ਸਿੱਖ ਰਾਜ ਦੀ ਪਹਿਲੀ ਰਾਜਧਾਨੀ ਗੁਰਦੁਆਰਾ ਲੋਹਗੜ੍ਹ

ਬੰਦਾ ਬਹਾਦਰ ਉਰਫ ਬਾਬਾ ਬੰਦਾ ਸਿੰਘ ਬਹਾਦਰ ਉਰਫ ਲਛਮਣ ਦੇਵ ਉਰਫ ਮਾਧੋ ਦਾਸ (27 ਅਕਤੂਬਰ-9 ਜੂਨ 1916) ਬੇਮਿਸਾਲ ਯੋਧਾ ਸੀ। ਸਿੱਖ ਜਗਤ ਨੇ ਉਸ ਦੀ ਦੇਣ ਨੂੰ ਪਛੜ ਕੇ ਪਛਾਣਿਆ। ਦੇਸ-ਪਰਦੇਸ ਵਿਚ ਉਨ੍ਹਾਂ ਦੀ ਸ਼ਹਾਦਤ ਦੀ ਤੀਜੀ ਸ਼ਤਾਬਦੀ ਮਨਾਈ ਗਈ। ‘ਪੰਜਾਬ ਟਾਈਮਜ਼’ ਨਾਲ ਜੁੜੇ ਪ੍ਰੋæ ਹਰਪਾਲ ਸਿੰਘ ਨੇ ਬਾਬਾ ਬੰਦਾ ਬਹਾਦਰ ਵੱਲੋਂ ਸਥਾਪਿਤ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਲੋਹਗੜ੍ਹ (ਸਢੌਰਾ, ਹਰਿਆਣਾ) ਦੀ ਯਾਤਰਾ ਕੀਤੀ ਗਈ ਜੋ ਅਸੀਂ ਆਪਣੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ।

ਇਸ ਵਿਚ ਬਾਬਾ ਬੰਦਾ ਬਹਾਦਰ ਵੱਲੋਂ ਜ਼ੁਲਮਤ ਖਿਲਾਫ ਬੁਲੰਦ ਕੀਤੀ ਆਵਾਜ਼ ਸਾਫ ਸੁਣਾਈ ਦਿੰਦੀ ਹੈ। -ਸੰਪਾਦਕ

ਪ੍ਰੋæ ਹਰਪਾਲ ਸਿੰਘ
ਫੋਨ: 916-478-1640

ਜਿਹੜੀਆਂ ਕੌਮਾਂ ਆਪਣੇ ਇਤਿਹਾਸਕ ਵਿਰਸੇ ਤੋਂ ਸੱਖਣੀਆਂ ਹੋ ਜਾਂਦੀਆਂ ਹਨ, ਇਤਿਹਾਸਕ ਯਾਦਗਾਰਾਂ ਨੂੰ ਮਿਟਾਉਣ ਦੇ ਕੁਰਾਹੇ ਪੈ ਜਾਂਦੀਆਂ ਹਨ, ਜਾਂ ਨਵੀਨੀਕਰਨ ਦੀ ਅੰਨ੍ਹੀ ਦੌੜ ਵਿਚ ਭਟਕ ਜਾਂਦੀਆਂ ਹਨ, ਉਹ ਘੁੱਪ ਹਨੇਰੇ ਦੇ ਅਥਾਹ ਸਾਗਰ ਵਿਚ ਗਰਕ ਹੋ ਜਾਂਦੀਆਂ ਹਨ। ਸੰਸਾਰਕ ਵਪਾਰੀਕਰਨ ਦੀ ਸੋਚ ਨੇ ਸਿੱਖੀ ਮਾਨਸਿਕਤਾ ਦਾ ਵੀ ਵਪਾਰੀਕਰਨ ਕਰ ਦਿਤਾ ਹੈ। ਕਿਸੇ ਕੌਮ ਨੂੰ ਨਸ਼ਟ ਕਰਨ ਵਿਚ ਪਹਿਲਾ ਕਦਮ ਉਸ ਦੀ ਯਾਦਾਸ਼ਤ ਮੇਟਣਾ ਹੁੰਦਾ ਹੈ। ਇਸ ਦੀਆਂ ਕਿਤਾਬਾਂ, ਸਭਿਆਚਾਰ ਅਤੇ ਇਤਿਹਾਸ ਨੂੰ ਤਬਾਹ ਕਰ ਦਿਉ, ਫਿਰ ਕਿਸੇ ਕੋਲੋਂ ਨਵੀਆਂ ਪੁਸਤਕਾਂ ਲਿਖਾ ਲਉ, ਨਵਾਂ ਇਤਿਹਾਸ ਰਚ ਲਉ। ਕੁਝ ਚਿਰ ਬਾਅਦ ਉਹ ਕੌਮ ਆਪੇ ਹੀ ਇਹ ਗੱਲ ਭੁੱਲ ਜਾਵੇਗੀ ਕਿ ਉਹ ਕੀ ਹੈ ਤੇ ਕੀ ਸੀ? (ਮਿਲਾਨ ਕੁੰਦਰਾ)
