ਗੁਲਜ਼ਾਰ ਸਿੰਘ ਸੰਧੂ
ਪਿਛਲੇ ਦਿਨੀਂ ਬਰਨਾਲਾ ਦੀ ਅਨਾਜ ਮੰਡੀ ਵਿਚ ਚਾਰ ਖੱਬੇ ਪੱਖੀ ਪਾਰਟੀਆਂ ਨੇ ਸਰਮਾਏਦਾਰ ਪਾਰਟੀਆਂ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਅਹਿਦ ਕੀਤਾ ਹੈ। ਇਹ ਖੁਸ਼ੀ ਦੀ ਗੱਲ ਹੈ ਕਿ ਸੀæ ਪੀæ ਆਈ, ਸੀæ ਪੀæ ਆਈ (ਐਮ), ਸੀæ ਪੀæ ਐਮæ ਪੰਜਾਬ ਤੇ ਸੀæ ਪੀæ ਆਈ (ਐਮæ ਐਲ) ਇੱਕ ਮੰਚ ‘ਤੇ ਇੱਕਠੀਆਂ ਹੋਈਆਂ ਹਨ। ਇਹ ਪਾਰਟੀਆਂ ਸਰਮਾਏਦਾਰੀ ਪਾਰਟੀਆਂ ਨੂੰ ਸੱਤਾ ਤੋਂ ਕਿੰਨਾ ਕੁ ਦੂਰ ਰੱਖ ਸਕਦੀਆਂ ਹਨ, ਇਹ ਤਾਂ ਸਮਾਂ ਦੱਸੇਗਾ ਪਰ ਨਿੱਗਰ ਸੋਚ ਨੂੰ ਪ੍ਰਣਾਈਆਂ ਲੋਕ ਪੱਖੀ ਪਾਰਟੀਆਂ ਦਾ ਇਕ-ਦੂਜੇ ਦੇ ਮੋਢੇ ਨਾਲ ਮੋਢਾ ਡਾਹ ਕੇ ਤੁਰਨਾ,
ਇਕ ਚੰਗਾ ਸ਼ਗਨ ਹੈ। ਹੋਰ ਵੀ ਚੰਗੀ ਗੱਲ ਇਹ ਕਿ ਸਾਰੇ ਬੁਲਾਰਿਆਂ ਨੇ ਨਿਰੰਤਰ ਵਧ ਰਹੀ ਮਹਿੰਗਾਈ, ਬੇਰੋਜ਼ਗਾਰੀ, ਭ੍ਰਿਸ਼ਟਾਚਾਰ, ਭੁੱਖਮਰੀ ਤੇ ਸਮਾਜਕ ਹਫੜਾ-ਦਫੜੀ ਦਾ ਨੋਟਿਸ ਲੈਂਦਿਆਂ ਕੇਂਦਰੀ ਸਰਕਾਰ ਦੇ ਨਾਲ-ਨਾਲ ਸੂਬਾਈ ਸਰਕਾਰਾਂ ਨੂੰ ਵੀ ਚਿਤਾਵਨੀ ਦਿੱਤੀ ਹੈ। ਦਿਨੋਂ ਦਿਨ ਵੱਧ ਰਹੀ ਨਸ਼ਾਖੋਰੀ, ਗੁੰਡਾਗਰਦੀ ਤੇ ਲਾ-ਕਾਨੂੰਨੀ ਕਾਰਨ ਸਮਾਜਕ ਤਾਣਾ-ਬਾਣਾ ਖੁਰਦ-ਬੁਰਦ ਹੋਣ ਦਾ ਖਾਸ ਨੋਟਿਸ ਲਿਆ ਗਿਆ ਹੈ।
ਸਥਾਨਕ ਸਰਕਾਰ ਤੇ ਪੁਲਿਸ ਦੀ ਮਿਲੀਭੁਗਤ ਪੰਜਾਬ ਦੀ ਜਵਾਨੀ ਨੂੰ ਅਜਿਹੇ ਮਾਰਗ ‘ਤੇ ਪਾ ਰਹੀ ਹੈ ਜਿਹੜਾ ਉਚਾਈਆਂ ਦੀ ਥਾਂ ਨਿਵਾਣਾਂ ਵਲ ਜਾਂਦਾ ਹੈ। ਕਨਵੈਨਸ਼ਨ ਵਿਚ ਸੱਤਾਧਾਰੀ ਨੇਤਾਵਾਂ ਵਲੋਂ ਆਪੋਂ ਆਪਣੇ ਪਰਿਵਾਰਾਂ ਤੇ ਸਕੇ ਸਬੰਧੀਆਂ ਨੂੰ ਮਾਲਾਮਾਲ ਕਰਨ ਲਈ ਖੋਲ੍ਹੀਆਂ ਜਾ ਰਹੀਆਂ ਨਿਜੀ ਕੰਪਨੀਆਂ ਉਤੇ ਵੀ ਉਂਗਲ ਧਰੀ ਤੇ ਖੇਤ ਮਜ਼ਦੂਰਾਂ ਵਰਗੇ ਦੂਜੇ ਕਾਰਕੁਨਾਂ ਨੂੰ ਆਪਣੇ ਹੱਕਾਂ ਲਈ ਇੱਕ ਮੁੱਠ ਹੋ ਕੇ ਅੱਗੇ ਵਧਣ ਦਾ ਸੱਦਾ ਦਿੱਤਾ।
ਬਰਨਾਲਾ ਕਨਵੈਨਸ਼ਨ ਨੇ ਐਲਾਨ ਕੀਤਾ ਹੈ ਕਿ ਲੋਕ ਪੱਖੀ ਮੰਗਾਂ ਦੀ ਪ੍ਰਾਪਤੀ ਲਈ 7 ਤੋਂ 9 ਅਗਸਤ ਤੱਕ ਜ਼ਿਲਾ ਪੱਧਰ ‘ਤੇ ਧਰਨੇ ਦਿਤੇ ਜਾਣਗੇ ਅਤੇ ਮੁਜ਼ਾਹਰੇ ਕੀਤੇ ਜਾਣਗੇ। ਕਨਵੈਨਸ਼ਨ ਦੇ ਹਾਂ ਪੱਖੀ ਪ੍ਰਭਾਵ ਦੀ ਇਕ ਪ੍ਰਮਾਣ ਇਹ ਹੈ ਕਿ ਸੀæ ਪੀæ ਆਈ (ਐਮ) ਨੇ ਆਪਣੀ ਸੂਬਾ ਸਕਤਰੇਤ ਬੈਠਕ ਵਿਚ 11 ਤੋਂ 18 ਜੁਲਾਈ ਤੱਕ ਪੂਰਾ ਇਕ ਹਫਤਾ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁਧ ਜਨਤਕ ਮੁਹਿੰਮ ਵਿਢ ਵੀ ਦਿੱਤੀ ਹੈ।
ਖੱਬੇ ਪੱਖੀ ਪਾਰਟੀਆਂ ਨੇ ਇਹ ਫੈਸਲਾ ਉਦੋਂ ਲਿਆ ਹੈ ਜਦ ਇਸ ਦੀ ਅਤਿਅੰਤ ਲੋੜ ਹੈ। ਜੇ ਕਿਸੇ ਤਰ੍ਹਾਂ ਸਾਰੀਆਂ ਪਾਰਟੀਆਂ ਕਿਸੇ ਇੱਕ ਪਾਰਟੀ ਵਿਚ ਇਕੱਠੀਆਂ ਹੋ ਜਾਣ ਤਾਂ ਹੋਰ ਵੀ ਚੰਗੀ ਗੱਲ ਹੋਵੇਗੀ। ਮੈਨੂੰ ਚੇਤੇ ਹੈ, ਜਦੋਂ ਪਹਿਲੀ ਵਾਰ ਸੀæ ਪੀæ ਆਈæ (ਐਮ) ਨੇ ਸੀæ ਪੀæ ਆਈ ਤੋਂ ਵੱਖਰੀ ਹੋਣ ਦਾ ਐਲਾਨ ਕੀਤਾ ਸੀ ਤਾਂ ਕੈਫੀ ਆਜ਼ਮੀ ਨੇ ਆਵਾਰਾ ਸਿਜਦੇ ਵਿਚ ਅਫਸੋਸ ਪ੍ਰਗਟ ਕਰਦਿਆਂ ਲਿਖਿਆ ਸੀ:
ਏਕ ਕੇ ਬਾਅਦ ਏਕ ਚਲਾ ਆਤਾ ਹੈ ਖੁਦਾ ਬਨ ਕਰ,
ਦਿਲ ਨੇ ਤੰਗ ਆ ਕਰ ਕਹਿ ਦੀਆ ਖੁਦਾ ਕੋਈ ਨਹੀਂ।
ਉਂਜ ਤਾਂ ਇਨ੍ਹਾਂ ਪਾਰਟੀਆਂ ਦਾ ਇਕ-ਦੂਜੇ ਨਾਲ ਮਿਲ ਕੇ ਚਲਣਾ ਵੀ ਅਜਿਹਾ ਕਦਮ ਹੈ ਕਿ ਕਿਸੇ ਅੱਜ ਦੇ ਕੈਫੀ ਆਜ਼ਮੀ ਨੂੰ ਟਿੱਪਣੀ ਕਰਨ ਦੀ ਲੋੜ ਨਹੀਂ ਪੈਣੀ।
ਮਾਲਟਨ ਦਾ ਮਹਾ ਪੰਜਾਬ ਬਿਜਨਸ ਸੈਂਟਰ: ਮੈਂ ਪਿਛਲੀ ਕੈਨੇਡਾ ਫੇਰੀ ਸਮੇਂ ਬਰੈਂਪਟਨ ਗਿਆ ਤਾਂ ਮੇਰਾ ਮੇਜ਼ਬਾਨ ਮੈਨੂੰ ਮਾਲਟਨ ਦਾ ਗਰੇਟ ਪੰਜਾਬ ਬਿਜਨਸ ਸੈਂਟਰ ਵਿਖਾ ਕੇ ਲਿਆਇਆ। ਦਸ ਏਕੜ ਭੋਂ ਵਿਚ ਬਣੇ ਇਸ ਸੈਂਟਰ ਦੇ 104 ਯੂਨਿਟ ਹਨ ਜਿਨ੍ਹਾਂ ਵਿਚ ਭਾਰਤੀ ਤੇ ਪਾਕਿਸਤਾਨੀ ਪੰਜਾਬ ਦੇ ਦੁਕਾਨਦਾਰ ਆਪੋ ਆਪਣਾ ਧੰਦਾ ਕਰਦੇ ਹਨ। ਇਸ ਸੈਂਟਰ ਦੇ ਨਾਲ ਹੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹੈ ਤੇ ਖਾਲੀ ਥਾਂ ਵਿਚ ਘੋੜੇ ਉਤੇ ਸਵਾਰ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਅਤੇ ਉਸ ਦਾ ਤਖਤ ਬਣਿਆ ਹੋਇਆ ਹੈ। ਜ਼ਰਾ ਹਟਵੀਂ ਥਾਂ ਵਿਚ ਕਾਮਾਗਾਟਾਮਾਰੂ ਸਾਕੇ ਦੀਆਂ ਨਿਸ਼ਾਨੀਆਂ ਬਣਾ ਕੇ ਉਨ੍ਹਾਂ ਉਤੇ ਇਨ੍ਹਾਂ ਦਾ ਪ੍ਰਸੰਗ ਅੰਕਿਤ ਹੈ। ਇਨ੍ਹਾਂ ਦੇ ਨੇੜੇ ਬਜ਼ੁਰਗਾਂ ਦੇ ਬੈਠਣ ਤੇ ਆਰਾਮ ਕਰਨ ਲਈ ਖੁਲ੍ਹੀ ਥਾਂ ਹੈ ਜਿਥੇ ਦਿਨ ਦੇ ਇੱਕ ਤੋਂ ਚਾਰ ਵਜੇ ਤੱਕ ਬਜ਼ੁਰਗ ਲੋਕ ਆਰਾਮ ਕਰਨ ਆਏ ਆਪਣੇ ਨਾਲ ਇਨਕਮ ਟੈਕਸ ਭਰਨ, ਪਾਸਪੋਰਟ ਨਵਿਆਉਣ, ਵੀਜ਼ਾ ਲਗਵਾਉਣ ਜਾਂ ਸਿਟੀਜ਼ਨਸ਼ਿਪ ਲੈਣ ਦੇ ਫਾਰਮ ਵੀ ਲੈ ਆਉਂਦੇ ਹਨ। ਇਥੇ ਉਨ੍ਹਾਂ ਦੇ ਫਾਰਮ ਮੁਫਤ ਭਰਨ ਦਾ ਪੂਰਾ ਪ੍ਰਬੰਧ ਹੈ। ਮੈਂ ਇਸ ਨਜ਼ਾਰੇ ਤੋਂ ਬਹੁਤ ਪ੍ਰਭਾਵਤ ਹੋਇਆ।
ਇਹ ਬਿਜਨਸ ਸੈਂਟਰ ਕਿਵੇਂ ਉਸਰਿਆ ਤੇ ਇਸ ਦੀ ਬੁਕਲ ਵਿਚ ਸਿੱਖ ਇਤਿਹਾਸ ਨਾਲ ਸਬੰਧਤ ਨਿਸ਼ਾਨੀਆਂ ਕਿਵੇਂ ਹੋਂਦ ਵਿਚ ਆਈਆਂ, ਇਸ ਦਾ ਪਤਾ ਪਿਛਲੇ ਦਿਨੀਂ ਵਾਪਰੀ ਇੱਕ ਦੁਖਦਾਈ ਘਟਨਾ ਸਮੇਂ ਲੱਗਾ। ਮੇਰੇ ਗਵਾਂਢ ਵਿਚ ਰਹਿੰਦੇ ਪ੍ਰਦੁਮਣ ਸਿੰਘ ਬੋਪਾਰਾਏ ਦੀ ਪਤਨੀ ਸੁਰਜੀਤ ਕੌਰ ਦੇ ਅਕਾਲ ਚਲਾਣੇ ਦੀਆਂ ਗੱਲਾਂ ਕਰਦਿਆਂ ਪਤਾ ਲੱਗਾ ਕਿ ਮਾਲਟਨ ਦੇ ਸੈਂਟਰ ਦੀ ਸਾਰੀ ਪਲਾਨਿੰਗ ਤੇ ਉਸਾਰੀ ਸਵਰਗਵਾਸੀ ਬੀਬੀ ਸੁਰਜੀਤ ਕੌਰ ਦੇ ਬੇਟੇ ਹਰਕਿਰਨ ਸਿੰਘ ਬੋਪਾਰਾਏ ਦੀ ਹੈ। ਇਹ ਪਰਿਵਾਰ ਆਪਣੀ ਕਮਾਈ ਵਿਚੋਂ ਪਿੰਡ ਘੁਡਾਣੀ ਦੇ ਹਾਈ ਸਕੂਲ ਤੇ ਦਸਵੀਂ ਸ਼੍ਰੇਣੀ ਵਿਚ ਪਹਿਲੇ ਦੂਜੇ ਤੇ ਤੀਜੇ ਨੰਬਰ ‘ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ ਵੀਹ ਹਜ਼ਾਰ, ਦਸ ਹਜ਼ਾਰ ਤੇ ਪੰਜ ਹਜ਼ਾਰ ਇਨਾਮ ਵਜੋਂ ਵੀ ਦਿੰਦਾ ਹੈ। ਬੀਬੀ ਸੁਰਜੀਤ ਕੌਰ ਦਾ ਪੇਕਾ ਪਿੰਡ ਸਿੰਘਾਂ ਦੀ ਸਲੌਦੀ ਖੰਨਾ-ਸਮਰਾਲਾ ਰੋਡ ਉਤੇ ਹੈ। ਉਸ ਦੇ ਸਹੁਰੇ ਪਿੰਡ ਘੁਡਾਣੀ ਕਲਾਂ ਵਿਚ ਗਵਾਲੀਅਰ ਤੋਂ ਪਰਤਦੇ ਸਮੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕਿਆਮ ਕੀਤਾ ਸੀ। ਇਸ ਧਰਤੀ ਦਾ ਸਿੱਖੀ ਨੂੰ ਪ੍ਰਣਾਏ ਹੋਣਾ ਕੁਦਰਤੀ ਹੈ। ਇਥੇ ਕਈ ਪਿੰਡਾਂ ਵਿਚ ਗੁਰੂ ਸਾਹਿਬ ਦੀ ਯਾਦ ਨੂੰ ਪ੍ਰਣਾਏ ਗੁਰੂ ਘਰ ਹਨ, ਖਾਸ ਕਰਕੇ ਘੁਡਾਣੀ ਕਲਾਂ, ਕਟਾਣਾ ਸਾਹਿਬ, ਜੰਡਾਲੀ ਤੇ ਧਮੋਟ ਵਿਚ। ਹਰਕਿਰਨ ਵਲੋਂ ਮਹਾਰਾਜਾ ਰਣਜੀਤ ਸਿੰਘ ਤੇ ਕਾਮਾਗਾਟਾਮਾਰੂ ਦੇ ਸਾਕੇ ਨੂੰ ਮਹੱਤਵ ਦੇਣ ਦਾ ਕਾਰਨ ਵੀ ਇਹੀਓ ਹੈ।
ਅੰਤਿਕਾ: ਸਰਦਾਰ ਪੰਛੀ
ਖਿਲੇਂ ਕਿਸ ਤਰ੍ਹਾਂ ਯੇਹ ਕਲੀਆਂ ਬਤਾਓ,
ਨਾ ਤੁਮ ਬੋਲਤੇ ਹੋ ਨਾ ਹਮ ਬੋਲਤੇ ਹੈਂ।
ਤੇਰੀ ਜ਼ੁਲਫ ਕੇ ਪੇਚ-ਓ-ਖਮ ਬੋਲਤੇ ਹਂੈ,
ਜਿਸੇ ਸੁਨ ਕੇ ਗੂੰਗੇ ਕਲਮ ਬੋਲਤੇ ਹੈਂ।