ਚੰਡੀਗੜ੍ਹ: ਪੰਜਾਬ ਸਰਕਾਰ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਚਾਲੂ ਮਾਲੀ ਵਰ੍ਹੇ ਦੌਰਾਨ ਸਰਕਾਰੀ ਮਸ਼ਹੂਰੀ ਵਾਸਤੇ 100 ਕਰੋੜ ਰੁਪਏ ਦਾ ਬਜਟ ਰੱਖਿਆ ਹੈ ਜੋ ਲੰਘੇ ਨੌਂ ਵਰ੍ਹਿਆਂ ਦੇ ਬਰਾਬਰ ਦਾ ਖਰਚ ਹੈ। ਚੋਣਾਂ ਨੇੜੇ ਹੋਣ ਕਰਕੇ ਐਤਕੀਂ ਸਰਕਾਰੀ ਕਾਰਗੁਜ਼ਾਰੀ ਨੂੰ ਲੋਕਾਂ ਤੱਕ ਲਿਜਾਣ ਲਈ ਮਸ਼ਹੂਰੀ ਵਾਸਤੇ ਖੁੱਲ੍ਹਾ ਪੈਸਾ ਰੱਖਿਆ ਗਿਆ ਹੈ। ਜੋ ਪ੍ਰਚਾਰ ਵੈਨ ਰਾਹੀਂ ਪ੍ਰਚਾਰ ਚੱਲ ਰਿਹਾ ਹੈ, ਉਹ ਵੱਖਰਾ ਹੈ।
ਪੰਜਾਬ ਸਰਕਾਰ 100 ਕਰੋੜ ਰੁਪਏ ਤਾਂ ਇਕੱਲੇ ਦੇਸੀ ਵਿਦੇਸ਼ੀ ਮੀਡੀਆ ਵਿਚ ਇਸ਼ਤਿਹਾਰਬਾਜ਼ੀ ‘ਤੇ ਖਰਚ ਕਰੇਗੀ, ਹਾਲਾਂਕਿ ਪਿਛਲੇ ਵਰ੍ਹਿਆਂ ਵਿਚ ਕੀਤੀ ਮਸ਼ਹੂਰੀ ਉਤੇ ਆਡਿਟ ਇਤਰਾਜ਼ ਵੀ ਹੋਏ ਹਨ। ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਤੋਂ ਆਰæਟੀæਆਈæ ਤਹਿਤ ਮਿਲੇ ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਸਾਲ 2016-17 ਲਈ 100 ਕਰੋੜ ਰੁਪਏ ਦਾ ਬਜਟ ਰੱਖਿਆ ਹੈ, ਜਿਸ ਨਾਲ ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਆ, ਸੋਸ਼ਲ ਤੇ ਵਿਦੇਸ਼ੀ ਮੀਡੀਆ ਵਿਚ ਇਸ਼ਤਿਹਾਰ ਦਿੱਤੇ ਜਾਣੇ ਹਨ। ਪਿਛਲੇ ਮਾਲੀ ਵਰ੍ਹੇ ਦੌਰਾਨ ਇਹੋ ਬਜਟ 40 ਕਰੋੜ ਰੁਪਏ ਰੱਖਿਆ ਗਿਆ ਸੀ, ਜਿਸ ਵਿਚੋਂ 31æ55 ਕਰੋੜ ਰੁਪਏ ਖਰਚ ਕੀਤੇ ਗਏ ਸਨ। ਦਿਲਚਸਪ ਤੱਥ ਇਹ ਹਨ ਕਿ ਪੰਜਾਬ ਸਰਕਾਰ ਨੇ ਸਾਲ 2007-08 ਤੋਂ 2015-16 ਤੱਕ (ਨੌਂ ਵਰ੍ਹਿਆਂ ਵਿਚ) ਇਸ਼ਤਿਹਾਰੀ ਮਸ਼ਹੂਰੀ ਉਤੇ 99æ61 ਕਰੋੜ ਰੁਪਏ ਖਰਚ ਕੀਤੇ ਹਨ ਜਦੋਂਕਿ ਹੁਣ ਚੋਣਾਂ ਕਰ ਕੇ ਇਕੋ ਵਰ੍ਹੇ ਵਿਚ ਪਿਛਲੇ ਨੌਂ ਵਰ੍ਹਿਆਂ ਦੇ ਕੁੱਲ ਖਰਚ ਤੋਂ ਜ਼ਿਆਦਾ 100 ਕਰੋੜ ਖਰਚਣ ਦਾ ਪ੍ਰੋਗਰਾਮ ਹੈ।
ਵਿਰੋਧੀ ਧਿਰ ਮੁਤਾਬਕ ਗੱਠਜੋੜ ਸਰਕਾਰ ਵੱਲੋਂ ਕੇਜਰੀਵਾਲ ਸਰਕਾਰ ਦੇ ਮਸ਼ਹੂਰੀ ਬਜਟ ‘ਤੇ ਉਂਗਲ ਉਠਾਈ ਜਾ ਰਹੀ ਹੈ, ਪਰ ਇਹ ਖੁਦ ਆਪਣੇ ਪੀੜ੍ਹੀ ਹੇਠ ਸੋਟੀ ਨਹੀਂ ਮਾਰ ਰਹੇ ਹਨ। ਪਿਛਲੇ ਨੌਂ ਵਰ੍ਹਿਆਂ ਦਾ ਰੁਝਾਨ ਵੇਖਿਆ ਜਾਵੇ ਤਾਂ ਲੋਕ ਸੰਪਰਕ ਵਿਭਾਗ ਨੇ ਕਦੇ ਵੀ ਇਸ਼ਤਿਹਾਰੀ ਮਸ਼ਹੂਰੀ ਉਤੇ 17 ਕਰੋੜ ਤੋਂ ਜ਼ਿਆਦਾ ਪ੍ਰਤੀ ਵਰ੍ਹਾ ਖਰਚ ਨਹੀਂ ਕੀਤੇ ਹਨ।
ਚਾਲੂ ਮਾਲੀ ਵਰ੍ਹੇ ਦੌਰਾਨ ਪੰਜ ਗੁਣਾ ਜ਼ਿਆਦਾ ਖਰਚ ਕੀਤੇ ਜਾਣ ਦੀ ਯੋਜਨਾ ਹੈ। ਪੰਜਾਬ ਸਰਕਾਰ ਵੱਲੋਂ ਕਿਰਾਏ ਉਤੇ 51 ਵੈਨਾਂ ਵੀ ਲਈਆਂ ਗਈਆਂ ਹਨ ਤਾਂ ਜੋ ਸਰਕਾਰੀ ਪ੍ਰਾਪਤੀਆਂ ਦਾ ਪ੍ਰਚਾਰ ਕੀਤਾ ਜਾ ਸਕੇ। ਤਕਰੀਬਨ 47 ਦਿਨ ਇਹ ਵੈਨਾਂ ਪੰਜਾਬ ਦੇ ਹਰ ਹਲਕੇ ਵਿਚ ਘੁੰਮਣਗੀਆਂ ਤੇ ਕਰੀਬ 12 ਕਰੋੜ ਰੁਪਏ ਇਨ੍ਹਾਂ ਵੈਨਾਂ ਦੇ ਕਿਰਾਏ ਵਿਚ ਵੱਖਰੇ ਖਰਚੇ ਜਾਣਗੇ। ਇਸ ਤੋਂ ਇਲਾਵਾ ਹਰ ਹਲਕੇ ਵਿਚ ਪ੍ਰੋਗਰਾਮ ਦੌਰਾਨ ਪੰਜ ਹਜ਼ਾਰ ਰੁਪਏ ਦਾ ਬਜਟ ਪਕੌੜਿਆਂ ਤੇ ਜਲੇਬੀਆਂ ਦਾ ਰੱਖਿਆ ਗਿਆ ਹੈ ਜਿਨ੍ਹਾਂ ‘ਤੇ ਕਰੀਬ ਸਵਾ ਕਰੋੜ ਰੁਪਏ ਖਰਚ ਹੋ ਜਾਣੇ ਹਨ। ਪ੍ਰਚਾਰ ਵੈਨਾਂ ਦਾ ਖਰਚਾ ਵੱਖਰਾ ਹੈ। ਪੰਜਾਬ ਕਾਂਗਰਸ ਦੇ ਸਕੱਤਰ ਰਾਕੇਸ਼ ਕੁਮਾਰ (ਪੱਪੀ) ਦਾ ਪ੍ਰਤੀਕਰਮ ਸੀ ਕਿ ਪੰਜਾਬ ਪਹਿਲਾਂ ਹੀ ਤੰਗੀ ਵਿਚੋਂ ਗੁਜ਼ਰ ਰਿਹਾ ਹੈ ਅਤੇ ਕਿਸਾਨ ਮਜ਼ਦੂਰ ਸੜਕਾਂ ਉਤੇ ਹਨ, ਬੇਰੁਜ਼ਗਾਰ ਟੈਂਕੀਆਂ ਉਤੇ ਚੜ੍ਹਨ ਲਈ ਮਜਬੂਰ ਹਨ। ਅਜਿਹੀ ਪ੍ਰਸਥਿਤੀ ਵਿਚ ਮਸ਼ਹੂਰੀ ਉਤੇ ਸੌ ਕਰੋੜ ਖਰਚ ਕਰਨੇ ਸਰਕਾਰੀ ਖਜ਼ਾਨਾ ਰੋੜ੍ਹਣ ਵਾਲੀ ਗੱਲ ਹੈ।
