ਕੁਲਦੀਪ ਕੌਰ
ਫੋਨ: +91-98554-04330
ਜੇ ਇਹ ਸਾਬਿਤ ਕਰਨਾ ਹੋਵੇ ਕਿ ਦਿਲ ਦੀ ਆਪਣੀ ਹੀ ਭਾਸ਼ਾ ਹੁੰਦੀ ਹੈ ਤਾਂ ਫਿਲਮ ‘ਦਿਲ ਸੇ’ ਦੇ ਗਾਣੇ ‘ਐ ਅਜਨਬੀ ਤੂੰ ਭੀ ਕਭੀ, ਆਵਾਜ਼ ਦੇ ਕਹੀਂ ਸੇ’ ਦੀ ਮਦਦ ਲਈ ਜਾ ਸਕਦੀ ਹੈ। ਇਸ ਗੀਤ ਦੇ ਬੋਲ ਗੁਲਜ਼ਾਰ ਦੇ ਹਨ ਅਤੇ ਇਸ ਨੂੰ ਏæਆਰæ ਰਹਿਮਾਨ ਦੀਆਂ ਖੂਬਸੂਰਤ ਧੁਨਾਂ ਵਿਚ ਇੰਨੀ ਬਾਰੀਕੀ ਨਾਲ ਪਰੋਇਆ ਗਿਆ ਸੀ ਕਿ ਗੀਤ ਖਤਮ ਹੋਣ ਤੋਂ ਬਾਅਦ ਵੀ ਖਤਮ ਨਹੀਂ ਹੁੰਦਾ। ਇਸ ਦੀ ਗੂੰਜ ਦਰਸ਼ਕ ਆਪਣੇ ਕੰਨਾਂ ਵਿਚ ਲਗਾਤਾਰ ਗੂੰਜਦੀ ਮਹਿਸੂਸ ਕਰਦਾ ਹੈ।
ਇਹ ਫਿਲਮ ਕਸ਼ਮੀਰ ਦੇ ਪਿਛੋਕੜ ਵਿਚ ਬਣੀ ਪ੍ਰੇਮ ਕਹਾਣੀ ਹੈ। ਫਿਲਮ ਵਿਚ ਦਿੱਲੀ ਬੈਠ ਕੇ ਕਸ਼ਮੀਰ ‘ਤੇ ਤਬਸਰਾ ਕਰਨ ਵਾਲਿਆਂ ਲਈ ਵੱਖਰੀ ਤਰਾਂ੍ਹ ਦਾ ਬਿਰਤਾਂਤ ਹੈ। ਮੀਡੀਆ ਅਕਸਰ ਕਸ਼ਮੀਰ ਦੇ ਮਸਲੇ ਨੂੰ ਰਾਸ਼ਟਰੀਵਾਦ ਦੇ ਸੌੜੇ ਲੈਂਜ਼ਾਂ ਵਿਚੋਂ ਦੇਖਦਾ ਹੈ ਅਤੇ ਜ਼ਮੀਨੀ ਹਕੀਕਤਾਂ ਨੂੰ ਦਰਕਿਨਾਰ ਕਰ ਦਿੰਦਾ ਹੈ। ਇਸ ਫਿਲਮ ਦੀ ਮੁੱਖ ਕਿਰਦਾਰ ਸੁਨੱਖੀ ਕਸ਼ਮੀਰਨ ਮੇਘਨਾ (ਮਨੀਸ਼ਾ ਕੋਇਰਾਲਾ) ਹੈ ਜੋ ਪੂਰੀ ਸ਼ਿੱਦਤ ਨਾਲ ਆਪਣੇ ਜਹਾਦੀ ਮਨਸੂਬਿਆਂ ਨੂੰ ਅੰਜਾਮ ਦੇਣ ਲਈ ਕੋਸ਼ਿਸ਼ ਕਰ ਰਹੀ ਹੈ। ਉਹ ਆਪਣੇ ਗਰੁੱਪ ਦੇ ਸਾਥੀਆਂ ਨਾਲ ‘ਦਿੱਲੀ ਨੂੰ ਹਿਲਾ ਕੇ ਰੱਖ ਦੇਣ ਵਾਲੀ ਵਾਰਦਾਤ’ ਦੀ ਤਿਆਰੀ ਕਰ ਰਹੀ ਹੈ। ਇਕ ਰਾਤ ਅਚਾਨਕ ਕਿਸੇ ਸੁੰਨ-ਮਸਾਣ ਰੇਲਵੇ ਸ਼ਟੇਸ਼ਨ ‘ਤੇ ਉਸ ਦਾ ਸਾਹਮਣਾ ਅਮਰ (ਸ਼ਾਹਰੁਖ ਖਾਨ) ਨਾਲ ਹੁੰਦਾ ਹੈ। ਉਸ ਨੂੰ ਅਮਰ ਦਾ ਖੁਸ਼ਮਿਜਾਜ਼ ਸੁਭਾਅ ਚੰਗਾ ਤਾਂ ਲੱਗਦਾ ਹੈ, ਪਰ ਉਹ ਆਪਣੇ ਕੰਮ ਪ੍ਰਤੀ ਇੰਨੀ ਸਮਰਪਿਤ ਹੈ ਕਿ ਉਸ ਨੂੰ ਅਮਰ ਨਾਲ ਗੱਲਬਾਤ ਕਰਨ ਵਿਚ ਵੀ ਕੋਈ ਦਿਲਚਸਪੀ ਨਹੀਂ। ਇਸੇ ਕਾਰਨ ਅਮਰ ਦੀ ਉਸ ਵਿਚ ਦਿਲਚਸਪੀ ਵਧ ਜਾਂਦੀ ਹੈ ਤੇ ਉਹ ਉਸ ਦਾ ਪਿੱਛਾ ਕਰਨ ਲੱਗ ਪੈਂਦਾ ਹੈ। ਹੁਣ ਮੇਘਨਾ ਸਾਹਮਣੇ ਧਰਮ-ਸੰਕਟ ਖੜ੍ਹਾ ਹੋ ਜਾਂਦਾ ਹੈ। ਉਸ ਕੋਲ ਪੂਰਾ ਕਰਨ ਲਈ ਇਕ ਖਤਰਨਾਕ ਕੰਮ ਹੈ ਅਤੇ ਇਸ ਵਿਚ ਪਿਆਰ ਵਰਗੀ ਨਾਜ਼ੁਕ ਸ਼ੈਅ ਲਈ ਚਾਹੁੰਦੇ ਹੋਏ ਵੀ ਜਗ੍ਹਾ ਨਹੀਂ।
ਫਿਲਮ ਵਿਚ ਮੇਘਨਾ ਦਾ ਕਿਰਦਾਰ ਬਹੁਤ ਗੁੰਝਲਦਾਰ ਹੈ। ਉਹ ਦਿਲ ਤੇ ਦਿਮਾਗ ਦੇ ਫੈਸਲਿਆਂ ਵਿਚ ਉਲਝੀ ਕੁੜੀ ਹੈ ਜਿਸ ਨੂੰ ਇਹ ਵੀ ਪੂਰੀ ਤਰਾਂ੍ਹ ਸਪਸ਼ਟ ਹੈ ਕਿ ਉਸ ਕੋਲ ਜ਼ਿੰਦਗੀ ਦੇ ਕੁਝ ਦਿਨ ਹੀ ਬਚੇ ਹਨ। ਦੂਜੇ ਪਾਸੇ ਅਮਰ ਪੂਰੀ ਤਰ੍ਹਾਂ ਸਪਸ਼ਟ ਹੈ ਕਿ ਹੁਣ ਜੋ ਮਰਜ਼ੀ ਹੋ ਜਾਵੇ, ਜ਼ਿੰਦਗੀ ਮੇਘਨਾ ਤੋਂ ਹੀ ਸ਼ੁਰੂ ਹੁੰਦੀ ਹੈ ਅਤੇ ਉਸੇ ‘ਤੇ ਖਤਮ। ਉਹ ਮੇਘਨਾ ਦਾ ਪਿੱਛਾ ਕਰਦਿਆਂ ਲੱਦਾਖ ਪਹੁੰਚ ਜਾਂਦਾ ਹੈ।
