ਵਿਵਾਦਾਂ ਨੇ ਰੋਲੀ ਆਮ ਆਦਮੀ ਪਾਰਟੀ

ਚੰਡੀਗੜ੍ਹ: ਪੰਜਾਬ ਵਿਚ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਰਗਰਮੀਆਂ ਵਿਚ ਰੁੱਝੀ ਆਮ ਆਦਮੀ ਪਾਰਟੀ ਨਿਤ ਨਵੇਂ ਵਿਵਾਦਾਂ ਵਿਚ ਘਿਰ ਰਹੀ ਹੈ। ਯੂਥ ਮੈਨੀਫੈਸਟੋ ਦੇ ਪਹਿਲੇ ਪੰਨੇ ‘ਤੇ ਦਰਬਾਰ ਸਾਹਿਬ ਦੀ ਫੋਟੋ ਨਾਲ ਆਪਣੀ ਪਾਰਟੀ ਦਾ ਨਿਸ਼ਾਨ ‘ਝਾੜੂ’ ਲਾਉਣ ਦਾ ਵਿਵਾਦ ਅਜੇ ਠੰਢਾ ਨਹੀਂ ਹੋਇਆ ਸੀ ਕਿ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਨਿਹੰਗ ਬਾਣੇ ਵਿਚ ਫੋਟੋ ਹਿੰਦੀ ਰਸਾਲੇ ‘ਇੰਡੀਆ ਟੂਡੇ’ ਵਿਚ ਛਪਣ ਦਾ ਮਾਮਲਾ ਭਖ ਗਿਆ ਹੈ।

ਸ਼੍ਰੋਮਣੀ ਕਮੇਟੀ ਤੇ ਕੁਝ ਹੋਰ ਸਿੱਖ ਜਥੇਬੰਦੀਆਂ ਨੇ ਕੇਜਰੀਵਾਲ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ। ਜਥੇਦਾਰ ਅਵਤਾਰ ਸਿੰਘ ਨੇ ਤਾਂ ਕੇਜਰੀਵਾਲ ਨੂੰ ਗਲਤੀਆਂ ਦਾ ਪੁਤਲਾ ਕਰਾਰ ਦਿਤਾ ਹੈ। ਅਸਲ ਵਿਚ ਮਲੇਰਕੋਟਲਾ ਵਿਚ ਕੁਰਾਨ ਸ਼ਰੀਫ ਦੀ ਬੇਅਦਬੀ ਵਿਚ ਆਪ ਵਿਧਾਇਕ ਨਰੇਸ਼ ਯਾਦਵ ਦੇ ਲਪੇਟੇ ਜਾਣ ਤੇ ਮੈਨੀਫੈਸਟੋ ਦੀ ਤੁਲਣਾ ਧਾਰਮਿਕ ਗ੍ਰੰਥਾਂ ਨਾਲ ਕਰਨ ਦੇ ਮਾਮਲੇ ਆਮ ਆਦਮੀ ਪਾਰਟੀ, ਅਕਾਲੀ ਦਲ ਤੇ ਕਾਂਗਰਸ ਦਾ ਨਿਸ਼ਾਨਾ ਬਣ ਗਈ ਸੀ। ਆਪ ਨੇ ਭਾਵੇਂ ਨਾਲ ਦੀ ਨਾਲ ਮੁਆਫੀ ਮੰਗ ਕੇ ਰਵਾਇਤੀ ਧਿਰਾਂ ਦੇ ਪੈਂਤੜੇ ਨੂੰ ਮਾਤ ਪਾ ਦਿਤੀ ਸੀ, ਪਰ ਹੁਣ ਨਵੇਂ ਵਿਵਾਦ ਨੇ ਮੁੜ ਇਸ ਨਵੀਂ ਸਿਆਸੀ ਧਿਰ ਨੂੰ ਮੁਸ਼ਕਿਲ ਵਿਚ ਪਾ ਦਿਤਾ ਹੈ। ਪੰਜਾਬ ਦੀਆਂ ਰਵਾਇਤੀ ਧਿਰਾਂ ਧਰਮ ਦੇ ਨਾਂ ‘ਤੇ ਸਿਆਸਤ ਦੀ ਅਹਿਮੀਅਤ ਨੂੰ ਚੰਗੀ ਤਰ੍ਹਾਂ ਸਮਝਦੀਆਂ ਹਨ। ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਹੁਣ ਤਕ ਇਸੇ ਦਾ ਖੱਟਿਆ ਖਾਂਦਾ ਆਇਆ ਹੈ। ਹੁਣ ਆਮ ਆਦਮੀ ਪਾਰਟੀ ਇਸੇ ਰਾਹ ‘ਤੇ ਤੁਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਪੰਜਾਬ ਦੇ ਹਾਲਾਤ ਤੋਂ ਅਣਜਾਨਤਾ ਇਸ ਦੇ ਰਾਹ ਵਿਚ ਨਿੱਤ ਰੋੜੇ ਖੜ੍ਹੇ ਕਰ ਰਹੀ ਹੈ। ਅਸਲ ਵਿਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਇਕ ਵਿਵਾਦਤ ਫੈਸਲੇ ਮਗਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਧੜਾਧੜ ਵਾਪਰੀਆਂ ਘਟਨਾਵਾਂ ਨੇ ਅਕਾਲੀਆਂ ਦੇ ਪੰਥਕ ਪ੍ਰਭਾਵ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਹਾਕਮ ਧਿਰ ਵੀ ਹੁਣ ਇਹ ਰਾਹ ਛੱਡ ਪਿਛਲੇ ਨੌਂ ਸਾਲਾਂ ਵਿਚ ਕੀਤੇ ਵਿਕਾਸ ਗਿਣਵਾ ਕੇ ਪੰਜ ਸਾਲਾਂ ਲਈ ਹੋਰ ਸੱਤਾ ਮੰਗ ਰਹੀ ਹੈ। ਯੂਥ ਮੈਨੀਫੈਸਟੋ ਦੀ ਜਿਲਦ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪਣਾ ਸਿੱਖ ਨੌਜਵਾਨਾਂ ਨੂੰ ਪ੍ਰਭਾਵਤ ਕਰਨ ਦਾ ਇਕ ਹੀਲਾ ਸੀ। ਦਿੱਲੀ ਤੋਂ ਬਾਅਦ ਆਮ ਆਦਮੀ ਪਾਰਟੀ ਲਈ ਪੰਜਾਬ ਹੀ ਆਸ ਦੀ ਕਿਰਨ ਹੈ। ਲੋਕ ਸਭਾ ਚੋਣਾਂ ਵਿਚ ਪੂਰੇ ਦੇਸ਼ ਵਿਚੋਂ ਪੰਜਾਬ ਨੇ ਹੀ ਇਸ ਪਾਰਟੀ ਨੂੰ ਚਾਰ ਸੰਸਦ ਮੈਂਬਰ ਦਿਤੇ। ਅਸਲ ਵਿਚ ਪੰਜਾਬ ਹੀ ਨਹੀਂ, ਦਿੱਲੀ ਦੀ ਸਿਆਸਤ ਵੀ ਆਪ ਲਈ ਸਿਰਦਰਦੀ ਬਣੀ ਹੋਈ ਹੈ। ਪਾਰਟੀ ਦਾ ਇਕ ਤੋਂ ਬਾਅਦ ਇਕ ਵਿਧਾਇਕ ਵਿਵਾਦਾਂ ਵਿਚ ਘਿਰ ਰਿਹਾ ਹੈ। ਤਾਜ਼ਾ ਮਾਮਲੇ ਵਿਚ ਆਪ ਦੇ ਵਿਧਾਇਕ ਪ੍ਰਕਾਸ਼ ਜਾਰਵਾਲ ‘ਤੇ ਔਰਤ ਨਾਲ ਬਦਸਲੂਕੀ ਤੇ ਛੇੜਛਾੜ ਦਾ ਇਲਜ਼ਾਮ ਲੱਗਿਆ ਹੈ। ‘ਆਪ’ ਵਿਧਾਇਕ ਦਿਨੇਸ਼ ਮੋਹਨੀਆ ਉਤੇ ਵੀ ਅਜਿਹੇ ਹੀ ਇਲਜ਼ਾਮ ਲੱਗੇ ਸਨ। ਇਸ ਤੋਂ ਪਹਿਲਾਂ ‘ਆਪ’ ਦੇ ਅੱਠ ਵਿਧਾਇਕ ਕਿਸੇ ਨਾ ਕਿਸੇ ਮਾਮਲੇ ਵਿਚ ਘਿਰੇ ਹੋਏ ਹਨ।
___________________________________
ਵਿਰੋਧੀਆਂ ਦੇ ਪੈਂਤੜਿਆਂ ਦਾ ਕਰਾਰਾ ਜਵਾਬ
ਅੰਮ੍ਰਿਤਸਰ: ਯੂਥ ਮੈਨੀਫੈਸਟੋ ਵਿਵਾਦ ‘ਤੇ ਆਮ ਆਦਮੀ ਪਾਰਟੀ (ਆਪ) ਨੇ ਰਵਾਇਤੀ ਧਿਰਾਂ ਦੇ ਪੈਂਤੜੇ ਨੂੰ ਮਾਤ ਪਾ ਦਿਤੀ ਹੈ। ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਸ ਗਲਤੀ ਲਈ ਭੁੱਲ ਬਖ਼ਸ਼ਾਉਣ ਦੇ ਐਲਾਨ ਨੇ ਇਸ ਵਿਵਾਦ ਨੂੰ ਕਾਫੀ ਹੱਦ ਤੱਕ ਠੰਢਾ ਕਰ ਦਿੱਤਾ ਹੈ। ਅਰਵਿੰਦ ਕੇਜਰੀਵਾਲ ਨੇ 18 ਜੁਲਾਈ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨ ਦਾ ਐਲਾਨ ਕੀਤਾ ਹੈ। ‘ਆਪ’ ਆਗੂ ਐਚæਐਸ਼ ਫੁਲਕਾ ਪਹਿਲਾਂ ਹੀ ਇਸ ਗਲਤੀ ਬਦਲੇ ਦਰਬਾਰ ਸਾਹਿਬ ਵਿਚ ਸੇਵਾ ਕਰ ਕੇ ਚੁੱਕੇ ਹਨ। ਕੇਜਰੀਵਾਲ ਦੇ ਇਸ ਐਲਾਨ ਨਾਲ ਵਿਰੋਧੀ ਧਿਰਾਂ ਵੱਲੋਂ ਚੁੱਕੇ ਹਥਿਆਰ ਧਰੇ ਧਰਾਏ ਰਹੇ ਗਏ ਹਨ।