ਲੋਕ ਕਵੀ ਸੰਤ ਰਾਮ ਉਦਾਸੀ ਦਾ ਦੁਖਾਂਤ

ਪਿੰ੍ਰæ ਸਰਵਣ ਸਿੰਘ
ਮਰਹੂਮ ਸੰਤ ਰਾਮ ਉਦਾਸੀ ‘ਤੇ ਜਿੰਨਾ ਸਰੀਰਕ ਤਸ਼ੱਦਦ ਪੁਲਿਸ ਨੇ ਕੀਤਾ, ਓਨਾ ਕੁ ਮਾਨਸਿਕ ਤਸ਼ੱਦਦ ਉਹਦੇ ਕੁਝ ‘ਸਾਥੀਆਂ’ ਨੇ ਵੀ ਕੀਤਾ। ਉਸ ਨੂੰ ਅਗੇਤੀ ਮੌਤ ਵੱਲ ਧੱਕਣ ਲਈ ਦੋਹਾਂ ਧਿਰਾਂ ਦਾ ਰੋਲ ਰਿਹਾ। ਜਿਨ੍ਹਾਂ ਸਾਥੀਆਂ ਨੇ ਉਹਨੂੰ ਸੰਭਾਲਣਾ ਸੀ, ਉਹੀ ਉਹਦੇ ਉਤੇ ਊਜਾਂ ਲਾਉਂਦੇ ਰਹੇ ਤੇ ਬਦਨਾਮ ਕਰਦੇ ਰਹੇ। ਉਹਦੀ ਅਣਿਆਈ ਮੌਤ ਅਤੇ ਲਾਵਾਰਸ ਲਾਸ਼ ਵਜੋਂ ਉਹਦੇ ਦਾਹ ਸੰਸਕਾਰ ਲਈ ਦੋਹੇਂ ਧਿਰਾਂ ਜ਼ਿੰਮੇਵਾਰ ਹਨ। ਉਹ ਕੈਸੇ ‘ਸਾਥੀ’ ਸਨ ਜਿਹੜੇ ਉਹਦੀ ਮੌਤ ਦੀ ਖਬਰ ਵੀ ਉਹਦੇ ਪਰਿਵਾਰ ਤਕ ਨਹੀਂ ਸਨ ਪੁਚਾ ਸਕੇ!

ਕੁਝ ਇਹੋ ਜਿਹੇ ਵਿਚਾਰ ਟੋਰਾਂਟੋ ਦੀ ਇਕ ਸਭਾ ਵਿਚ ਜੁੜੇ ਪੰਜਾਬੀ ਲੇਖਕਾਂ ਨੇ ਸਾਂਝੇ ਕੀਤੇ। ਸਬੱਬ ਬਣਿਆ ਸੁਖਿੰਦਰ ਦੇ ਮੈਗਜ਼ੀਨ ‘ਸੰਵਾਦ’ ਦਾ ‘ਲੋਕ ਕਵੀ ਸੰਤ ਰਾਮ ਉਦਾਸੀ’ ਅੰਕ। ਉਸ ਵਿਚ ਉਦਾਸੀ ਦੀਆਂ ਰਚਨਾਵਾਂ ਦੇ ਨਾਲ ਨਾਲ 22 ਲੇਖਕਾਂ ਦੇ ਨਿਬੰਧ ਸ਼ਾਮਲ ਹਨ। ਰਿਲੀਜ਼ ਸਮਾਗਮ ਦਾ ਮੁੱਖ ਬੁਲਾਰਾ ਸੀ, ਵਰਿਆਮ ਸਿੰਘ ਸੰਧੂ। ਵਿਚਾਰ-ਵਟਾਂਦਰੇ ਵਿਚ ਤੱਤ ਕੱਢਿਆ ਗਿਆ ਕਿ ਲੋਕ ਕਵੀ ਉਦਾਸੀ ਨਾਲ ਡਾਢਾ ਅਨਿਆਂ ਹੋਇਆ। ਉਹਨੂੰ ਜਿਊਂਦੇ ਜੀਅ ਵੀ ਦੁੱਖ ਝੱਲਣੇ ਪਏ ਤੇ ਮਰ ਜਾਣ ਪਿੱਛੋਂ ਵੀ ਉਹਦੀ ਰੂਹ ਨੂੰ ਸਕੂਨ ਨਾ ਮਿਲਿਆ। ਉਹਦੀ ਦੇਣ ਦੀ ਉਹ ਕਦਰ ਨਹੀਂ ਪਾਈ ਗਈ ਜਿਸ ਦਾ ਉਹ ਹੱਕਦਾਰ ਸੀ।
ਉਦਾਸੀ ਸੱਚਮੁੱਚ ਕੰਮੀਆਂ ਦੇ ਵਿਹੜੇ ਦਾ ਮਘਦਾ ਸੂਰਜ ਸੀ ਜੋ ਸਿਖਰ ਦੁਪਹਿਰੇ ਛਿਪ ਗਿਆ। ਜਦੋਂ ਉਹ ਗਾਉਂਦਾ ਤਾਂ ਉਹਦੀ ਰੋਹੀਲੀ ਲਲਕਾਰ ਹੋਰ ਵੀ ਪ੍ਰਚੰਡ ਹੋ ਜਾਂਦੀ ਸੀ। ਮਲਵਈ ਪੁੱਠ ਵਾਲੀ ਆਵਾਜ਼ ਨਾਲ ਚੁਫੇਰਾ ਲਰਜ਼ ਉਠਦਾ। ਉਹ ਹਜ਼ਾਰਾਂ ਸਰੋਤਿਆਂ ਦੇ ‘ਕੱਠਾਂ ਨੂੰ ਕੀਲ ਲੈਂਦਾ। ਜਿੰਨੇ ਜਾਨਦਾਰ ਉਹਦੇ ਗੀਤ ਸਨ, ਉਨੀ ਹੀ ਧੜੱਲੇਦਾਰ ਉਹਦੀ ਆਵਾਜ਼ ਸੀ। ਉਹ ਹਿੱਕ ਦੇ ਤਾਣ ਨਾਲ ਗਾਉਂਦਾ:
ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ,
ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆਂ।
ਅਸਾਂ ਤੋੜ ਦੇਣੀ, ਅਸਾਂ ਤੋੜ ਦੇਣੀ ਲਹੂ ਪੀਣੀ ਜੋਕ ਹਾਣੀਆਂæææ।
