ਡਾæ ਗੁਰਬਖਸ਼ ਸਿੰਘ ਭੰਡਾਲ ਫਿਜਿਕਸ ਦੇ ਅਧਿਆਪਕ ਹਨ ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿਕਸ ਜਿਹੀ ਖੁਸ਼ਕੀ ਨਹੀਂ ਸਗੋਂ ਕਾਵਿਕ ਰਵਾਨਗੀ ਹੁੰਦੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਬੜਾ ਸਿਆਣਾ ਬਜ਼ੁਰਗ ਆਪਣੇ ਤੋਂ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਦੱਸ ਰਿਹਾ ਹੋਵੇ। ਇਸ ਲੇਖ ਲੜੀ ਵਿਚ ਉਹ ਇਸ ਤੋਂ ਪਹਿਲਾਂ ਨੈਣਾਂ ਦੇ ਤੀਰ ਚਲਾ ਚੁਕੇ ਹਨ ਅਤੇ ਦਿਲ ਦੀਆਂ ਬਾਤਾਂ ਪਾ ਚੁਕੇ ਹਨ।
ਹਥਲੇ ਲੇਖ ਵਿਚ ਉਨ੍ਹਾਂ ਨੇ ਕੰਨਾਂ ਦੇ ਰਾਹੀਂ ਕੰਨਾਂ ‘ਚ ਫੂਕ ਮਾਰੀ ਹੈ ਕਿ ਕੰਨਾਂ ਦੇ ਕੱਚੇ ਲੋਕ ਸਮਾਜ ਦਾ ਕੋਹੜ ਹੁੰਦੇ ਜਿਨ੍ਹਾਂ ਦੀ ਗਲਾਜ਼ਤ ਅਤੇ ਕਮੀਨਗੀ ਸਮੁੱਚੇ ਸਮਾਜਿਕ ਵਰਤਾਰੇ ਨੂੰ ਕਲੰਕਿਤ ਕਰਦੀ। ਉਂਜ ਕੰਨਾਂ ‘ਚ ਪਾਈਆਂ ਨੱਤੀਆਂ, ਮੁਰਕੀਆਂ, ਬੁੰਦੇ, ਝੁਮਕੇ ਆਦਿ ਸ਼ਖਸੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੇ। ਕੰਨ ਕਾਮੇ, ਕੰਨ ਕੁਸੈਲੇ, ਕੰਨ ਹੀ ਕਹਿਰ ਕਮਾਉਣੇ। ਕੰਨਾਂ ਰਾਹੀਂ ਰੁੱਸਣਾ ਅਤੇ ਕੰਨ-ਰਸਤੇ ਯਾਰ ਮਨਾਉਣੇ। -ਸੰਪਾਦਕ
ਡਾæ ਗੁਰਬਖਸ਼ ਸਿੰਘ ਭੰਡਾਲ
ਕੰਨ, ਕੁਦਰਤ ਦਾ ਕ੍ਰਿਸ਼ਮਾ, ਮਨੁੱਖ ਲਈ ਰਹਿਮਤ, ਹਰ ਤਰ੍ਹਾਂ ਦੀਆਂ ਆਵਾਜ਼ਾਂ ਸੁਣਨ ਦੀ ਤੌਫੀਕ ਅਤੇ ਆਵਾਜ਼ ਪਛਾਣ ਕੇ ਨਕਸ਼ ਨਿਹਾਰਨ ਦੀ ਸੋਝੀ।
ਮਨੁੱਖ ਲਈ ਦੇਖਣਾ, ਸੁਣਨਾ, ਸਵਾਦ ਚੱਖਣਾ, ਮਹਿਸੂਸ ਕਰਨਾ, ਛੋਹਣਾ ਆਦਿ ਪ੍ਰਮੁੱਖ ਕਿਰਿਆਵਾਂ। ਕੰਨ, ਚੌਗਿਰਦੇ ਵਿਚ ਪੈਦਾ ਹੋ ਰਹੀਆਂ ਆਵਾਜ਼ਾਂ ਨੂੰ ਸੁਣਨ, ਵਿਚਾਰਨ, ਵਿਸਥਾਰਨ ਅਤੇ ਪਰਿਭਾਸ਼ਤ ਕਰਨ ਦਾ ਅਹਿਮ ਸਾਧਨ।
