ਉਡੀਕ

ਕਿਰਪਾਲ ਕੌਰ
ਫੋਨ: 815-356-9535
ਮੈਂ ਜਦ ਤੋਂ ਹੋਸ਼ ਸੰਭਾਲੀ, ਭੂਆ ਕਰਮੀ ਨੂੰ ਸਾਫ ਸੁਥਰੇ ਪਹਿਰਾਵੇ ਵਿਚ ਸਦਾ ਚੁੱਪ-ਚਾਪ, ਤੇਜ਼-ਤੇਜ਼ ਘੁੰਮਦੀ, ਕੰਮ ਕਰਦੀ, ਅੰਦਰ-ਬਾਹਰ ਸੰਵਾਰਦੀ ਦੇਖਿਆ। ਕਦੀ ਨਹੀਂ ਸੋਚਿਆ ਕਿ ਇਹ ਕੱਲਮ-ਕੱਲੀ ਕਿਹੜੇ ਰੁਝੇਵਿਆਂ ਵਿਚ ਰੁੱਝੀ ਰਹਿੰਦੀ ਹੈ! ਪਹਿਲਾਂ ਤਾਂ ਭੂਆ ਦੀ ਮਾਂ ਜਿਸ ਨੂੰ ਸਾਰਾ ਪਿੰਡ ਬੜੀ ਬੇਬੇ ਕਹਿੰਦਾ ਸੀ, ਜਿਉਂਦੀ ਸੀ। ਇਕ ਦਿਨ ਆਇਆ ਕਿ ਉਹ ਚੱਲ ਵਸੀ।

ਪਹਿਲਾਂ ਬਾਪੂ ਤੁਰ ਗਿਆ ਸੀ, ਹੁਣ ਬੇਬੇ। ਭੂਆ ਨੂੰ ਪਰਦੇਸ ਗਏ ਆਪਣੇ ਦੋ ਭਰਾਵਾਂ ਦੀ ਉਡੀਕ ਸੀ। ਭੂਆ ਦੀਆਂ ਅੱਖਾਂ ਦੀ ਗਹਿਰਾਈ ਵਧ ਗਈ, ਪਰ ਚਾਲ ਉਹੀ ਰਹੀ। ਕਦੀ ਜਲਦੀ-ਜਲਦੀ ਟਾਹਲੀਆਂ ਵਾਲੇ ਖੂਹ ਨੂੰ ਜਾਂਦੀ ਦਿਸਦੀ। ਕਦੀ ਥੋੜ੍ਹਾ ਜਿਹਾ ਗੋਹਾ ਹੱਥ ਉਤੇ ਰੱਖ ਕੇ ਆਉਂਦੀ ਦਿਸਦੀ। ਘਰ ਆ ਕੇ ਮਿੱਟੀ ਦੀ ਡਲੀ ਕੁੱਟ ਕੇ ਭਿਉਂ ਦਿੰਦੀ। ਫਿਰ ਗੋਹੇ ਵਿਚ ਮਿਲਾ ਕੇ ਚੌਂਕਾ-ਚੁੱਲ੍ਹਾ ਲਿੱਪਣ ਲੱਗ ਪੈਂਦੀ। ਹਰ ਵਕਤ ਇਸ ਤਰ੍ਹਾਂ ਜਾਪਦਾ, ਭੂਆ ਦੇ ਘਰ ਕੋਈ ਖਾਸ ਪ੍ਰਾਹੁਣੇ ਆਉਣ ਵਾਲੇ ਹਨ।
ਕਈ ਵਾਰ ਭੂਆ ਟਾਹਲੀਆਂ ਵਾਲੇ ਖੂਹ ‘ਤੇ ਜਾ ਕੇ ਦੂਰ ਦਰਖਤਾਂ ਓਹਲੇ ਲੁਕੀ ਜਰਨੈਲੀ ਸੜਕ ਵੱਲ ਤੱਕਣ ਲੱਗ ਪੈਂਦੀ। ਮੱਥੇ ‘ਤੇ ਹੱਥ ਧਰ ਕੇ ਨੀਝ ਨਾਲ ਦੇਖਦੀ। ਕਿੰਨਾ-ਕਿੰਨਾ ਚਿਰ ਖੜ੍ਹੀ ਗਹੁ ਨਾਲ ਤੱਕਦੀ। ਉਧਰੋਂ ਕੋਲੋਂ ਕੋਈ ਲੰਘਦਾ ਬੁਲਾ ਲੈਂਦਾ ਜਾਂ ਪੁੱਛ ਲੈਂਦਾ, “ਔਣਾ ਕਿਸੇ ਨੇ? ਆਈ ਬਾਹਰੋਂ ਚਿੱਠੀ?” ਭੂਆ ਬੁੱਲ੍ਹਾਂ ‘ਤੇ ਮੁਸਕਾਨ ਲਿਆਉਣ ਦੀ ਕੋਸ਼ਿਸ਼ ਕਰਦੀ ਉਸ ਵੱਲ ਦੇਖਦੀ, ਬੋਲਦੀ ਕੁਝ ਨਾ। ਪੁੱਛਣ ਵਾਲੇ ਵਿਚ ਅੱਗੇ ਕੋਈ ਹੋਰ ਸਵਾਲ ਕਰਨ ਦੀ ਹਿੰਮਤ ਨਾ ਰਹਿੰਦੀ। ਉਸ ਦੇ ਆਪਣੇ ਗਲ ਵਿਚ ਜਿਵੇਂ ਕੁਝ ਫਸ ਜਾਂਦਾ। ਭੂਆ ਦੀਆਂ ਅੱਖਾਂ ਵਿਚ ਉਸ ਦਾ ਗੁੰਮਿਆ ਅਤੀਤ ਤੇ ਉਸ ਦੀ ਭਾਲ ਦਾ ਘੋਲ ਦੇਖਣਾ ਤੇ ਸਹਾਰਨਾ ਪੁੱਛਣ ਵਾਲੇ ਲਈ ਬਹੁਤ ਮੁਸ਼ਕਿਲ ਹੁੰਦਾ। ਭੂਆ ਕੁਝ ਚਿਰ ਖੜ੍ਹੀ ਰਹਿੰਦੀ, ਫਿਰ ਘਰ ਪਰਤ ਆਉਂਦੀ। ਉਹਨੇ ਘਰ ਨੂੰ ਕਦੀ ਜਿੰਦਰਾ ਨਹੀਂ ਸੀ ਲਾਇਆ। ਸੰਗਲ ਵਾਲਾ ਕੁੰਡਾ ਅੜਾ ਦਿੰਦੀ।
ਇਕ ਦਿਨ ਮੈਂ ਚੁਬਾਰੇ ਦੀ ਖਿੜਕੀ ਵਿਚੋਂ ਦੇਖਿਆ, ਭੂਆ ਪਿੱਤਲ ਦੇ ਵਲਟੋਹ, ਗੜਵੇ, ਪਰਾਤਾਂ ਤੇ ਹੋਰ ਭਾਂਡੇ, ਖੱਟੀ ਲੱਸੀ ਨਾਲ ਮਲ-ਮਲ ਮਾਂਜ-ਚਮਕਾ ਰਹੀ ਸੀ। ਚੌਂਕਾ-ਚੁੱਲ੍ਹਾ, ਭੜੋਲੀ ਤੇ ਓਟੇ ਲਿੱਪੇ ਹੋਏ ਸਨ। ਧੁੱਪੇ ਮੰਜੇ ‘ਤੇ ਦਰੀ ਖੇਸ ਸੁੱਕਣੇ ਪਾਏ ਹੋਏ ਸਨ। ਗੱਲ ਕੀ, ਚਾਰ ਵਜਦੇ ਨੂੰ ਭੂਆ ਦਾ ਘਰ ਸਜਿਆ-ਸੰਵਰਿਆ ਪੰਜਾਬੀ ਸਭਿਆਚਾਰ ਦੀ ਨੁਮਾਇਸ਼ ਦੀ ਝਲਕ ਮਾਰ ਰਿਹਾ ਸੀ। ਸਬਾਤ ਵਿਚ ਜੋ ਮੰਜੀ ਹਮੇਸ਼ਾ ਪਈ ਹੁੰਦੀ ਸੀ, ਉਹ ਕਿਸੇ ਵੇਲੇ ਰੰਗੀਲ ਹੋਵੇਗੀ, ਪਰ ਹੁਣ ਉਸ ਦੇ ਪਾਵਿਆਂ ਦਾ ਰੰਗ ਭੂਆ ਦੀ ਉਮਰ ਵਾਂਗ ਪੁਰਾਣਾ ਪੈ ਚੁੱਕਾ ਸੀ। ਸੂਤਲੀ ਦਾ ਲਾਲ ਤੇ ਖੱਟਾ ਰੰਗ ਭੂਆ ਦੀ ਚਾਲ ਵਾਂਗ ਅਜੇ ਚਮਕਦਾ ਸੀ। ਅੱਜ ਉਸ ਉਪਰ ਫੁੱਲਾਂ ਵਾਲੀ ਦਰੀ ਵਿਛੀ ਦਿਸਦੀ ਸੀ। ਦੋ ਫੁਲਕਾਰੀਆਂ ਵੀ ਸੁੱਕਣੀਆਂ ਪਾਈਆਂ ਸਨ। ਉਹ ਵੀ ਦਲਾਨ ਦੀ ਸੋਭਾ ਵਧਾ ਰਹੀਆਂ ਹੋਣਗੀਆਂ, ਮੈਥੋਂ ਰਿਹਾ ਨਾ ਗਿਆ। ਮੈਂ ਆਪਣੀ ਭੈਣ ਨੂੰ ਦਸ ਜਾ ਪਹੁੰਚੀ ਭੂਆ ਦੇ ਘਰ।
