ਕਸ਼ਮੀਰ ਵਿਚ ਬਲ ਉਠੇ ਰੋਹ ਦੇ ਭਾਂਬੜ

ਸ੍ਰੀਨਗਰ: ਜੰਨਤ ਵਜੋਂ ਜਾਣੀ ਜਾਂਦੀ ਕਸ਼ਮੀਰ ਵਾਦੀ ਵਿਚ ਇਕ ਵਾਰ ਮੁੜ ਰੋਹ ਅਤੇ ਰੋਸ ਦੀ ਅੱਗ ਭੜਕ ਉਠੀ ਹੈ। ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਚੁੱਕੇ ਕਦਮ ਲੋਕਾਂ ਦੇ ਰੋਹ ਤੇ ਗੁੱਸੇ ਨੂੰ ਮੋੜਾ ਦੇਣ ਵਿਚ ਨਾਕਾਮ ਸਾਬਤ ਹੋ ਰਹੇ ਹਨ। ਕਰਫਿਊ ਵਰਗੇ ਹਾਲਾਤ ਦੇ ਬਾਵਜੂਦ ਸੁਰੱਖਿਆ ਬਲਾਂ ਤੇ ਪੱਥਰਾਓ ਕਰ ਰਹੇ ਨੌਜਵਾਨਾਂ ਦਰਮਿਆਨ ਝੜਪਾਂ ਰੁਕ ਨਹੀਂ ਰਹੀਆਂ। ਹਿੰਸਾ ਅਤੇ ਗੋਲੀਬਾਰੀ ਵਿਚ 34 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਕਸ਼ਮੀਰ ਮਸਲਿਆਂ ਨਾਲ ਜੁੜੇ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਕਿਸਮ ਦਾ ਲੋਕ ਰੋਹ ਇਕ ਦਹਾਕੇ ਬਾਅਦ ਵਾਦੀ ਵਿਚ ਦੇਖਣ ਨੂੰ ਮਿਲ ਰਿਹਾ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਾਨ ਕੀ ਮੂਨ ਨੇ ਸਾਰੀਆਂ ਧਿਰਾਂ ਨੂੰ ਸਬਰ ਤੋਂ ਕੰਮ ਲੈਣ ਦੀ ਸਲਾਹ ਦਿਤੀ ਹੈ।

ਇਹ ਲੋਕ ਰੋਹ ਹਿਜ਼ਬੁਲ ਮੁਜਾਹਦੀਨ ਦੇ ਕਮਾਂਡਰ ਬੁਰਹਾਨ ਮੁਜ਼ੱਫਰ ਵਾਨੀ ਦੀ ਦੋ ਸਾਥੀਆਂ ਸਮੇਤ ਇਕ ਮੁਕਾਬਲੇ ਵਿਚ ਹੱਤਿਆ ਤੋਂ ਪੈਦਾ ਹੋਇਆ ਹੈ। ਬੁਰਹਾਨ ਵਾਨੀ ਤਕਰੀਬਨ 6 ਸਾਲਾਂ ਤੋਂ ਕਸ਼ਮੀਰ ਵਿਚ ਖਗੜਕੂ ਸਰਗਰਮੀਆਂ ਚਲਾ ਰਿਹਾ ਸੀ। ਉਸ ਨੂੰ ਕਸ਼ਮੀਰ ਵਾਦੀ ਵਿਚ ਵਿਦਰੋਹੀ ਨੌਜਵਾਨਾਂ ਦਾ ‘ਪੋਸਟਰ ਬੌਇ’ ਮੰਨਿਆ ਜਾਂਦਾ ਸੀ। ਵਾਨੀ ਪ੍ਰਤੀ ਕਸ਼ਮੀਰੀਆਂ ਦੇ ਸਨੇਹ ਨੇ ਸਰਕਾਰ ਨੂੰ ਵੀ ਫਿਕਰਾਂ ਵਿਚ ਪਾ ਦਿਤਾ ਹੈ। ਇਸ ਰੋਹ ਨੇ ਇਹ ਗੱਲ ਕਾਫੀ ਹੱਦ ਤੱਕ ਸਾਫ ਕਰ ਦਿੱਤੀ ਹੈ ਕਿ ਅਜਿਹੇ ਨੌਜਵਾਨਾਂ ਦੀ ਕਮੀ ਨਹੀਂ ਜੋ ਕਸ਼ਮੀਰ ਉਪਰ ਭਾਰਤੀ ‘ਕਬਜ਼ੇ’ ਖਿਲਾਫ਼ ਵਿਦਰੋਹ ਨੂੰ ਜਾਇਜ਼ ਮੰਨਦੇ ਹਨ। ਵਾਨੀ ਨੂੰ ਮਾਰਨ ਦੀ ਕਾਰਵਾਈ ਵਿਰੁਧ ਸੁਰੱਖਿਆ ਬਲਾਂ ‘ਤੇ ਵੀ ਸਵਾਲ ਉਠ ਰਹੇ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਸੁਰੱਖਿਆ ਬਲਾਂ ਨੇ ਦੋ ਮਹੀਨਿਆਂ ਤੋਂ ਬੁਰਹਾਨ ਵਾਨੀ ਦੀ ਪੈੜ ਨੱਪੀ ਹੋਈ ਸੀ। ਉਸ ਦਾ ਨਿਰੰਤਰ ਪਿੱਛਾ ਕੀਤਾ ਜਾ ਰਿਹਾ ਸੀ। ਉਸ ਨੂੰ ਕਾਬੂ ਕਰਨ ਜਾਂ ਮੁਕਾਬਲੇ ਵਿਚ ਮਾਰਨ ਦਾ ਯਤਨ ਪਹਿਲਾਂ ਵੀ ਕੀਤਾ ਜਾ ਸਕਦਾ ਸੀ, ਪਰ ਅਨੰਤਨਾਗ ਹਲਕੇ ਤੋਂ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨਾਲ ਜੁੜੀ ਜ਼ਿਮਨੀ ਚੋਣ ਅਤੇ ਰਮਜ਼ਾਨ ਦਾ ਮਹੀਨਾ ਹੋਣ ਕਾਰਨ ਅਜਿਹਾ ਨਹੀਂ ਕੀਤਾ ਗਿਆ। ਉਸ ਨੂੰ ਮਾਰਨ ਜਾਂ ਜਿਉਂਦਾ ਕਾਬੂ ਕਰਨ ਬਾਰੇ ਵੀ ਵਿਚਾਰਾਂ ਚੱਲਦੀਆਂ ਰਹੀਆਂ। ਦੱਸਿਆ ਜਾਂਦਾ ਹੈ ਕਿ ਬੁਰਹਾਨ ਨੇ ਹਥਿਆਰ ਉਦੋਂ ਚੁੱਕੇ ਸਨ ਜਦ ਉਸ ਦੇ ਭਰਾ ਨੂੰ ਫੌਜ ਵਲੋਂ ਤੰਗ ਕੀਤਾ ਗਿਆ ਸੀ। 2010 ਵਿਚ ਉਸ ਦਾ ਛੋਟਾ ਭਰਾ ਜਦ ਉਸ ਨੂੰ ਮਿਲ ਕੇ ਆ ਰਿਹਾ ਸੀ, ਫੌਜ ਨੇ ਉਸ ਨੂੰ ਫੜ ਕੇ ਤਸੀਹੇ ਦੇਣ ਬਾਅਦ ਖਤਮ ਕਰ ਦਿਤਾ। ਬੁਰਹਾਨ ਵਾਨੀ ਉਦੋਂ ਛੋਟਾ ਸੀ, ਉਹ ਕ੍ਰਿਕਟ ਖਿਡਾਰੀ ਬਣਨ ਦੀ ਤਿਆਰੀ ਕਰਦਾ ਹੁੰਦਾ ਸੀ। ਉਸ ਵਰਗੇ ਹੋਰ ਬਹੁਤ ਨੌਜਵਾਨ ਹਨ ਜੋ ਵੱਡੇ ਸੁਪਨੇ ਵੇਖਦੇ ਸਨ। ਬੁਰਹਾਨ ਦੇ ਜਨਾਜ਼ੇ ਵਿਚ ‘ਜੀਵੋ ਪਾਕਿਸਤਾਨ’ ਦੇ ਨਾਅਰੇ ਵੀ ਲੱਗੇ।
ਇਸ ਸਾਲ ਦੀ ਸਰਕਾਰੀ ਰਿਪੋਰਟ ਮੁਤਾਬਕ ਕਸ਼ਮੀਰ ਦੇ ਨੌਜਵਾਨਾਂ ਵਿਚੋਂ ਅਤਿਵਾਦੀ ਬਣਨ ਵਾਲਿਆਂ ਦੀ ਗਿਣਤੀ ਘਟਦੀ-ਘਟਦੀ 39 ਉਤੇ ਆ ਗਈ ਸੀ, ਪਰ ਹੁਣ ਵਾਨੀ ਦੀ ਮੌਤ ਨੇ ਸਰਕਾਰ ਦੀਆਂ ਅੱਖਾਂ ਖੋਲ੍ਹ ਦਿਤੀਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸਰਕਾਰ ਤੇ ਫ਼ੌਜ ਵਿਰੁਧ ਪਨਪਦੀ ਨਫਰਤ ਦਾ ਸਿੱਟਾ ਹੈ। ਬੁਰਹਾਨ ਵਾਨੀ ਦੇ ਪਿਤਾ ਨੇ ਇਕ ਮੁਲਾਕਾਤ ਵਿਚ ਸ਼ਰੇਆਮ ਐਲਾਨ ਕੀਤਾ ਸੀ ਕਿ ਉਹ ਭਾਰਤ ਵਿਚ ਨਹੀਂ ਰਹਿਣਾ ਚਾਹੁੰਦੇ ਅਤੇ ਭਾਰਤ ਤੋਂ ਆਜ਼ਾਦੀ ਚਾਹੁੰਦੇ ਹਨ। ਉਨ੍ਹਾਂ ਨੇ ਗਊ ਮਾਸ ‘ਤੇ ਪਾਬੰਦੀ ਕਾਰਨ ਇਕ ਟਰੱਕ ਡਰਾਈਵਰ ਦੇ ਕਤਲ ਦੇ ਹਾਦਸੇ ਦਾ ਜ਼ਿਕਰ ਕੀਤਾ ਸੀ ਤੇ ਆਖਿਆ ਸੀ ਕਿ ਗਊ ਮਾਸ ਮੁਸਲਮਾਨਾਂ ਵਾਸਤੇ ਜ਼ਰੂਰੀ ਹੈ ਤੇ ਉਨ੍ਹਾਂ ਨੇ ਇਸ ‘ਤੇ ਪਾਬੰਦੀ ਲਗਾ ਦਿਤੀ ਹੈ। ਇਸੇ ਦੌਰਾਨ ਵਾਦੀ ਦੇ ਕਈ ਹਿੱਸਿਆਂ ਵਿਚ ਕਰਫਿਊ ਲਾਗੂ ਰਹਿਣ ਅਤੇ ਵੱਖਵਾਦੀਆਂ ਦੀ ਹੜਤਾਲ ਕਾਰਨ ਆਮ ਜਨ ਜੀਵਨ ਲੀਹੋਂ ਲੱਥਿਆ ਰਿਹਾ। ਹਿੰਸਾ ‘ਤੇ ਉਤਾਰੂ ਭੀੜ ਵੱਲੋਂ ਵੱਡੇ ਪੱਧਰ ‘ਤੇ ਸਾੜ ਫੂਕ ਕੀਤੀ ਗਈ।
______________________________________
ਕਸ਼ਮੀਰ ਮਸਲੇ ‘ਤੇ ਪਾਕਿਸਤਾਨ ਤੇ ਭਾਰਤ ਉਲਝੇ
ਨਵੀਂ ਦਿੱਲੀ: ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਆਪਸ ਵਿਚ ਉਲਝ ਪਏ। ਇਸ ਮਾਮਲੇ ਵਿਚ ਪਾਕਿਸਤਾਨ ਨੇ ਜਿਥੇ ਇਸਲਾਮਾਬਾਦ ਵਿਚ ਭਾਰਤ ਦੇ ਹਾਈ ਕਮਿਸ਼ਨਰ ਗੌਤਮ ਬੰਬਾਵਾਲੇ ਨੂੰ ਬੁਲਾ ਕੇ ਇਤਰਾਜ਼ ਪ੍ਰਗਟਾਇਆ। ਉਥੇ ਭਾਰਤ ਨੇ ਇਸ ਨੂੰ ਪਾਕਿਸਤਾਨ ਦਾ ਅਤਿਵਾਦੀਆਂ ਪ੍ਰਤੀ ਲਗਾਅ ਕਰਾਰ ਦਿੰਦਿਆਂ ਨਸੀਹਤ ਦਿਤੀ ਕਿ ਉਹ ਭਾਰਤ ਦੇ ਘਰੇਲੂ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਨਾ ਕਰੇ। ਉਧਰ, ਜਮਾਤ-ਉਦ-ਦਾਅਵਾ ਦੇ ਮੁਖੀ ਹਾਫਿਜ਼ ਸਈਅਦ ਅਤੇ ਹਿਜ਼ਬੁਲ ਮੁਜਾਹਦੀਨ ਦੇ ਸੰਸਥਾਪਕ ਸਈਅਦ ਸਲਾਉਦੀਨ ਨੇ ਵਾਨੀ ਦੀ ਮੌਤ ਦਾ ਬਦਲਾ ਲੈਣ ਦਾ ਪ੍ਰਣ ਕੀਤਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਘਾਟੀ ਵਿਚ ਹਿੰਸਾ ਉਤੇ ਉਤਰੇ ਸਥਾਨਕ ਨਾਗਰਿਕਾਂ ਉਤੇ ਸੁਰੱਖਿਆ ਬਲਾਂ ਦੀ ਕਾਰਵਾਈ ਨੂੰ ਦਮਨਕਾਰੀ ਉਪਾਅ ਕਰਾਰ ਦਿਤਾ ਹੈ।