ਕੰਨ, ਸ਼ਕਲ, ਦਿੱਖ ਤੇ ਬਣਤਰ ਵਜੋਂ ਵੱਖ-ਵੱਖ। ਇਹ ਕੌਮੀਅਤ, ਕਲਚਰ, ਕੁਨਬਾ ਆਦਿ ‘ਤੇ ਨਿਰਭਰ ਕਰਦਾ। ਕੰਨ ਸ਼ਖਸੀ ਪਛਾਣ ਹੁੰਦੇ। ਇਸੇ ਕਰਕੇ ਕੰਨਾਂ ਤੋਂ ਹੀ ਕਿਸੇ ਦੇ ਪਿਛੋਕੜ ਦਾ ਝੱਟ ਅੰਦਾਜ਼ਾ ਲੱਗ ਜਾਂਦਾ। ਕੁਝ ਲੋਕ ਜਨਮ ਤੋਂ ਹੀ ਕੰਨ ਦੀ ਸੁਣਨ ਸ਼ਕਤੀ ਤੋਂ ਵਿਰਵੇ ਰਹਿ ਕੇ ਬੋਲੇਪਣ ਦਾ ਭਾਰ ਢੋਂਦੇ। ਪਰ ਕਈਆਂ ਲਈ ਬੋਲਾਪਣ ਸਰਾਪ ਦੀ ਬਜਾਏ ਵਰਦਾਨ ਹੁੰਦਾ।
ਕੰਨ, ਕਦੇ ਵੀ ਅਵੇਸਲੇ ਤੇ ਵਿਹਲੇ ਨਹੀਂ ਹੁੰਦੇ। ਇਨ੍ਹਾਂ ਦੀ ਗ੍ਰਿਫਤ ‘ਚੋਂ ਕੋਈ ਆਵਾਜ਼ ਨਹੀਂ ਬਚ ਸਕਦੀ। ਅੱਖ ਦੀ ਮਾਰ ਤੋਂ ਕੋਈ ਬਚ ਸਕਦਾ ਏ ਪਰ ਕੰਨ ਅਜਿਹਾ ਅੰਗ ਏ ਜੋ ਨਿੱਕੀ ਤੋਂ ਨਿੱਕੀ ਹਿੱਲਜੁੱਲ, ਹਰਕਤ, ਆਵਾਜ਼, ਸਰਸਰਹਾਟ ਆਦਿ ਦੀ ਭਿਣਕ ਲੈਣ ਦੇ ਸਮਰੱਥ।
ਕੁਦਰਤ ਵੀ ਅਜ਼ੀਬ ਏ ਅਤੇ ਅਜ਼ਬ ਏ ਮਨੁੱਖ ਦੀ ਸਰੀਰਕ ਬਣਤਰ। ਦੋ ਅੱਖਾਂ, ਦੋ ਕੰਨ, ਦੋ ਹੱਥ, ਦੋ ਪੈਰਾਂ ਦੀ ਸੌਗਾਤ ਮਨੁੱਖ ਦੀ ਝੋਲੀ ਵਿਚ ਪਾਉਣ ਵਾਲੀ ਕੁਦਰਤ ਨੇ ਸਿਰਫ ਇਕ ਮੂੰਹ ਤੇ ਇਕ ਹੀ ਜੁਬਾਨ ਬਖਸ਼ੀ ਤਾਂ ਕਿ ਮਨੁੱਖ ਵੱਧ ਦੇਖੇ, ਜ਼ਿਆਦਾ ਸੁਣੇ, ਰੱਜ ਕੇ ਕਾਰ ਕਰੇ, ਦੋ ਪੈਰਾਂ ਨਾਲ ਸਾਬਤ ਕਦਮੀਂ ਮੰਜ਼ਿਲਾਂ ਦੀ ਪੈੜ ਸਿਰਜੇ ਪਰ ਇਕ ਮੂੰਹ ਹੋਣ ਕਾਰਨ ਘੱਟ ਖਾਵੇ ਅਤੇ ਇਕ ਜ਼ੁਬਾਨ ਹੋਣ ਕਾਰਨ ਸੋਚ-ਸਮਝ ਕੇ ਗਿਣਵਾਂ-ਮਿਣਵਾਂ ਬੋਲੇ। ਸ਼ਾਇਦ ਕੁਦਰਤ ਨੇ ਸਦੀਵਤਾ ਅਤੇ ਸੁੰਦਰ ਜੀਵਨ-ਜਾਚ ਦਾ ਰਾਜ਼, ਅਚੇਤ ਰੂਪ ਵਿਚ ਹੀ ਮਨੁੱਖ ਦੀ ਝੋਲੀ ਵਿਚ ਧਰਿਆ ਏ। ਸਿਰਫ ਮਨੁੱਖ ਨੂੰ ਸਮਝਣ ਦੀ ਲੋੜ ਏ।
ਕੰਨ, ਸੰਗੀਤ ਤੋਂ ਸ਼ੋਰ, ਤੋਤਲੇ ਬੋਲਾਂ ਤੋਂ ਬਜ਼ੁਰਗੀ ਹੋਕਰਾ, ਪਰਿੰਦਿਆਂ ਦੇ ਚਹਿਕਣ ਤੋਂ ਕਾਂਵਾਂ-ਰੌਲੀ, ਹਵਾ ਦੀ ਸਰਸਰਹਾਟ ਤੋਂ ਸੰਗੀਤ, ਹਵਾ ਦੀ ਰੁਮਕਣੀ ਤੋਂ ਝੱਖੜ ਦਾ ਕੰਨ ਪਾੜਵਾਂ ਸ਼ੋਰ, ਕੋਇਲ ਦੀ ਕੂਕ ਤੋਂ ਸ਼ੇਰ ਦੀ ਚੰਘਿਆੜ, ਰਹਿਬਰ ਦੇ ਮਿੱਠ-ਬੋਲੜੇ ਬਚਨਾਂ ਤੋਂ ਬਦਮਿਜ਼ਾਜ਼ੀ ਦੀਆਂ ਗਾਲ੍ਹਾਂ, ਬੱਚੇ ਦੀ ਚੀਕ ਤੋਂ ਅਬਲਾ ਦੀ ਹੂਕ, ਮਿੱਤਰ ਦੇ ਮੋਹ-ਭਿੱਜੇ ਬੋਲ ਤੋਂ ਦੁਸ਼ਮਣ ਦਾ ਲਲਕਾਰਾ, ਢੋਲਕੀ ਦੀ ਤਾਲ ਤੋਂ ਨਗਾਰੇ ਦੀ ਚੋਟ, ਸਾਰੰਗੀ ਦੇ ਸੁਰ ਤੋਂ ਹਾਰਮੋਨੀਅਮ ਦਾ ਰਾਗ, ਬੱਦਲਾਂ ਦੇ ਗਰਜਣ ਤੋਂ ਮੀਂਹ ਦਾ ਵਰ੍ਹਨ, ਪਾਣੀ ‘ਚ ਛੱਪ-ਛੱਪ ਦੀ ਆਵਾਜ਼ ਤੋਂ ਕਿਸ਼ਤੀ ਦੇ ਚੱਪੂਆਂ ਦਾ ਰਿਦਮ, ਬੱਚੀ ਦਾ ਤਰਲਾ, ਪਤਨੀ ਦਾ ਹਾੜਾ, ਬਾਪ ਦੀ ਅਰਜ਼ੋਈ ਤੇ ਮਾਂ ਦਾ ਵਾਸਤਾ ਆਦਿ ਨੂੰ ਪਛਾਣਨ ਦੇ ਸਮਰੱਥ। ਤੁਸੀਂ ਕਿਸ ਆਵਾਜ਼ ਨੂੰ, ਕਿਸ ਰੂਪ ‘ਚ, ਕਿਸ ਵੇਲੇ ਅਤੇ ਕਿਹੜੇ ਅਰਥਾਂ ਵਿਚ ਕੰਨ-ਸਾਧਨਾਂ ਰਾਹੀਂ ਦਿਮਾਗ ਦੇ ਰਸਤੇ ਅੰਤਰੀਵ ‘ਚ ਵਸਾਉਂਦੇ ਹੋ, ਇਹ ਮਨੁੱਖੀ ਫਿਤਰਤ ‘ਤੇ ਨਿਰਭਰ।
ਕੰਨਾਂ ਨਾਲ ਸੁਣੋ ਜਰੂਰ, ਪਰ ਬੋਲਾਂ ਨੂੰ ਅਪਨਾਉਣਾ ਤੇ ਵਿਚਾਰਨਾ, ਤੁਹਾਡੇ ‘ਤੇ ਨਿਰਭਰ ਕਰਦਾ। ਕੰਨਾਂ ਰਾਹੀਂ ਸੰਜੀਦਗੀ ਨਾਲ ਸੁਣੋ। ਜਵਾਬ ਦੇਣ ਦੀ ਕਾਹਲ ਨਾ ਕਰੋ। ਕਈ ਵਾਰ ਜਵਾਬ ਦੇਣ ਨਾਲੋਂ ਚੁੱਪ ਜ਼ਿਆਦਾ ਬਿਹਤਰ ਹੁੰਦੀ। ਗੱਲ ਨੂੰ ਧਿਆਨ ਨਾਲ ਸੁਣ, ਹਰ ਪਹਿਲੂ ਨੂੰ ਸਮਝਣ ਤੇ ਸਮਝਾਉਣ ਵਾਲੇ ਹੀ ਮੀਰੀ ਗੁਣ ਦੇ ਮਾਲਕ ਹੁੰਦੇ।
ਕੰਨ ਹੀ ਹੁੰਦੇ ਨੇ, ਜੋ ਤੁਹਾਨੂੰ ਕੁਕਰਮੀ ਜਾਂ ਕਿਰਤੀ, ਮਨ ਦਾ ਮਹਿਰਮ ਜਾਂ ਨਫਰਤ ਦਾ ਪਾਤਰ, ਮਿਲਾਪ ਧਰਾਤਲ ਜਾਂ ਵਿਛੜਨ ਵੇਲਾ, ਹਾਂ-ਪੱਖੀ ਹੁੰਗਾਰਾ ਜਾਂ ਨਾਂਹ-ਵਾਚਕ ਮੁਨਕਰੀ, ਉਗਦੀ ਸਰਘੀ ਜਾਂ ਸੰਘਣੀ ਸ਼ਾਮ, ਕੁਹਜ ਦਾ ਪ੍ਰਛਾਵਾਂ ਜਾਂ ਸੁਹਜ ਦਾ ਸਿਰਨਾਵਾਂ, ਨਿੱਘੀ ਗੱਲਵਕੜੀ ਜਾਂ ਤੋੜ-ਵਿਛੋੜੇ ਦਾ ਸਬੱਬ, ਹੱਕ-ਹਲਾਲ ਜਾਂ ਹੱਕ-ਹਰਾਮ, ਸੱਚ-ਸੰਧਾਰਾ ਜਾਂ ਝੂਠ-ਨਿਤਾਰਾ ਅਤੇ ਕਪਟੀ ਕਰੂਪ ਜਾਂ ਸਫਾਫ ਸਰੂਪ ਬਣਾਉਂਦੇ।
ਕੰਨ, ਜਦ ਕੁਲਹਿਣੇ ਲਫਜ਼ਾਂ ਨੂੰ ਰੋਕਣ ਤੋਂ ਬੇਬਸ ਹੁੰਦੇ ਤਾਂ ਮਨ ਵਿਚ ਪੈਦਾ ਹੋਈ ਉਥਲ-ਪੁਥਲ, ਵਿਚਾਰ-ਵਿਹੜੇ ਵਿਚਲੀ ਉਕਸਾਹਟ, ਦਵੰਦ ਅਤੇ ਭਟਕਣ ਨਾਲ ਸੰਵੇਦਨਾ ਵਲੂੰਧਰ ਜਾਂਦੀ।
ਕੰਧਾਂ ਨੂੰ ਲੱਗੇ ਕੰਨ ਜਦ ਤੁਹਾਡੀ ਚੁਗਲੀ ਕਰਦੇ ਤਾਂ ਕੁਝ ਅਜਿਹਾ ਹੋ ਜਾਂਦਾ ਜਿਸ ਨੂੰ ਤੁਸੀਂ ਜੱਗ-ਜ਼ਾਹਰ ਕਰਨ ਤੋਂ ਵਰਜਦੇ। ਕੁਝ ਅਜਿਹਾ ਹੁੰਦਾ ਜੋ ਤੁਹਾਡੇ ਲਈ ਨਮੋਸ਼ੀ ਬਣਦਾ ਪਰ ਕੁਝ ਸਿਰਲੇਖ ਵੀ ਬਣ ਜਾਂਦਾ।
ਕੰਨਾਂ ਦੇ ਕੱਚੇ ਲੋਕ ਸਮਾਜ ਦਾ ਕੋਹੜ ਹੁੰਦੇ ਜਿਨ੍ਹਾਂ ਦੀ ਗਲਾਜ਼ਤ ਅਤੇ ਕਮੀਨਗੀ ਸਮੁੱਚੇ ਸਮਾਜਿਕ ਵਰਤਾਰੇ ਨੂੰ ਕਲੰਕਿਤ ਕਰਦੀ। ਇਹ ਭਾਵੇਂ ਅਫਸਰ, ਕਰਮਚਾਰੀ, ਸੇਵਕ, ਚੌਧਰੀ, ਮਾਂ-ਪਿਉ, ਭੈਣ-ਭਰਾ, ਪਤਨੀ-ਪਤੀ ਜਾਂ ਕੋਈ ਹੋਵੇ। ਸਮਾਜ ਵਿਚਲੀ ਖਿਚੋਤਾਣ, ਰਿਸ਼ਤਿਆਂ ਦੀ ਟੁੱਟ-ਭੱਜ, ਘਰ ਦੀਆਂ ਗਰਕ ਰਹੀਆਂ ਨੀਹਾਂ, ਪਾਕੀਜ਼ਗੀ ਨੂੰ ਲੱਗੀ ਸਿਉਂਕ, ਸੰਦੇਹ ਆਦਿ ਕੰਨਾਂ ਦੇ ਕੱਚਪੁੱਣੇ ਦੀ ਦੇਣ।
ਜਦ ਕੋਈ ਰਾਜ਼ ਕੰਨੋਂ-ਕੰਨੀਂ ਹੁੰਦਾ, ਕੂੜ ਸਫਰ ‘ਤੇ ਤੁਰਦਾ ਤਾਂ ਮਨੁੱਖੀ ਵਿਹਾਰ ਅਤੇ ਅਚਾਰ ਪ੍ਰਸ਼ਨ ਚਿੰਨ ਬਣਦੇ। ਅਜਿਹੇ ਪ੍ਰਸ਼ਨ ਚਿੰਨ ਵਾਦ-ਵਿਵਾਦ ਬਣਦੇ, ਖੂਨ ਤੇ ਕਤਲਾਂ ਦੀ ਭਾਸ਼ਾ ਸਿਰਜਦੇ ਅਤੇ ਸਮਾਜਿਕ ਸਾਂਝ, ਭਾਈਚਾਰੇ ਤੇ ਮੋਹ ਨੂੰ ਸੂਲੀ ‘ਤੇ ਟੰਗ ਕੇ ਜਿਉਣਾ ਦੁਭਰ ਕਰਦੇ। ਅਕਸਰ ਹੀ ਸ਼ਰਾਰਤੀ ਤੇ ਸਨਕੀ ਲੋਕ ਅਜਿਹੀ ਮਾਨਸਿਕਤਾ ਵੱਸ ਅਫਵਾਹਾਂ ਫੈਲਾ ਕੇ ਸਮਾਜਿਕ ਸਹਿਹੋਂਦ ਦਾ ਚੀਰਹਰਣ ਕਰਦੇ।
ਕੰਨ, ਮਨੁੱਖੀ ਕਮੀਨਗੀ ਦਾ ਨਾਮਕਰਨ ਬਣ ਜਾਣ ਤਾਂ ਆਪਣੀ ਹੋਂਦ ਤੇ ਹਸਤੀ ਦਾ ਹੌਲ ਬਣਦੇ। ਅਜਿਹੇ ਕੰਨਾਂ ਨੂੰ ਜਿਉਂਦੇ ਰਹਿਣ ਦਾ ਕੋਈ ਹੱਕ ਨਹੀਂ।
ਕੁਲੱਛਣੇ, ਕੁਰੱਖਤ ਤੇ ਕੁਕਰਮੀ ਬੋਲਾਂ ਤੋਂ ਆਕੀ ਹੋਏ ਕੰਨ, ਚੁਫੇਰੇ ਫੈਲੇ ਕੁਹਜ ਨੂੰ ਨਿਹਾਰਨ ਤੋਂ ਬਾਗੀ ਹੋਏ ਨੈਣ ਅਤੇ ਕੂੜ ਬੋਲਣ ਤੋਂ ਨਾਬਰ ਹੋਈ ਜ਼ੁਬਾਨ, ਜਦ ਸ਼ਖਸੀਅਤ ਦਾ ਅੰਗ ਬਣਦੀ ਤਾਂ ਮਨ-ਬੀਹੀ ਵਿਚ ਖਿੜਦੇ ਸੂਹੇ ਗੁਲਾਬ, ਚਾਵਾਂ ਦਾ ਵਹਿੰਦਾ ਚਨਾਬ, ਲਾਡਾਂ ਦਾ ਉਚਾ ਉਡਦਾ ਓਕਾਬ, ਸੁੱਚਮ ਦਾ ਨਿੱਖਰਦਾ ਸ਼ਬਾਬ ਅਤੇ ਮਾਨਵੀ ਰੰਗਣ ਵਿਚ ਰੰਗੀ, ਵਿਸਮਾਦੀ ਸੁਰਾਂ ਛੇੜਦੀ ਮਰਦਾਨੇ ਦੀ ਰਬਾਬ।
ਕੰਨ ਜਦ ਆਵਾਜ਼ ਦੀਆ ਬਾਰੀਕੀਆਂ ਨੂੰ ਪਛਾਣਦੇ, ਪਰਤਾਂ ਫਰੋਲਦੇ ਅਤੇ ਇਸ ਦੀ ਤਹਿ ਵਿਚ ਛੁਪੀ ਰਮਜ਼ ਨੂੰ ਸੋਚ-ਧਰਾਤਲ ਵਿਚ ਵਸਾ ਕੇ ਕੋਈ ਕਦਮ ਉਠਾਉਣ ਲਈ ਉਤਸ਼ਾਹਿਤ ਕਰਦੇ ਤਾਂ ਆਦਮੀ ਸਹਿਜ, ਸਿਆਣਪ ਅਤੇ ਸੰਤੁਲਨ ਦਾ ਸਿਰਨਾਵਾਂ ਬਣਦਾ। ਕੰਨਾਂ ਦੀ ਅਜਿਹੀ ਕਰਾਮਾਤ ਸਾਹਵੇਂ ਬੌਣੀਆਂ ਸ਼ਖਸੀਅਤਾਂ ਹੋਰ ਬੌਣੀਆਂ ਹੋ ਜਾਂਦੀਆਂ।
ਕੰਨ, ਬੀਬੇ ਬੋਲ, ਮਿਸ਼ਰੀ ਵਰਗੀਆਂ ਗੱਲਾਂ, ਨਰੋਏ ਮਸ਼ਵਰੇ ਅਤੇ ਬਜੁਰਗੀ ਸਿਆਣਪਾਂ ਦਾ ਸਫਾਫ ਪ੍ਰਭਾਵ ਪਾਉਣ ਲਈ ਸਭ ਤੋਂ ਕਾਰਗਾਰ ਸਾਧਨ। ਇਹ ਪੈਰਾਂ ਨੂੰ ਸਥਿਰਤਾ, ਕਦਮਾਂ ਨੂੰ ਪਕਿਆਈ ਅਤੇ ਸੋਚ ਵਿਚ ਅੰਬਰੀਂ ਉਡਾਣ ਦਾ ਸ਼ਰਫ ਧਰਦੇ।
ਕੰਨ ਹੀ ਹੁੰਦੇ ਹਨ, ਜੋ ਇਲਾਹੀ ਬੋਲਾਂ ਨੂੰ ਰੂਹ ‘ਚ ਸਮਾਉਂਦੇ, ਰਮਜ਼ੀ ਬੋਲਾਂ ਦਾ ਤਾੜੀਆਂ ਨਾਲ ਸੁਆਗਤ ਕਰਦੇ, ਸੂਖਮ ਬੋਲਾਂ ਵਿਚਲੀ ਸੱਚਾਈ, ਸਮਰਪਣ ਤੇ ਸਾਧਨਾ ਨੂੰ ਗਲ ਨਾਲ ਲਾਉਂਦੇ ਅਤੇ ਜਿੰਦ-ਝੋਲੀ ‘ਚ ਸੁਖਨ-ਸੰਧਾਰਾ ਪਾਉਂਦੇ।
ਕੰਨ ਹੀ ਤਾਂ ਹੁੰਦੇ, ਜੋ ਅੰਮ੍ਰਿਤ ਵੇਲੇ ਗਲੀਆਂ ‘ਚ ਗਾਉਂਦੇ ਫਕੀਰ ਦੀ ਕੂਕ ਵਿਚੋਂ ਅੱਲ੍ਹਾ ਦਾ ਦੀਦਾਰ ਕਰਦੇ, ਮਨੁੱਖ ਸਰਘੀ ਵੇਲੇ ਗਾਉਂਦੀ ਕਾਇਨਾਤ ਨੂੰ ਨਿਹਾਰਦਾ ਅਤੇ ਨਿੱਤਨੇਮ ਵਿਚ ਰੁੱਝੇ ਪਰਿੰਦੇ ਕੁਦਰਤ ਦੀ ਅਰਾਧਨਾ ਕਰਦੇ। ਕੰਨ ਹੀ ਤਾਂ ਗੁਰਦੁਆਰੇ ਦੇ ਮੂਲ-ਮੰਤਰ, ਮਸੀਤ ਦੀ ਅਜ਼ਾਨ, ਮੰਦਰ ਦੇ ਸੰਖ ਅਤੇ ਚਰਚ ਵਿਚਲੀ ਘੰਟੀ ਦੀ ਸੰਵੇਦਨਾ ਰਾਹੀਂ ਇਲਹਾਮੀ ਸੁਨੇਹਾ ਬਣ, ਸਮੁੱਚੀ ਲੋਕਾਈ ਲਈ ਸਰਬੱਤ ਦੇ ਭਲੇ ਦੀ ਅਰਦਾਸ ਬਣਦੇ।
ਕੁਦਰਤ ਦੀ ਕੇਹੀ ਨਿਆਮਤ ਏ ਕਿ ਕੁੱਕੜ ਦੀ ਪਹਿਲੀ ਬਾਂਗ ਨਾਲ ਮਨੁੱਖ ਦਿਨ ਦਾ ਆਗਾਜ਼ ਕਰਦਾ ਅਤੇ ਰਹਿਰਾਸ ਦਾ ਪਾਠ ਜਾਂ ਆਰਤੀ ਸੁਣ ਕੇ ਰਾਤ ਦੇ ਆਗੋਸ਼ ਵਿਚ ਜਾਂਦਾ। ਪਰ ਜੋ ਮਨੁੱਖ ਸੌਣ ਤੋਂ ਪਹਿਲਾਂ ਬੀਤੇ ਦਿਨ ਦਾ ਸ਼ੁਕਰੀਆ ਅਤੇ ਆਉਣ ਵਾਲੇ ਸਮੇਂ ਲਈ ਸ਼ੁਭ-ਕਾਮਨਾ ਮਨ ‘ਚ ਉਤਾਰ, ਸੁਪਨ-ਨਗਰੀ ‘ਚ ਸੁੱਖਦ ਪਲਾਂ ਦਾ ਅਨੰਦ ਮਾਣਦਾ, ਉਹ ਹੀ ਉਤਮ ਪੁਰਖ ਹੁੰਦਾ।
ਕੰਨ ਹੀ ਸਜ਼ਾ ਦੇਣ ਲਈ ਮਾਪਿਆਂ ਦੇ ਹੱਥ ਆਉਂਦਾ, ਜਦ ਬੱਚਾ ਗਲਤੀ ਕਰਦਾ ਜਾਂ ਅਧਿਆਪਕ ਕੰਨ ਮਰੋੜਦਾ, ਜਦ ਸ਼ਿਸ਼ ਕੋਤਾਹੀ ਕਰਦਾ। ਕੰਨ ਪਕੜ ਕੇ ਹੀ ਮੁਆਫੀ ਮਿਲਦੀ ਅਤੇ ਕੰਨ ਪਲੋਸ ਕੇ ਲਾਡਲੇ ਲਈ ਪਿਆਰ-ਦੁਲਾਰ। ਕੰਨਾਂ ਦੀ ਸਰਗੋਸ਼ੀ ਰਾਹੀਂ ਹੀ ਲਡਿੱਕੇ ਦੀ ਸੋਚ ਤੇ ਕਰਮ-ਸਾਧਨਾ ਨੂੰ ਉਚੇਰੀਆਂ ਦਿਸ਼ਾਵਾਂ ਵੰਨੀਂ ਤੋਰਨ ਦਾ ਹੀਲਾ।
ਪਿਆਰੇ/ਮਾਹੀ/ਚੰਨ ਵਲੋਂ ਕੰਨ ਵਿਚ ਦੱਸੇ ਭੇਤ ਦੀ ਕਿਸੇ ਨੂੰ ਖਬਰ ਨਹੀਂ ਹੁੰਦੀ। ਇਹ ਪਿਆਰ-ਸੰਦੇਸ਼ ਹੀ ਅਮੂਰਤ ਚਾਵਾਂ ਤੇ ਸੁਪਨਿਆਂ ਦੀ ਸੁੰਦਰ ਤਸ਼ਬੀਹ ਬਣਦਾ ਜਿਸ ਤੋਂ ਜਿੰਦ ਵਾਰਨ ਨੂੰ ਜੀਅ ਕਰਦਾ।
ਕੰਜਕਾਂ ਦੇ ਕੰਨ ਵਿੰਨੇ ਜਾਂਦੇ ਤਾਂ ਮਾਪਿਆਂ ਦੇ ਮੱਥੇ ‘ਤੇ ਚਿੰਤਾ ਤੇ ਫਿਕਰ ਦੀਆਂ ਲਕੀਰਾਂ ਉਗਦੀਆਂ। ਨੌਜਵਾਨ ਕੰਨਾਂ ਵਿਚ ਮੁਰਕੀਆਂ ਪਾ ਲਵੇ ਤਾਂ ਉਸ ਦੀਆਂ ਹਰਕਤਾਂ ਸ਼ੱਕੀ ਹੁੰਦੀਆਂ। ਜਦ ਕੋਈ ਗਭਰੀਟ ਕੰਨਾਂ ਵਿਚ ਮੁੰਦਰਾਂ ਪਾਉਣ ਲਈ ਕੰਨ ਪੜਵਾਉਣ ਦੀ ਜਿੱਦ ਕਰਦਾ ਤਾਂ ਰਾਂਝਾਂ ਜੋਗੀ ਬਣ ਕੇ ਫਕੀਰੀ ਵਿਚੋਂ ਹੀਰ ਰੂਪੀ ਇਸ਼ਟ ਨੂੰ ਪਾਉਣ ਦਾ ਪ੍ਰਚਮ ਲਹਿਰਾਉਂਦਾ। ਉਹ ਕੱਚ ਦੀਆਂ ਮੁੰਦਰਾਂ ਵਿਚੋਂ ਹੀਰ ਦਾ ਦੀਦਾਰ ਕਰਦਾ ਤਾਂ ਪੈਰਾਂ ਵਿਚ ਸੰਦਲੀ ਸਫਰ ਅਤੇ ਮਸਤਕ ਵਿਚ ਜਿਊਣ-ਚਾਅ ਪੈਦਾ ਹੁੰਦਾ।
ਕੰਨਾਂ ‘ਚ ਪਾਈਆਂ ਨੱਤੀਆਂ, ਮੁਰਕੀਆਂ, ਬੁੰਦੇ, ਝੁਮਕੇ ਆਦਿ ਸ਼ਖਸੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੇ। ਇਹ ਕੰਨਾਂ ਦੇ ਸੁਹੱਪਣ ਤੇ ਸੁਹਜ ਨੂੰ ਹੋਰ ਨਿਖਾਰਨ ਦੀ ਵਿਧਾ।
ਸਰੀਰ ਦੇ ਸਾਰੇ ਅੰਗ ਹੌਲੀ ਹੌਲੀ ਬੁਢੇਪੇ ਦਾ ਰਾਹ ਪਕੜਦੇ ਪਰ ਕੰਨ ਸਭ ਤੋਂ ਅਖੀਰ ਵਿਚ ਬੁੱਢੇ ਹੁੰਦੇ। ਅਕਸਰ ਲੋਕ ਬਹੁਤ ਵਡੇਰੀ ਉਮਰ ‘ਚ ਬੋਲੇਪਣ ਦਾ ਸ਼ਿਕਾਰ ਹੁੰਦੇ।
ਕੰਨ ਕਾਮੇ, ਕੰਨ ਕੁਸੈਲੇ, ਕੰਨ ਹੀ ਕਹਿਰ ਕਮਾਉਣੇ। ਕੰਨਾਂ ਰਾਹੀਂ ਰੁੱਸਣਾ ਅਤੇ ਕੰਨ-ਰਸਤੇ ਯਾਰ ਮਨਾਉਣੇ। ਕੰਨ ਹੀ ਕਸਮ ਨਿਭਾਉਣ ਤੇ ਕੰਨ ਮਿੱਤਰਾਂ ਦਾ ਰਾਜ਼ ਲੁਕਾਉਣ। ਕੰਨ ਹੁੰਦੇ ਯਾਰਾਂ ਦੀ ਯਾਰੀ, ਕੰਨਾਂ ਦੇ ਨਾਲ ਸਾਹਾਂ ਵਰਗੇ ਸੱਜਣਾਂ ਦੀ ਸਰਦਾਰੀ। ਕੰਨ, ਚੌਗਿਰਦਾ ਸਮਝਣ ਵਾਲੇ, ਕੰਨ ਸੋਝੀ ਦਾ ਨਾਂ। ਕੰਨਾਂ ਬਾਝੋਂ ਕੌਣ ਸੁਣੇਂਦਾ ਪਾਇਆ ਨਾਂ ਕੁਨਾਂ। ਕੰਨਾਂ ਦੀ ਪੀੜਾ ਨੂੰ ਕੰਨ, ਆਪੇ ਵਿਚ ਸਮਾਵੇ। ਕੰਨ ਵਿਚਾਰਾ ਕੀਹਦੇ ਅੱਗੇ ਆਪਣਾ ਦਰਦ ਸੁਣਾਵੇ। ਕੰਨਾਂ ਦੀ ਨਗਰੀ ਵਿਚ ਜਿਹੜਾ ਸੁਣਨ ਦਾ ਗੁਣ ਉਪਜਾਵੇ। ਉਹ ਹੀ ਕੰਨਾਂ ਸਦਕਾ ਸਿਰ ਦਾ ਤਾਜ਼ ਬਣ ਜਾਵੇ। ਕੰਨ, ਕੰਨਾਂ ਦੇ ਸੰਗੀ ਅਤੇ ਕੰਨਾਂ ਦੇ ਹਮਸਾਏ। ਕੰਨਾਂ ਵਾਲਾ ਕੰਨਾਂ ਰਾਹੀਂ ਕੰਨ-ਰਾਗ ਬਣ ਜਾਵੇ। ਕੰਨਾਂ ਦੀ ਕਨਹੇੜੀ ਚੜ੍ਹ ਕੇ ਸੁਪਨਾ ਮਨ ਉਗਾਓ ਅਤੇ ਇਸ ਸੁਪਨੇ ਨੂੰ ਤਦਬੀਰਾਂ ਰਾਹੀਂ ਸੰਦਲੀ ਸਫਾ ਬਣਾਓ। ਕੰਨ ਜੀਵਨ ਦਾ ਸੁੱਚਾ ਨਗਮਾ ਹੋਠੀਂ ਗੁਣਗਣਾਓ ਅਤੇ ਕੰਨਾਂ ਦੀ ਤਹਿਜ਼ੀਬ ਵਿਚੋਂ ਜਿੰਦ-ਚਿਰਾਗ ਜਗਾਓ।
ਕੰਨ ਜਦ ਸੁਣਨ ਨੂੰ ਤਰਜੀਹ ਦਿੰਦੇ, ਬੋਲਾਂ ਦੇ ਸਾਰ-ਤੱਤ ਨੂੰ ਵਿਸ਼ਲੇਸ਼ਦੇ, ਸਿਆਣਪਾਂ ਦਾ ਹੁੰਗਾਰਾ ਭਰਦੇ ਅਤੇ ਗੱਲਬਾਤ ਵਿਚਲੀਆਂ ਨਸੀਹਤਾਂ ਨੂੰ ਜੀਵਨ ‘ਚ ਅਪਨਾਉਂਦੇ ਤਾਂ ਕੰਨਾਂ ਦੇ ਸਦਕੇ ਜਾਣ ਨੂੰ ਜੀਅ ਕਰਦਾ।