ਭੂਆ ਦਲਾਨ ਵਿਚ ਮੰਜੇ ‘ਤੇ ਕਰੋਸ਼ੀਏ ਨਾਲ ਬੁਣੀ ਵਛਾਈ ਵਿਛਾ ਰਹੀ ਸੀ। ਕਿੱਲੀ ਨਾਲ ਲਟਕਦੀ ਫੁਲਕਾਰੀ ਵੇਖ ਕੇ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਫੁਲਕਾਰੀ ਵਾਲੀ ਕੋਈ ਔਰਤ ਪਿੱਠ ਕਰ ਕੇ ਖੜ੍ਹੀ ਹੋਵੇ। ਮੈਂ ਹੌਲੀ ਜਿਹੇ ਕਿਹਾ, “ਭੂਆ ਜੀ!” ਭੂਆ ਨੇ ਪਿਛਾਂਹ ਤੱਕਿਆ ਤੇ ਮੈਨੂੰ ਖੜ੍ਹੀ ਦੇਖ ਉਸ ਦੀਆਂ ਅੱਖਾਂ ਵਿਚ ਅਨੋਖੀ ਚਮਕ, ਨੂਰ ਆ ਗਿਆ ਜੋ ਮੈਂ ਕਦੀ ਵੀ ਕਿਸੇ ਦੀਆਂ ਅੱਖਾਂ ਵਿਚ ਨਹੀਂ ਸੀ ਤੱਕਿਆ। ਇਹ ਨੂਰ ਕੇਵਲ ਅੱਖਾਂ ਵਿਚ ਨਹੀਂ, ਭੂਆ ਦੇ ਚਿਹਰੇ ਦਾ ਵੀ ਪਹੁ-ਫੁਟਾਲਾ ਸੀ, ਜਿਵੇਂ ਖੁਸ਼ੀਆਂ ਦਾ ਸੂਰਜ ਚੜ੍ਹਿਆ ਹੋਵੇ ਤੇ ਵਿਛੋੜੇ ਦੀ ਰਾਤ ਮੁੱਕ ਗਈ ਹੋਵੇ!
ਭੂਆ ਕੋਲ ਆ ਕੇ ਮੇਰੇ ਸਾਹਮਣੇ ਖੜ੍ਹੋ ਗਈ ਤੇ ਮੇਰੇ ਵੱਲ ਇਸ ਤਰ੍ਹਾਂ ਦੇਖਣ ਲੱਗੀ ਜਿਵੇਂ ਚਿਰਾਂ ਤੋਂ ਗੁੰਮੀ ਕੋਈ ਵਡਮੁੱਲੀ ਵਸਤ ਮਿਲ ਗਈ ਹੋਵੇ। ਫਿਰ ਭੂਆ ਨੇ ਘੁੱਟ ਕੇ ਮੈਨੂੰ ਆਪਣੇ ਸੀਨੇ ਨਾਲ ਲਾ ਲਿਆ ਤੇ ਕਹਿਣ ਲੱਗੀ, “ਧੀਏ, ਮੈਂ ਸਦਕੇ ਜਾਵਾਂ। ਜੀਂਦੀ ਰਹੁ, ਮੈਂ ਪਛਾਣ ਲਿਆ।” ਮੈਂ ਬੋਲੀ, “ਮੈਂ ਭੂਆ ਜੀ ਮੈਂæææ।” ਭੂਆ ਨੇ ਮੇਰੇ ਮੂੰਹ ਮੂਹਰੇ ਹੱਥ ਕਰ ਦਿਤਾ। ਮੈਂ ਜਾਣਦੀ ਹਾਂ ਆਪਣੇ ਭਰਾ ਨੂੰ, ਸਦਾ ਹੀ ਲੁਕਣ ਮੀਚੀ ਚੱਲਦੀ ਉਸ ਦੀ। ਹੱਟੀ ਭੇਜੋ, ਹੱਥ ਪਿੱਛੇ ਕਰ ਕੇ ਆ ਜਾਣਾ। ਕਹਿਣਾ, ਸੌਦਾ ਮਿਲਿਆ ਨਹੀਂ।