ਵਪਾਰਕ ਅਤੇ ਆਧੁਨਿਕ ਸੋਚ ਅਧੀਨ ਆਪਣੇ ਇਹਿਤਾਸਕ ਵਿਰਸੇ ਤੋਂ ਮੂੰਹ ਮੋੜਨਾ, ਗੁਰੂਆਂ, ਪੀਰਾਂ, ਯੋਧਿਆਂ ਅਤੇ ਆਪਣੇ ਸੂਰਬੀਰਾਂ ਨੂੰ ਭੁੱਲ ਜਾਣਾ ਅੱਜ ਸਿੱਖ ਜਗਤ ਦੀ ਵੱਡੀ ਤ੍ਰਾਸਦੀ ਹੈ। ਪੀਰੀ ਨੂੰ ਵਿਸਾਰ ਕੇ ਮੀਰੀ ਦਾ ਪੱਲਾ ਫੜ ਲੈਣਾ ਬੱਜਰ ਭੁੱਲ ਹੈ। ਇਹ ਵਰਤਾਰਾ ਸਿੱਖ ਜਗਤ ਵਿਚ ਹਰ ਪਲ, ਹਰ ਘੜੀ ਅਤੇ ਹਰ ਰੋਜ਼ ਹੋ ਰਿਹਾ ਹੈ। ਹੋਰ ਵਰਗਾਂ ਵਾਂਗ ਸਿੱਖ ਜਗਤ ਵੀ ਦੌਲਤ, ਸ਼ੋਹਰਤ, ਵਡਿਆਈ, ਰੁਤਬੇ ਤੇ ਚੌਧਰ ਦਾ ਸ਼ਿਕਾਰ ਹੋ ਗਿਆ ਹੈ ਅਤੇ ਅੱਜ ਇਹ ਤਮਾਸ਼ਾ ਦੇਖ ਰਿਹਾ ਹੈ। ਗੁੰਗੇ ਤੇ ਬਹਿਰੇ ਲੋਕਾਂ ਤੋਂ ਭਲਾ ਕੀ ਆਸ ਕੀਤੀ ਜਾ ਸਕਦੀ ਹੈ? ਜੇ ਕੋਈ ਸਿਰ ਫਿਰਿਆ ਯਤਨ ਕਰਨ ਦੀ ਕੋਸ਼ਿਸ਼ ਕਰਦਾ ਵੀ ਹੈ ਤਾਂ ਉਸ ਉਪਰ ਗੱਦਾਰ ਹੋਣ ਦਾ ਲੇਬਲ ਚਿਪਕਾ ਦਿਤਾ ਜਾਂਦਾ ਹੈ; ਜਾਂ ਇੰਜ ਕਹਿ ਲਵੋ ਕਿ ਉਸ ਦਾ ਮੱਕੂ ਠੱਪ ਦਿਤਾ ਜਾਂਦਾ ਹੈ।
ਰੀਝ ਸੀ ਕਿ ਸਿੱਖ ਜਗਤ ਦੀਆਂ ਬਾਕੀ ਬਚੀਆਂ ਯਾਦਗਾਰਾਂ ਸੰਭਾਲਣ ਦਾ ਯਤਨ ਕਰਾਂ। ਕੁਝ ਆਪਣੀਆਂ ਮਜਬੂਰੀਆਂ, ਕੁਝ ਸਮੇਂ ਦੀ ਬੇਵਫਾਈ ਕਾਰਨ ਗੱਲ ਲੰਬੀ ਹੁੰਦੀ ਗਈ। ਫਿਰ 14 ਮਾਰਚ ਨੂੰ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਲੋਹਗੜ੍ਹ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ।
ਚੰਡੀਗੜ੍ਹ ਤੋਂ ਨਰਾਇਣਗੜ੍ਹ (ਹਰਿਆਣਾ) ਜਾਣ ਲਈ ਬੱਸ ਮਿਲਦੀ ਹੈ ਅਤੇ ਇਹ ਸਫਰ ਲਗਭਗ ਦੋ ਘੰਟੇ ਦਾ ਹੈ। ਨਰਾਇਣਗੜ੍ਹ ਤੋਂ ਬਿਲਾਸਪੁਰ ਬੱਸਾਂ ਚਲਦੀਆਂ ਹਨ, ਪਰ ਰਸਤੇ ਵਿਚ ਉਸ ਮਹਾਨ ਸਥਾਨ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਜਿਸ ਨੂੰ ਗੁਰੂ ਗੋਬਿੰਦ ਸਿੰਘ, ਪੀਰ ਬੁੱਧੂ ਸ਼ਾਹ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਇਸ ਸਥਾਨ ਦਾ ਨਾਂ ਹੈ-ਸਢੌਰਾ। ਨਰਾਇਣਗੜ੍ਹ ਤੋਂ ਸਢੌਰੇ ਦਾ ਰਾਹ ਅੱਧੇ ਘੰਟੇ ਦਾ ਹੈ। ਇਤਿਹਾਸ ਵਿਚ ਇਸ ਦਾ ਨਾਂ ਸਾਧੂਵਾੜਾ ਵੀ ਆਉਂਦਾ ਹੈ। ਇਹ ਕਿਸੇ ਸਮੇਂ ਬੁੱਧ ਮਤ ਦਾ ਮਸ਼ਹੂਰ ਕੇਂਦਰ ਸੀ, ਪਰ ਸ਼ੰਕਰਾਚਾਰੀਆ ਅਤੇ ਉਸ ਦੇ ਚੇਲਿਆਂ ਨੇ ਇਸ ਨੂੰ ਹਿੰਦੂ ਮੱਠ ਵਿਚ ਤਬਦੀਲ ਕਰ ਦਿਤਾ। ਸਢੌਰਾ ਪ੍ਰਾਚੀਨ ਤੇ ਵੱਡਾ ਸ਼ਹਿਰ ਸੀ ਅਤੇ ਇਥੋਂ ਦਾ ਕਿਲ੍ਹਾ ਵੀ ਬਹੁਤ ਵੱਡਾ ਤੇ ਮਜ਼ਬੂਤ ਸੀ। ਸ਼ਹਿਰ ਦਾ ਹਾਕਮ ਉਸਮਾਨ ਖਾਨ ਸੀ। ਉਸਮਾਨ ਖਾਨ ਨੇ ਗੁਰੂ ਗੋਬਿੰਦ ਸਿੰਘ ਦੇ ਸਿੱਖ, ਸਈਅਦ ਬਦਰ-ਉਦ-ਦੀਨ (ਪੀਰ ਬੁੱਧੂ ਸ਼ਾਹ) ਅਤੇ ਉਸ ਦੇ ਪਰਿਵਾਰ ਉਤੇ ਬੜੇ ਜ਼ੁਲਮ ਢਾਹੇ ਸਨ ਤੇ ਉਨ੍ਹਾਂ ਨੂੰ ਸ਼ਹੀਦ ਕਰ ਦਿਤਾ ਸੀ। ਉਸਮਾਨ ਖਾਨ ਹਿੰਦੂਆਂ ਦੀਆਂ ਧੀਆਂ-ਭੈਣਾਂ ਦੀ ਇਜਤ ਲੁੱਟਣ ਦਾ ਕੋਈ ਮੌਕਾ ਹੱਥੋਂ ਨਹੀਂ ਸੀ ਜਾਣ ਦਿੰਦਾ। ਇਸੇ ਕਰ ਕੇ ਹੀ ਕਪੂਰੀ ਦੀ ਜਿੱਤ ਤੋਂ ਬਾਅਦ ਬੰਦਾ ਬਹਾਦਰ ਨੇ ਸਢੌਰੇ ਵੱਲ ਕੂਚ ਕੀਤਾ। ਇਹਿਤਾਸਕਾਰਾਂ ਅਨੁਸਾਰ, ਬੰਦਾ ਬਹਾਦਰ ਦੀ ਫੌਜ ਦੀ ਗਿਣਤੀ 35 ਤੋਂ 40 ਹਜ਼ਾਰ ਤੱਕ ਹੋ ਚੁੱਕੀ ਸੀ। ਜੈਪੁਰ ਰਿਆਸਤ ਦੇ ਸ਼ਾਹੀ ਰਿਕਾਰਡ ਵਿਚ ਇਹ ਗਿਣਤੀ 70 ਹਜ਼ਾਰ ਦੇ ਕਰੀਬ ਦੱਸੀ ਗਈ ਹੈ।
ਲੋਕਾਂ ਦੀ ਫਰਿਆਦ ਸੁਣ ਕੇ ਬਾਬਾ ਬੰਦਾ ਬਹਾਦਰ ਨੇ ਸਢੋਰੇ ‘ਤੇ ਹਮਲਾ ਕੀਤਾ ਅਤੇ ਇਸ ਨੂੰ ਫਤਿਹ ਕੀਤਾ। ਨਾਲ ਹੀ ਕਿਲ੍ਹੇ ਨੂੰ ਮੁੜ ਮਜ਼ਬੂਤ ਕੀਤਾ ਗਿਆ ਜਿਸ ਵਿਚ ਖਾਲਸਾ ਫੌਜ ਹਰ ਸਮੇਂ ਤਿਆਰ ਬਰ-ਤਿਆਰ ਰਹਿੰਦੀ ਸੀ। ਬਾਬਾ ਬੰਦਾ ਬਹਾਦਰ ਨੇ ਕਿਲ੍ਹੇ ਦੇ ਸਾਹਮਣੇ ਮੈਦਾਨ ਵਿਚ ਆਪਣੇ ਹੱਥਾਂ ਨਾਲ ਲੱਕੜ ਦੇ ਨਿਸ਼ਾਨ ਸਾਹਿਬ ਦੀ ਸਥਾਪਤੀ ਕੀਤੀ ਜੋ ਅੱਜ ਵੀ ਕਿਲ੍ਹੇ ਦੀ ਖੱਬੀ ਬਾਹੀ ਵੱਲ ਸਥਿਤ ਹੈ। ਇਕ ਪੁਰਾਤਨ ਖੂਹ ਵੀ ਨਿਸ਼ਾਨ ਸਾਹਿਬ ਵਾਲੇ ਪਾਸੇ ਨਜ਼ਰ ਆਉਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਬਾਬਾ ਬੰਦਾ ਬਹਾਦਰ ਲੱਕੜ ਦਾ ਇਹ ਨਿਸ਼ਾਨ ਸਾਹਿਬ ਲੋਹਗੜ੍ਹ ਤੋਂ ਆਪਣੇ ਮੋਢੇ ਉਪਰ ਉਠਾ ਕੇ ਲਿਆਏ ਸਨ। ਨਿਸ਼ਾਨ ਸਾਹਿਬ ਦੇ ਸਾਹਮਣੇ ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਹੈ ਜਿਥੇ ਕਿਸੇ ਸਮੇਂ ਉਹ ਠਹਿਰਦੇ ਸਨ। ਸਢੋਰੇ ਵਿਚ ਹੀ ਉਨ੍ਹਾਂ ਦਾ ਵਿਸ਼ਾਲ ਕਿਲ੍ਹਾ ਸੀ ਜੋ ਸਮੇਂ ਨਾਲ ਬਰਬਾਦ ਹੋ ਗਿਆ। ਲੋਕਾਂ ਨੇ ਕਿਲ੍ਹੇ ਦੀ ਚਾਰਦੀਵਾਰੀ ਢਾਹ ਕੇ ਆਪਣੇ ਮਕਾਨ ਬਣਾ ਲਏ ਹਨ। ਕਿਲ੍ਹੇ ਦੀ ਇਕ ਬਾਹੀ ਹੀ ਬਚੀ ਹੈ। ਪੁਰਾਤਨ ਸਮੇਂ ਦੀਆਂ ਤੰਗ ਗਲੀਆਂ ਦੀ ਦਿਖ ਅੱਜ ਵੀ ਨਜ਼ਰ ਆਉਂਦੀ ਹੈ।
ਸਢੌਰੇ ਵਿਚ ਪੀਰ ਬੁੱਧੂ ਸ਼ਾਹ ਦੀ ਯਾਦ ਵਿਚ ਗੁਰਦੁਆਰਾ ਸਥਾਪਤ ਹੈ। ਉਥੇ ਉਨ੍ਹਾਂ ਦਾ ਜਨਮ ਸਥਾਨ ਹੈ। ਪੀਰ ਨੂੰ ਭੇਟ ਕੀਤਾ ਕੰਘਾ ਅਤੇ ਸਿਰ ਦੇ ਕੁਝ ਵਾਲ ਇਥੇ ਗੁਰਦਆਰੇ ਵਿਚ ਮੌਜੂਦ ਹਨ। ਸਢੌਰੇ ਦੇ ਤੰਗ ਬਾਜ਼ਾਰਾਂ ਵਿਚ ਅੱਜ ਵੀ ਪੁਰਾਣੀਆਂ ਢਹਿ-ਢੇਰੀ ਹੋਈਆਂ ਹਵੇਲੀਆਂ ਦੇਖਣ ਨੂੰ ਮਿਲਦੀਆਂ ਹਨ। ਜਿਸ ਜਗ੍ਹਾ ‘ਤੇ ਮੁਗਲ ਰਾਏਜ਼ਾਦਿਆਂ ਅਤੇ ਉਨ੍ਹਾਂ ਦੇ ਪੈਰੋਕਾਰਾਂ ਦਾ ਕਤਲ ਕੀਤਾ ਗਿਆ ਸੀ, ਉਸ ਨੂੰ ਕਤਲਗੜ੍ਹ ਕਿਹਾ ਜਾਂਦਾ ਹੈ। ਉਥੇ ਅੱਜ ਕੱਲ੍ਹ ਜੈਨੀਆਂ ਦਾ ਹਾਈ ਸਕੂਲ ਹੈ।
ਸਢੌਰੇ ਤੋਂ ਅਗਲਾ ਸ਼ਹਿਰ ਬਿਲਾਸਪੁਰ ਹੈ। ਲਗਭਗ 16 ਕਿਲੋਮੀਟਰ ਦੇ ਸਫਰ ਲਈ ਅੱਧਾ ਘੰਟਾ ਲੱਗ ਜਾਂਦਾ ਹੈ। ਤਿੰਨ-ਚਾਰ ਮੀਲ ‘ਤੇ ਹਿੰਦੂਆਂ ਦਾ ਤੀਰਥ ਕਪਾਲ ਮੋਚਨ ਹੈ। ਇਸ ਵਿਚ ਤਿੰਨ ਮਸ਼ਹੂਰ ਮੰਦਰ-ਸੂਰਜ ਮੰਦਰ, ਕਪਾਲ ਮੋਚਨ ਅਤੇ ਰਿਣ ਮੰਦਰ ਹਨ। ਹਰ ਸਾਲ ਲੱਖਾਂ ਸ਼ਰਧਾਲੂ ਇਨ੍ਹਾਂ ਤੀਰਥ ਦੀ ਯਾਤਰਾ ਕਰਦੇ ਹਨ। ਕਪਾਲ ਮੋਚਨ ਵਿਚ ਹੀ ਸਿੱਖਾਂ ਦੇ ਪਹਿਲੇ ਗੁਰੂ, ਬਾਬੇ ਨਾਨਕ ਦਾ ਗੁਰਦੁਆਰਾ ਹੈ। ਕਿਹਾ ਜਾਂਦਾ ਹੈ ਕਿ ਸੂਤਕ ਸ਼ਬਦ ਦੀ ਰਚਨਾ ਗੁਰੂ ਜੀ ਨੇ ਇਸ ਸਥਾਨ ‘ਤੇ ਹੀ ਕੀਤੀ ਸੀ। ਗੁਰੂ ਗੋਬਿੰਦ ਸਿੰਘ ਦਾ ਵੀ ਗੁਰਦੁਆਰਾ ਹੈ। ਗੁਰਦੁਆਰੇ ਦੇ ਸਾਹਮਣੇ ਅਤੇ ਕਪਾਲ ਮੋਚਨ ਦੀ ਸੱਜੀ ਬਾਹੀ ਨਾਲ ਇਕ ਹੋਰ ਗੁਰਦੁਆਰਾ ਹੈ ਜਿਸ ਨੂੰ ਤੰਬੂ ਸਾਹਿਬ ਕਿਹਾ ਜਾਂਦਾ ਹੈ। ਆਮ ਵਿਚਾਰ ਇਹ ਹੈ ਕਿ ਜਦੋਂ ਗੁਰੂ ਜੀ ਕਪਾਲ ਮੋਚਨ ਆਏ ਸਨ ਤਾਂ ਉਨ੍ਹਾਂ ਦੀ ਫੌਜ ਤੰਬੂ ਸਾਹਿਬ ਦੇ ਸਥਾਨ ‘ਤੇ ਠਹਿਰੀ ਸੀ।