1967 ਵਿਚ ਮੈਂ ਦਿੱਲੀ ਤੋਂ ਢੁੱਡੀਕੇ ਆਇਆ ਤਾਂ ਉਦਾਸੀ ਦੇ ਗੀਤਾਂ ਦੀ ਗੁੱਡੀ ਚੜ੍ਹ ਰਹੀ ਸੀ। ਉਹ ਨਕਸਲਬਾੜੀ ਲਹਿਰ ਵਿਚ ਕੁੱਦ ਪਿਆ ਸੀ ਤੇ ਜਮਾਤੀ ਦੁਸ਼ਮਣਾਂ ਦੇ ਸਫਾਏ ਦੀਆਂ ਗੱਲਾਂ ਕਰਦਾ ਇਨਕਲਾਬੀ ਗੀਤ ਗਾਉਂਦਾ ਸੀ। ਉਹਦੇ ਗੀਤ ਵੱਡੇ ‘ਕੱਠਾਂ ਨੂੰ ਬੰਨ੍ਹ ਬਿਠਾਉਂਦੇ। ਟੋਲੀਆਂ ਦੀਆਂ ਟੋਲੀਆਂ ਉਹਨੂੰ ਇਉਂ ਸੁਣਨ ਜਾਂਦੀਆਂ ਜਿਵੇਂ ਕਦੇ ਸੌæਂਕੀ, ਸੀਤਲ ਤੇ ਯਮਲੇ ਨੂੰ ਸੁਣਨ ਜਾਂਦੀਆਂ ਸਨ। ਸ਼ਿਵ ਕੁਮਾਰ ਦੀ ਆਪਣੀ ਥਾਂ ਸੀ, ਉਦਾਸੀ ਆਪਣੀ ਥਾਂ ਬਣਾ ਰਿਹਾ ਸੀ। ਸ਼ਿਵ ਬਿਰਹਾ ਗਾਉਂਦਾ ਸੀ, ਉਦਾਸੀ ਇਨਕਲਾਬ ਦੀਆਂ ਹੇਕਾਂ ਲਾਉਂਦਾ ਸੀ।
ਉਹਦਾ ਬਚਪਨ ਕੰਮੀਆਂ ਦੇ ਨਿਆਣਿਆਂ ਵਾਂਗ ਤੰਗੀਆਂ ਤੁਰਸ਼ੀਆਂ ਵਿਚ ਬੀਤਿਆ। ਪਿੰਡੋਂ ਦਸ ਪੜ੍ਹ ਕੇ ਉਹ ਭੈਣੀ ਸਾਹਿਬ ਚਲਾ ਗਿਆ। ਕੁਝ ਸਮਾਂ ਪੌਂਗ ਡੈਮ ‘ਤੇ ਮੁਣਸ਼ੀ ਦੀ ਨੌਕਰੀ ਕੀਤੀ। ਫਿਰ ਬਖਤਗੜ੍ਹ ਤੋਂ ਜੇæ ਬੀæ ਟੀæ ਕਰ ਕੇ ਪ੍ਰਾਇਮਰੀ ਸਕੂਲ ਬੀਹਲੇ ਅਧਿਆਪਕ ਲੱਗ ਗਿਆ ਤੇ ਪਜਾਮੇ ਦੀ ਥਾਂ ਪੈਂਟ ਪਾਉਣ ਲੱਗਾ। ਪਿੰਡ ਦੇ ਬੰਦੇ ਝੇਡਾਂ ਕਰਦੇ, “ਢੇਡ ਪੈਂਟਾਂ ਪਾ-ਪਾ ਦਿਖਾਉਂਦੈ!”
ਉਹਦੇ ਕੁੱਕਰਿਆਂ ਦਾ ਇਲਾਜ ਕਰਾਉਣ ਲਈ ਉਹਦੀ ਮਾਂ ਉਹਨੂੰ ਸਾਧੂ ਈਸ਼ਰ ਦਾਸ ਉਦਾਸੀ ਦੇ ਡੇਰੇ ਲੈ ਗਈ ਸੀ। ਸੰਤ ਰਾਮ ਦਾ ਉਸ ਡੇਰੇ ਵਿਚ ਆਉਣ ਜਾਣ ਹੋ ਗਿਆ। ਉਹਦੇ ਦਾਦੇ ਨੇ ਉਹਨੂੰ ‘ਉਦਾਸੀ’ ਕਹਿਣਾ ਸ਼ੁਰੂ ਕਰ ਦਿੱਤਾ ਜੋ ਸੰਤ ਰਾਮ ਦੇ ਨਾਂ ਨਾਲ ਤਖੱਲਸ ਵਾਂਗ ਜੁੜ ਗਿਆ। ਮਾਪੇ ਨਾਮਧਾਰੀਏ ਹੋਣ ਕਾਰਨ ਉਸ ਨੂੰ ਧਰਮ ਦੀ ਗੁੜ੍ਹਤੀ ਬਚਪਨ ਵਿਚ ਹੀ ਮਿਲ ਗਈ ਸੀ। ਉਸ ਨੇ ਆਪਣੇ ਗੀਤਾਂ ਤੇ ਨਜ਼ਮਾਂ ਵਿਚ ਇਨਕਲਾਬੀ ਸਿੱਖ ਵਿਰਸੇ ਦੀ ਖੂਬ ਵਰਤੋਂ ਕੀਤੀ। ਉਹਦੇ ਗੀਤਾਂ ਤੇ ਕਵਿਤਾਵਾਂ ਉਤੇ ਕੁਝ ਕੱਟੜ ਮਾਰਕਸਵਾਦੀ ਆਲੋਚਕਾਂ ਦਾ ਕਿੰਤੂ ਹੈ ਕਿ ਉਸ ਵਿਚ ਧਾਰਮਿਕਤਾ ਦਾ ਅੰਸ਼ ਹੱਦੋਂ ਵੱਧ ਹੈ। ਉਸ ਨੇ ਸਿੱਖੀ ਦੇ ਇਨਕਲਾਬੀ ਵਿਰਸੇ ਨੂੰ ਲਾਲ ਇਨਕਲਾਬ ਲਿਆਉਣ ਲਈ ਰੱਜ ਕੇ ਵਰਤਿਆ ਤੇ ਉਚੀ ਸੁਰ ਵਿਚ ਗਾਇਆ:
ਏਸ ਕੱਚੀ ਚਮਕੌਰ ਦੀ ਗੜ੍ਹੀ ਮੂਹਰੇ,
ਕਿਲ੍ਹਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ।
ਝੋਰਾ ਕਰੀਂ ਨਾ ਕਿਲ੍ਹੇ ਆਨੰਦਪੁਰ ਦਾ,
ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ।
ਮਾਛੀਵਾੜੇ ਦੇ ਸੱਥਰ ਦੇ ਗੀਤ ਵਿਚੋਂ,
ਅਸੀਂ ਉਠਾਂਗੇ ਚੰਡੀ ਦੀ ਵਾਰ ਬਣ ਕੇ।
ਜਿਨ੍ਹਾਂ ਸੂਲਾਂ ਨੇ ਦਿੱਤਾ ਨਾ ਸੌਣ ਤੈਨੂੰ,
ਛਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ।
ਜਦੋਂ ਉਹਨੂੰ ਲਾਲ ਕਿਲੇ ਦੇ ਕਵੀ ਦਰਬਾਰ ਵਿਚ ਸੱਦਿਆ ਜਾਂਦਾ ਤਾਂ ਉਹ ਗਾਉਂਦਾ:
ਦਿੱਲੀਏ ਦਿਆਲਾ ਦੇਖ ਦੇਗ ‘ਚ ਉਬਲਦਾ ਨੀ,
ਅਜੇ ਤੇਰਾ ਦਿਲ ਨਾ ਠਰੇ।
ਮਤੀ ਦਾਸ ਤਾਈਂ ਚੀਰ ਆਰੇ ਵਾਂਗੂੰ ਜੀਭ ਤੇਰੀ,
ਅਜੇ ਮਨ ਮੱਤੀਆਂ ਕਰੇæææ।

ਲਾਲ ਕਿਲ੍ਹੇ ਵਿਚ ਲਹੂ ਲੋਕਾਂ ਦੋ ਜੋ ਕੈਦ ਹੈ,
ਬੜੀ ਛੇਤੀ ਇਹਦੇ ਬਰੀ ਹੋਣ ਦੀ ਉਮੈਦ ਹੈ।
ਪਿੰਡਾਂ ਵਿਚੋਂ ਤੁਰੇ ਹੋਏ ਪੁੱਤ ਨੀ ਬਹਾਦਰਾਂ ਦੇ
ਤੇਰੇ ਮਹਿਲੀਂ ਵੜੇ ਕਿ ਵੜੇæææ।
ਉਦਾਸੀ ਆਮ ਲੋਕਾਂ ਦਾ ਕਵੀ ਸੀ। ਉਹਦੀ ਸ਼ਬਦਾਵਲੀ, ਬਿੰਬਾਵਲੀ, ਛੰਦ, ਗੀਤਾਂ ਦੀ ਤਰਜ਼ ਤੇ ਦਰਦ ਭਿੱਜੀ ਆਵਾਜ਼ ਸਿੱਧੀ ਲੋਕਾਂ ਦੇ ਦਿਲਾਂ ਵਿਚ ਲਹਿ ਜਾਂਦੀ ਸੀ। ਕਦੇ ਉਹ ਕੰਮੀਆਂ ਦੇ ਵਿਹੜੇ ਦਾ ਗੀਤ ਗਾਉਂਦਾ, ਕਦੇ ਦੇਸ਼ ਪਿਆਰ ਦਾ, ਕਦੇ ਧੀ ਦੀ ਡੋਲੀ ਦਾ ਤੇ ਕਦੇ ਜਨਤਾ ਦੀ ਅਰਦਾਸ ਦਾ। ਕਦੇ ਪੂੰਜੀਪਤੀਆਂ ਨੂੰ ਰਾਕਸ਼ਾਂ ਦੀ ਧਾੜ ਕਹਿੰਦਾ, ਕਦੇ ਮਜ਼ਦੂਰਾਂ ਦੀ ਆਰਤੀ ਉਤਾਰਦਾ ਤੇ ਕਦੇ ਸੁੱਤੇ ਕਿਰਤੀਆਂ ਨੂੰ ਜਗਾਉਂਦਾ:
ਉਠ ਕਿਰਤੀਆ ਉਠ ਵੇ ਉਠਣ ਦਾ ਵੇਲਾ
ਜੜ੍ਹ ਵੈਰੀ ਪੁੱਟ ਵੇ, ਪੁੱਟ ਵੇ ਪੁੱਟਣ ਦਾ ਵੇਲਾæææ।
ਉਸ ਨੇ ਇਨਕਲਾਬੀ ਜੁਝਾਰੂਆਂ ਵੱਲੋਂ ਲਿਖਿਆ:
ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ,
ਅਸੀਂ ਹੋਵਾਂਗੇ ਦੋ ਜਾਂ ਚਾਰ ਬਾਪੂ।
ਬਦਲਾ ਲਏ ਤੋਂ ਵੀ ਜਿਹੜੀ ਟੁੱਟਣੀ ਨਾ,
ਏਡੀ ਲੰਮੀ ਹੈ ਸਾਡੀ ਕਤਾਰ ਬਾਪੂæææ।
ਉਹਦੇ ਗੀਤਾਂ ਦੇ ਬਿੰਬ, ਤੁਲਨਾਵਾਂ ਤੇ ਅਲੰਕਾਰ ਮੌਲਿਕ ਸਨ ਜੋ ਕਿਰਤੀ ਕਾਮਿਆਂ ਦੇ ਕਿੱਤਿਆਂ ਵਿਚੋਂ ਲਏ ਗਏ ਸਨ:
ਸਾਡੇ ਹੱਕਾਂ ਦੀ ਮੱਕੀ ਹੈ ਹੋਈ ਚਾਬੂ,
ਵਿਹਲੜ ਵੱਗ ਨਾ ਖੇਤਾਂ ਵਿਚ ਵੜਨ ਦੇਣਾ।
ਨਰਮ ਦੋਧਿਆਂ ਦੇ ਸੂਹੇ ਪਿੰਡਿਆਂ ‘ਤੇ,
ਅਸੀਂ ਲੁੱਟ ਦਾ ਤਾਪ ਨਾ ਚੜ੍ਹਨ ਦੇਣਾæææ।
ਅਸੀਂ ਗਭਰੂ ਤੂਤ ਦੀ ਛਿਟੀ ਵਰਗੇ