ਮੈਂ ਫਿਰ ਬੋਲਣ ਦੀ ਕੋਸ਼ਿਸ਼ ਕੀਤੀ। ਭੂਆ ਨੇ ਬੋਲਣ ਨਹੀਂ ਦਿਤਾ। ਘੁੱਟ ਕੇ ਫਿਰ ਛਾਤੀ ਨਾਲ ਲਾ ਲਿਆ। ਭੂਆ ਰੋ ਰਹੀ ਸੀ। ਜਦ ਭੂਆ ਨੇ ਰੋ ਕੇ ਆਪਣੇ ਆਪ ਨੂੰ ਸੰਭਾਲਿਆ, ਮੈਂ ਦੇਖਿਆ, ਮੇਰੀਆਂ ਅੱਖਾਂ ਨੇ ਵੀ ਭੂਆ ਦਾ ਪੂਰਾ ਸਾਥ ਦਿਤਾ ਸੀ। ਮੇਰੇ ਅੱਥਰੂ ਮੂੰਹ ਤੋਂ ਹੋ ਕੇ ਮੇਰੀ ਗਰਦਨ ਵੀ ਗਿੱਲੀ ਕਰ ਚੁੱਕੇ ਸਨ।
ਫਿਰ ਭੂਆ ਬੋਲੀ, “ਹੈਂ, ਮੈਂ ਕਮਲੀæææ ਕੁੜੀ ਨੂੰ ਦੁੱਧ ਦੇਣਾ ਭੁੱਲ ਗਈ। ਪਾਣੀ ਵੀ ਨਹੀਂ ਪੁੱਛਿਆ। ਧੀਏ ਤੂੰ ਬਹੁ ਮੰਜੀ ‘ਤੇ, ਮੈਂ ਦੁੱਧ ਲਿਆਉਨੀਂ ਹਾਂ।”
“ਭੂਆ ਜੀ, ਮੈਨੂੰ ਲੋੜ ਨਹੀਂ। ਮੈਂ ਤੇæææ।” ਭੂਆ ਨੇ ਮੇਰੀ ਗੱਲ ਫਿਰ ਪੂਰੀ ਨਾ ਹੋਣ ਦਿਤੀ। ਆਪਣੇ ਬੁੱਲ੍ਹਾਂ ‘ਤੇ ਉਂਗਲ ਰੱਖ ਕੇ ਮੈਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਅਤੇ ਬੋਲੀ, “ਤੂੰ ਅੰਦਰ ਪੈ ਜਾ, ਥੱਕੀ ਹੋਵੇਂਗੀ। ਮੈਂ ਪਿੰਡ ਸ਼ੱਕਰ ਵੰਡ ਆਵਾਂ।” ਭੂਆ ਥਾਲ ਵਿਚ ਸ਼ੱਕਰ ਪਾ ਕੇ ਚਲੀ ਗਈ।
ਮੈਂ ਭੂਆ ਦਾ ਕੁੰਡਾ ਅੜਾ ਕੇ ਆਪਣੇ ਘਰ ਆ ਗਈ। ਮੇਰਾ ਮਨ ਐਨਾ ਉਦਾਸ ਸੀ ਕਿ ਮੈਂ ਜਾ ਕੇ ਚੁੱਪ-ਚਾਪ ਲੰਮੀ ਪੈ ਗਈ। ਸੋਚਿਆ, ਚੰਗਾ ਹੋਇਆ ਬੇਜੀ ਨੂੰ ਨਹੀਂ ਪਤਾ ਲੱਗਾ ਮੇਰੇ ਜਾਣ-ਆਉਣ ਦਾ। ਮੈਂ ਪਈ ਸੋਚਦੀ ਸੀ, ਭੂਆ ਕਿੰਨੀ ਉਦਾਸ ਹੈ, ਆਪਣੇ ਭਰਾ ਤੇ ਉਸ ਦੇ ਪਰਿਵਾਰ ਲਈ। ਭੂਆ ਆਪਣਾ ਘਰ ਹਮੇਸ਼ਾ ਲਿੱਪ-ਪੋਚ ਕੇ ਸਾਫ-ਸੁਥਰਾ ਰੱਖਦੀ ਹੈ, ਇਹ ਇਸ ਦੀ ਉਡੀਕ ਹੈ। ਸ਼ਾਇਦ ਇਸ ਆਪਣੀ ਉਮਰ, ਉਡੀਕ ਦੇ ਲੇਖੇ ਹੀ ਲਾਈ ਹੋਈ ਹੈ। ਇਸ ਦਾ ਦਿਨ ਉਡੀਕ ਨਾਲ ਸ਼ੁਰੂ ਹੁੰਦਾ ਹੈ ਤੇ ਦੂਸਰੇ ਦਿਨ ਦੀ ਉਡੀਕ ਨਾਲ ਛਿਪਦਾ ਹੈ।