ਫਿਲਮਸਾਜ਼ ਮਣੀ ਰਤਨਮ ਦੀਆਂ ਬਾਕੀ ਫਿਲਮਾਂ ਵਾਂਗ ਇਹ ਫਿਲਮ ਵੀ ਖੂਬਸੂਰਤ ਕਹਾਣੀ ਰਾਹੀਂ ਜ਼ਮੀਨੀ ਹਕੀਕਤਾਂ ਬਿਆਨ ਕਰਦੀ ਹੈ। ਮੇਘਨਾ ਨਾਲ ਬਚਪਨ ਵਿਚ ਇੱਕ ਫੌਜੀ ਦੁਆਰਾ ਜਬਰ ਜਨਾਹ ਕੀਤਾ ਗਿਆ ਹੈ ਜਿਸ ਦਾ ਸਦਮਾ ਉਸ ਦੀ ਮਾਸੂਮੀਅਤ ਤੇ ਵਿਸ਼ਵਾਸ ਖੋਹ ਲੈਂਦਾ ਹੈ। ਉਸ ਦੇ ਸਾਥੀਆਂ ਦੇ ਵੀ ਇਸ ਤਰਾਂ੍ਹ ਦੇ ਕਈ ਸਦਮੇ ਹਨ ਜਿਨ੍ਹਾਂ ਦਾ ਬਦਲਾ ਉਹ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਨਾਲ ਲੈਣਾ ਚਾਹੁੰਦੇ ਹਨ। ਇਕ ਰਾਤ ਮੇਘਨਾ ਫਿਰ ਗਾਇਬ ਹੋ ਜਾਂਦੀ ਹੈ ਤੇ ਅਮਰ ਹੈਰਾਨ-ਪਰੇਸ਼ਾਨ ਰਹਿ ਜਾਂਦਾ ਹੈ।
ਉਧਰ, ਜਦੋਂ ਮੇਘਨਾ ਦੇ ਗਰੁੱਪ ਦੇ ਬੰਦੇ ਕਾਰਵਾਈ ਲਈ ਦਿੱਲੀ ਆਉਂਦੇ ਹਨ ਤਾਂ ਮੇਘਨਾ ਟਿਕਾਣੇ ਦੀ ਤਲਾਸ਼ ਵਿਚ ਅਮਰ ਦੇ ਘਰ ਆਉਂਦੀ ਹੈ। ਅਮਰ ਦੀ ਪ੍ਰੀਤੀ (ਪ੍ਰੀਤੀ ਜ਼ਿੰਟਾ) ਨਾਲ ਮੰਗਣੀ ਹੋ ਰਹੀ ਹੈ। ਇਸ ਦੌਰਾਨ ਕਾਰਵਾਈ ਦਾ ਦਿਨ ਨਜ਼ਦੀਕ ਆ ਜਾਂਦਾ ਹੈ। ਕੁਝ ਸਬੂਤਾਂ ਦੇ ਆਧਾਰ ‘ਤੇ ਪੁਲਿਸ ਦੁਆਰਾ ਅਮਰ ਨੂੰ ਵੀ ਦਹਿਸ਼ਤਗਰਦ ਕਰਾਰ ਦਿੱਤਾ ਜਾਂਦਾ ਹੈ। ਇਸ ਫਿਲਮ ਦਾ ਅੰਤ ਤਰਾਸਦੀ ਦੇ ਰੂਪ ਵਿਚ ਹੁੰਦਾ ਹੈ। ਇਸ ਦਾ ਇਸ ਤੋਂ ਬਿਨਾਂ ਵੀ ਕੁਝ ਅੰਤ ਹੋ ਸਕਦਾ ਹੈ? ਇਸ ਦੀਆਂ ਸੰਭਾਵਨਾਵਾਂ ਕੀ ਹੋ ਸਕਦੀਆਂ ਹਨ? ਜੇ ਇਹੀ ਕਹਾਣੀ ਹੁਣ ਵਾਪਰੇ, ਤਾਂ ਵੀ ਇਸ ਦੇ ਅੰਤ ਨੂੰ ਬਦਲਣ ਦੀ ਸਿਆਸਤ ਦੂਰ-ਦੂਰ ਤੱਕ ਨਹੀਂ ਦਿਸਦੀ ਹੈ। -0-