_______________________________________
ਆਡਿਟ ਵਿਭਾਗ ਦੇ ਇਤਰਾਜ਼ ਨਜ਼ਰਅੰਦਾਜ਼
ਚੰਡੀਗੜ੍ਹ: ਵਿਭਾਗ ਦੇ ਹੋਏ ਪਿਛਲੇ ਵਰ੍ਹੇ ਦੇ ਆਡਿਟ ਵਿਚ ਇਸ਼ਤਿਹਾਰਾਂ ਤੇ ਕੀਤੇ ਫ਼ਜ਼ੂਲ ਖਰਚ ਉਤੇ ਉਂਗਲ ਉਠਾਈ ਗਈ ਹੈ। ਆਡਿਟ ਵਿਚ ਸਤੰਬਰ 2013 ਤੋਂ ਅਗਸਤ 2015 ਤੱਕ ਦੇ ਇਸ਼ਤਿਹਾਰੀ ਏਜੰਸੀਆਂ ਦੇ ਤਕਰੀਬਨ 6æ41 ਕਰੋੜ ਦੇ ਬਕਾਏ ਖੜ੍ਹੇ ਹੋਣ ਗੱਲ ਆਖੀ ਗਈ ਹੈ। ਪੰਜਾਬ ਸਰਕਾਰ ਨੇ ਸਾਲ 2007-08 ਤੋਂ 2015-16 ਤੱਕ (ਨੌਂ ਵਰ੍ਹਿਆਂ ਵਿਚ) ਇਸ਼ਤਿਹਾਰੀ ਮਸ਼ਹੂਰੀ ਉਤੇ 99æ61 ਕਰੋੜ ਰੁਪਏ ਖਰਚ ਕੀਤੇ ਹਨ ਜਦੋਂਕਿ ਹੁਣ ਚੋਣਾਂ ਕਰ ਕੇ ਇਕੋ ਵਰ੍ਹੇ ਵਿਚ ਪਿਛਲੇ ਨੌਂ ਵਰ੍ਹਿਆਂ ਦੇ ਕੁੱਲ ਖਰਚ ਤੋਂ ਜ਼ਿਆਦਾ 100 ਕਰੋੜ ਖਰਚਣ ਦਾ ਪ੍ਰੋਗਰਾਮ ਹੈ।
_______________________________
ਅਕਾਲੀ-ਭਾਜਪਾ ਨੇ ਪੰਜਾਬ ਤਬਾਹ ਕੀਤਾ: ਕੈਪਟਨ
ਸੰਗਰੂਰ: ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਸਾਢੇ 9 ਸਾਲਾਂ ਵਿਚ ਪੰਜਾਬ ਨੂੰ ਤਬਾਹੀ ਦੀਆਂ ਬਰੂੰਹਾਂ ਉਤੇ ਖੜ੍ਹਾ ਕਰ ਦਿੱਤਾ ਹੈ, ਜਿਸ ਕਰ ਕੇ ਹੁਣ ਪੰਜਾਬ ਦੇ ਲੋਕ ਅਕਾਲੀਆਂ ਨੂੰ ਮੂੰਹ ਨਹੀਂ ਲਾਉਣਗੇ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਬਣਨ ਉਤੇ ਇਕ ਅਜਿਹਾ ਕਾਨੂੰਨ ਬਣਾਇਆ ਜਾਵੇਗਾ, ਜਿਸ ਵਿਚ ਕਰਜ਼ਾਈ ਕਿਸਾਨਾਂ ਦੀ ਜ਼ਮੀਨ ਵੇਚੀ ਨਹੀਂ ਜਾ ਸਕੇਗੀ ਅਤੇ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾਣਗੇ। ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕਾਂਗਰਸੀ ਵਰਕਰਾਂ ਤੇ ਆਮ ਲੋਕਾਂ ਖਿਲਾਫ਼ ਅਕਾਲੀਆਂ ਵੱਲੋਂ ਦਰਜ ਕਰਵਾਏ ਝੂਠੇ ਕੇਸ ਰੱਦ ਕੀਤੇ ਜਾਣਗੇ।