-ਜਤਿੰਦਰ ਪਨੂੰ
ਕਿਸੇ ਪਾਰਟੀ ਦੇ ਚੋਣਾਂ ਨਾਲ ਸਬੰਧਤ ਇੱਕ ਦਸਤਾਵੇਜ਼ ਦੇ ਪਹਿਲੇ ਪੰਨੇ ਉਤੇ ਸ੍ਰੀ ਦਰਬਾਰ ਸਾਹਿਬ ਦੀ ਫੋਟੋ ਛਾਪ ਕੇ ਉਸ ਵਿਚ ਆਪਣਾ ਚੋਣ ਨਿਸ਼ਾਨ ਛਾਪਣ ਦਾ ਢੰਗ ਬੇਵਕੂਫੀ ਵਾਲਾ ਹੋ ਸਕਦਾ ਹੈ, ਪਰ ਇਹ ਚੋਣਾਂ ਹੋਣ ਤੱਕ ਚੱਲੀ ਜਾਣ ਵਾਲਾ ਮੁੱਦਾ ਬਣਿਆ ਰਹੇਗਾ, ਇਹ ਦਾਅਵਾ ਕਰਨਾ ਔਖਾ ਹੈ। ਪੰਦਰਾਂ ਦਿਨ ਪਹਿਲਾਂ ਤੱਕ ਤਾਂ ਦਿੱਲੀ ਵਿਚ ਇੰਦਰਾ ਗਾਂਧੀ ਦੇ ਕਤਲ ਪਿੱਛੋਂ ਹੋਏ ਕਤਲੇਆਮ ਦੇ ਬਹੁ-ਚਰਚਿਤ ਦੋਸ਼ੀ ਜਗਦੀਸ਼ ਟਾਈਟਲਰ ਦੀ ਹਮਾਇਤ ਵਿਚ ਪੰਜਾਬ ਦੀ ਇੱਕ ਹੋਰ ਪਾਰਟੀ ਦੇ ਮੁਖੀ ਵੱਲੋਂ ਦਿੱਤਾ ਗਿਆ ਬਿਆਨ
ਬਹੁਤ ਵੱਡਾ ਮੁੱਦਾ ਬਣਿਆ ਪਿਆ ਸੀ। ਇਸ ਤੋਂ ਪਹਿਲਾਂ ਪਿਛਲੇ ਸਾਲ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਕਾਰਨ ਪੰਜਾਬ ਦੀ ਹਾਕਮ ਧਿਰ ਦੀ ਇੱਕ ਪਾਰਟੀ ਦੇ ਲੀਡਰ ਇੰਨੇ ਬੁਰੀ ਤਰ੍ਹਾਂ ਘਿਰੇ ਹੋਏ ਜਾਪਦੇ ਸਨ ਕਿ ਉਹ ਲੋਕਾਂ ਵਿਚ ਜਾਣੋਂ ਤ੍ਰਹਿਕਦੇ ਸਨ ਤੇ ਮੰਤਰੀਆਂ ਨੇ ਮਿੱਥੇ ਹੋਏ ਪ੍ਰੋਗਰਾਮਾਂ ਵਿਚ ਜਾਣ ਤੋਂ ਕਿਨਾਰਾ ਕਰ ਲਿਆ ਸੀ। ਉਨ੍ਹਾਂ ਮੁੱਦਿਆਂ ਦੀ ਕੋਈ ਚਰਚਾ ਹੁਣ ਨਹੀਂ ਸੁਣੀ ਜਾਂਦੀ ਤੇ ਨਵਾਂ ਮੁੱਦਾ ਮਿਲ ਗਿਆ ਹੈ, ਜਿਸ ਦੇ ਦੁਆਲੇ ਘੁੰਮ ਰਹੀ ਪੰਜਾਬ ਦੀ ਸਿਆਸਤ ਇੱਕ ਨਵੇਂ ਮੋੜ ਉਤੇ ਆਣ ਪਹੁੰਚੀ ਹੈ। ਅਗਲੇ ਦਿਨਾਂ ਵਿਚ ਕੋਈ ਹੋਰ ਇਸ ਤੋਂ ਵੱਡਾ ਮੁੱਦਾ ਵੀ ਉਠ ਸਕਦਾ ਹੈ।
