ਨਵੀਂ ਦਿੱਲੀ: ਨਾਰਕੋਟਿਕਸ ਕੰਟਰੋਲ ਬਿਊਰੋ (ਐਨæਸੀæਬੀæ) ਨੇ ਇਕ ਸਮੀਖਿਆ ਬੈਠਕ ਵਿਚ ਦਾਅਵਾ ਕੀਤਾ ਹੈ ਕਿ ਪੁਰਾਣੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਖਿਲਾਫ ਸ਼ਿਕੰਜਾ ਕੱਸੇ ਜਾਣ ਪਿੱਛੋਂ ਪੰਜਾਬ ਵਿਚਲੇ ਨਸ਼ੇੜੀਆਂ ਦਾ ਰੁਝਾਨ ਹੁਣ ਹੌਲੀ-ਹੌਲੀ ਦਵਾਈ ਅਧਾਰਤ ਨਸ਼ਿਆਂ ਵੱਲ ਹੋ ਰਿਹਾ ਹੈ। ਬਿਊਰੋ ਨਾਲ ਸਮੀਖਿਆ ਬੈਠਕ ਵਿਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪੰਜਾਬ ਵਿਚ ਨਸ਼ਿਆਂ ਦੇ ਮੌਜੂਦਾ ਹਾਲਾਤ ਬਾਰੇ ਅਤੇ ਨਸ਼ਿਆਂ ਦੇ ਮਾਮਲਿਆਂ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਬਾਰੇ ਚਰਚਾ ਕੀਤੀ।
ਐਨæਸੀæਬੀæ ਦੇ ਡਾਇਰੈਕਟਰ ਜਨਰਲ ਰਜੀਵ ਰਾਏ ਭਟਨਾਗਰ ਨੇ ਰਾਜਨਾਥ ਸਿੰਘ ਨੂੰ ਪੰਜਾਬ ਵਿਚ ਨਸ਼ਿਆਂ ਦੇ ਬਦਲ ਰਹੇ ਰੁਝਾਨ ਬਾਰੇ ਦੱਸਿਆ ਕਿ ਕਾਨੂੰਨ ਏਜੰਸੀਆਂ ਵੱਲੋਂ ਆਪਣੀਆਂ ਸਰਗਰਮੀਆਂ ਵਧਾਉਣ ਨਾਲ ਨਸ਼ੀਲੇ ਪਦਾਰਥਾਂ ਦੀ ਉਪਲੱਬਧਤਾ ਘੱਟ ਹੋਈ ਹੈ। ਜਿਸ ਨਾਲ ਉਸ ਦੀ ਕੀਮਤ ਵਧ ਗਈ ਹੈ ਅਤੇ ਇਸ ਕਾਰਨ ਨਸ਼ੇੜੀ ਮੈਡੀਕਲ ਅਧਾਰਤ ਨਸ਼ੇ ਵੱਲ ਜਿਵੇਂ ਕਿ ਟਰਾਮਾਡੋਲ, ਬਿਓਪ੍ਰੇਨਾਰੋਫੀਨ ਆਦਿ ਵੱਲ ਆਕਰਸ਼ਕ ਹੋ ਰਹੇ ਹਨ।
ਪੰਜਾਬ ਵਿਚ ਨਸ਼ੇ ਦੀ ਲਾਹਨਤ ਨੂੰ ਕਾਬੂ ਕਰਨ ਲਈ ਚੁੱਕੇ ਗਏ ਕਦਮਾਂ ਦੀ ਸੂਚੀ ਬਾਰੇ ਭਟਨਾਗਰ ਨੇ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਸੂਬਾ ਪੁਲਿਸ, ਬੀæਐਸ਼ਐਫ਼, ਕਸਟਮ ਅਤੇ ਐਨæਸੀæਬੀæ ਨੇ ਕਈ ਕੰਮ ਕੀਤੇ ਹਨ। ਬੀæਐਸ਼ਐਫ਼ ਨੇ ਸਰਹੱਦੀ ਇਲਾਕਿਆਂ ਵਿਚ ਆਪਣੇ ਅਮਲੇ ਦੀ ਤਾਇਨਾਤੀ ਵਧਾ ਦਿੱਤੀ ਹੈ ਅਤੇ ਤਕਨੀਕੀ ਸਾਧਨਾਂ ਨਾਲ ਚੌਕੰਨੀ ਨਜ਼ਰ ਰੱਖੀ ਜਾ ਰਹੀ ਹੈ।
ਪੰਜਾਬ ਪੁਲਿਸ ਨੇ ਸਟੇਟ ਨਾਰਕੋਟਿਕ ਕੰਟਰੋਲ ਬਿਊਰੋ ਸਥਾਪਤ ਕੀਤਾ ਹੈ ਅਤੇ ਮੁੱਖ ਮੰਤਰੀ ਦੀ ਅਗਵਾਈ ਹੇਠ ਇਸ ਮੁਸੀਬਤ ਨਾਲ ਸੰਪੂਰਨ ਤੌਰ ਉਤੇ ਨਿਪਟਣ ਲਈ ਇਕ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ। ਕਸਟਮ ਵਾਲਿਆਂ ਵੱਲੋਂ ਵੀ ਸਰਹੱਦੀ ਇਲਾਕਿਆਂ ‘ਚ ਨਸ਼ਿਆਂ ਦੀਆਂ ਵੱਡੀਆਂ ਖੇਪਾਂ ਬਰਾਮਦ ਕੀਤੀਆਂ ਜਾ ਰਹੀਆਂ ਹਨ। ਮੀਟਿੰਗ ਦੌਰਾਨ ਦੱਸਿਆ ਕਿ ਪੁਰਾਣੇ ਨਸ਼ਿਆਂ ਹੈਰੋਇਨ ਅਤੇ ਭੰਗ ਤੋਂ ਇਲਾਵਾ ਮਾਰਕੀਟ ਵਿਚ ਸਿੰਥੈਟਿੰਕ ਡਰੱਗ ਵੀ ਆ ਚੁੱਕਾ ਹੈ। ਇਸ ਦੇ ਨਾਲ ਹੀ ਦਵਾਈ ਅਧਾਰਤ ਨਸ਼ੇ ਜੋ ਕਿ ਆਸਾਨੀ ਨਾਲ ਮਿਲ ਜਾਂਦੇ ਹਨ ਅਤੇ ਸਸਤੇ ਵੀ ਹਨ, ਦੀ ਕਾਫੀ ਵਰਤੋਂ ਕੀਤੀ ਜਾ ਰਹੀ ਹੈ। ਐਨæਸੀæਬੀæ ਦੇ ਡਾਇਰੈਕਟਰ ਜਨਰਲ ਨੇ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਐਨæਸੀæਬੀæ ਨੇ ਗੈਰ ਕਾਨੂੰਨੀ ਤਰੀਕੇ ਨਾਲ ਅਫੀਮ ਅਤੇ ਭੰਗ ਦੀ ਪੈਦਾਵਾਰ ਕਰਨ ਵਾਲੇ ਇਲਾਕਿਆਂ ਦੀ ਪਛਾਣ ਕਰਨ ਲਈ ਇਕ ਮੁਹਿੰਮ ਚਲਾਈ ਹੈ ਅਤੇ ਉਨ੍ਹਾਂ ਨੇ ਸੂਬਾ ਸਰਕਾਰਾਂ ਦੀ ਮਦਦ ਨਾਲ ਇਨ੍ਹਾਂ ਫਸਲਾਂ ਨੂੰ ਨਸ਼ਟ ਕੀਤਾ ਹੈ। ਗ੍ਰਹਿ ਮੰਤਰੀ ਨੇ ਇਸ ਲਾਹਨਤ ਨਾਲ ਨਜਿੱਠਣ ਲਈ ਚੁੱਕੇ ਜਾ ਰਹੇ ਕਦਮਾਂ ‘ਤੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਨਾਲ ਹੀ ਉਨ੍ਹਾਂ ਨਸ਼ਿਆਂ ਨੂੰ ਖਤਮ ਕਰਨ ਲਈ ਹੋਰ ਪ੍ਰਭਾਵੀ ਕਦਮ ਚੁੱਕੇ ਜਾਣ ਨੂੰ ਯਕੀਨੀ ਬਣਾਉਣ ਨੂੰ ਕਿਹਾ।
_______________________________________
ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਪਰਖੇਗੀ
ਚੰਡੀਗੜ੍ਹ: ਫਿਲਮ ‘ਉੜਤਾ ਪੰਜਾਬ’ ਕਾਰਨ ਸੂਬੇ ਵਿਚ ਨਸ਼ਿਆਂ ਦਾ ਮੁੱਦਾ ਚਰਚਾ ਵਿਚ ਆਉਣ ਕਰ ਕੇ ਨਮੋਸ਼ੀ ਝੱਲਣ ਤੋਂ ਬਾਅਦ ਪੰਜਾਬ ਸਰਕਾਰ ਨੂੰ ਹੁਣ ਅਦਾਲਤ ਵਿਚ ਜਵਾਬ ਦੇਣਾ ਪਵੇਗਾ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੂਬੇ ਦੇ ਗ੍ਰਹਿ ਸਕੱਤਰ ਨੂੰ ਇਸ ਸਾਲ ਸੂਬੇ ਵਿਚ ਨਸ਼ਿਆਂ ਦੀ ਬਰਾਮਦਗੀ ਅਤੇ ਦਰਜ ਹੋਏ ਕੇਸਾਂ ਦੇ ਜ਼ਿਲ੍ਹਾਵਾਰ ਅੰਕੜੇ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਪੰਜਾਬ ਦੇ ਭੁਪਿੰਦਰ ਸਿੰੰਘ ਉਰਫ ਭਿੰਦਾ ਨੇ ਸੂਬਾ ਸਰਕਾਰ ਖਿਲਾਫ਼ ਪਟੀਸ਼ਨ ਦਾਇਰ ਕਰਦਿਆਂ ਦੋਸ਼ ਲਾਇਆ ਕਿ ਵੱਡੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਦੀ ਬਜਾਇ ਨਸ਼ਾ ਕਰਨ ਵਾਲਿਆਂ ਨੂੰ ਅੜਿੱਕੇ ਚੜ੍ਹਾ ਕੇ ਨਸ਼ਿਆਂ ਦੇ ਮਾਮਲੇ ‘ਤੇ ਗੰਭੀਰਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭੁਪਿੰਦਰ ਸਿੰੰਘ ਖਿਲਾਫ਼ ਨਸ਼ਿਆਂ ਸਬੰਧੀ ਐਕਟ (ਐਨæਡੀæਪੀæਐਸ਼) ਤਹਿਤ ਜ਼ਿਲ੍ਹਾ ਤਰਨ ਤਾਰਨ ਅਧੀਨ ਆਉਂਦੇ ਪੱਟੀ ਥਾਣੇ ਵਿਚ ਪਿਛਲੇ ਸਾਲ ਜਨਵਰੀ ਵਿਚ ਕੇਸ ਦਰਜ ਕੀਤਾ ਗਿਆ ਸੀ। ਉਸ ਉਤੇ ਡਾਈਫੇਨੋਕਸਲੇਟ ਨਾਮ ਦੇ ਨਸ਼ੇ ਦੀ ਬਰਾਮਦਗੀ ਦੇ ਦੋਸ਼ ਲੱਗੇ ਹਨ। ਭੁਪਿੰਦਰ ਸਿੰੰਘ ਨੇ ਇਸ ਮਾਮਲੇ ਖਿਲਾਫ਼ ਪਟੀਸ਼ਨ ਦਾਇਰ ਕਰ ਕੇ ਪੱਕੀ ਜ਼ਮਾਨਤ ਦੀ ਮੰਗ ਕੀਤੀ ਹੈ। ਭੁਪਿੰਦਰ ਸਿੰਘ ਦੇ ਵਕੀਲ ਨੇ ਅਦਾਲਤ ਵਿਚ ਕਿਹਾ ਕਿ ਪੰਜਾਬ ਸਰਕਾਰ ਭਾਵੇਂ ਨਸ਼ਿਆਂ ਦੇ ਮੁੱਦੇ ਉਤੇ ਗੰਭੀਰ ਹੋਣ ਦੇ ਦਾਅਵੇ ਕਰ ਰਹੀ ਹੈ ਪਰ ਵੱਡੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਜਦੋਂਕਿ ਛੋਟੇ-ਮੋਟੇ ਨਸ਼ੇੜੀਆਂ ਨੂੰ ਕਾਨੂੰਨੀ ਜਾਲ ਵਿਚ ਫਸਾ ਦਿੱਤਾ ਜਾਂਦਾ ਹੈ। ਸਰਕਾਰ ਵੱਲੋਂ ਵਕੀਲ ਨੇ ਇਹ ਅੰਕੜੇ ਇਕੱਠੇ ਕਰਨ ਲਈ ਛੇ ਹਫਤਿਆਂ ਦਾ ਸਮਾਂ ਮੰਗਿਆ ਤਾਂ ਜਸਟਿਸ ਤਿਵਾੜੀ ਨੇ ਅੱਠ ਹਫਤਿਆਂ ਦਾ ਸਮਾਂ ਦੇ ਦਿੱਤਾ।