ਅਦਾਕਾਰਾ ਭੂਮੀ ਪੜਨੇਕਰ ਆਪਣੀ ਨਵੀਂ ਫਿਲਮ ‘ਮਨਮਰਜ਼ੀਆਂ’ ਵਿਚ ਪੰਜਾਬਣ ਦਾ ਕਿਰਦਾਰ ਨਿਭਾਅ ਰਹੀ ਹੈ। ਸਮੀਰ ਸ਼ਰਮਾ ਵਲੋਂ ਨਿਰਦੇਸ਼ਤ ਇਸ ਫਿਲਮ ਵਿਚ ਆਯੂਸ਼ਮਾਨ ਖੁਰਾਣਾ ਦੀ ਮੁੱਖ ਭੂਮਿਕਾ ਹੈ ਅਤੇ ਇਨ੍ਹਾਂ ਦੋਵਾਂ ਤੋਂ ਇਲਾਵਾ ‘ਮਸਾਨ’ ਫਿਲਮ ਵਾਲਾ ਅਦਾਕਾਰ ਵਿੱਕੀ ਕੌਸ਼ਲ ਵੀ ਫਿਲਮ ਵਿਚ ਅਹਿਮ ਕਿਰਦਾਰ ਨਿਭਾਅ ਰਿਹਾ ਹੈ।
ਇਹ ਫਿਲਮ ਸਤੰਬਰ ਵਿਚ ਰਿਲੀਜ਼ ਹੋਣੀ ਹੈ। ਇਸ ਤੋਂ ਪਹਿਲਾਂ ਭੂਮੀ ਪੜਨੇਕਰ ਦੀ ਸਿਰਫ਼ ਇਕ ਫਿਲਮ ਹੀ ਆਈ ਹੈ। ਇਸ ਫਿਲਮ ਦਾ ਨਾਂ ਹੈ- ‘ਦਮ ਲਗਾ ਕੇ ਹਾਈਸ਼ਾ’। ਇਸ ਫਿਲਮ ਵਿਚ ਵੀ ਭੂਮੀ ਦਾ ਹੀਰੋ ਆਯੂਸ਼ਮਾਨ ਖੁਰਾਣਾ ਹੀ ਸੀ। ਇਸ ਫਿਲਮ ਨਾਲ ਭੂਮੀ ਦੀ ਬੱਲੇ-ਬੱਲੇ ਹੋ ਗਈ ਸੀ। ਦਰਅਸਲ ਅਦਾਕਾਰੀ ਵਾਲੇ ਪਾਸੇ ਆਉਣ ਦਾ ਭੂਮੀ ਦਾ ਕੋਈ ਖਿਆਲ ਨਹੀਂ ਸੀ, ਉਹ ਤਾਂ ਪਿਛਲੇ ਪੰਜ-ਸੱਤ ਸਾਲਾਂ ਤੋਂ ਸਹਾਇਕ ਨਿਰਦੇਸ਼ਕ ਵਜੋਂ ਕੰਮ ਕਰ ਰਹੀ ਸੀ, ਪਰ ਜਦੋਂ ‘ਦਮ ਲਗਾ ਕੇ ਹਾਈਸ਼ਾ’ ਫਿਲਮ ਲਈ ਹੀਰੋਇਨ ਦੀ ਤਲਾਸ਼ ਸ਼ੁਰੂ ਹੋਈ ਤਾਂ ਫਿਲਮ ਨਿਰਮਾਤਾ ਨੂੰ ਭੂਮੀ ਦਾ ਚੇਤਾ ਆ ਗਿਆ। ਫਿਲਮ ਵਿਚ ਨਾਇਕਾ ਦਾ ਕਿਰਦਾਰ ਮੋਟੀ ਤੇ ਘਰੇਲੂ ਔਰਤ ਦਾ ਸੀ ਅਤੇ ਭੂਮੀ ਦੀ ਫਿੱਗਰ ਇਸ ਮੁਤਾਬਕ ਐਨ ਫਿੱਟ ਬੈਠਦੀ ਜਾਪਦੀ ਸੀ। ਜਿਨ੍ਹਾਂ ਲੋਕਾਂ ਨੇ ਇਹ ਫਿਲਮ ਦੇਖੀ ਹੈ, ਉਹ ਜਾਣਦੇ ਹਨ ਕਿ ਆਪਣੇ ਕਿਰਦਾਰ ਵਿਚ ਭੂਮੀ ਪੜਨੇਕਰ ਨੇ ਕਿੰਨੀ ਜਾਨ ਪਾ ਦਿਤੀ ਸੀ। ਇਸ ਫਿਲਮ ਲਈ ਉਸ ਨੂੰ ਬਹੁਤ ਸਾਰੇ ਇਨਾਮ-ਸਨਮਾਨ ਵੀ ਮਿਲੇ। ਹੁਣ ਆਪਣੀ ਨਵੀਂ ਫਿਲਮ ਲਈ ਉਹਨੇ ਆਪਣਾ ਭਾਰ ਕਾਫ਼ੀ ਘਟਾ ਲਿਆ ਹੈ ਅਤੇ ਪਤਲੀ ਹੋ ਗਈ ਹੈ। ਉਹ ਆਖਦੀ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਫਿਲਮਾਂ ਬਣਾਉਣ ਦੀ ਦੌੜ ਵਿਚ ਕਦੀ ਵੀ ਨਹੀਂ ਪਵੇਗੀ, ਸਗੋਂ ਵਧੀਆ ਅਤੇ ਚੋਣਵੀਆਂ ਫਿਲਮਾਂ ਹੀ ਕਰੇਗੀ। ਉਸ ਨੂੰ ਕਈ ਵੱਡੇ ਬੈਨਰਾਂ ਵਲੋਂ ਫਿਲਮਾਂ ਦੀਆਂ ਪੇਸ਼ਕਸ਼ਆਂ ਹੋਈਆਂ ਹਨ। -0-
________________________________
ਰੁਲ ਗਏ ਬੁਧੀਆ ਸਿੰਘ ਦੀ ਕਹਾਣੀ
ਸਾਲ 2006 ਵਿਚ ਪੁਰੀ ਤੋਂ ਭੁਵਨੇਸ਼ਵਰ ਤੱਕ 65 ਕਿਲੋਮੀਟਰ ਮੈਰਾਥਨ ਦੌੜਨ ਵਾਲੇ ਪੰਜ ਸਾਲਾ ਜੁਆਕ ਬੁਧੀਆ ਸਿੰਘ ਨੇ ਸਭ ਦਾ ਧਿਆਨ ਖਿੱਚਿਆ ਸੀ। ਉਸ ਨੇ ਇਹ ਦੌੜ ਰਿਕਾਰਡ 7 ਘੰਟੇ 2 ਮਿੰਟ ਵਿਚ ਪੂਰੀ ਕਰ ਕੇ ਲਿਮਕਾ ਬੁੱਕ ਆਫ਼ ਰਿਕਾਰਡਸ ਵਿਚ ਆਪਣਾ ਨਾਂ ਦਰਜ ਕਰਵਾ ਲਿਆ ਸੀ, ਪਰ ਅੱਜ ਉੜੀਸਾ ਦਾ ਇਹ ਜੁਆਕ ਰੁਲਿਆ ਪਿਆ ਹੈ। ਉਸ ਦੇ ਜੀਵਨ ਦੀ ਇਹ ਕਹਾਣੀ ਹੁਣ ਉੜੀਆ ਫਿਲਮਸਾਜ਼ ਸੋਮੇਂਦਰ ਪਾਢੀ ਨੇ ਫਿਲਮ ‘ਬੁਧੀਆ ਸਿੰਘ’ (ਦੂਰਾਂਤੋ) ਬਣਾਈ ਹੈ।
ਗੁਰਬਤ ਮਾਰੇ ਪਰਿਵਾਰ ਨੇ ਬੁੱਧੀਆ ਨੂੰ 800 ਰੁਪਏ ਵਿਚ ਵੇਚ ਦਿਤਾ ਸੀ, ਪਰ ਬਿਰਾਂਚੀ ਦਾਸ ਨਾਂ ਦੇ ਕੋਚ ਨੇ ਉਸ ਦੀ ਪ੍ਰਤਿਭਾ ਨੂੰ ਪਛਾਣਿਆ। ਬਾਅਦ ਵਿਚ ਹਾਲਾਤ ਇਉਂ ਬਦਲੇ ਕਿ ਬਿਰਾਂਚੀ ਦਾਸ ਦਾ ਕਤਲ ਹੋ ਗਿਆ, ਨਾਲ ਹੀ ਬੁਧੀਆ ਲਾਵਾਰਿਸ ਹੋ ਗਿਆ। ਉਸ ਦੀ ਮਾਂ ਸੁਕਾਂਤੀ ਸਿੰਘ ਨੇ ਆਪਣੇ ਪੁੱਤਰ ਲਈ ਵਸੀਲੇ ਜੁਟਾਉਣ ਦਾ ਯਤਨ ਕੀਤਾ ਅਤੇ ਉਸ ਨੂੰ ਹੋਸਟਲ ਤੱਕ ਪਹੁੰਚਣ ਵਿਚ ਕਾਮਯਾਬ ਵੀ ਹੋਈ, ਪਰ ਉਥੇ ਬੁੱਧੀਆ ਨੂੰ ਕੋਈ ਵਿਸ਼ੇਸ਼ ਮਹੱਤਵ ਨਾ ਮਿਲਿਆ। ਹਾਲ ਹੀ ਵਿਚ ਉਸ ਦੇ ਹੋਸਟਲ ਵਿਚੋਂ ਭੱਜਣ ਦੀ ਕਹਾਣੀ ਵੀ ਅਖ਼ਬਾਰਾਂ ਵਿਚ ਛਪੀ ਸੀ। ਇਸ ਫਿਲਮ ਵਿਚ ਨਿਰਦੇਸ਼ਕ ਸੋਮੇਂਦਰ ਪਾਢੀ ਨੇ ਬੁੱਧੀਆ ਦੀ ਕਹਾਣੀ ਨੂੰ ਮਾਰਮਿਕ ਢੰਗ ਨਾਲ ਪੇਸ਼ ਕੀਤਾ। ਫਿਲਮ ਵਿਚ ਕੋਚ ਦਾ ਕਿਰਦਾਰ ਅਦਾਕਾਰ ਮਨੋਜ ਬਾਜਪਾਈ ਅਤੇ ਬੁਧੀਆ ਦਾ ਕਿਰਦਾਰ ਮਯੂਰ ਪਤੋਲੇ ਨੇ ਨਿਭਾਇਆ ਹੈ। ਇਹ ਫਿਲਮ 63ਵੇਂ ਫਿਲਮ ਮੇਲੇ ਵਿਚ ਸਰਵੋਤਮ ਬਾਲ ਫਿਲਮ ਦਾ ਕੌਮੀ ਪੁਰਸਕਾਰ ਹਾਸਲ ਕਰ ਚੁੱਕੀ ਹੈ। -0-