ਅਸ਼ਵੇਤ ਨੌਜਵਾਨ ਦੀ ਹੱਤਿਆ ਮਗਰੋਂ ਰੋਹ ਭੜਕਿਆ

ਹਿਊਸਟਨ: ਡਲਾਸ ਵਿਚ ਰੋਸ ਪ੍ਰਦਰਸ਼ਨ ਦੌਰਾਨ ਪੁਲਿਸ ਅਧਿਕਾਰੀਆਂ ਉਤੇ ਘਾਤ ਲਗਾ ਕੇ ਗੋਲੀਬਾਰੀ ਦੇ ਮਾਮਲੇ ਵਿਚ ਕਈ ਅਹਿਮ ਖੁਲਾਸੇ ਹੋਏ ਹਨ। ਇਹ ਪ੍ਰਦਰਸ਼ਨ ਪੁਲਿਸ ਵਲੋਂ ਇਕ ਕਾਲੇ ਵਿਅਕਤੀ ਨੂੰ ਗੋਲੀ ਮਾਰਨ ਦੇ ਵਿਰੋਧ ਵਿਚ ਹੋ ਰਿਹਾ ਸੀ।

ਪੁਲਿਸ ਮੁਲਾਜ਼ਮਾਂ ਉਤੇ ਗੋਲੀ ਚਲਾਉਣ ਵਾਲੇ ਸਨਾਇਪਰ ਦੀ ਪਛਾਣ ਫੌਜ ਦੇ ਸਾਬਕਾ ਰਿਜ਼ਰਵਿਸਟ ਦੇ ਰੂਪ ਵਿਚ ਕੀਤੀ ਗਈ ਹੈ। ਸਨਾਇਪਰ ਨੇ 12 ਪੁਲਿਸ ਅਧਿਕਾਰੀਆਂ ਨੂੰ ਗੋਲੀ ਮਾਰੀ ਜਿਸ ਨਾਲ ਪੰਜ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਇਸ ਹਮਲਾਵਰ ਦਾ ਨਿਸ਼ਾਨਾ ਗੋਰੇ ਪੁਲਿਸ ਅਧਿਕਾਰੀ ਸਨ। 25 ਸਾਲਾ ਮੀਕਾਹ ਜੇਵੀਅਰ ਜਾਨਸਨ ਨੇ ਰਾਤ ‘ਬਲੈਕ ਲਾਈਵਜ਼ ਮੈਟਰ’ ਪ੍ਰਦਰਸ਼ਨ ਸ਼ੁਰੂ ਹੋਣ ਉਤੇ ਡਲਾਸ ਵਿਚ ਗੋਰੇ ਪੁਲਿਸ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿਤਾ ਸੀ। ਉਸ ਸਮੇਂ ਉਸ ਨੇ ਸਰੀਰ ਉਤੇ ਕਵਚ ਪਹਿਨਿਆ ਹੋਇਆ ਸੀ ਅਤੇ ਉਸ ਦੇ ਕੋਲ ਐਸ਼ਕੇæਐਸ਼ ਅਰਧ ਸਵੈ ਚਾਲਤ ਅਸਾਲਟ ਰਾਈਫਲ ਅਤੇ ਪਿਸਤੌਲ ਸੀ। ਪੁਲਿਸ ਨੂੰ ਜਾਨਸਨ ਦੇ ਘਰ ਦੀ ਤਲਾਸ਼ੀ ਦੌਰਾਨ ਬੰਬ ਬਣਾਉਣ ਦਾ ਸਮਾਨ ਬਲਿਸਟਿਕ ਵੈਸਟ, ਰਾਈਫਲਾਂ ਤੇ ਗੋਲਾ ਬਾਰੂਦ ਮਿਲਿਆ ਜਿਸ ਵਿਚ ਜੰਗ ਦੀਆਂ ਤਕਨੀਕਾਂ ਬਾਰੇ ਦੱਸਿਆ ਗਿਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਜਾਨਸਨ ਨੂੰ ਜੰਗੀ ਹਥਿਆਰਾਂ ਦੀ ਵਰਤੋਂ ਬਾਰੇ ਪੂਰਾ ਗਿਆਨ ਹੈ। ਉਸ ਨੇ ਸਾਲ 2015 ਤੱਕ ਛੇ ਸਾਲਾਂ ਲਈ ਰਾਖਵੇਂ ਫੌਜੀ ਵਜੋਂ ਸੇਵਾਵਾਂ ਨਿਭਾਈਆਂ ਸਨ ਅਤੇ ਉਸ ਨੂੰ ਨਵੰਬਰ 2013 ਤੇ ਜੁਲਾਈ 2014 ਦੌਰਾਨ ਅਫਗ਼ਾਨਿਸਤਾਨ ਵਿਚ ਤਾਇਨਾਤ ਕੀਤਾ ਗਿਆ ਸੀ। ਉਹ ਲੱਕੜ ਅਤੇ ਮਕਾਨ ਉਸਾਰੀ ਦਾ ਮਾਹਿਰ ਕਾਰੀਗਰ ਹੈ। ਉਸ ਨੂੰ ਆਰਮੀ ਅਚੀਵਮੈਂਟ ਮੈਡਲ ਨਾਲ ਸਨਮਾਨਤ ਕੀਤਾ ਗਿਆ ਸੀ, ਪਰ ਉਸ ਦੇ ਯੂਨਿਟ ਮੈਂਬਰਾਂ ਵਿਚ ਉਸ ਦਾ ਅਕਸ ਚੰਗਾ ਨਹੀਂ ਸੀ।
ਯਾਦ ਰਹੇ ਕਿ ਲੂਸਿਆਨਾ ਕਸਬੇ ਵਿਚ ਦੰਗੇ ਉਸ ਸਮੇਂ ਭੜਕ ਗਏ ਸਨ ਜਦੋਂ ਅਸ਼ਵੇਤ (ਕਾਲੇ) ਨੌਜਵਾਨ ਦੀ ਹੱਤਿਆ ਪੁਲਿਸ ਨੇ ਗੋਲੀ ਮਾਰ ਕੇ ਕਰ ਦਿੱਤੀ ਸੀ। ਪੁਲਿਸ ਨੇ ਨੌਜਵਾਨ ਨੂੰ ਜਿਸ ਸਮੇਂ ਗੋਲੀ ਮਾਰੀ, ਉਸ ਸਮੇਂ ਕਾਰ ਵਿਚ ਉਸ ਦੀ ਪ੍ਰੇਮਿਕਾ ਤੇ ਇਕ ਹੋਰ ਸਾਥੀ ਵੀ ਸਨ। ਪੁਲਿਸ ਦੀ ਫਾਇਰਿੰਗ ਦੀ ਪੂਰੀ ਵੀਡੀਓ ਮ੍ਰਿਤਕ ਦੀ ਸਾਥਣ ਨੇ ਬਣਾ ਲਈ ਸੀ। ਇਸ ਨੂੰ ਸੋਸ਼ਲ ਮੀਡੀਆ ਉਤੇ ਪਾਉਣ ਤੋਂ ਬਾਅਦ ਇਹ ਵਾਇਰਲ ਹੋ ਗਈ। ਪੁਲਿਸ ਨੇ ਨੌਜਵਾਨ ਦੀ ਗੱਡੀ ਦੇ ਕਾਗ਼ਜ਼ ਚੈੱਕ ਕਰਨ ਦੇ ਬਹਾਨੇ ਉਸ ਨੂੰ ਰੋਕਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਦਾ ਇਲਜ਼ਾਮ ਹੈ ਕਿ ਨੌਜਵਾਨ ਬੰਦੂਕ ਨਾਲ ਉਨ੍ਹਾਂ ਉਤੇ ਹਮਲਾ ਕਰਨ ਵਾਲਾ ਸੀ। ਇਸ ਤੋਂ ਬਾਅਦ ਡਲਾਸ ਇਲਾਕਾ ਜਿਥੇ ਅਸ਼ਵੇਤਾਂ ਦੀ ਭਰਮਾਰ ਹੈ, ਵਿਚ ਹਿੰਸਾ ਸ਼ੁਰੂ ਹੋ ਗਈ। ਇਸ ਤੋਂ ਪਹਿਲਾਂ ਵੀ ਅਮਰੀਕਾ ਦੇ ਡਲਾਸ ਵਿਚ ਕਈ ਵਾਰ ਨਸਲੀ ਹਿੰਸਾ ਹੋ ਚੁੱਕੀ ਹੈ।