜ੍ਹਤਾ ਦੇ ਸੰਕਲਪ ਨੂੰ ਕਾਇਮ ਰੱਖਿਆ ਤੇ ਇਤਿਹਾਸ ਵਿਚ ਆਪਣੀ ਹੋਂਦ ਹਮੇਸ਼ਾ ਲਈ ਅਮਿੱਟ ਕੀਤੀ। ਇਨ੍ਹਾਂ ਘਟਨਾਵਾਂ ਤੋਂ ਘੱਟ ਤੋਂ ਘੱਟ ਮੈਨੂੰ ਤਾਂ ਇਹ ਸਮਝ ਲਗਦੀ ਹੈ ਕਿ ਇਕੱਲੀ ਬਾਣੀ ਪੜ੍ਹਨ ਨਾਲ ਹੀ ਮੁਸੀਬਤਾਂ ਦੇ ਹੱਲ ਨਹੀਂ ਹੁੰਦੇ। ਗੁਰੂ ਅਤੇ ਗੁਰੂ ਦੇ ਵਿਚਾਰ ਦੀ ਰੱਖਿਆ ਵੀ ਗੁਰੂ ਦੇ ਵਿਚਾਰ ਪਾਸੋਂ ਹੀ ਸਿੱਖਣੀ ਪੈਂਦੀ ਹੈ। -0-