ਪੰਜਾਬ ਦੇ ਲੋਕਾਂ ਦੇ ਸਾਹਮਣੇ ਕੁਝ ਇਹੋ ਜਿਹੇ ਵੱਡੇ ਸਵਾਲ ਖੜੇ ਹਨ, ਜਿਹੜੇ ਕਿਸੇ ਵੀ ਦੌਰ ਵਿਚ ਉਬਲਦੇ ਰਹਿੰਦੇ ਹਨ ਅਤੇ ਕਦੇ-ਕਦੇ ਜਨਤਕ ਰੋਹ ਦਾ ਰੂਪ ਧਾਰਨ ਕਰ ਕੇ ਬਾਹਰ ਆ ਜਾਂਦੇ ਹਨ। ਅਗਲਾ ਸਾਲ ਚੜ੍ਹਨ ਨਾਲ ਪੰਜਾਬ ਦੇ ਲੋਕਾਂ ਨੇ ਆਪਣੇ ਭਵਿੱਖ ਦੇ ਪੰਜ ਸਾਲਾਂ ਦੀ ਵਾਗ ਕਿਸੇ ਨਾ ਕਿਸੇ ਪਾਰਟੀ ਦੇ ਹੱਥ ਦੇਣੀ ਹੈ ਤੇ ਜਿੰਨਾ ਕੁਝ ਇਸ ਵੇਲੇ ਹੁੰਦਾ ਪਿਆ ਹੈ, ਉਹ ਲੋਕਾਂ ਦੀਆਂ ਵੋਟਾਂ ਖਿੱਚਣ ਵਾਸਤੇ ਹੀ ਹੁੰਦਾ ਪਿਆ ਹੈ।
ਕਾਫੀ ਸਮਾਂ ਪਹਿਲਾਂ ਜਦੋਂ ਕੁਝ ਪੱਤਰਕਾਰਾਂ ਨੇ ਆਮ ਆਦਮੀ ਪਾਰਟੀ ਨਾਲ ਜੁੜਨ ਦਾ ਰਾਹ ਫੜਿਆ ਸੀ ਤਾਂ ਇੱਕ ਸੱਜਣ ਨੇ ਉਨ੍ਹਾਂ ਦੇ ਇਸ ਰੁਝਾਨ ਬਾਰੇ ਪੁੱਛਿਆ ਸੀ। ਅਸੀਂ ਇਕੱਠੇ ਕਈ ਜਣੇ ਬੈਠੇ ਹੋਏ ਸਾਂ। ਸਾਡੇ ਨਾਲ ਬੈਠੇ ਇੱਕ ਦੇਸੀ ਜਿਹੇ ਸੱਜਣ ਨੂੰ ਭਾਵੇਂ ਪੁੱਛਿਆ ਨਹੀਂ ਸੀ ਗਿਆ, ਉਸ ਨੇ ਕਿਸੇ ਹੋਰ ਲਈ ਪੁੱਛੇ ਸਵਾਲ ਦਾ ਜਵਾਬ ਦੇਣ ਵਾਸਤੇ ਇੱਕ ਕਹਾਵਤ ਬਿਨਾਂ ਪੁੱਛੇ ਸੁਣਾ ਦਿੱਤੀ ਕਿ ‘ਬੇਵਕੂਫ ਦੀ ਬਰਾਤੇ ਜਾਣ ਨਾਲੋਂ ਅਕਲਮੰਦ ਦੀ ਅਰਥੀ ਪਿੱਛੇ ਜਾਣਾ ਵੀ ਚੰਗਾ ਹੁੰਦਾ ਹੈ।’ ਇਸ ਦਾ ਭਾਵ ਪੁੱਛਣ ਉਤੇ ਉਸ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਇਮਾਨਦਾਰ ਹੋ ਸਕਦੀ ਹੈ, ਪਰ ਇਹ ਅਕਲਮੰਦ ਗਿਣੀ ਜਾਣ ਦੇ ਲਾਇਕ ਨਹੀਂ। ਪਹਿਲਾਂ ਦਿੱਲੀ ਦਾ ਰਾਜ ਮਿਲ ਜਾਣ ਪਿੱਛੋਂ ਉਸ ਨੂੰ ਚਲਾ ਕੇ ਇੱਕ ਮਿਸਾਲ ਪੇਸ਼ ਕਰਨ ਦੀ ਥਾਂ ਇਹ ਸਾਬਤ ਕਰਨ ਉਤੇ ਜ਼ੋਰ ਲਾ ਦਿੱਤਾ ਕਿ ਲੋਕ ਬੱਸ ਦੀ ਸੀਟ ਵੀ ਨਹੀਂ ਛੱਡਦੇ ਤੇ ਉਨ੍ਹਾਂ ਦਾ ਆਗੂ ਮੁੱਖ ਮੰਤਰੀ ਦੀ ਕੁਰਸੀ ਨੂੰ ਲੱਤ ਮਾਰ ਕੇ ਤੁਰ ਗਿਆ ਹੈ। ਫਿਰ ਦਿੱਲੀ ਦੀ ਕਮਾਨ ਹੱਥ ਆਈ ਤਾਂ ਉਸ ਨੇ ਇਹ ਖਿਆਲ ਕਦੇ ਵੀ ਨਹੀਂ ਕੀਤਾ ਕਿ ਲੋਕਾਂ ਨੂੰ ਚੰਗੇ ਰਾਜ ਦੀ ਮਿਸਾਲ ਪੇਸ਼ ਕਰਨ ਲਈ ਇਸ ਸੰਵਿਧਾਨਕ ਢਾਂਚੇ ਵਿਚ ਤਾਲਮੇਲ ਦੇ ਢੰਗ ਅਪਨਾ ਕੇ ਕੰਮ ਕਰਨ ਦਾ ਰਾਹ ਕੱਢਣ ਵਾਸਤੇ ਬਿੱਧ ਸੋਚੇ ਤੇ ਕੁਝ ਕਰ ਕੇ ਵਿਖਾਵੇ, ਸਗੋਂ ਏਸੇ ਕੋਸ਼ਿਸ਼ ਵਿਚ ਰਹਿੰਦਾ ਹੈ ਕਿ ‘ਰਾਜਸੀ ਸ਼ਹੀਦ’ ਇੱਕ ਵਾਰ ਹੋਰ ਬਣ ਸਕੇ।
ਕੇਂਦਰ ਦੀ ਸਰਕਾਰ ਇਸ ਦੇਸ਼ ਵਿਚ ਸਦਾ ਰਹਿਣੀ ਹੈ। ਉਸ ਨਾਲ ਤਿੱਖਾ ਪੇਚਾ ਪਾਉਣ ਵਾਲੀਆਂ ਸਰਕਾਰਾਂ ਵੀ ਚੱਲਦੀਆਂ ਤੇ ਕੰਮ ਕਰਦੀਆਂ ਹਨ। ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ‘ਬਾਂਸ’ ਦੀ ਵਰਤੋਂ ਦਾ ਜਿਹੜਾ ਭਾਸ਼ਣ ਕਰ ਦਿੱਤਾ ਸੀ, ਉਸ ਦੇ ਬਾਵਜੂਦ ਰਾਜ ਚਲਾਉਣ ਦਾ ਘੱਟੋ-ਘੱਟ ਤਾਲਮੇਲ ਜਾਰੀ ਰੱਖਿਆ ਸੀ। ਜਨਤਕ ਪ੍ਰਭਾਵ ਇਹ ਬਣਦਾ ਜਾਂਦਾ ਹੈ ਕਿ ਸਿਰਫ ਅਰਵਿੰਦ ਕੇਜਰੀਵਾਲ ਹੈ, ਜਿਹੜਾ ਕਿਸੇ ਨਾਲ ਵੀ ਚਾਰ ਕਦਮ ਚੱਲਣ ਲਈ ਤਿਆਰ ਨਹੀਂ, ਹਰ ਮਾਮਲੇ ਵਿਚ ਆਢਾ ਲਾਉਣ ਦਾ ਕੋਈ ਨਾ ਕੋਈ ਬਹਾਨਾ ਬਣਾਉਣ ਲੱਗਾ ਰਹਿੰਦਾ ਹੈ।
ਜਿਸ ਸਿਸਟਮ ਵਿਚ ਰਹਿਣਾ ਹੈ, ਉਸ ਨੂੰ ਜੇ ਬਦਲਣ ਦੇ ਕਿਸੇ ਇਨਕਲਾਬੀ ਕਦਮ ਦਾ ਇਰਾਦਾ ਨਾ ਹੋਵੇ, ਤੇ ਸਿਰਫ ਚੱਲਦੇ ਸਿਸਟਮ ਦੇ ਨੁਕਸਾਂ ਦੇ ਖਿਲਾਫ ਹੀ ਲੜਨਾ ਹੋਵੇ ਤਾਂ ਇਹ ਖਿਆਲ ਰੱਖਣਾ ਪੈਂਦਾ ਹੈ ਕਿ ਲੜਨ ਵਾਲੇ ਦੇ ਆਪਣੇ ਉਤੇ ਕਿਸੇ ਤਰ੍ਹਾਂ ਕੋਈ ਦੋਸ਼ ਨਾ ਲਾਇਆ ਜਾਵੇ। ਕੇਜਰੀਵਾਲ ਨੇ ਆਪ ਇਹ ਮੌਕੇ ਦਿੱਤੇ ਹਨ। ਦਿੱਲੀ ਵਿਚ ਸਰਕਾਰ ਬਣਾ ਕੇ ਉਸ ਬੰਦੇ ਨੂੰ ਕਾਨੂੰਨ ਮੰਤਰੀ ਬਣਾ ਦਿੱਤਾ, ਜਿਸ ਕੋਲ ਕਾਨੂੰਨ ਦੀ ਜਾਅਲੀ ਡਿਗਰੀ ਸੀ ਤੇ ਉਸ ਦੇ ਖਿਲਾਫ ਕੇਸ ਦਰਜ ਹੋਣ ਪਿੱਛੋਂ ਵੀ ਉਸ ਦੇ ਪੱਖ ਵਿਚ ਕੇਜਰੀਵਾਲ ਖੁਦ ਬੋਲਦਾ ਰਿਹਾ। ਉਸ ਮੰਤਰੀ ਨੂੰ ਉਸ ਕਾਲਜ ਵਿਚ ਲਿਜਾਇਆ ਗਿਆ ਤਾਂ ਕਾਲਜ ਦਾ ਕਮਰਾ ਜਾਂ ਇੱਕ ਵੀ ਪੜ੍ਹਾਉਣ ਵਾਲੇ ਪ੍ਰੋਫੈਸਰ ਨੂੰ ਪਛਾਣ ਨਹੀਂ ਸੀ ਸਕਿਆ ਤੇ ਫਿਰ ਜਾਅਲਸਾਜ਼ੀ ਕੀਤੀ ਮੰਨਣੀ ਪਈ ਸੀ। ਅੰਨਾ ਹਜ਼ਾਰੇ ਦੇ ਮੰਚ ਤੋਂ ਜਿਸ ਕੇਜਰੀਵਾਲ ਦਾ ਇਹ ਭਾਸ਼ਣ ਲੋਕਾਂ ਨੇ ਕਈ ਵਾਰ ਸੁਣਿਆ ਸੀ ਕਿ ਲੋਕਾਂ ਵੱਲੋਂ ਚੁਣੇ ਜਾਣ ਪਿੱਛੋਂ ਸਾਡੇ ਲੀਡਰ ਆਮ ਲੋਕਾਂ ਦੀ ਸੇਵਾ ਕਰਨ ਦੀ ਥਾਂ ਸ਼ਾਨ ਦੀ ਜ਼ਿੰਦਗੀ ਜਿਉਣ ਦੇ ਰਾਹ ਪੈ ਜਾਂਦੇ ਹਨ, ਉਹ ਮੁੱਖ ਮੰਤਰੀ ਬਣਿਆ ਤਾਂ ਪਾਰਲੀਮੈਂਟਰੀ ਸੈਕਟਰੀ ਦੇ ਅਹੁਦੇ ਆਪਣੇ ਵਿਧਾਇਕਾਂ ਨੂੰ ਕਾਨੂੰਨ ਦੀ ਅਗੇਤੀ ਪ੍ਰਵਾਨਗੀ ਲਏ ਬਿਨਾਂ ਵੰਡ ਦਿੱਤੇ। ਇਸ ਤਰ੍ਹਾਂ ਕਾਂਗਰਸੀ, ਭਾਜਪਾ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਨੇ ਵੀ ਕੀਤਾ ਹੋਇਆ ਸੀ, ਪਰ ਕੇਜਰੀਵਾਲ ਉਸ ਕੀਤੇ ਬਾਰੇ ਜਦੋਂ ਨੁਕਤਾਚੀਨੀ ਕਰਦਾ ਰਿਹਾ ਸੀ ਤਾਂ ਉਸ ਨੂੰ ਇਸ ਤੋਂ ਖੁਦ ਪ੍ਰਹੇਜ਼ ਕਰਨ ਦੀ ਲੋੜ ਸੀ। ਇਹ ਦਲੀਲ ਕਿਸੇ ਦੇ ਸੰਘੋਂ ਨਹੀਂ ਉਤਰੀ ਕਿ ਵਿਧਾਇਕਾਂ ਨੂੰ ਅਹੁਦੇ ਹੀ ਦਿੱਤੇ ਹਨ, ਮਾਇਕ ਪੱਖੋਂ ਕੋਈ ਲਾਭ ਨਹੀਂ ਦਿੱਤਾ। ਜਿਸ ਬੰਦੇ ਕੋਲ ਇਹੋ ਜਿਹਾ ਅਹੁਦਾ ਹੋਵੇ, ਉਸ ਨੂੰ ਮਾਇਕ ਲਾਭ ਮੰਗਣ ਦੀ ਲੋੜ ਹੀ ਨਹੀਂ ਰਹਿੰਦੀ, ਸਬੰਧਤ ਮਹਿਕਮਿਆਂ ਦੇ ਅਫਸਰ ਵੇਲੇ-ਕੁਵੇਲੇ ਜਦੋਂ ਘਰੀਂ ਆ ਕੇ ਸ਼ਗਨ ਦਾ ਲਿਫਾਫਾ ਦੇ ਜਾਂਦੇ ਹਨ ਤਾਂ ਕੇਜਰੀਵਾਲ ਨੂੰ ਕਿਸੇ ਵਿਧਾਇਕ ਨੇ ਦੱਸਣ ਨਹੀਂ ਜਾਣਾ।
ਪਿਛਲੀਆਂ ਸਰਕਾਰਾਂ ਦੇ ਵਕਤ ਕੇਜਰੀਵਾਲ ਇਹ ਕਹਿੰਦਾ ਰਿਹਾ ਕਿ ਜਿਸ ਦੇ ਖਿਲਾਫ ਭ੍ਰਿਸ਼ਟਾਚਾਰ ਦੀ ਕੋਈ ਜਾਂਚ ਚੱਲ ਰਹੀ ਹੋਵੇ, ਉਹ ਕਿਸੇ ਅਹੁਦੇ ਉਤੇ ਨਹੀਂ ਰਹਿਣਾ ਚਾਹੀਦਾ। ਹੁਣ ਉਸ ਦੇ ਆਪਣੇ ਪ੍ਰਿੰਸੀਪਲ ਸੈਕਟਰੀ ਦੀ ਗ੍ਰਿਫਤਾਰੀ ਹੋਈ ਹੈ। ਉਸ ਪ੍ਰਿੰਸੀਪਲ ਸੈਕਟਰੀ ਦੇ ਸਬੰਧ ਵਿਚ ਦੋ ਗੱਲਾਂ ਹਨ। ਪਹਿਲੀ ਇਹ ਕਿ ਉਸ ਨੂੰ ਜਿਹੜੇ ਕੇਸ ਵਿਚ ਫੜਿਆ ਗਿਆ ਹੈ, ਉਸ ਵਿਚ ਭ੍ਰਿਸ਼ਟਾਚਾਰ ਦੇ ਸਾਫ ਸੰਕੇਤ ਮਿਲਦੇ ਹਨ। ਦੂਸਰੀ ਗੱਲ ਇਹ ਹੈ ਕਿ ਉਸ ਨੂੰ ਭ੍ਰਿਸ਼ਟਾਚਾਰ ਦੇ ਕਾਰਨ ਨਹੀਂ ਫੜਿਆ ਗਿਆ, ਕੇਜਰੀਵਾਲ ਦੀਆਂ ਜੜ੍ਹਾਂ ਟੁੱਕਣ ਦੇ ਲਈ ਫੜ ਕੇ ਜੇਲ੍ਹ ਪਾਇਆ ਗਿਆ ਹੈ। ਇਸ ਦਾ ਸਾਫ ਸਬੂਤ ਇਹ ਹੈ ਕਿ ਉਸ ਅਫਸਰ ਦੇ ਖਿਲਾਫ ਇਹ ਕੇਸ 2006 ਵਿਚ ਕੀਤੇ ਗਏ ਕਿਸੇ ਭ੍ਰਿਸ਼ਟ ਕੰਮ ਦਾ ਹੈ। ਦਸ ਸਾਲ ਤੱਕ ਉਸ ਨੂੰ ਫੜਿਆ ਨਹੀਂ ਗਿਆ ਤੇ ਹੁਣ ਆ ਕੇ ਕੇਜਰੀਵਾਲ ਨੂੰ ਤੰਗ ਕਰਨ ਲਈ ਫੜਿਆ ਹੈ। ਇਹ ਰਾਜਸੀ ਬਦਨੀਤੀ ਹੈ, ਪਰ ਇਸ ਨਾਲ ਇਹ ਗੱਲ ਲੁਕਦੀ ਨਹੀਂ ਕਿ ਕੇਜਰੀਵਾਲ ਨੂੰ ਆਪਣੇ ਨਾਲ ਪ੍ਰਿੰਸੀਪਲ ਸੈਕਟਰੀ ਲਾਉਣ ਵਾਸਤੇ ਉਹ ਬੰਦਾ ਹੀ ਲੱਭਾ, ਜਿਸ ਉਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਦੇ ਸਨ। ਜਦੋਂ ਇਹ ਗੱਲ ਕਈ ਵਾਰ ਖੁਦ ਕੇਜਰੀਵਾਲ ਨੇ ਆਖੀ ਹੋਈ ਸੀ ਕਿ ‘ਜਿਸ ਦੇ ਖਿਲਾਫ ਭ੍ਰਿਸ਼ਟਾਚਾਰ ਦੀ ਕੋਈ ਜਾਂਚ ਚੱਲ ਰਹੀ ਹੋਵੇ, ਉਹ ਕਿਸੇ ਅਹੁਦੇ ਉਤੇ ਨਹੀਂ ਰਹਿਣਾ ਚਾਹੀਦਾ’, ਫਿਰ ਉਸ ਅਫਸਰ ਨੂੰ ਆਪਣੇ ਨਾਲ ਏਡਾ ਅਹੁਦਾ ਦੇ ਕੇ ਬਦੋਬਦੀ ਆਪਣੀ ਬਦਨਾਮੀ ਦਾ ਆਧਾਰ ਵੀ ਪੈਦਾ ਨਹੀਂ ਸੀ ਕਰਨਾ ਚਾਹੀਦਾ।
ਸਾਨੂੰ ਇਹ ਗੱਲ ਮੰਨ ਲੈਣ ਵਿਚ ਹਰਜ ਨਹੀਂ ਜਾਪਦਾ ਕਿ ਆਮ ਲੋਕਾਂ ਵਿਚ ਇਸ ਨਵੀਂ ਪਾਰਟੀ ਲਈ ‘ਇੱਕ ਵਾਰ ਇਸ ਨੂੰ ਪਰਖਣ ਦਾ ਮੌਕਾ’ ਦੇਣ ਦੀ ਭਾਵਨਾ ਹੈ, ਤੇ ਇਹ ਆਮ ਲੋਕਾਂ ਦਾ ਹੱਕ ਹੈ, ਪਰ ਇਹ ਭਾਵਨਾ ਇਸ ਕਰ ਕੇ ਨਹੀਂ ਕਿ ਇਸ ਪਾਰਟੀ ਨੇ ਕੁਝ ਕਰ ਕੇ ਵਿਖਾਇਆ ਹੈ। ਲੋਕਾਂ ਵਿਚ ਇਸ ਤਰ੍ਹਾਂ ਦੀ ਭਾਵਨਾ ਦਾ ਕਾਰਨ ਭਾਰਤੀ ਰਾਜਨੀਤੀ ਅਤੇ ਖਾਸ ਤੌਰ ਉਤੇ ਪੰਜਾਬ ਦੀ ਰਾਜਨੀਤੀ ਦੀਆਂ ਅਗਵਾਨੂੰ ਪਹਿਲੀਆਂ ਮੁੱਖ ਪਾਰਟੀਆਂ ਵੱਲ ਨਾਰਾਜ਼ਗੀ ਦੀ ਓੜਕ ਤੋਂ ਪੈਦਾ ਹੋਈ ਹੈ। ਏਦਾਂ ਦੀ ਨਾਰਾਜ਼ਗੀ ਅਸੀਂ ਚਾਲੀ ਕੁ ਸਾਲ ਪਹਿਲਾਂ ਐਮਰਜੈਂਸੀ ਤੋਂ ਬਾਅਦ ਜੈ ਪ੍ਰਕਾਸ਼ ਨਾਰਾਇਣ ਦੀ ਅਗਵਾਈ ਵਿਚ ‘ਸੰਪੂਰਨ ਇਨਕਲਾਬ’ ਦਾ ਨਾਅਰਾ ਦੇਣ ਵਾਲਿਆਂ ਦੇ ਹੱਕ ਵਿਚ ਵੀ ਵੇਖੀ ਸੀ, ਪਰ ਸਿੱਟਾ ਵਧੀਆ ਨਹੀਂ ਸੀ ਨਿਕਲਿਆ। ਉਹ ਲਹਿਰ ਦੁੱਧ ਦੇ ਉਬਾਲੇ ਵਾਂਗ ਚੜ੍ਹੀ ਸੀ, ਰਾਜ ਕਰ ਰਹੀ ਇੱਕ ਪਾਰਟੀ ਨੂੰ ਪਾਸੇ ਕਰ ਕੇ ਕਿਸੇ ਸਿਧਾਂਤਕ ਸਾਂਝ ਤੋਂ ਬਗੈਰ ਬਣੇ ਅਣਘੜਤ ਗੱਠਜੋੜ ਦੀ ਸਰਕਾਰ ਦੇ ਬਣਨ ਤੱਕ ਹੀ ਨਿਭੀ ਤੇ ਫਿਰ ਖੱਖੜੀਆਂ ਦਾ ਇਹੋ ਜਿਹਾ ਖਿਲਾਰਾ ਬਣ ਗਈ ਸੀ, ਜਿਸ ਦੀ ਟੁੱਟ-ਭੱਜ ਦੌਰਾਨ ਪੁਰਾਣੇ ਜਨ ਸੰਘ ਨੂੰ ਕੁੰਜ ਬਦਲ ਕੇ ਅਜੋਕੀ ਭਾਰਤੀ ਜਨਤਾ ਪਾਰਟੀ ਦੇ ਰੂਪ ਵਿਚ ਉਭਰਨਾ ਸੌਖਾ ਹੋ ਗਿਆ ਸੀ।
ਅੱਜ ਫਿਰ ਉਸੇ ਤਰ੍ਹਾਂ ਕਾਂਗਰਸ ਮਰਨੇ ਪਈ ਹੈ, ਅਕਾਲੀ-ਭਾਜਪਾ ਗੱਠਜੋੜ ਤੋਂ ਲੋਕਾਂ ਨੂੰ ਕੋਈ ਆਸ ਵਰਗੀ ਗੱਲ ਨਹੀਂ ਜਾਪਦੀ ਤੇ ਅੱਕੀਂ-ਪਲਾਹੀਂ ਹੱਥ ਮਾਰਦੇ ਲੋਕਾਂ ਸਾਹਮਣੇ ਉਹ ਪਾਰਟੀ ਪੇਸ਼ ਹੋ ਰਹੀ ਹੈ, ਜਿਹੜੀ ਬੱਕਰੀ ਅਤੇ ਸ਼ੇਰ ਨੂੰ ਇੱਕੋ ਘਾਟ ਉਤੇ ਪਾਣੀ ਪਿਆਉਣ ਦਾ ਅਣਹੋਣਾ ਸੁਫਨਾ ਵਿਖਾਉਂਦੀ ਹੈ। ਵਿਧਾਨ ਸਭਾ ਚੋਣਾਂ ਹੁਣ ਨੇੜੇ ਆ ਗਈਆਂ ਹਨ, ਪਰ ਪੰਜਾਬ ਦੇ ਲੋਕਾਂ ਸਾਹਮਣੇ ਧੁੰਦ ਅਤੇ ਧੂੰਆਂ ਅਜੇ ਤੱਕ ਛਟ ਨਹੀਂ ਰਿਹਾ। ਕੇਜਰੀਵਾਲ ਬਾਰੇ ਬਹੁਤ ਜ਼ਿਆਦਾ ਜਜ਼ਬਾਤੀ ਹੋ ਕੇ ਖਿੱਚੇ ਗਏ ਸੱਜਣਾਂ ਕੋਲ ਵੀ ਭਵਿੱਖ ਦਾ ਨਕਸ਼ਾ ਨਹੀਂ, ਹਰ ਗੱਲ ਲਈ ਇੱਕੋ ਨੁਸਖਾ ਮੌਜੂਦ ਹੈ ਕਿ ਕੇਜਰੀਵਾਲ ਦੀ ਅਗਵਾਈ ਸਭ ਮਸਲੇ ਹੱਲ ਕਰ ਦੇਵੇਗੀ। ਏਡਾ ਭਰੋਸਾ ਕਰਨਾ ਤਾਂ ਔਖਾ ਹੈ।