ਜਿੰਨਾ ਛਾਂਗੋਗੇ ਓਨਾ ਹੀ ਫੈਲਰਾਂਗੇæææ।
ਗਲ ਲੱਗ ਕੇ ਸੀਰੀ ਦੇ ਜੱਟ ਰੋਵੇ,
ਬੋਹਲਾਂ ਵਿਚੋਂ ਨੀਰ ਵਗਿਆ।
ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ,
ਤੂੜੀ ਵਿਚੋਂ ਪੁੱਤ ਜੱਗਿਆæææ।
ਉਹ ਵਿਦੇਸ਼ ਗਿਆ ਤਾਂ ਉਸ ਨੂੰ ਪਰਵਾਸੀਆਂ ਦੇ ਦੁੱਖਾਂ-ਦਰਦਾਂ ਦਾ ਡੂੰਘਾ ਅਹਿਸਾਸ ਹੋਇਆ। ਉਸ ਨੇ ਗੀਤ ਗਾਇਆ:
ਮੈਨੂੰ ਮੇਰੀ ਮਾਂ ਦੇ ਵਰਗਾ ਪਿਆਰ ਨੀ,
ਮਿਲੂ ਕਿਹੜੀਆਂ ਵਲੈਤਾਂ ‘ਚੋਂ ਉਧਾਰ ਨੀ।
ਮੈਨੂੰ ਖਿੜਿਆ ਕਪਾਹ ਦੇ ਵਾਂਗ ਰਹਿਣ ਦੇ,
ਘੱਟ ਮੰਡੀ ਵਿਚ ਮੁੱਲ ਪੈਂਦਾ ਪੈਣ ਦੇ।
ਮੈਨੂੰ ਲੈ ਜਾ ਨੀ ਹਵਾਏ ਮੇਰੇ ਦੇਸ਼,
ਕਰੇ ਜੋਦੜੀ ਨੀ ਇਕ ਦਰਵੇਸ਼æææ।
ਉਹਦੀਆਂ ਅੱਖਾਂ ਤਾਂ ਚੁੰਨ੍ਹੀਆਂ ਸਨ ਹੀ, ਦਾੜ੍ਹੀ ਵੀ ਖੋਦੀ ਸੀ ਜੋ ਠੋਡੀ ਉਤੇ ਵੱਧ ਤੇ ਜਾਭਾਂ ਉਤੇ ਘੱਟ ਸੀ। ਨੱਕ ਤਿੱਖਾ ਸੀ, ਮੁੱਛਾਂ ਪਤਲੀਆਂ ਤੇ ਰੰਗ ਸਾਂਵਲਾ। ਖੱਬੀ ਅੱਖ ਵਿਚ ਟੀਰ ਸੀ। ਪੁਲਿਸ ਤਸ਼ੱਦਦ ਨਾਲ ਅੱਖਾਂ ਦੀ ਜੋਤ ਹੋਰ ਵੀ ਘਟ ਗਈ। ਉਹ ਕਾਲੀ ਐਨਕ ਲਾਉਂਦਾ। ਨਕਸਲਬਾੜੀ ਦੌਰ ਵਿਚ ਉਸ ਉਤੇ ਅੰਨ੍ਹਾਂ ਜਬਰ ਢਾਹਿਆ ਗਿਆ। ਉਹਦੀ ਨੌਕਰੀ ਵੀ ਖਤਰੇ ਵਿਚ ਪਈ ਰਹੀ ਪਰ ਉਹ ਦੁੱਖ-ਤਕਲੀਫਾਂ ਸਹਿੰਦਾ ਗਾਉਂਦਾ ਰਿਹਾ:
ਅਸੀਂ ਜੜ੍ਹ ਨਾ ਜ਼ੁਲਮ ਦੀ ਛੱਡਣੀ
ਸਾਡੀ ਭਾਵੇਂ ਜੜ੍ਹ ਨਾ ਰਹੇ।
ਲੋਕ ਵੇ! ਅੱਗ ਵਿਚ ਜਿੰਦੜੀ ਨੂੰ ਦੇਣਾ ਝੋਕ ਵੇ।
ਜਿਹੜੀ ਖੂਨ ਹੈ ਕਿਰਤ ਦਾ ਪੀਂਦੀ,
ਤੋੜ ਦੇਣੀ ਤਨ ਦੇ ਉਤੋਂ ਜੋਕ ਵੇ!
ਲੋਕੀਂ ਹੁਣ ਨਿਕਲ ਪਏ ਹਿੱਕਾਂ ਠੋਕ ਵੇæææ।
ਉਹਦੀ ਪਹਿਲੀ ਗ੍ਰਿਫਤਾਰੀ 1969-70 ਵਿਚ ਹੋਈ। ਪਤਨੀ ਨੂੰ ਬੱਚੇ ਚੁੱਕ ਕੇ ਪੇਕੀਂ ਜਾਣਾ ਪਿਆ। ਪੁਲਿਸ ਉਹਦੇ ਮਗਰ ਲੱਗੀ ਰਹੀ। 1972-73 ‘ਚ ਪੁਲਿਸ ਨੇ ਉਸ ਨੂੰ ਚੁੱਕਿਆ ਤੇ ਲੱਡਾ ਕੋਠੀ ਦੇ ਕਸਾਈਖਾਨੇ ਲਿਆ ਸੁੱਟਿਆ। ਕਈ ਦਿਨਾਂ ਦੀ ਕੁੱਟ-ਮਾਰ ਪਿੱਛੋਂ ਨਾ ਉਹਤੋਂ ਖੜ੍ਹਾ ਹੋਇਆ ਜਾਂਦਾ, ਨਾ ਤੁਰਿਆ ਜਾਂਦਾ। ਪੁਲਿਸ ਵਾਲੇ ਨਾਲੇ ਕੁੱਟੀ ਜਾਂਦੇ ਨਾਲੇ ਕਹੀ ਜਾਂਦੇ, “ਤੇਰੇ ‘ਚੋਂ ਮਾਓ ਕੱਢਣਾ।” ਉਹਦੀ ਬੁੱਢੀ ਮਾਂ ਤੇ ਬਿਮਾਰ ਭਰਾ ਜਿਵੇਂ ਕਿਵੇਂ ਲੱਡਾ ਕੋਠੀ ਪਹੁੰਚੇ। ਡਰ ਸੀ ਉਦਾਸੀ ਨੂੰ ਕਿਤੇ ਮਾਰ ਖਪਾ ਨਾ ਦਿੱਤਾ ਹੋਵੇ!
ਬੁੱਢੜੀ ਦਾ ਜੁਆਨ ਪੁੱਤ ਬੈਰਕ ਦੇ ਫਰਸ਼ ‘ਤੇ ਮੂੰਹ ਭਾਰ ਬੇਸੁਰਤ ਪਿਆ ਸੀ। ਸਿਪਾਹੀ ਬੈਰਕ ਵਿਚ ਜਾ ਕੇ ਉਦਾਸੀ ਨੂੰ ਹਲੂਣਨ ਲੱਗਾ, “ਓਏ ਉਦਾਸੀ, ਓਏ ਉਦਾਸੀ, ਉਠ ਓਏ, ਦੇਖ ਤੇਰੀ ਮਾਂ ਤੈਨੂੰ ਮਿਲਣ ਆਈ ਐ। ਉਠ, ਨਹੀਂ ਤਾਂ ਮਰਜੂ ਵਿਚਾਰੀ ਉਹ ਵੀ।” ਮਾਂ ਸ਼ਬਦ ਨੇ ਉਦਾਸੀ ਦੀ ਸੁਰਤ ਮੋੜੀ, ਕਿਤੇ ਉਹ ਸੱਚੀਂ ਨਾ ਸਾਹ ਖਿੱਚ ਜੇ। ਦੂਰ ਦੀ ਸੋਚ ਕੇ ਉਹਨੇ ਮਾਂ ਨੂੰ ਕਿਹਾ, “ਬੇਬੇ ਮੈਂ ਠੀਕ-ਠਾਕ ਆਂ। ਤੂੰ ਕਿਤੇ ਮਮਤਾ ‘ਚ ਸਾਹ ਨਾ ਚੜ੍ਹਾ ਲਈਂ, ਏਥੇ ਫੇਰ ਕੌਣ ਸਾਂਭੂਗਾ ਤੈਨੂੰ?” ਬੱਸ ਏਨੀ ਮੁਲਾਕਾਤ ਕਰਨ ਦਿੱਤੀ ਸੀ ਮੌਕੇ ਦੀ ਪੁਲਿਸ ਨੇ।
ਸਹਿਣੇ ਠਾਣੇ ਦੀ ਪੁਲਿਸ ਦੇ ਛਾਪੇ ਤਾਂ ਆਮ ਹੀ ਪੈਂਦੇ ਰਹਿੰਦੇ ਸਨ। ‘ਕੇਰਾਂ ਪਟਿਆਲੇ ਦੀ ਪੁਲਿਸ ਵੀ ਆ ਪਈ। ਉਹਨੇ ਘਰ ਵਾਲੀ ਤੇ ਜੁਆਕਾਂ ਦੀ ਵੀ ਧੂਹ-ਘੜੀਸ ਕੀਤੀ। ਉਦਾਸੀ ਦੇ ਨਾਲ ਉਹਦੇ ਪਰਿਵਾਰ ਨੇ ਵੀ ਅਤਿਅੰਤ ਦੁੱਖ ਝੱਲੇ।
ਫਿਰ ਐਮਰਜੈਂਸੀ ਲੱਗ ਗਈ। ਪੁਲਿਸ ਨੇ ਫੜਨਾ ਤੇ ਤਸ਼ੱਦਦ ਕਰਨਾ। ਉਦਾਸੀ ਦੀ ਕਮਜ਼ੋਰ ਨਿਗ੍ਹਾ ਹੋਰ ਕਮਜ਼ੋਰ ਹੋ ਗਈ, ਹੱਡਾਂ ਦੇ ਜੋੜ ਦਰਦ ਕਰਨ ਲੱਗੇ ਤੇ ਯਾਦਦਾਸ਼ਤ ਘਟ ਗਈ। ਉਹ ਆਪਣੀ ਪਤਨੀ ਨੂੰ ਅਕਸਰ ਕਹਿੰਦਾ, “ਮੇਰਾ ਕੀ ਪਤੈ, ਮੈਨੂੰ ਕਦੋਂ ਪੁਲਸ ਮਾਰ ਦੇਵੇ। ਤੂੰ ਜੁਆਕਾਂ ਦਾ ਧਿਆਨ ਰੱਖੀਂ।” ਜਦੋਂ ਉਹਦਾ ਕੋਈ ਸਾਥੀ ਪੁਲਿਸ ਮੁਕਾਬਲੇ ‘ਚ ਮਾਰਿਆ ਜਾਂਦਾ ਤਾਂ ਉਹ ਮਸੋਸਿਆ ਜਾਂਦਾ। ਰਾਤਾਂ ਨੂੰ ਉਭੜਵਾਹੇ ਉਠਦਾ। ਮੋਏ ਸਾਥੀਆਂ ਦੀ ਯਾਦ ਵਿਚ ਗੀਤ ਗਾਉਂਦਾ:
ਜਿਥੇ ਗਏ ਹੋ ਅਸੀਂ ਵੀ ਆਏ ਜਾਣੋ
ਬਲਦੀ ਚਿਖਾ ਹੁਣ ਠੰਢੀ ਨੀ ਹੋਣ ਦੇਣੀ।
ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ
ਲਹਿਰ ਹੱਕਾਂ ਦੀ ਰੰਡੀ ਨੀ ਹੋਣ ਦੇਣੀæææ।
ਉਦਾਸੀ ਦੇ ਗੀਤਾਂ ਵਿਚ ਜਿਥੇ ਲੋਹੜੇ ਦਾ ਵੇਗ ਤੇ ਗਾਉਣ ਦੀ ਬੁਲੰਦੀ ਸੀ, ਉਥੇ ਉਸ ਦੀ ਸ਼ਖਸੀਅਤ ਦੇ ਕੁਝ ਉਲਾਰ ਪੱਖ ਵੀ ਸਨ। ਕੁਝ ਐਬ ਉਹਦੇ ਸਾਥੀਆਂ ਨੇ ਉਹਦੇ ਨਾਂ ਜਾਣ ਬੁੱਝ ਕੇ ਜੋੜ ਰੱਖੇ ਸਨ। ਉਹਨੂੰ ਦਿਲਾਸੇ ਦੇਣ ਦੀ ਥਾਂ ਡਿਪ੍ਰੈਸ਼ਨ ਵੱਲ ਧੱਕ ਰਹੇ ਸਨ। ਉਦਾਸੀ ਦਾ ਪਰਿਵਾਰ ਵਧ ਗਿਆ ਤੇ ਖਰਚੇ ਵੀ ਵਧ ਗਏ ਜੋ ਮਾਮੂਲੀ ਤਨਖਾਹ ਨਾਲ ਪੂਰੇ ਨਾ ਹੁੰਦੇ। ਬਿਰਧ ਮਾਂ ਸਣੇ ਅੱਠਾਂ ਜੀਆਂ ਦਾ ਟੱਬਰ ਸੀ। ਤਿੰਨ ਧੀਆਂ ਤੇ ਦੋ ਪੁੱਤ ਪੜ੍ਹਦੇ ਸਨ। ਉਨ੍ਹਾਂ ਦੀਆਂ ਕਾਪੀਆਂ, ਕਿਤਾਬਾਂ, ਲੀੜੇ ਕੱਪੜੇ ਤੇ ਹੋਰ ਵੀਹ ਖਰਚੇ। ਹੱਥ ਤੰਗ ਸੀ। ਉਹ ਅਨੰਦ ਕਾਰਜਾਂ ‘ਤੇ ਜਾਣ ਲੱਗ ਪਿਆ। ਜਿਹੜੇ ਪੈਸੇ ਸਿਹਰੇ ਤੇ ਸਿੱਖਿਆ ਪੜ੍ਹਨ ਵਾਲਿਆਂ ਨੂੰ ਮਿਲਣੇ ਹੁੰਦੇ, ਉਹ ਉਦਾਸੀ ਨੂੰ ਮਿਲ ਜਾਂਦੇ। ਇਸ ਗੱਲੋਂ ਉਹਦੇ ਸਾਥੀ ਨਿੰਦਿਆ ਕਰਦੇ ਤੇ ਮਿਹਣੇ ਮਾਰਦੇ, “ਤੂੰ ਭਾਈਆਂ ਵਾਲਾ ਰਥ ਫੜ ਲਿਆ!”
ਉਹਦੇ ਇਨਕਲਾਬੀ ਸਾਥੀ ਇੰਜ ਪੈਸੇ ਕਮਾਉਣ ਦੀ ਨੁਕਤਾਚੀਨੀ ਤਾਂ ਕਰਦੇ ਪਰ ਮਦਦ ਨਾ ਕਰਦੇ। ਕੋਈ ਅਦਾਰਾ ਉਹਦੀ ਆਰਥਕ ਮਦਦ ਲਈ ਨਾ ਨਿਤਰਿਆ। ਕਈ ਸਾਥੀ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਦੇ ਤੇ ਕਈ ਵਾਰ ਆਪਣੇ ਸਟੇਜਾਂ ‘ਤੇ ਵੀ ਨਾ ਚੜ੍ਹਨ ਦਿੰਦੇ। ਉਦਾਸੀ ਦੇ ਦਿਲ ‘ਤੇ ਜੋ ਬੀਤਦੀ, ਉਹਦਾ ਦੁੱਖ ਓਹੀ ਜਾਣਦਾ ਸੀ। ਫਿਰ ਵੀ ਸਰਕਾਰੀ ਅਫਸਰਾਂ ਦੀ ਉਹਨੇ ਕਦੇ ਖੁਸ਼ਾਮਦ ਨਹੀਂ ਕੀਤੀ ਤੇ ਨਾ ਹੀ ਸਰਕਾਰਾਂ ਦੇ ਸੋਹਲੇ ਗਾਏ। ਉਹ ਸਥਾਪਤੀ ਦੇ ਮੰਚ ਉਤੇ ਸਥਾਪਤੀ ਵਿਰੁਧ ਬੋਲਦਾ ਰਿਹਾ। ਅਨੰਦ ਕਾਰਜਾਂ ਉਤੇ ਉਹ ਅਕਸਰ ‘ਡੋਲੀ’ ਨਾਂ ਦਾ ਗੀਤ ਗਾਉਂਦਾ:
ਹੱਸ ਹੱਸ ਤੋਰ ਦੇ ਤੂੰ ਡੋਲੀ ਮੇਰੀ ਬਾਬਲਾ ਵੇ,
ਕਿਹੜੀ ਗੱਲੋਂ ਰਿਹਾ ਏਂ ਤੂੰ ਝੂਰ।
ਧਰਤੀ ਤਿਹਾਈ ਜਿਉਂ ਪਸੀਨਾ ਮੰਗੇ ਕਾਮਿਆਂ ਦਾ,
ਮਾਂਗ ਮੇਰੀ ਮੰਗਦੀ ਸੰਧੂਰæææ।
ਉਹ ਵਿਆਹਾਂ ‘ਤੇ ਜਾਂਦਾ ਤਾਂ ਵਿਆਹਾਂ ਵਾਲਾ ਖਾਣ-ਪੀਣ ਵੀ ਕਰ ਲੈਂਦਾ। ਉਹਦੇ ਪ੍ਰਸ਼ੰਸਕ ਉਹਨੂੰ ਦਾਰੂ ਪਿਆ ਕੇ ਗੀਤ ਸੁਣਦੇ ਤੇ ਪਿੱਛੋਂ ਉਹਦੀ ਪੀਤੀ ਨੂੰ ਨਿੰਦਦੇ। ਦਿਨ ਦਿਹਾਰ ਤੋਂ ਹਫਤੇਵਾਰ ‘ਤੇ ਆਇਆ ਉਹ ਨਿੱਤ ਦਾ ਪਿਆਕ ਬਣ ਗਿਆ। ਪੀਣ ਉਤੇ ਉਹਦਾ ਕੰਟਰੋਲ ਨਾ ਰਿਹਾ।
