ਹੁਣ ਪੜ੍ਹੋ ਪਹਿਲੀ ਸੰਸਾਰ ਜੰਗ ਵਿਚ ਸਿੱਖਾਂ ਦੀ ਬਹਾਦਰੀ ਦੇ ਕਿੱਸੇ

ਲੰਡਨ: ਪਹਿਲੇ ਵਿਸ਼ਵ ਯੁੱਧ ਵਿਚ ਸਿੱਖਾਂ ਦੀ ਬਹਾਦਰੀ ਨੂੰ ਉਜਾਗਰ ਕਰਨ ਵਾਲੀ ਅਤੇ ਇਸ ਯੁੱਧ ਵਿਚ ਹਿੱਸਾ ਲੈਣ ਵਾਲੇ ਸਿੱਖਾਂ ਨਾਲ ਸਬੰਧਤ ਜਾਣਕਾਰੀਆਂ ਮੁਹੱਈਆ ਕਰਵਾਉਣ ਵਾਲੀ ਇਕ ਵੈਬਸਾਈਟ ਜਾਰੀ ਕੀਤੀ ਗਈ ਹੈ। ਯੂæਕੇæ ਪੰਜਾਬ ਹੈਰੀਟੇਜ ਐਸੋਸੀਏਸ਼ਨ (ਯੂæਕੇæਪੀæਐਚæਏæ) ਨੇ ਇਮਪਾਇਰਫੇਥਵਾਰæ ਕਾਮ ਵੈਬਸਾਈਟ ਲਾਂਚ ਕੀਤੀ ਹੈ।

ਯੂæਕੇæਪੀæਐਚæਏæ ਨੇ ਇਕ ਬਿਆਨ ਵਿਚ ਦੱਸਿਆ ਕਿ ਅਸੀਂ ਇਕ ਰੋਮਾਂਚਕ ਪਰਸਪਰ ‘ਸੈਨਿਕ ਨਕਸ਼ਾ’ ਬਣਾਇਆ ਹੈ, ਜੋ ਕਰੀਬ 8000 ਸਿੱਖ ਸੈਨਿਕਾਂ ਦੇ ਰਿਕਾਰਡ ਨੂੰ ਵਿਖਾਉਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਤੋਂ ਹੀ ਮੌਜੂਦ ਰਿਕਾਰਡ ਨੂੰ ਬਹੁਤ ਸੁਆਰ ਕੇ ਰੱਖਣਾ ਚਾਹੁੰਦੇ ਹਾਂ ਅਤੇ ਇਸ ਵਿਚ ਹੋਰ ਬਹੁਤ ਸਾਰੀਆਂ ਅਹਿਮ ਜਾਣਕਾਰੀਆਂ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਾਂ ਜਿਨ੍ਹਾਂ ਦਾ ਹਮੇਸ਼ਾ ਲਈ ਗੁੰਮ ਹੋਣ ਦਾ ਖਤਰਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰਕ ਯਾਦਾਂ ਅਤੇ ਯਾਦਗਾਰਾਂ ਨੂੰ ਪੁਰਾਣੇ ਰਿਕਾਰਡਾਂ ਨਾਲ ਜੋੜ ਕੇ ਸਾਡੇ ਕੋਲ ਪਹਿਲੇ ਵਿਸ਼ਵ ਯੁੱਧ ਵਿਚ ਸਿੱਖਾਂ ਦੀ ਬਹਾਦਰੀ ਬਾਰੇ ਜਾਣਕਾਰੀ ਨੂੰ ਸਮੂਹਿਕ ਰੂਪ ਨਾਲ ਨਿਸ਼ਚਿਤ ਕਰਨ ਦਾ ਮੌਕਾ ਹੈ, ਜਿਸ ਨਾਲ ਉਨ੍ਹਾਂ ਦੇ ਬਲੀਦਾਨ ਅਤੇ ਦਰਦ ਨੂੰ ਕਦੇ ਵੀ ਭੁੱਲਿਆ ਨਹੀਂ ਜਾਵੇਗਾ। ਪ੍ਰੋਜੈਕਟ ਨੂੰ ਯੂæਕੇæ ਹੈਰੀਟੇਜ ਲਾਟਰੀ ਫੰਡ ਵੱਲੋਂ 1916 ਤੋਂ ਲੈ ਕੇ 1918 ਤੱਕ ਹੋਈਆਂ ਲੜਾਈਆਂ ਵਿਚ ਸਿੱਖਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਦਾ ਇਤਿਹਾਸ ਸਾਂਭਣ ਲਈ 448,500 ਪੌਂਡ ਦੀ ਗ੍ਰਾਂਟ ਹਾਸਲ ਹੋਈ ਹੈ। ਪਹਿਲੇ ਵਿਸ਼ਵ ਯੁੱਧ ਵਿਚ ਸਿੱਖਾਂ ਦੀਆਂ ਕਹਾਣੀਆਂ ਨੂੰ ਅਸਲ ਕਲਾਕ੍ਰਿਤੀਆਂ, ਅਪ੍ਰਕਾਸ਼ਿਤ ਤਸਵੀਰਾਂ ਅਤੇ ਚਿੱਤਰਕਾਰੀ, ਅਖਬਾਰਾਂ ਅਤੇ ਕਾਮਿਕਸ, ਪੋਸਟਕਾਰਡ, ਕਲਾ ਦਾ ਕੰਮ, ਵਰਦੀਆਂ, ਬਹਾਦਰੀ ਮੈਡਲ ਅਤੇ ਉਨ੍ਹਾਂ ਦੀਆਂ ਪਤਨੀਆਂ ਵੱਲੋਂ ਗਾਏ ਗਏ ਲੋਕ ਗੀਤਾਂ ਜ਼ਰੀਏ ਲਿਆ ਗਿਆ ਹੈ। ਵੈਬਸਾਈਟ ਵਿਚ ਦਿੱਗਜ਼ਾਂ ਨਾਲ ਕੀਤੀਆਂ ਗਈਆਂ ਇੰਟਰਵਿਊ ਵੀ ਸ਼ਾਮਲ ਹਨ, ਜੋ ਕਿ 30 ਸਾਲ ਪਹਿਲਾਂ ਇਤਿਹਾਸਕਾਰ ਅਤੇ ਲੇਖਕ ਚਾਰਲਸ ਐਲਨ ਨੇ ਰਿਕਾਰਡ ਕੀਤੀਆਂ ਸਨ। ਦੱਸਣਯੋਗ ਹੈ ਕਿ ਬ੍ਰਿਟਿਸ਼ ਭਾਰਤੀ ਫੌਜ ਵਿਚ ਤਕਰੀਬਨ 1æ5 ਮਿਲੀਅਨ ਭਾਰਤੀਆਂ ਨੇ ਸੇਵਾ ਨਿਭਾਈ ਸੀ ਅਤੇ ਉਨ੍ਹਾਂ ਨੇ ਫਲੈਂਡਰ ਦੇ ਮੈਦਾਨਾਂ ਤੋਂ ਲੈ ਕੇ ਮੈਸੋਪੋਟਾਮੀਆ ਦੇ ਮੈਦਾਨਾਂ ਤੱਕ ਲੜੀਆਂ ਗਈਆਂ ਲੜਾਈਆਂ ਵਿਚ ਆਪਣੀ ਬਹਾਦਰੀ ਦੇ ਜੌਹਰ ਵਿਖਾਏ ਸੀ।
____________________________________
ਆਬਾਦੀ ਦੇ ਲਿਹਾਜ਼ ਨਾਲ ਫੌਜ ‘ਚ ਗਿਣਤੀ ਕਿਤੇ ਵੱਧ
ਬ੍ਰਿਟਿਸ਼ ਰਾਜ ਸਮੇਂ ਸਿੱਖਾਂ ਦੀ ਆਬਾਦੀ ਭਾਵੇਂ ਦੋ ਫੀਸਦੀ ਤੋਂ ਵੀ ਘੱਟ ਸੀ ਪਰ ਜੰਗ ਵੇਲੇ ਬ੍ਰਿਟਿਸ਼ ਭਾਰਤੀ ਫੌਜ ਵਿਚ ਸਿੱਖ 20 ਫੀਸਦੀ ਤੋਂ ਵੱਧ ਸਨ। ਇਨ੍ਹਾਂ ਸਿੱਖ ਫ਼ੌਜੀਆਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਪੱਛਮੀ ਮੋਰਚੇ ‘ਤੇ ਸ਼ੁਰੂਆਤੀ ਮਹੀਨਿਆਂ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਭਾਈਵਾਲ ਮੁਲਕਾਂ ਨੂੰ ਫੌਰੀ ਹਾਰ ਤੋਂ ਬਚਾਉਣ ਵਿਚ ਸਹਾਇਤਾ ਕੀਤੀ। ਪਹਿਲੀ ਵਿਸ਼ਵ ਜੰਗ ਦੇ ਸਿੱਖਾਂ ਦੀ ਕਹਾਣੀ ਨੂੰ ਅਸਲ ਦਸਤਾਵੇਜ਼ਾਂ, ਪ੍ਰਕਾਸ਼ਿਤ ਨਾ ਹੋਈਆਂ ਤਸਵੀਰਾਂ, ਅਖਬਾਰਾਂ, ਖਤਾਂ, ਕਲਾਕ੍ਰਿਤਾਂ, ਵਰਦੀਆਂ, ਬਹਾਦਰੀ ਮੈਡਲਾਂ ਦੀ ਦੋ ਸਾਲ ਪਹਿਲਾਂ ਲੰਡਨ ਵਿਚ ਨੁਮਾਇਸ਼ ਲਾਈ ਗਈ ਸੀ।