ਕੰਨਾਂ ਸਦਕਾ ਜਦ ਮਨੁੱਖ ਗੁਰਬਾਣੀ ਦਾ ਕਿਹਾ ਮੰਨ ਕੇ “ਸਚੁ ਸੁਣਹਿ ਸਚੁ ਮੰਨਿ ਲੈਨਿ ਸੱਚੀ ਕਾਰ ਕਮਾਹਿ” ਜਾਂ “ਮੁੱਖ ਸੱਚੇ ਸਚੁ ਦਾੜੀਐ ਸਚੁ ਬੋਲਹਿ ਸਚੁ ਕਮਾਹਿ” ਨੂੰ ਜੀਵਨ ਦਾ ਮੂਲ-ਮੰਤਰ ਬਣਾ ਲਵੇ ਤਾਂ ਧੁੰਧਲਕਾ ਨਹੀਂ ਪੈਦਾ ਹੁੰਦਾ ਸਗੋਂ ਸੱਚ ਦਾ ਚਿਰਾਗ ਜੀਵਨ-ਕੂਟਾਂ ਰੁਸ਼ਨਾਉਂਦਾ, ਸਮਾਜਿਕ, ਪਰਿਵਾਰਕ ਤੇ ਧਾਰਮਿਕ ਰਹਿਬਰੀ ਦਾ ਸੁੱਚਾ ਹਰਫ ਬਣਦਾ।
ਜਦ ਕੋਈ “ਮਖਟੂ ਹੋਇ ਕੈ ਕੰਨ ਪੜਾਏ” ਜਾਂ “ਕੰਨੀਂ ਸੂਤਕ ਕੰਨ ਪੈ ਲਾਇਤਬਾਰੀ ਖਾਹਿ” ਨੂੰ ਜੀਵਨ-ਪੰਧ ਬਣਾ ਲਵੇ ਤਾਂ ਬਾਬਾ ਫਰੀਦ ਜੀ ਦਾ ਮਨ ਪਸੀਜਦਾ ਅਤੇ ਉਹ ਮਨੁੱਖ ਨੂੰ ਸਮਝਾਉਂਦੇ “ਕੰਨੀ ਬੁਜੇ ਦੇ ਰਹਾਂ ਕਿਤੀ ਵਗੈ ਪਾਉਣੁ॥”
ਕੰਨ ਜਦ ਸਿਆਣਿਆਂ ਦੀ ਸੰਗਤ, ਸੁਹਬਤ, ਸੱਚ, ਸਿਆਣਪ ਤੇ ਸਚਿਆਰੇਪਣ ਨੂੰ ਸੁਣ ਕੇ, ਜੀਵਨ-ਜੁਗਤ ਦੀ ਪ੍ਰੇਰਨਾ ਤੇ ਸਾਧਨ ਬਣਦੇ ਤਾਂ ਜ਼ਿੰਦਗੀ ਦਾ ਸੁਜੱਗ ਰੂਪ ਜੱਗ-ਜ਼ਾਹਰ ਹੋ, ਸਮਾਜ ਲਈ ਰੋਲ ਮਾਡਲ ਬਣ ਜਾਂਦਾ।
ਕੰਨ ਜਦ ਸੁਣਨ ਤੋਂ ਮੁੱਨਕਰ ਹੁੰਦੇ ਤਾਂ ਮਨੁੱਖ ਆਪਣੇ ਅੰਤਰੀਵ ‘ਚ ਉਤਰਦਾ। ਦੁਨਿਆਵੀ ਸ਼ੋਰ ਤੋਂ ਅਣਭਿੱਜ, ਸੰਸਾਰਕ ਲੁਭਾਉਣੀਆਂ ਤੋਂ ਅਵੇਸਲਾ, ਰੂਹ ਦੇ ਰੂਬਰੂ ਹੋ, ਖੁਦ ਨਾਲ ਸੰਵਾਦ ਰਚਾਉਂਦਾ। ਸਵੈ-ਹੋਂਦ, ਸੁਯੋਗਤਾ, ਨਰੋਇਆ ਮਾਰਗ-ਦਰਸ਼ਨ ਅਤੇ ਸੁਹੰਢਣੀ ਜੀਵਨ-ਜਾਚ ਨੂੰ ਚਿਤਵਦਾ। ਨਵੀਂ ਲੋਅ ਨਾਲ ਅੰਦਰ ਨੂੰ ਰੁਸ਼ਨਾਉਂਦਾ ਅਤੇ ਹਿਰਦੇ ‘ਚ ਚਾਨਣੀ ਰਾਤ ਦਾ ਗੀਤ ਗੂੰਜਦਾ।
ਕੰਨਾਂ ‘ਤੇ ਜਦ ਅਬੋਲਤਾ ਦਸਤਕ ਦਿੰਦੀ ਤਾਂ ਚੁੱਪ ਦਾ ਦੋ-ਤਾਰਾ ਸਾਹ-ਬੀਹੀ ‘ਚ ਸੱਦ ਲਾਉਂਦਾ। ਇਸ ਸੱਦ ਦੇ ਅਬੋਲ-ਬੋਲ, ਮਨ ‘ਤੇ ਉਕਰੇ ਜਾਂਦੇ ਜਿਸ ਦੀ ਇਬਾਰਤ ਵਿਚੋਂ ਹੀ ਨਵੀਆਂ ਨਿਸ਼ਾਨਦੇਹੀਆਂ ਦੇ ਨਕਸ਼ ਉਭਰਦੇ।
ਆਮੀਨ।