ਸਾਹਿਤ ਟਰੱਸਟ ਢੁੱਡੀਕੇ ਨੇ ਮਾਇਕ ਮਦਦ ਕਰਦਿਆਂ ਪਹਿਲਾ ਬਾਵਾ ਬਲਵੰਤ ਯਾਦਗਾਰੀ ਪੁਰਸਕਾਰ ਉਦਾਸੀ ਨੂੰ ਦਿੱਤਾ। ਫਿਰ ਜਗਦੇਵ ਸਿੰਘ ਜੱਸੋਵਾਲ ਨੇ ਉਹਦਾ ਸਨਮਾਨ ਸਿੱਕਿਆਂ ਨਾਲ ਤੋਲ ਕੇ ਕੀਤਾ। ਉਹਦੇ ਕਾਮਰੇਡ ਯਾਰਾਂ ਨੇ ਇਸ ਦਾ ਬੁਰਾ ਮਨਾਇਆ ਤੇ ਮਤੇ ਪਾਸ ਕਰ ਦਿੱਤੇ ਕਿ ਉਦਾਸੀ ਨੂੰ ਹੁਣ ਆਪਣੀਆਂ ਸਟੇਜਾਂ ‘ਤੇ ਨਹੀਂ ਚੜ੍ਹਨ ਦੇਣਾ ਤੇ ਪ੍ਰਚਾਰ ਕੀਤਾ ਕਿ ਉਹ ਹੁਣ ਪਹਿਲਾਂ ਵਾਲਾ ਉਦਾਸੀ ਨ੍ਹੀਂ ਰਿਹਾ। ਪ੍ਰੋਲੇਤਾਰੀ ਤੋਂ ਪੈਸੇ ਦਾ ਪੁੱਤ ਬਣ ਗਿਐ! ਉਹ ਇਨਕਲਾਬੀ ਨਹੀਂ, ਸ਼ਰਾਬੀ ਕਵੀ ਹੈ। ਇਉਂ ਉਸ ਦੇ ਸਾਥੀਆਂ ਨੇ ਹੀ ਉਸ ਨੂੰ ਅਗਲਾ ਰਾਹ ਵਿਖਾ ਦਿੱਤਾ!
1986 ਵਿਚ ਉਦਾਸੀ ਨੂੰ ਹਜ਼ੂਰ ਸਾਹਿਬ ਤੋਂ ਚਿੱਠੀ ਆਈ ਕਿ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਕਵੀ ਦਰਬਾਰ ‘ਤੇ ਆਵੇ। ਕਵੀ ਦਰਬਾਰ 3 ਨਵੰਬਰ ਨੂੰ ਸੀ। ਦੁਚਿੱਤੀ ਵਿਚ ਚਲਾ ਗਿਆ। 5 ਨਵੰਬਰ ਨੂੰ ਦਿਨੇ ਵੀ ਤੇ ਰਾਤ ਨੂੰ ਵੀ ਉਡੀਕ ਹੁੰਦੀ ਰਹੀ ਪਰ ਉਹ ਵਾਪਸ ਨਾ ਆਇਆ। 6 ਨਵੰਬਰ ਦਾ ਦਿਨ ਵੀ ਲੰਘ ਗਿਆ। 7 ਨਵੰਬਰ ਨੂੰ ਉਹਦੀ ਪਤਨੀ ਨਸੀਬ ਕੌਰ ਬੱਚਿਆਂ ਨੂੰ ਕਹਿਣ ਲੱਗੀ, “ਅੱਜ ਤਾਂ ਥੋਡੇ ਭਾਪੇ ਨੇ ਜ਼ਰੂਰ ਈ ਰਾਤ ਆਲੀ ਗੱਡੀ ਆ ਜਾਣੈ।”
ਪਰ ਭਾਪੇ ਦੇ ਆਉਣ ਦੀ ਥਾਂ ਤਾਰ ਆਈ ਕਿ ਸੰਤ ਰਾਮ ਉਦਾਸੀ ਮਨਵਾੜ ਰੇਲਵੇ ਸਟੇਸ਼ਨ ‘ਤੇ ਰੇਲ ਗੱਡੀ ਵਿਚ ਮੁਰਦਾ ਪਾਇਆ ਗਿਆ। 8 ਨਵੰਬਰ ਨੂੰ ਰੇਲਵੇ ਪੁਲਿਸ ਦੀ ਤਾਰ ਆਈ ਕਿ ਸੰਤ ਰਾਮ ਉਦਾਸੀ ਦੀ ਮ੍ਰਿਤਕ ਦੇਹ ਲੈ ਜਾਓ। 9 ਨਵੰਬਰ ਨੂੰ ਮਨਵਾੜ ਅਤੇ ਹਜ਼ੂਰ ਸਾਹਿਬ ਤੋਂ ਵੀ ਤਾਰਾਂ ਆ ਗਈਆਂ। ਪਹਿਲੀ ਤਾਰ ਮਿਲਦੇ ਹੀ ਉਦਾਸੀ ਦਾ ਵੱਡਾ ਭਰਾ ਤੇ ਨਸੀਬ ਕੌਰ ਦਾ ਭਰਾ ਮਨਵਾੜ ਸਟੇਸ਼ਨ ਵੱਲ ਚੱਲ ਪਏ।
ਪੰਜਾਬੀ ਯੂਨੀਵਰਸਿਟੀ ਵਾਲਾ ਪ੍ਰੋਫੈਸਰ ਬਲਕਾਰ ਸਿੰਘ ਵੀ ਹਜ਼ੂਰ ਸਾਹਿਬ ਗਿਆ ਸੀ। ਉਸ ਨੇ ਵਾਪਸੀ ਗੱਡੀ ਚੜ੍ਹਨ ਲਈ ਉਦਾਸੀ ਨੂੰ ‘ਵਾਜ਼ ਮਾਰ ਦਿੱਤੀ। ਤੋੜ ਦਾ ਭੰਨਿਆ ਉਦਾਸੀ ਉਹਦੇ ਨਾਲ ਰਿਕਸ਼ੇ ‘ਤੇ ਚੜ੍ਹ ਗਿਆ। ਕਵੀ ਦਰਬਾਰ ਵਿਚ ਉਸ ਨੇ ਵਿਤੋਂ ਬਾਹਰੇ ਜ਼ੋਰ ਨਾਲ ਗਾਇਆ ਸੀ। ਤਬੀਅਤ ਠੀਕ ਨਾ ਹੋਣ ਕਾਰਨ ਉਸ ਨੂੰ ਡੱਬੇ ਦੇ ਉਪਰਲੇ ਫੱਟੇ ‘ਤੇ ਸੁਆ ਦਿੱਤਾ ਗਿਆ। ਮਨਵਾੜ ਸਟੇਸ਼ਨ ਉਤੇ ਹਾਲ ਪੁੱਛਿਆ ਤਾਂ ਕੋਈ ਜਵਾਬ ਨਾ ਮਿਲਿਆ। ਹਿਲੂਣਿਆਂ ਤਾਂ ਭੌਰ ਉਡਾਰੀ ਮਾਰ ਚੁੱਕਾ ਸੀ!