ਸੋਚਦੇ-ਸੋਚਦੇ ਮੇਰੀ ਅੱਖ ਲੱਗ ਗਈ। ਜਾਗ ਆਉਣ ‘ਤੇ ਮੈਨੂੰ ਜਿਵੇਂ ਨਿੰਮ੍ਹਾ ਜਿਹਾ ਸ਼ੋਰ, ਕਾਫੀ ਆਵਾਜ਼ਾਂ ਇਕੱਠੀਆਂ ਸੁਣੀਆਂ। ਮੈਂ ਉਠ ਕੇ ਖਿੜਕੀ ਵਿਚੋਂ ਬਾਹਰ ਦੇਖਿਆ, ਭੂਆ ਦੇ ਵਿਹੜੇ ਵਿਚ ਪਿੰਡ ਦੀਆਂ ਔਰਤਾਂ-ਮਰਦ ਇਕੱਠੇ ਹੋਏ ਸਨ। ਬੇਜੀ ਵੀ ਉਥੇ ਖੜ੍ਹੇ ਸਨ। ਮੈਂ ਉਠ ਕੇ ਉਧਰ ਦੌੜੀ। ਪਤਾ ਲੱਗਾ, ਜਮਾਂਦਾਰਨੀ ਨੇ ਆ ਕੇ ਭੂਆ ਨੂੰ ਆਵਾਜ਼ਾਂ ਦਿਤੀਆਂ, ਭੂਆ ਬੋਲੀ ਨਹੀਂ। ਉਸ ਦੇਖਿਆ, ਦਲਾਨ ਵਿਚ ਭੂਆ ਦਾ ਸਰੀਰ ਮੰਜੇ ‘ਤੇ ਪਿਆ ਸੀ, ਪਰ ਭੂਆ ਜਾ ਚੁੱਕੀ ਸੀ। ਉਸ ਬਾਹਰ ਆ ਕੇ ਗੁਆਂਢਣਾਂ ਨੂੰ ਦੱਸਿਆ। ਸਾਰਾ ਪਿੰਡ ਇਕੱਠਾ ਹੋ ਗਿਆ। ਸਕੂਲ ਦੀ ਭੈਣ ਜੀ ਨੇ ਦੱਸਿਆ ਕਿ ਭੂਆ ਸ਼ੱਕਰ ਵੰਡਣ ਆਈ ਸੀ, ਉਸ ਮੇਰੇ ਕੋਲੋਂ ਆਪਣੇ ਭਰਾ ਨੂੰ ਚਿੱਠੀ ਲਿਖਵਾਈ ਸੀ। ਲਿਖਵਾਇਆ ਸੀ, “ਵੇ ਤੇਜਿਆ! ਤੈਨੂੰ ਨਾ ਕਦੀ ਭੈਣ ਯਾਦ ਆਈ, ਨਾ ਪਿੰਡ ਦੀਆਂ ਜੂਹਾਂ। ਬੇਬੇ ਬਾਪੂ ਤਾਂ ਬੇਗਾਨੇ ਮੋਢਿਆਂ ‘ਤੇ ਚੜ੍ਹ ਪਲਾਹਾਂ ਥੱਲੇ ਚਲੇ ਗਏ। ਮੈਂ ਤਾਂ ਤੈਨੂੰ ਉਡੀਕਦੀ ਹਾਂ। ਛੋਟੇ ਹੁੰਦੇ ਨੂੰ ਮੈਂ ਘਨ੍ਹੇੜੀ ਚੁੱਕਦੀ ਸੀ। ਤੂੰ ਮੈਨੂੰ ਅਰਥੀ ‘ਤੇ ਪਾ ਕੇ ਚੁੱਕੀਂ। ਹੋਰ ਕੁਝ ਨਹੀਂ ਲੋਚਦੀ। ਅੱਜ ਦਰਸ਼ਨ ਦੀ ਧੀ ਨੂੰ ਸੀਨੇ ਨਾਲ ਲਾ ਕੇ, ਉਸ ਨੂੰ ਤੇਰੀ ਧੀ ਸਮਝ ਸੀਨਾ ਠੰਢਾ ਕਰ ਲਿਆ।”
ਚਿੱਠੀ ਭੂਆ ਦੇ ਕੋਲ ਪਈ ਸੀ।