ਸੰਸਾਰ ਪ੍ਰਸਿੱਧ ਡੱਚ ਚਿਤਰਕਾਰ ਵਿਨਸੈਂਟ ਵਾਨ ਗਾਗ ਦੇ ਕੱਟੇ ਹੋਏ ਕੰਨ ਦੀ ਕਹਾਣੀ ਵੱਖ-ਵੱਖ ਰੂਪਾਂ ਵਿਚ ਪ੍ਰਚਲਿਤ ਹੈ, ਪਰ ਹੁਣ ਬ੍ਰਿਟਿਸ਼ ਲੇਖਕ ਬਰਨਾਰਡ ਮਰਫੀ ਨੇ ਇਸ ਕਹਾਣੀ ਦੀ ਅਸਲ ਕਹਾਣੀ ਪੇਸ਼ ਕਰਨ ਦਾ ਦਾਅਵਾ ਆਪਣੀ ਨਵੀਂ ਕਿਤਾਬ ‘ਵਾਨ ਗਾਗ’ਜ਼ ਈਅਰ: ਦਿ ਟਰੂ ਸਟੋਰੀ’ ਵਿਚ ਕੀਤਾ ਹੈ।
-ਸੰਪਾਦਕ
ਜਗਜੀਤ ਸਿੰਘ ਸੇਖੋਂ
‘ਸਟਾਰੀ ਨਾਈਟ’ ਵਰਗਾ ਮਹਾਚਿਤਰ ਬਣਾਉਣ ਵਾਲੇ ਸੰਸਾਰ ਪ੍ਰਸਿੱਧ ਡੱਚ ਚਿਤਰਕਾਰ ਵਿਨਸੈਂਟ ਵਾਨ ਗਾਗ ਦੇ ਕੱਟੇ ਹੋਏ ਕੰਨ ਦੀ ਕਹਾਣੀ ਇਕ ਵਾਰ ਫਿਰ ਛਿੜ ਪਈ ਹੈ। ਇਸ ਵਾਰ ਇਹ ਕਹਾਣੀ ਇੰਗਲੈਂਡ ਵਿਚ ਜੰਮੇ-ਪਲੇ ਲੇਖਕ ਬਰਨਾਰਡ ਮਰਫ਼ੀ ਨੇ ਸੁਣਾਈ ਹੈ। ਉਸ ਨੇ ਹਾਲ ਹੀ ਵਿਚ ਆਪਣੀ ਨਵੀਂ ਛਪੀ ਕਿਤਾਬ ‘ਵਾਨ ਗਾਗ’ਜ਼ ਈਅਰ: ਦਿ ਟਰੂ ਸਟੋਰੀ’ ਵਿਚ ਕੱਟੇ ਹੋਏ ਕੰਨ ਬਾਰੇ ਕਈ ਨਵੇਂ ਖੁਲਾਸੇ ਕੀਤੇ ਹਨ।
ਹੁਣ ਤਕ ਇਹ ਸਮਝਿਆ ਜਾਂਦਾ ਸੀ ਕਿ ਵਾਨ ਗਾਗ ਨੇ ਦਸੰਬਰ 1988 ਦੀ ਇਕ ਠਰੀ ਹੋਈ ਰਾਤ ਨੂੰ ਆਪਣਾ ਕੰਨ ਕੱਟ ਕੇ ਰਸ਼ੇਲ ਨਾਂ ਦੀ ਵੇਸਵਾ ਨੂੰ ਭੇਜ ਦਿਤਾ ਸੀ। ਕਿਹਾ ਜਾਂਦਾ ਹੈ ਕਿ ਵਾਨ ਗਾਗ ਅਤੇ ਉਸ ਦਾ ਫ਼ਰਾਂਸਿਸ ਮਿੱਤਰ ਪੌਲ ਗੋਗਿਨ ਇਸ ਵੇਸਵਾ ਕੋਲ ਅਕਸਰ ਜਾਂਦੇ ਸਨ। ਬਰਨਾਰਡ ਮਰਫੀ ਨੇ ਇਹ ਮਿਥ ਤੋੜ ਦਿਤੀ ਹੈ। ਉਸ ਨੇ ਲਿਖਿਆ ਹੈ ਕਿ ਜਿਸ ਕੁੜੀ ਨੂੰ ਵਾਨ ਗਾਗ ਨੇ ਆਪਣਾ ਕੰਨ ਕੱਟ ਕੇ ਭੇਜਿਆ ਸੀ, ਉਹ ਰਸ਼ੇਲ ਨਹੀਂ ਸੀ, ਸਗੋਂ ਉਸ ਦਾ ਨਾਂ ਗੈਬਰੀਅਲ ਸੀ ਅਤੇ ਉਹ ਆਰਲਸ (ਫਰਾਂਸ) ਦੇ ਇਕ ਵੇਸਵਾ ਘਰ ਵਿਚ ਨੌਕਰ ਸੀ। ਬਰਨਾਰਡ ਮਰਫ਼ੀ ਦਾ ਦਾਅਵਾ ਹੈ ਕਿ ਉਸ ਨੇ ਪੂਰੇ ਸੱਤ ਸਾਲ ਆਪਣੀ ਪੁਸਤਕ ਉਤੇ ਲਗਾਏ ਹਨ ਅਤੇ ਉਹ ਆਰਲਸ ਵਿਚ ਕਈ ਵੇਸਵਾਵਾਂ ਅਤੇ ਉਨ੍ਹਾਂ ਦੇ ਜਾਣਕਾਰਾਂ ਨੂੰ ਮਿਲਿਆ ਹੈ। ਉਸ ਨੇ ਵਾਨ ਗਾਗ ਦੇ ਕੰਨ ਦਾ ਇਲਾਜ ਕਰਨ ਵਾਲੇ ਡਾਕਟਰ ਫੈਲਿਕਸ ਰੇ ਵਲੋਂ ਬਣਾਇਆ ਕੰਨ ਦਾ ਸਕੈਚ ਵੀ ਲੱਭ ਲਿਆ ਹੈ। ਇਹ ਸਕੈਚ ਅੱਜ ਕਲ੍ਹ ਬਰਕਲੇ ਦੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੀ ਲਾਇਬਰੇਰੀ ਵਿਚ ਪਿਆ ਹੈ।
ਯਾਦ ਰਹੇ ਕਿ ਕੰਨ ਕੱਟਣ ਵਾਲੀ ਇਸ ਘਟਨਾ ਤੋਂ ਬਾਅਦ ਹਸਪਤਾਲ ਤੋਂ ਪਰਤ ਕੇ ਵਾਨ ਗਾਗ ਨੇ ਦੋ ਸੈਲਫ਼ ਪੋਰਟਰੇਟ ਬਣਾਏ ਸਨ ਜਿਨ੍ਹਾਂ ਵਿਚ ਕੰਨ ‘ਤੇ ਪੱਟੀ ਬੰਨ੍ਹੀ ਨਜ਼ਰੀ ਪੈਂਦੀ ਹੈ। ਇਨ੍ਹਾਂ ਵਿਚੋਂ ਇਕ ਚਿਤਰ ਤਾਂ ਕਿਸੇ ਨੇ ਖਰੀਦ ਲਿਆ ਹੋਇਆ ਹੈ, ਪਰ ਦੂਜਾ ਚਿਤਰ ਅੱਜ ਕੱਲ੍ਹ ਲੰਡਨ ਦੀ ਕੋਰਟੋਲਡ ਗੈਲਰੀ ਵਿਚ ਪਿਆ ਹੈ।
ਬਰਨਾਰਡ ਮਰਫ਼ੀ ਦੀ ਇਸ ਖੋਜ ਬਾਰੇ ਕਲਾ ਜਗਤ ਵਿਚ ਖੂਬ ਚਰਚਾ ਛਿੜੀ ਹੋਈ ਹੈ ਅਤੇ ਬੀæਬੀæਸੀæ ਅਗਲੇ ਮਹੀਨੇ ਅਗਸਤ ਵਿਚ ਇਸ ਬਾਰੇ ਦਸਤਾਵੇਜ਼ੀ ਵੀ ਦਿਖਾ ਰਿਹਾ ਹੈ। ਇਸ ਵਿਚ ਬ੍ਰਿਟਿਸ਼ ਪੱਤਰਕਾਰ ਜੇਰੇਮੀ ਟੈਕਸਮੈਨ ਦੀਆਂ ਸੇਵਾਵਾਂ ਵੀ ਲਈਆਂ ਗਈਆਂ ਹਨ ਜਿਹੜੀ ਵੱਖ-ਵੱਖ ਸਮਿਆਂ ‘ਤੇ ਕਲਾ ਰਹੱਸਾਂ ਤੋਂ ਪਰਦਾ ਉਠਾਉਂਦੀ ਰਹੀ ਹੈ। ਉਂਝ ਇਸ ਕਿਤਾਬ ਵਿਚ ਵਾਨ ਗਾਗ ਦੇ ਗੈਬਰੀਅਲ ਨਾਲ ਰਿਸ਼ਤੇ ਬਾਰੇ ਬਹੁਤਾ ਕੁਝ ਕਿਹਾ ਨਹੀਂ ਗਿਆ ਹੈ।
ਵਾਨ ਗਾਗ (30 ਮਾਰਚ 1853-29 ਜੁਲਾਈ 1890) ਅਜਿਹਾ ਚਿਤਰਕਾਰ ਸੀ ਜਿਸ ਦਾ ਪ੍ਰਭਾਵ 20ਵੀਂ ਸਦੀ ਦੇ ਤਕਰੀਬਨ ਸਾਰੇ ਚਿਤਰਕਾਰਾਂ ਨੇ ਕਬੂਲ ਕੀਤਾ। ਉਸ ਦੀ ਖੁਦਕਸ਼ੀ ਤੱਕ ਸਾਰੇ ਕਲਾ ਆਲੋਚਕਾਂ ਨੇ ਉਸ ਦੇ ਕੰਮਾਂ ਵੱਲ ਕੋਈ ਕੰਨ ਨਹੀਂ ਧਰਿਆ। ਉਸ ਦੀ ਮਸ਼ਹੂਰੀ 37 ਵਰ੍ਹਿਆਂ ਵਿਚ ਉਸ ਦੀ ਮੌਤ ਤੋਂ ਬਾਅਦ ਹੀ ਹੋਈ ਅਤੇ ਅੱਜ ਉਹ ਸੰਸਾਰ ਦਾ ਮਿਸਾਲੀ ਚਿਤਰਕਾਰ ਹੈ, ਜਦਕਿ ਸਾਰੀ ਉਮਰ ਉਹ ਗੁਰਬਤ ਅਤੇ ਮਾਨਸਿਕ ਬਿਮਾਰੀ ਨਾਲ ਜੂਝਦਾ ਰਿਹਾ। ਉਸ ਦੀਆਂ ਪ੍ਰਸਿੱਧ ਕਲਾ ਕਿਰਤਾਂ ਵਿਚ ‘ਸਟਾਰੀ ਨਾਈਟ’ ਤੋਂ ਇਲਾਵਾ ‘ਸਨਫਲਾਵਰਜ਼’, ‘ਬੈੱਡਰੂਮ ਇਨ ਆਰਲਸ’, ‘ਪੋਰਟੇਰੇਟ ਆਫ਼ ਡਾਕਟਰ ਗਾਸ਼’ ਅਤੇ ‘ਸੌਰੋ’ ਸ਼ਾਮਲ ਹਨ। ਉਸ ਦਾ ਜਨਮ ਉਚ-ਮੱਧਵਰਗੀ ਪਰਿਵਾਰ ਵਿਚ ਹੋਇਆ ਸੀ। ਮੁੱਢ ਤੋਂ ਹੀ ਵਾਨ ਗਾਗ ਬੜਾ ਜ਼ਹੀਨ ਬੱਚਾ ਸੀ। ਜਵਾਨੀ ਦੇ ਦਿਨਾਂ ਦੌਰਾਨ ਉਹ ਧਾਰਮਿਕ ਵੀ ਖੂਬ ਸੀ ਅਤੇ ਇਸ ਦੇ ਨਾਲ-ਨਾਲ ਉਹ ਕਲਾ, ਸੰਗੀਤ ਅਤੇ ਸਾਹਿਤ ਵਿਚ ਉਚੇਚੀ ਰੁਚੀ ਲੈਂਦਾ ਸੀ। -0-