ਬਲਕਾਰ ਸਿੰਘ ਨੇ ਸਟੇਸ਼ਨ ਦੀ ਪੁਲਿਸ ਨੂੰ ਉਦਾਸੀ ਦੀ ਸ਼ਨਾਖਤ ਦਿੱਤੀ। ਦੱਸਿਆ ਕਿ ਇਸ ਕਵੀ ਨੂੰ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਵੀ ਜਾਣਦੇ ਹਨ। ਮਨਵਾੜ ਦੇ ਸਿੱਖਾਂ ਨੇ ਲਾਸ਼ ਸੰਭਾਲ ਲਈ ਤੇ ਬਲਕਾਰ ਸਿੰਘ ਪਰਿਵਾਰ ਨੂੰ ਸੋਗੀ ਖਬਰ ਦੇਣ ਲਈ ਗੱਡੀ ਚੜ੍ਹ ਗਿਆ। ਉਹ ਬਰਨਾਲੇ ਪਹੁੰਚਾ ਜਿਥੇ ਲੇਖਕਾਂ ਦੀ ਸਭਾ ਹੋ ਰਹੀ ਸੀ। ਸਭਾ ਨੂੰ ਉਦਾਸੀ ਦੀ ਮ੍ਰਿਤੂ ਬਾਰੇ ਦੱਸਿਆ। ਸਭਾ ਦੇ ਮੈਂਬਰਾਂ ਨੇ ਹਾਮੀ ਭਰੀ ਕਿ ਉਹ ਰਾਏਸਰ ਉਦਾਸੀ ਦੇ ਪਰਿਵਾਰ ਨੂੰ ਦੱਸ ਦੇਣਗੇ। ਪਰ ਦੱਸਣ ਕੋਈ ਨਾ ਗਿਆ!
ਉਦਾਸੀ ਸਾਡਾ ਅਜ਼ੀਮ ਸ਼ਾਇਰ ਸੀ ਜੋ 1939 ਤੋਂ 86 ਤਕ ਜੀਵਿਆ। ਉਸ ਦੇ ਕਾਵਿ ਸੰਗ੍ਰਿਹ ‘ਲਹੂ ਭਿੱਜੇ ਬੋਲ’, ‘ਚੌ-ਨੁਕਰੀਆਂ ਸੀਖਾਂ’ ਤੇ ‘ਸੈਨਤਾਂ’ ਉਸ ਦੀ ਹਯਾਤੀ ਵਿਚ ਛਪੇ। ਪਿੱਛੋਂ ਉਸ ਦੇ ਅਣਛਪੇ ਗੀਤਾਂ ਤੇ ਕਵਿਤਾਵਾਂ ਦਾ ਸੰਗ੍ਰਿਹ ‘ਕੰਮੀਆਂ ਦਾ ਵਿਹੜਾ’ ਛਪਿਆ। ਉਹ ਕੈਨੇਡਾ ਗਿਆ ਪਰ ਹੋਰ ਕਈ ਸਾਥੀਆਂ ਵਾਂਗ ਉਥੇ ਪੱਕੇ ਹੋਣ ਦਾ ਜੁਗਾੜ ਕਰਨੋਂ ਇਨਕਾਰ ਕਰਦਾ। ਕਮਰਸ਼ਲ ਗਾਇਕੀ ਨੂੰ ਲੱਤਾਂ ਮਾਰਦਾ ਰਿਹਾ। ਅਖੀਰ ਤਕ ਲਾਲ ਸਲਾਮ ਕਹਿੰਦਾ ਰਿਹਾ। ਕੈਸੀ ਵਿਡੰਬਨਾ ਹੈ ਕਿ ਉਦਾਸੀ ਦੀ ਦੇਹ ਦਾ ਅੰਤਮ ਸੰਸਕਾਰ ਉਹਦੇ ਸਾਥੀਆਂ ਵੱਲੋਂ ਲਾਲ ਸਲਾਮ ਕਹੇ ਬਿਨਾਂ ਮਨਵਾੜ ਦੇ ਸਿੱਖਾਂ ਨੇ ਇਕ ਸਿੱਖ ਦੀ ਲਾਵਾਰਸ ਲਾਸ਼ ਵਜੋਂ ਕੀਤਾ। 12 ਨਵੰਬਰ ਨੂੰ ਉਦਾਸੀ ਦੇ ਦੋਵੇਂ ਰਿਸ਼ਤੇਦਾਰਾਂ ਨੇ ਆ ਕੇ ਦੱਸਿਆ ਕਿ ਉਹਦੇ ਫੁੱਲ ਗੋਦਾਵਰੀ ਨਦੀ ਵਿਚ ਤਾਰ ਆਏ ਹਨ ਤੇ ਉਹਦਾ ਬੈਗ ਨਾਲ ਲੈ ਆਏ ਹਨ। ਅਜਿਹੀ ਹੋਣੀ ਸੀ ਪੰਜਾਬੀ ਦੇ ਇਸ ਇਨਕਲਾਬੀ ਲੋਕ ਕਵੀ ਦੀ!
ਉਦਾਸੀ ਦੀ ਵਸੀਅਤ ਹੈ:
ਮੇਰੀ ਮੌਤ ‘ਤੇ ਨਾ ਰੋਇਓ,
ਮੇਰੀ ਸੋਚ ਨੂੰ ਬਚਾਇਓ
ਮੇਰੇ ਲਹੂ ਦਾ ਕੇਸਰ
ਰੇਤੇ ‘ਚ ਨਾ ਰਲਾਇਓæææ।