ਕਪਾਲ ਮੋਚਨ ਦੇ ਮੰਦਰ ਵਿਚ ਦੋ ਹੁਕਮਨਾਮੇ ਹਨ-ਇਕ ਗੁਰੂ ਨਾਨਕ ਅਤੇ ਦੂਸਰਾ ਗੁਰੂ ਗੋਬਿੰਦ ਸਿੰਘ ਦਾ। ਦੋਨਾਂ ਦੀ ਹਾਲਤ ਬਹੁਤ ਖਸਤਾ ਹੈ। ਬ੍ਰਾਹਮਣੀ ਸੋਚ ਅਨੁਸਾਰ ਜਦੋਂ ਗੁਰੂ ਗੋਬਿੰਦ ਸਿੰਘ ਕਪਾਲ ਮੋਚਨ ਦੇ ਦਰਸ਼ਨ ਕਰਨ ਆਏ ਸਨ ਤਾਂ ਉਨ੍ਹਾਂ ਨੇ ਪੰਡਿਤ ਰਾਮ ਨਾਥ ਤੋਂ ਚੰਡੀ ਦਾ ਪਾਠ ਕਰਵਾਇਆ ਸੀ। ਭਵਨ ਕੁੰਡ ਤੋਂ ਦਰਗਾ ਦੇਵੀ ਪ੍ਰਗਟ ਹੋਈ ਤੇ ਉਸ ਨੇ ਗੁਰੂ ਜੀ ਨੂੰ ਤਲਵਾਰ ਭੇਟ ਕੀਤੀ। ਗੁਰੂ ਜੀ ਨੇ ਪੰਡਿਤ ਨੂੰ ਆਪਣਾ ਪ੍ਰੋਹਿਤ ਮੰਨਿਆ ਅਤੇ ਸਿੱਖਾਂ ਦੇ ਨਾਮ ਇਹ ਹੁਕਮਨਾਮਾ ਜਾਰੀ ਕੀਤਾ ਕਿ ਜੋ ਵੀ ਪੰਡਿਤਾਂ ਦੀ ਪੂਜਾ ਕਰੇਗਾ, ਉਹ ਉਸ ‘ਤੇ ਪ੍ਰਸੰਨ ਹੋਣਗੇ। ਇਹ ਹੁਕਮਨਾਮਾ ਪੰਡਿਤ ਦੇ ਪਰਿਵਾਰ ਕੋਲ ਅੱਜ ਵੀ ਹੈ, ਪਰ ਇਸ ਨੂੰ ਸਪਸ਼ਟ ਰੂਪ ਵਿਚ ਪੜ੍ਹਿਆ ਨਹੀਂ ਜਾ ਸਕਦਾ।
ਬਿਲਾਸਪੁਰ ਤੋਂ 15 ਕਿਲੋਮੀਟਰ ਦੀ ਦੂਰੀ ‘ਤੇ ਛੋਟਾ ਜਿਹਾ ਕਸਬਾ ਰਣਜੀਤਪੁਰਾ ਹੈ। ਲੋਹਗੜ੍ਹ ਨੂੰ ਜਾਣ ਲਈ ਬੱਸ ਦਾ ਸਫਰ ਇਥੇ ਆ ਕੇ ਖਤਮ ਹੋ ਜਾਂਦਾ ਹੈ। ਇਸ ਤੋਂ ਬਾਅਦ ਦਾ ਸਫਰ 6 ਕਿਲੋਮੀਟਰ ਦਾ ਹੈ। ਕੋਈ ਬੱਸ ਜਾਂ ਟੈਂਪੂ ਨਹੀਂ ਜਾਂਦਾ। ਰਣਜੀਤਪੁਰਾ ਤੋਂ ਅੱਗੇ ਪਿੰਡ ਭਗਵਾਨਪੁਰ ਹੈ। ਕੱਚੀ ਸੜਕ ਇਥੇ ਆ ਕੇ ਖਤਮ ਹੋ ਜਾਂਦੀ ਹੈ। ਭਗਵਾਨਪੁਰ ਚੋਅ ਦੇ ਕੰਢੇ ਉਤੇ ਹੈ। ਅੱਗੇ ਪਹਾੜ, ਜੰਗਲ ਅਤੇ ਨਦੀ ਦਾ ਰਾਹ ਸ਼ੁਰੂ ਹੋ ਜਾਂਦਾ ਹੈ। ਅੱਗੇ ਤਿੰਨ-ਚਾਰ ਕਿਲੋਮੀਟਰ ਵਾਟ ਹੈ। ਨਦੀ ਉਪਰ ਕੋਈ ਪੁਲ ਨਹੀਂ। ਇਹ ਨਦੀ ਲੋਹਗੜ੍ਹ ਵੱਲੋਂ ਹੋ ਕੇ ਆਉਂਦੀ ਹੈ। ਬਰਸਾਤਾਂ ਵਿਚ ਸਫਰ ਕਰਨਾ ਮੁਸ਼ਕਿਲ ਹੈ, ਕਿਉਂਕਿ ਪਤਾ ਨਹੀਂ ਕਦੋਂ ਨਦੀ ਵਿਚ ਪਾਣੀ ਦਾ ਉਛਾਲ ਆ ਜਾਂਦਾ ਹੈ। ਸਤੰਬਰ ਤੋਂ ਲੈ ਕੇ ਮਾਰਚ ਤੱਕ ਦਾ ਸਫਰ ਅਨੰਦਦਾਇਕ ਹੁੰਦਾ ਹੈ। ਚੋਅ ਵਿਚ ਹੀ ਨਦੀ ਵਗਦੀ ਹੈ। ਨਦੀ ਪਾਰ ਕਰ ਕੇ ਉਚਾ ਮੈਦਾਨ ਨਜ਼ਰ ਆਉਂਦਾ ਹੈ ਜਿਸ ਵਿਚ ਨਿਸ਼ਾਨ ਸਾਹਿਬ ਸੁਸ਼ੋਭਿਤ ਹੈ। ਛੋਟਾ ਜਿਹਾ ਗੁਰਦੁਆਰਾ ਹੈ ਜਿਸ ਨੂੰ ਲੋਹਗੜ੍ਹ ਕਿਹਾ ਜਾਂਦਾ ਹੈ। ਇਹ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਹੈ ਜਿਸ ਦੀ ਸਥਾਪਨਾ ਬਾਬਾ ਬੰਦਾ ਸਿੰਘ ਬਹਾਦਰ ਨੇ ਲੋਹਗੜ੍ਹ ਰਹਿੰਦਿਆਂ ਕੀਤੀ ਸੀ।
ਲੋਹਗੜ੍ਹ ਦਾ ਅਸਲ ਨਾਂ ਸ਼ਾਹ ਜਹਾਨ ਦੇ ਨਜ਼ਦੀਕੀ ਅਤੇ ਭਰੋਸੇਯੋਗ ਜਰਨੈਲ ਮੁਖਲਿਸ ਖਾਂ ਨਾਲ ਸਬੰਧਤ ਹੈ। ਪਹਾੜੀ ਰਾਜਿਆਂ, ਖਾਸ ਕਰ ਕੇ ਨਾਹਨ ਦੇ ਰਾਜੇ ਦੀਆਂ ਗਤੀਵਿਧੀਆਂ ਦੀ ਦੇਖ-ਰੇਖ ਕਰਨ ਵਾਸਤੇ ਇਸ ਕਿਲ੍ਹੇ ਦੀ ਉਸਾਰੀ ਕੀਤੀ ਗਈ ਸੀ। ਜਦੋਂ ਬਾਬਾ ਬੰਦਾ ਬਹਾਦਰ ਨੇ ਸਰਹਿੰਦ ਤੋਂ ਬਾਅਦ ਇਸ ਕਿਲ੍ਹੇ ਨੂੰ ਫਤਿਹ ਕੀਤਾ ਤਾਂ ਇਸ ਦਾ ਨਾਮ ਕਿਲ੍ਹਾ ਲੋਹਗੜ੍ਹ ਰੱਖ ਦਿੱਤਾ ਗਿਆ ਅਤੇ ਇਸ ਨੂੰ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਕਿਹਾ। ਇਥੋਂ ਹੀ ਬੰਦਾ ਸਿੰਘ ਨੇ ਗੁਰੂਆਂ ਦੇ ਨਾਂ ‘ਤੇ ਖਾਲਸਈ ਸਿੱਕਾ ਤੇ ਮੋਹਰਾਂ ਜਾਰੀ ਕੀਤੀਆਂ ਸਨ।
ਪਹਾੜਾਂ ਵਿਚ ਤਿੰਨ ਪਾਸਿਆਂ ਤੋਂ ਘਿਰਿਆ ਕੋਈ ਡੇਢ ਤੋਂ ਦੋ ਏਕੜ ਵਿਚ ਫੈਲਿਆ ਹੋਇਆ, ਉਚੀ ਥਾਂ ਵਾਲਾ ਇਹ ਸਥਾਨ ਫੌਜੀ ਯੁੱਧਨੀਤੀ ਤੋਂ ਅਨੁਕੂਲ ਸੀ। ਦੁਸ਼ਮਣ ਦਾ ਇਥੇ ਪੁੱਜਣਾ ਬਹੁਤ ਔਖਾ ਸੀ। ਦੁਸ਼ਮਣ ਦੇ ਘੇਰੇ ਵਿਚ ਆ ਜਾਣ ‘ਤੇ ਇਥੋਂ ਬਚ ਕੇ ਨਿਕਲਣਾ ਵੀ ਬੜਾ ਆਸਾਨ ਸੀ। ਪੱਛਮ ਵਾਲੇ ਪਾਸੇ ਤਾਂ ਪਹਾੜ ਬਿਲਕੁਲ ਰਾਹ ‘ਤੇ ਸਿੱਧਾ, ਕਾਫੀ ਉਚਾ ਹੈ ਅਤੇ ਪਹਾੜ ਦੇ ਉਪਰ ਤੱਕ ਪੁੱਜਣਾ ਬਹੁਤ ਮੁਸ਼ਕਿਲ ਹੈ। ਖੱਬੀ ਬਾਹੀ ਵੱਲ ਦੋ ਪਹਾੜੀਆਂ ਹਨ। ਨੀਵੀਂ ਪਹਾੜੀ ‘ਤੇ ਸਿੰਘਾਂ ਨੇ ਕਿਲ੍ਹੇਬੰਦੀ ਕੀਤੀ ਹੋਈ ਸੀ। ਮੁਗਲ ਫੌਜਾਂ ਨਾਲ ਪਹਿਲੀ ਲੜਾਈ ਇਸ ਪਹਾੜੀ ‘ਤੇ ਹੀ ਹੋਈ ਸੀ। ਅੱਜ ਵੀ ਇਸ ਦੇ ਕੁਝ ਕੁ ਨਿਸ਼ਾਨ ਮਿਲਦੇ ਹਨ ਜਿਨ੍ਹਾਂ ਵਿਚ ਲੰਬਾ-ਚੌੜਾ ਚਲ੍ਹਾ ਨੁਮਾ ਸਥਾਨ ਹੈ। ਸ਼ਾਇਦ ਸਿੰਘ ਇਥੇ ਲੰਗਰ ਪਕਾਉਂਦੇ ਸਨ। ਇਥੇ ਨਿਸ਼ਾਨ ਸਾਹਿਬ ਸੁਸ਼ੋਭਿਤ ਹੈ। ਜਦੋਂ ਮੁਗਲ ਸੈਨਾ ਨੇ ਇਸ ਪਹਾੜੀ ‘ਤੇ ਕਬਜ਼ਾ ਕਰ ਲਿਆ ਤਾਂ ਬਾਬਾ ਬੰਦਾ ਬਹਾਦਰ ਅਤੇ ਬਚੇ ਹੋਏ ਸਿੰਘਾਂ ਨੇ ਦੂਸਰੀ ਉਚੀ ਪਹਾੜੀ ‘ਤੇ ਪਨਾਹ ਲੈ ਲਈ, ਪਰ ਉਥੇ ਵੀ ਉਹ ਜ਼ਿਆਦਾ ਦੇਰ ਟਿਕ ਨਹੀਂ ਸਕੇ ਅਤੇ ਰਾਤ ਦੇ ਹਨੇਰੇ ਵਿਚ ਸਾਰੇ ਨਾਹਨ ਦੀਆਂ ਪਹਾੜੀਆਂ ਜੋ ਪਿਛਲੇ ਪਾਸੇ ਸਨ, ਵੱਲ ਨਿਕਲ ਗਏ। ਮੁਗਲ ਸੈਨਾ ਨੇ ਕਿਲ੍ਹੇ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿਤਾ, ਕਿਉਂਕਿ ਇਕ ਅਫਵਾਹ ਇਹ ਵੀ ਸੀ ਕਿ ਬਾਬਾ ਬੰਦਾ ਬਹਾਦਰ ਨੇ ਸਰਹਿੰਦ ਤੋਂ ਲੁੱਟਿਆ ਖਜ਼ਾਨਾ ਲੋਹਗੜ੍ਹ ਦੇ ਕਿਲ੍ਹੇ ਵਿਚ ਛੁਪਾਇਆ ਹੋਇਆ ਸੀ। ਜੰਗਲ ਨੂੰ ਅੱਗ ਲਾ ਦਿੱਤੀ ਗਈ। ਇਤਿਹਾਸ ਦੇ ਪਤਰੇ ਜਲ ਦੇ ਸੁਆਹ ਹੋ ਗਏ। ਅੱਜ ਵੀ ਕਦੀ ਕਦੀ ਭੇਡਾਂ-ਬੱਕਰੀਆਂ ਚਾਰਨ ਵਾਲਿਆਂ ਨੂੰ ਉਸ ਸਮੇਂ ਦੇ ਸਿੱਕੇ ਮਿਲ ਜਾਂਦੇ ਹਨ।
ਸਤੰਬਰ 2003 ਦੇ ਸਮੇਂ ਲਿਖਾਰੀ ਬਲਵੰਤ ਸਿੰਘ ਬਹੋੜੂ ਨੂੰ ਕਿਲ੍ਹਾ ਲੋਹਗੜ੍ਹ ਦੇਖਣ ਦਾ ਅਵਸਰ ਪ੍ਰਾਪਤ ਹੋਇਆ ਸੀ। ਉਨ੍ਹਾਂ ਦੇ ਸ਼ਬਦਾਂ ਅਨੁਸਾਰ- ਗੁਰਦੁਆਰੇ ਵਿਖੇ ਮੌਜੂਦ ਸਿੰਘ ਨੂੰ ਆਪਣੇ ਨਾਲ ਲੈ ਕੇ ਅਸੀਂ ਕੱਚੇ ਤੰਗ ਰਸਤੇ ਰਾਹੀਂ ਝਾੜੀਆਂ ਵਿਚ ਲੁਕੇ, ਢੱਠੇ ਹੋਏ ਕਿਲ੍ਹੇ ਕੋਲ ਪੁੱਜੇ ਜਿਥੇ ਖਾਲਸੇ ਨੇ ਆਪਣੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਗੁਰੂ ਆਸ਼ੇ ਅਨੁਸਾਰ ਸਿੱਖ ਰਾਜ ਸਥਾਪਤ ਕੀਤਾ ਸੀ। ਕਿਲ੍ਹੇ ਨੂੰ ਜਾਂਦੇ ਮੁੱਖ ਦਰਵਾਜ਼ੇ ਨੇੜੇ ਪੱਥਰਾਂ ਨਾਲ ਬਣਿਆ ਤਕਰੀਬਨ 5-6 ਫੁੱਟ ਰਾਹ (ਬੰਦਾ ਸਿੰਘ ਦੇ ਵੇਲੇ ਦਾ ਬਣਿਆ) ਵੀ ਮੌਜੂਦ ਸੀ। ਕਿਲ੍ਹੇ ਦੇ ਉਤਰ ਵਾਲੀ ਬਾਹੀ ਪੱਥਰਾਂ ਨਾਲ ਬਣੀ ਕਿਲ੍ਹੇ ਦੀ ਕੰਧ ਦਾ ਕੁਝ ਹਿੱਸਾ ਬਚਿਆ ਹੋਇਆ ਸੀ। ਕਿਲ੍ਹੇ ਵਿਚ ਕੰਧਾਂ ਨਾਲ ਪਹਿਰੇਦਾਰਾਂ ਲਈ ਬਣੀਆਂ ਫੌਜੀ ਚੌਕੀਆਂ ‘ਤੇ ਪੱਥਰਾਂ ਨਾਲ ਬਣੇ ਫਾਰਸੀ ਨਿਸ਼ਾਨ ਵੀ ਮੌਜੂਦ ਸਨ। ਕਿਲ੍ਹੇ ਵਿਚ ਕਈ ਥਾਂਵਾਂ ਉਤੇ ਡੂੰਘੇ ਟੋਏ ਵੀ ਪੁੱਟੇ ਹੋਏ ਸਨ ਅਤੇ ਉਥੇ ਪੁਰਾਣੇ ਸਮੇਂ ਦੀਆਂ ਇੱਟਾਂ ਵੀ ਮੌਜੂਦ ਸਨ। ਇਹ ਟੋਏ ਤੇ ਇੱਟਾਂ ਦੱਸਦੇ ਹਨ ਕਿ ਬਾਬਾ ਬੰਦਾ ਬਹਾਦਰ ਦੇ ਕਿਲ੍ਹੇ ਦੇ ਘੇਰੇ ਵਿਚੋਂ ਬਚ ਕੇ ਨਿਕਲ ਜਾਣ ਪਿਛੋਂ ਮੁਗਲਾਂ ਨੇ ਉਸ ਦੇ ਧਨ ਅਤੇ ਹਥਿਆਰਾਂ ਦੀ ਖੋਜ ਲਈ ਹੀ ਇਹ ਟੋਏ ਪੁੱਟੇ ਸਨ।
ਅੱਜ ਕੱਲ੍ਹ ਲੋਹਗੜ੍ਹ ਸਥਾਨ ਦੀ ਦੇਖ-ਰੇਖ ਨਿਰੰਗ ਸਿੰਘਾਂ ਦੁਆਰਾ ਕੀਤੀ ਜਾਂਦੀ ਹੈ। 70-80 ਸਾਲ ਦੇ ਦੋ ਬਜ਼ੁਰਗ ਹੀ ਸੇਵਾ ਕਰ ਰਹੇ ਹਨ। ਲੋਕ ਕੇਵਲ ਐਤਵਾਰ ਨੂੰ ਹੀ ਆਉਂਦੇ ਹਨ ਅਤੇ ਗਿਣਤੀ ਨਾਂਹ ਦੇ ਬਰਾਬਰ ਹੁੰਦੀ ਹੈ। ਰਾਹ ਬਹੁਤ ਕਠਿਨ ਅਤੇ ਉਘੜ-ਦੁਘੜ ਹੈ। ਆਈਆਂ ਸੰਗਤਾਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਹੈ। ਲੰਗਰ ਦਾ ਪ੍ਰਬੰਧ ਵੀ ਹੈ। ਜੇ ਕੋਈ ਯਾਤਰੀ ਰਾਤ ਠਹਿਰਨਾ ਚਾਹੁੰਦਾ ਹੈ ਤਾਂ ਉਸ ਲਈ ਮੰਜਾ-ਬਿਸਤਰਾ ਤੇ ਕਮਰਾ ਮਿਲ ਜਾਂਦਾ ਹੈ। ਗੁਰਦੁਆਰੇ ਦੀ ਸੱਜੀ ਬਾਹੀ ਨਾਲ ਬਾਬਾ ਬੰਦਾ ਬਹਾਦਰ ਦੀ ਵਿਸ਼ਾਲ ਮੂਰਤੀ ਦੀ ਸਥਾਪਨਾ ਕੈਨੇਡਾ ਦੇ ਕਿਸੇ ਸਿੰਘ ਦੁਆਰਾ ਕੀਤੀ ਗਈ ਹੈ। ਚਾਰੇ ਪਾਸੇ ਪਹਾੜੀਆਂ ਹਨ। ਨਦੀ ਗੁਰਦੁਆਰੇ ਦੀ ਬਾਹੀ ਨਾਲ ਖਹਿ ਕੇ ਲੰਘਦੀ ਹੈ। ਇਸ ਸਥਾਨ ਦੀ ਪੁਰਾਤਨ ਦਿਖ ਦੇ ਨਿਸ਼ਾਨ ਅਜੇ ਬਾਕੀ ਹਨ। ਲੋੜ ਹੈ, ਇਸ ਪੁਰਾਤਨ ਦਿਖ ਦੀ ਸੰਭਾਲ ਕੀਤੀ ਜਾਵੇ। ਇਹ ਕੋਈ ਸਾਧਾਰਨ ਜਗ੍ਹਾ ਨਹੀਂ, ਇਹ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਹੈ ਜਿਸ ਦੀ ਸਥਾਪਨਾ ਸਿੰਘਾਂ ਨੇ ਲਹੂ ਡੋਲ੍ਹ ਕੇ ਕੀਤੀ ਸੀ।