ਯਾਦਾਂ ਤੇ ਸੁਪਨਿਆਂ ਤੋਂ ਮਹਿਰੂਮ ਜਿੰਦੜੀਆਂ ਤੇ ਖੁਦਕੁਸ਼ੀਆਂ

ਪੰਜਾਬ ਵਿਚ ਖੁਦਕੁਸ਼ੀਆਂ ਦੇ ਵਰਤਾਰੇ ਨੇ ਮੌਜੂਦਾ ਢਾਂਚੇ ਉਤੇ ਸਿੱਧਾ ਅਤੇ ਵੱਡਾ ਪ੍ਰਸ਼ਨ-ਚਿੰਨ੍ਹ ਲਗਾਇਆ ਹੈ, ਪਰ ਆਮ ਕਰ ਕੇ ਅਜਿਹੇ ਵਰਤਾਰਿਆਂ ਨੂੰ ਚਲੰਤ ਮਸਲਿਆਂ ਨਾਲ ਜੋੜ ਕੇ ਦਰਕਿਨਾਰ ਕਰ ਦਿੱਤਾ ਜਾਂਦਾ ਹੈ। ਹੁਕਮਰਾਨ ਸਦਾ ਇਸ ਤਰ੍ਹਾਂ ਹੀ ਕਰਦੇ ਆਏ ਹਨ। ਇਸ ਲੇਖ ਵਿਚ ਸਾਡੀ ਕਾਲਮਨਵੀਸ ਕੁਲਦੀਪ ਕੌਰ ਨੇ ਇਸ ਵਰਤਾਰੇ ਦੇ ਪਿਛੇ ਲੁਕੇ ਤੱਥਾਂ ਬਾਰੇ ਚੀਰ-ਫਾੜ ਕੀਤੀ ਹੈ।

ਇਸ ਲੇਖ ਵਿਚ ਖੁਦਕੁਸ਼ੀਆਂ ਤੋਂ ਪਹਿਲਾਂ ਦੇ ਹਾਲਾਤ ਦੀ ਸ਼ਨਾਖਤ ਕੀਤੀ ਗਈ ਹੈ। -ਸੰਪਾਦਕ

ਕੁਲਦੀਪ ਕੌਰ
ਮੁਨਸ਼ੀ ਪ੍ਰੇਮ ਚੰਦ ਦੀਆਂ ਬਹੁਤੀਆਂ ਰਚਨਾਵਾਂ ਦਿਹਾਤੀ ਰਹਿਤਲ ਦੀ ਹਕੀਕਤ ਨਾਲ ਬਾਵਸਤਾ ਹਨ। ਉਨ੍ਹਾਂ ਦੀ ਕਹਾਣੀ ‘ਪੋਹ ਦੀ ਰਾਤ’ ਦੇ ਕਿਰਦਾਰ ਹਲਕੂ ਨੂੰ ਉਸ ਦੀ ਪਤਨੀ ਜਦੋਂ ਡਾਂਟਦੀ ਹੈ- ਤੇਰੇ ਸੌਂ ਜਾਣ ਕਾਰਨ ਰਾਤੀਂ ਨੀਲੇ ਸਾਰਾ ਖੇਤ ਚਰ ਗਏ, ਤਾਂ ਬੇਹੱਦ ਦੁਖੀ ਹੋਣ ‘ਤੇ ਵੀ ਹਲਕੂ ਦੇ ਮੂੰਹੋਂ ਨਿਕਲਦਾ ਹੈ- ਚੰਗਾ ਹੋਇਆ, ਹੁਣ ਪੋਹ ਦੀਆਂ ਠੰਢੀਆਂ ਰਾਤਾਂ ਵਿਚ ਖੇਤਾਂ ਦੀ ਰਾਖੀ ਕਰਨ ਦਾ ਝੰਜਟ ਮੁੱਕਾ। ਪਾਠਕ ਉਸ ਠੰਢ ਦੀ ਮਾਰ ਤੇ ਬੇਜ਼ਾਰੀ ਦਾ ਅੰਦਾਜ਼ਾ ਲਾ ਸਕਦਾ ਹੈ ਜੋ ਹਲਕੂ ਵਰਗੇ ਸਿਰੜੀ ਤੇ ਮਿਹਨਤੀ ਬੰਦੇ ਨੂੰ ਇੰਜ ਲਾਚਾਰੀ ਤੇ ਬੇਵਸੀ ਦੇ ਸਦਮਿਆਂ ‘ਚ ਧੱਕ ਸਕਦੀ ਹੈ। ਹਲਕੂ ਦੇ ਇਸ ਹਲਫੀਆ ਬਿਆਨ ਪਿਛੋਂ 1947 ਦੀ ਸੱਤਾ ਤਬਦੀਲੀ ਹੋਈ। ਸੱਤਾ ਹਲਕੂ ਦੇ ਹਲਕੇ ਦੇ ਜਾਣੇ-ਪਛਾਣੇ ਚਿਹਰਿਆਂ ਦੇ ਹੱਥਾਂ ਵਿਚ ਆਈ ਤਾਂ ਚਰੇ ਗਏ ਖੇਤ, ਹਰੇ ਹੋਣ ਦੀ ਉਮੀਦ ਜਾਗੀ। ਫਿਰ ਘਰ ਦੀ ਸਰਕਾਰ ਨੇ ਉਸ ਦੇ ਖੇਤਾਂ ‘ਚ ਹਰੀ ਕ੍ਰਾਂਤੀ ਬੀਜ ਦਿੱਤੀ। ਅੱਜ ਸੱਤਾ ਤਬਦੀਲੀ ਦੇ 7 ਦਹਾਕਿਆਂ ਬਾਅਦ ਹਲਕੂ ਆਲਮੀ ਵਪਾਰ ਸੰਗਠਨ ਅਤੇ ਆਲਮੀਕਰਨ ਦੁਆਰਾ ਘੜੀਆਂ ਨੀਤੀਆਂ ਦੀ ਮਾਰ ਭੁਗਤ ਰਿਹਾ ਹੈ। ਉਸ ਲਈ ‘ਲੋਕਾਂ ਦਾ, ਲੋਕਾਂ ਲਈ ਤੇ ਲੋਕਾਂ ਦੁਆਰਾ’ ਵਾਲੀ ਜਮਹੂਰੀਅਤ ਵਾਲਾ ਨਾਅਰਾ ਬੇਮਾਅਨਾ ਹੋ ਚੁੱਕਾ ਹੈ। ਉਦਾਰਵਾਦੀ ਨੀਤੀਆਂ ਤੇ ਖੁੱਲ੍ਹੀ ਮੰਡੀ ਦੇ ਇਸ ਦੌਰ ਵਿਚ ਸਿਰਫ ਹਲਕੂ ਵਰਗਿਆਂ ਦੀ ਕਿਰਤ ਦਾ ਭਾਅ ਕੋਈ ਹੋਰ ਤੈਅ ਕਰਦਾ ਹੈ ਤੇ ਇਸ ਵਾਰ ਉਸ ਕੋਲ ਸਰੀਰ ਤੋਂ ਬਿਨਾ ਗੁਆਉਣ ਲਈ ਕੁਝ ਨਹੀਂ ਬਚਿਆ।
ਅਲਬਰਟ ਕਾਮੂ ਆਪਣੇ ਮਹਤੱਵਪੂਰਨ ਲੇਖ ‘ਦਿ ਮਿੱਥ ਆਫ ਸਿਸੀਫਸ’ ਵਿਚ ਲਿਖਦਾ ਹੈ- ‘ਅਸਲ ਵਿਚ ਤਾਂ ਮਨੁੱਖ ਅੱਗੇ ਸਿਰਫ ਇਕੋ ਦਾਰਸ਼ਨਿਕ ਸਵਾਲ ਹੈ ਅਤੇ ਉਹ ਹੈ ਖੁਦਕੁਸ਼ੀ।’
ਪੰਜਾਬ ਦੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਬਾਰੇ ਚਰਚਾ ਜਾਰੀ ਹੈ। ਇਸ ਚਰਚਾ ‘ਚ ਫਿਕਰਮੰਦੀ ਦੇ ਨਾਲ ਨਾਲ ਹਾਲਤ ਦੀ ਅਸਪਸ਼ਟਤਾ ਕਾਰਨ ਬਹੁਤ ਸਾਰੇ ਸੰਸੇ ਹਨ। ਪਹਿਲਾ ਸੰਸਾ ਖੁਦਕੁਸ਼ੀਆਂ ਦੀ ਗਿਣਤੀ ਦਾ ਹੈ ਜਿਥੇ ਸਦਾ ਵਾਂਗ ਆਵਾਮ ਦਾ ਸਰਕਾਰੀ ਅੰਕੜਿਆਂ ਵਿਚ ਭਰੋਸਾ ਨਹੀਂ ਬੈਠ ਰਿਹਾ। ਸਰਕਾਰ ਸਰੀਰਾਂ ਦੀ ਕਾਨੂੰਨੀ ਗਿਣਤੀ ਕਰਨ ਵਿਚ ਮਸਰੂਫ ਹੈ, ਖੁਦਕੁਸ਼ੀਆਂ ਦਾ ਵਰਤਾਰ ਪਿੰਡੇ ‘ਤੇ ਹੰਢਾ ਰਹੇ ਜਿਊੜਿਆਂ ਦਾ ਰੁਦਨ ਜਾਰੀ ਹੈ। ਦੂਜਾ ਸੰਸਾ ਖੁਦਕੁਸ਼ੀਆਂ ਦੇ ਰੁਝਾਨ ਦੀਆਂ ਪਰਤਾਂ ਫਰੋਲਣ ਦੀ ਥਾਂ ਇਸ ਨੂੰ ਮੁਆਵਜ਼ਿਆਂ ਅਤੇ ਸਰਕਾਰੀ Ḕਦਾਨਾਂ’ ਤੱਕ ਸੀਮਤ ਕਰਨ ਨਾਲ ਜੁੜਦਾ ਹੈ। ਤੀਜਾ ਸੰਸਾ ਖੁਦਕੁਸ਼ੀਆਂ ਤੋਂ ਪਹਿਲਾਂ ਉਨ੍ਹਾਂ ਜਿੰਦਾਂ ਨਾਲ ਵਾਪਰਦੀ ਜ਼ਲਾਲਤ ਤੇ ਬੇਵਸੀ ਬਾਰੇ ਘੇਸਲ ਵੱਟਣ ਨਾਲ ਸਬੰਧਤ ਹੈ ਜਿਸ ਕਾਰਨ ਉਹ ਭਰੀ-ਭਕੁੰਨੀ ਜ਼ਿੰਦਗੀ ਨੂੰ ਬੇਦਾਵਾ ਲਿਖ ਦਿੰਦੇ ਹਨ।
ਪੰਜਾਬ ਵਿਚ ਹਰੀ ਕ੍ਰਾਂਤੀ ਤੋਂ ਪਹਿਲਾਂ ਖੇਤੀ ‘ਚ ਲੱਗੇ ਲੋਕਾਂ ਦਾ ਜਿਊਣ-ਮਰਨ, ਹੱਸਣ-ਗਾਉਣ, ਖਾਣ-ਪੀਣ, ਸਭ ਖੇਤੀ ਦੀ ਧੁਰੀ ਦੁਆਲੇ ਘੁੰਮਦਾ ਸੀ। ਹਰੀ ਕ੍ਰਾਂਤੀ ਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਸੋਚ ਵਿਚ ਪਹਿਲੀ ਵਾਰ ਭੋਜਨ ਪਦਾਰਥਾਂ ਦੀ ਖਰੀਦ-ਵੇਚ ਬਾਰੇ ‘ਮੁਨਾਫੇ’ ਦਾ ਸੰਕਲਪ ਭਰਿਆ। ਹਰੀ ਕ੍ਰਾਂਤੀ ਨੇ ਹੀ ਖੇਤੀ ਦੀ ਕੁਦਰਤ ਨਾਲ ਇਕਸੁਰਤਾ ਭੰਗ ਕੀਤੀ ਅਤੇ ਪੰਜਾਬੀ ਜੀਵਨ ਵਿਚੋਂ ਬਾਬੇ ਨਾਨਕ ਦਾ ‘ਕਿਰਤ ਕਰੋ, ਵੰਡ ਛਕੋ’ ਨਿਰੰਤਰ ਕਿਰਨਾ ਸ਼ੁਰੂ ਹੋ ਗਿਆ।
ਹਰੀ ਕ੍ਰਾਂਤੀ ਦੇ ਪੰਜਾਬੀ ਜੀਵਨ ‘ਤੇ ਪਏ ਆਰਥਿਕ, ਸਮਾਜਿਕ, ਮਾਨਸਿਕ, ਸਿਆਸੀ ਪ੍ਰਭਾਵਾਂ ਅਤੇ ਸਦਮਿਆਂ ਤੋਂ ਬਿਨਾ ਇਸ ਦਾ ਸਭ ਤੋਂ ਵੱਡਾ ਨੁਕਸਾਨ ਸਮਾਜਿਕ ਬਹੁਲਤਾਵਾਦ ਤੇ ਭੋਜਨ ਲੜੀ ਦੀ ਵਿਲੱਖਣਤਾ ਨੂੰ ਖਤਮ ਕਰ ਦੇਣਾ ਹੈ। ਇਸ ਤੱਥ ਨੂੰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੌਜੀ ਦੀ 2005 ਵਿਚ ਜਾਰੀ ਰਿਪੋਰਟ ਰਾਹੀਂ ਸਮਝਿਆ ਜਾ ਸਕਦਾ ਹੈ। ਇਸ ਰਿਪੋਰਟ ਅਨੁਸਾਰ, ਹਰੀ ਕ੍ਰਾਂਤੀ ਦੇ ਤਜਰਬੇ ਤੋਂ ਪਹਿਲਾਂ ਦੇਸੀ ਕਣਕ ਦੀਆਂ 41 ਕਿਸਮਾਂ, ਚੌਲਾਂ ਦੀਆਂ 37, ਮੱਕੀ ਦੀਆਂ 4, ਬਾਜਰੇ ਦੀਆਂ 3, ਗੰਨੇ ਦੀਆਂ 16, ਦਾਲਾਂ ਦੀਆਂ 19, ਕਪਾਹ ਦੀਆਂ 10 ਅਤੇ ਖਾਣ ਵਾਲੇ ਤੇਲਾਂ ਦੀਆਂ 9 ਕਿਸਮਾਂ ਮੌਜੂਦ ਸਨ। ਇਸ ਦਾ ਦੂਜਾ ਅਰਥ ਹੈ ਕਿ 10 ਰੁਪਏ ਕਿੱਲੋ ਵਾਲੀ ਕਣਕ ਨਾ ਖਾ ਸਕਣ ਵਾਲੇ ਗਰੀਬ ਟੱਬਰ ਕੋਲ 2 ਰੁਪਏ ਕਿੱਲੋ ਵਾਲੀ ‘ਮਾੜੀ’ ਕਣਕ ਖਾ ਸਕਣ ਦਾ ਰਾਸਤਾ ਖੁੱਲ੍ਹਾ ਸੀ। ਇਸ ਮਿਸ਼ਰਤ ਫਸਲ ਦਾ ਇਕ ਹਿੱਸਾ ਇਹ ਟੱਬਰ ਆਪਣੇ ਡੰਗਰਾਂ ਨੂੰ ਚਾਰਨ ਦੀ ਗੁੰਜਾਇਸ਼ ਵੀ ਰੱਖਦਾ ਸੀ। ਬਦਲੇ ‘ਚ ਡੰਗਰਾਂ ਨੇ ਇਸ ਦੀ ਥਾਲੀ ਵਿਚੋਂ ਥਿੰਦੇ (ਪ੍ਰੋਟੀਨ ਤੇ ਚਰਬੀ) ਦੀ ਸੰਭਾਵਨਾ ਨਹੀਂ ਸੀ ਮੁੱਕਣ ਦਿੱਤੀ। ਹਰੀ ਕ੍ਰਾਂਤੀ ਨੇ ਜਿਥੇ ਘੱਟ ਜੋਤਾਂ ਵਾਲੇ ਤੇ ਬੇਜ਼ਮੀਨੇ ਟੱਬਰਾਂ ਨੂੰ ਕੁਪੋਸ਼ਣ ਦੇ ਪੀੜ੍ਹੀ-ਦਰ-ਪੀੜ੍ਹੀ ਚੱਲਣ ਵਾਲੇ ਚੱਕਰਵਿਊ ਵਿਚ ਧੱਕ ਦਿਤਾ, ਉਥੇ ਵੱਧ ਜੋਤਾਂ ਵਾਲਿਆਂ ਨੂੰ ਬੇਥਵੀ ਤੇ ਅਣਮਿਣੀ ਪੂੰਜੀ ਦੇ ਦਵੰਦ ਵਿਚ ਫਸਾ ਦਿਤਾ। ਇਸ ਨੇ ਵਾਤਾਵਰਨ ਅਤੇ ਜੀਵ-ਜੰਤੂਆਂ ‘ਤੇ ਕੀ ਅਸਰ ਪਾਇਆ ਹੈ, ਇਹ ਵੱਖਰੀ ਬਹਿਸ ਹੈ।
ਹੁਣ ਚਰਚਾ ਦਾ ਅਹਿਮ ਵਿਸ਼ਾ ਇਹ ਹੈ ਕਿ ਜਦੋਂ ਪੰਜਾਬ ਦੇ ਖੇਤਾਂ ‘ਚ ਹਰੀ ਕ੍ਰਾਂਤੀ ਨੂੰ ਸਿਆਸੀ ਪੈਂਤੜੇ ਵਜੋਂ ਦੂਜੀ ਸੰਸਾਰ ਜੰਗ ਕਾਰਨ ਖਾਲੀ ਹੋਏ ਅਨਾਜ ਭੰਡਾਰ ਭਰਨ ਲਈ ਲਾਗੂ ਕੀਤਾ ਗਿਆ ਤਾਂ ਜਮਹੂਰੀ ਸਰਕਾਰ ਹੋਣ ਦੇ ਬਾਵਜੂਦ ਇਸ ਦੇ ਲੰਬੇ ਸਮੇਂ ਦੇ ਕੁਪ੍ਰਭਾਵਾਂ ਨੂੰ ਮਾਪਣ ਦਾ ਕੋਈ ਤਰੱਦਦ ਕਿਉਂ ਨਾ ਕੀਤਾ ਗਿਆ? ਇਸ ਤੱਥ ਨੂੰ ਨਜ਼ਰਅੰਦਾਜ਼ ਕਰ ਦਿਤਾ ਗਿਆ ਕਿ ਦੇਸੀ ਬੀਜਾਂ ਦੇ ਖਾਤਮੇ ਅਤੇ ਕੰਪਨੀਆਂ ਦੁਆਰਾ ਉਚੇ ਮੁੱਲ ਵੇਚੇ ਬੀਜਾਂ ਨੇ ਕਿਵੇਂ ਹੌਲੀ-ਹੌਲੀ ਫਸਲਾਂ ਦਾ ਜਮਾਂਦਰੂ ਜੈਨੇਟਿਕ ਮਾਦਾ ਹੀ ਬਦਲ ਦੇਣਾ ਹੈ। ਕਿਸੇ ਵੀ ਪਾਰਟੀ ਦੀ ਸਰਕਾਰ ਨੇ ਇਹ ਜਾਣਨ ਲਈ ਵਿਗਿਆਨਕ ਜਾਂਚ ਕਮੇਟੀ ਬਿਠਾਉਣ ਦੀ ਲੋੜ ਨਹੀਂ ਸਮਝੀ ਕਿ ਧਰਤੀ ਵਿਚ ਮਣਾਂ ਦੇ ਹਿਸਾਬ ਨਾਲ ਮਿਲਾਈ ਜਾ ਰਹੀ ਰਸਾਇਣਕ ਖਾਦ ਤੇ ਸਪਰੇਆਂ ਨਾਲ ਉਗੀਆਂ ਮਣਾਂ ਮੂੰਹੀਂ ਫਸਲਾਂ ਕਿਵੇਂ ਪੰਜਾਬੀ ਮਾਂਵਾਂ ਦੇ ਦੁੱਧ ਵਿਚ ਜ਼ਹਿਰ ਬਣ ਕੇ ਨਿਆਣਿਆਂ ਦੇ ਖੂਨ ਵਿਚ ਘੁਲ ਰਹੀਆਂ ਹਨ। ਇਸ ਨੂੰ ਸਿਆਸੀ ਸਵਾਲ ਕਿਉਂ ਨਾ ਸਮਝਿਆ ਜਾਵੇ ਜਦੋਂ ਸਿਰਫ ਪੰਜਾਬ ਦੇ ਪਾਣੀਆਂ ‘ਤੇ ਕੌਮਾਂਤਰੀ ਕਾਨੂੰਨ ਲਾਗੂ ਕਰਨ ਤੋਂ ਹਰ ਸਰਕਾਰ ਮੁੱਕਰ ਜਾਵੇ? ਕਿਤੇ ਇਨ੍ਹਾਂ ਤੱਥਾਂ ਦਾ ਸਿੱਧਾ ਸਬੰਧ ਇਸ ਮੁਲਕ ਦੀ ‘ਮੁੱਖਧਾਰਾ’ ਦੀ ਨੀਤੀ ਨਾਲ ਤਾਂ ਨਹੀਂ ਜੁੜਦਾ ਜਿਥੇ ਜਦੋਂ-ਜਦੋਂ ਕਿਸੇ ਖਿੱਤੇ ਦੇ ਲੋਕ ‘ਜਲ-ਜੰਗਲ-ਜ਼ਮੀਨ’ ਦੀ ਸਰਕਾਰੀ ਦੁਰਵਰਤੋਂ ਨਾਲ ਨਾਲ ਜੁੜੇ ਮੁੱਦਿਆਂ ਬਾਰੇ ਸਵਾਲ ਖੜ੍ਹੇ ਕਰਦੇ ਹਨ, ਤਾਂ ਇਸ ਨੂੰ ‘ਮੁਲਕਪ੍ਰਸਤੀ ਤੋਂ ਨਾਬਰੀ’ ਦਾ ਲਕਬ ਦੇ ਕੇ ਅਮਨ ਕਾਨੂੰਨ ਦੀਆਂ ਧਾਰਾਵਾਂ ਨਾਲ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪੰਜਾਬ ਬਾਰੇ ਦਿਲਚਸਪ ਤਿਕੋਣ ਇਹ ਵੀ ਬਣ ਸਕਦੀ ਹੈ ਕਿ ਹਰੀ ਕ੍ਰਾਂਤੀ ਦੇ ਪੈਦਾ ਕੀਤੇ ਸਮਾਜਿਕ-ਨੈਤਿਕ ਖਲਾਅ ਨੂੰ ਧਾਰਮਿਕ ਪਛਾਣ ਦੇ ਇਕ-ਧਰੁਵੀ ਟੀਚੇ ਨਾਲ ਭਰਨ ਦੀ ਕੋਸ਼ਿਸ਼ ਵਿਚ ਪੰਜਾਬ ਕਾਲੇ ਦੌਰ ਦੇ ਵੱਸ ਜਾ ਪਿਆ। ਇਸ ਦਾ ਜਵਾਬ ਇਸ ਲਈ ਵੀ ਲੱਭਣਾ ਬਣਦਾ ਹੈ ਕਿ ਪੰਜਾਬ ਦਾ ਉਹ ਕਾਲਾ ਦੌਰ ਹੁਣ ਪਰਵਾਸ, ਖੁਦਕੁਸ਼ੀਆਂ, ਨਸ਼ਿਆਂ ਅਤੇ ਗੈਂਗਵਾਰ ਦਾ ਰੂਪ ਵਟਾ ਚੁੱਕਾ ਹੈ। ਪੰਜਾਬੀ ਜਣੇ ਦੇ ਅੰਦਰਲੀ ਇਕੱਲ ਅਤੇ ਖਲਾਅ ਭਰਨ ਦਾ ਹੋਕਾ ਦਿੰਦਾ ਪ੍ਰੋæ ਪੂਰਨ ਸਿੰਘ ਵੀ ਇਸ ਵਾਰ ਮੌਨ ਹੈ!

ਇਸ ਬਾਰੇ ਕੋਈ ਦੋ ਰਾਵਾਂ ਨਹੀਂ ਕਿ 1947 ਦੀ ਸੱਤਾ ਤਬਦੀਲੀ ਤੋਂ ਬਾਅਦ ਸਰਕਾਰੀ ਨੀਤੀਆਂ ਅਤੇ ਸਮਾਜਿਕ ਸੰਸਥਾਵਾਂ ਨੇ ਆਪਣਾ ਬਸਤੀਵਾਦੀ ਕਿਰਦਾਰ ਜਿਉਂ ਦਾ ਤਿਉਂ ਕਾਇਮ ਰੱਖਿਆ; ਉਲਟਾ ਸਮਾਜਿਕ ਪੌੜੀਆਂ ਦੇ ਹੇਠਲੇ ਡੰਡਿਆਂ ‘ਤੇ ਬੈਠੇ ਆਵਾਮ ਦੀ ਪਰੰਪਰਾਗਤ ਬੌਧਿਕਤਾ ਨੂੰ ਰੱਦ ਕਰਦਿਆਂ ਗਰੀਬੀ ਤੇ ਜ਼ਲਾਲਤ ਖਿਲਾਫ ਜੰਗ ਜਿੱਤ ਚੁੱਕੇ ਮੁਲਕਾਂ ਤੋਂ ‘ਅਕਲ’ ਬਰਾਮਦ ਕਰਨ ਦਾ ਦੌਰ ਚੱਲਿਆ। ਖੇਤੀ ਖੇਤਰ ਵਿਚ ਸਦੀਆਂ ਤੋਂ ਕੰਮ ਕਰ ਰਹੇ ਬੰਦਿਆਂ ਦੀ ਸਮਝ ਰੱਦ ਕਰਦਿਆਂ, ਪੱਛਮੀ ਮਾਡਲਾਂ ਨੂੰ ਸਰਕਾਰੀ ਸਰਪ੍ਰਸਤੀ ਹੇਠ ਵਿਗਿਆਨਕ ਸੋਚ ਦੇ ਨਾਮ ‘ਤੇ ਲਾਗੂ ਕੀਤਾ ਗਿਆ; ਪਰ ਇਸ ‘ਚ ਵਿਗਿਆਨਕ ਤਜਰਬਿਆਂ ਨੂੰ ਮਾਪਣ ਤੇ ਸਿੱਟਿਆਂ ਦੀ ਨਜ਼ਰਸਾਨੀ ਕਰਨ ਦਾ ਮੂਲ ਸਿਧਾਂਤ ਵਿਸਾਰ ਦਿਤਾ ਗਿਆ। ਆਵਾਮ ਜਿਸ ਦੇ ਨਾਮ ‘ਤੇ ਆਜ਼ਾਦੀ ਸੰਗਰਾਮ ਦੀਆਂ ਸਾਰੀਆਂ ਭੂਮਿਕਾਵਾਂ ਘੜੀਆਂ ਗਈਆਂ, ਨੂੰ ਇਨ੍ਹਾਂ ਸਾਰੀਆਂ ਦਰਬਾਰੀ ਮੁਲਾਹਜ਼ੇਦਾਰੀਆਂ ਵਿਚੋਂ ਛਾਂਗ ਦਿਤਾ ਗਿਆ। ਨਤੀਜੇ ਵਜੋਂ ਸੱਤਾ ਅਤੇ ਆਵਾਮ ਵਿਚਾਲੇ ਦਲਾਲਾਂ, ਕਾਲਾਬਾਜ਼ਾਰੀਆਂ ਅਤੇ ਜਮਾਂਖੋਰਾਂ ਦੀ ਅਜਿਹੀ ਜਮਾਤ ਪੈਦਾ ਹੋ ਗਈ ਜਿਨ੍ਹਾਂ ਨੇ ਦੰਮਾਂ ਦੇ ਵਪਾਰ ਦਾ ਦਾਇਰਾ ਸਰੀਰਾਂ ਦੀ ਨਿਲਾਮੀ ਤੱਕ ਲੈ ਆਂਦਾ। ਸਮਕਾਲੀ ਦੌਰ ਦੀਆਂ ਮੰਡੀਆਂ ਵਿਚ ਨਿਲਾਮ ਹੋ ਰਹੇ ਇਨ੍ਹਾਂ ਸਰੀਰਾਂ ਦੀ ਨਿਸ਼ਾਨਦੇਹੀ ਕਿਸੇ ਵੀ ਸ਼ਹਿਰ ਦੇ ਲੇਬਰ ਚੌਕ ‘ਤੇ ਨਜ਼ਰ ਮਾਰਿਆਂ ਸਹਿਜੇ ਹੀ ਹੋ ਜਾਂਦੀ ਹੈ। ਇਕ ਸੱਚ ਇਹ ਵੀ ਹੈ ਕਿ ਖੇਤਾਂ ਤੋਂ ਇਲਾਵਾ ਵੀ ਜਦੋਂ ਇਹੀ ਸਰੀਰ ਉਪਰੋਕਤ ਬੇਲਗਾਮ ਸੱਤਾ ਨਾਲ ਸਿੱਧੇ-ਅਸਿੱਧੇ ਟਕਰਾਉ ਵਿਚ ਆਉਂਦੇ ਹਨ, ਤਾਂ ਇਨ੍ਹਾਂ ਦੀ ਖੁਦਕੁਸ਼ੀ ਦੀ ਹਾਲਤ ਲਗਾਤਾਰ ਬਰਕਰਾਰ ਰਹਿੰਦੀ ਹੈ। ਅਫਸੋਸ, ਖੁਦਕੁਸ਼ੀ ਕਰ ਚੁੱਕੀ ਦੇਹ ਨਾਲ ਵਾਪਰਦੀਆਂ ਖੁਦਕੁਸ਼ੀਆਂ ਵਰਗੀਆਂ ਘਟਨਾਵਾਂ ਦੀ ਕਿਤੇ ਸੁਣਵਾਈ ਨਹੀਂ!
ਇਕਨਾਮਿਕ ਰਿਸਰਚ ਫਾਊਂਡੇਸ਼ਨ ਦੀ 2006 ਦੀ ਰਿਪੋਰਟ ਅਤੇ ਕੌਮੀ ਸੈਂਪਲ ਸਰਵੇਖਣ ਦੀ 2005 ਦੀ ਰਿਪੋਰਟ ਅਨੁਸਾਰ ਪੰਜਾਬ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਸਿਰ ਚੜ੍ਹੇ ਕਰਜ਼ੇ ਦਾ ਵੱਡਾ ਹਿੱਸਾ (41æ6 ਫੀਸਦ) ਘਰ ਦੇ ਜੀਆਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਲਿਆ ਕਰਜ਼ਾ ਹੈ। ਗਰੀਬੀ ਅਤੇ ਕੁਪੋਸ਼ਣ ਦੀ ਜ਼ੱਦ ਵਿਚ ਆਏ ਕਿਸਾਨਾਂ/ਮਜ਼ਦੂਰਾਂ ਦੇ ਪਰਿਵਾਰਾਂ ਕੋਲ ਅਜਿਹਾ ਕੋਈ ਵੀ ਤਤਕਾਲੀ ਸੰਦ-ਭਾਂਡਾ ਨਹੀਂ ਹੁੰਦਾ ਜਿਸ ‘ਤੇ ਵੱਡੇ ਪੂੰਜੀਪਤੀ ਬੈਂਕ ਯਕੀਨ ਕਰ ਕੇ ਉਨ੍ਹਾਂ ਨੂੰ ਬਿਮਾਰੀ ਸਮੇਂ ਕਰਜ਼ਾ ਜਾਂ ਮਦਦ ਦੇ ਦੇਣ। ਸ਼ਹਿਰਾਂ ਦੇ ਵੱਡੇ ਹਸਪਤਾਲਾਂ ਦੀਆਂ ਪਰਚੀਆਂ ਬਣਵਾਉਂਦੇ ਸਮੇਂ ਉਨ੍ਹਾਂ ਦੇ ਕੰਬ ਰਹੇ ਹੱਥਾਂ ਪਿਛੇ ਆੜ੍ਹਤੀਆਂ/ਸ਼ਾਹੂਕਾਰਾਂ ਕੋਲ ਗਿਰਵੀ ਰੱਖੇ ਜਾਂ ਵੇਚੇ ਡੰਗਰਾਂ, ਮਕਾਨਾਂ ਜਾਂ ਕਿੱਲਿਆਂ ਦਾ ਝੋਰਾ ਕਿਥੇ ਲੁਕਦਾ ਹੈ? ਦੂਜੇ ਪਾਸੇ, ਪੀਣ ਵਾਲੇ ਸਾਫ ਪਾਣੀ ਦੀ ਕਮੀ, ਸੀਵਰੇਜ ਦੇ ਘਟੀਆ ਪ੍ਰਬੰਧ ਅਤੇ ਟੁੱਟਵੀਆਂ ਦਿਹਾੜੀਆਂ ਦੇ ਬੋਝ ਹੇਠ ਦੱਬੇ ਕਿਸਾਨਾਂ-ਮਜ਼ਦੂਰਾਂ ਦੇ ਸਰੀਰਾਂ ਉਤੇ ਨਾਕਸ ਤੇ ਜੁਗਾੜੂ ਸਿਹਤ ਪ੍ਰਬੰਧ ਕਿਸੇ ਸਦਮੇ ਵਾਂਗ ਵਾਪਰਦਾ ਹੈ।
ਪੰਜਾਬ ਦੇ ਕੈਂਸਰ ਮਰੀਜ਼ਾਂ ਦੇ ਬੀਕਾਨੇਰ ਤੋਂ ਇਲਾਜ ਬਾਰੇ ਭਾਵੇਂ ਕਾਫੀ ਕੁਝ ਲਿਖਿਆ ਜਾ ਚੁੱਕਾ ਹੈ, ਪਰ ਪੰਜਾਬ ਦੇ ਸਰਕਾਰੀ ਸਿਹਤ ਪ੍ਰਬੰਧ ਦੀ ਇੰਨੀ ਜ਼ਰਜ਼ਰ ਹਾਲਤ ਕਿਵੇਂ ਹੋ ਗਈ ਕਿ ਕਿਸਾਨਾਂ ਤੇ ਮਜ਼ਦੂਰਾਂ ਨੂੰ ਦੂਜੇ ਸੂਬਿਆਂ ਤੋਂ ਮਹਿੰਗਾ ਇਲਾਜ ਕਰਵਾਉਣ ਲਈ ਮਜਬੂਰ ਹੋਣਾ ਪਿਆ? ਇਸ ਮੁੱਦੇ ਦਾ ਹੋ ਚੁੱਕੀਆਂ ਅਤੇ ਹੋਣ ਵਾਲੀਆਂ ਚੋਣਾਂ ਨਾਲ ਮਨੁੱਖੀ ਅਧਿਕਾਰਾਂ ਦੇ ਪੈਂਤੜੇ ਤੋਂ ਕੀ ਸਬੰਧ ਜੁੜਦਾ ਹੈ, ਇਹ ਵਿਚਾਰਨਾ ਬਣਦਾ ਹੈ। ਜਮਹੂਰੀਅਤ ਦੇ ਮੂਲ ਸਿਧਾਂਤਾਂ ਦੇ ਚੌਖਟੇ ਵਿਚ ਸ਼ਹਿਰੀਆਂ ਦੇ ਸਰੀਰਾਂ ਦੀ ਤੰਦਰੁਸਤੀ ਲਈ ਸਰਕਾਰ ਦੀ ਜਵਾਬਦੇਹੀ ਕੌਣ ਤੈਅ ਕਰੇਗਾ?

ਪੰਜਾਬ ਵਿਚ ਬਿਮਾਰੀਆਂ ਦੇ ਸਮਾਜਿਕ-ਆਰਥਿਕ ਬੋਝਾਂ ਬਾਰੇ ਛਪੀਆਂ ਅਨੇਕਾਂ ਰਿਪੋਰਟਾਂ ਅਨੁਸਾਰ ਕੈਂਸਰ ਤੋਂ ਬਿਨਾਂ ਸ਼ੂਗਰ, ਹਾਈ ਬਲੱਡ ਪ੍ਰੈੱਸ਼ਰ ਅਤੇ ਸਾਹ ਦੀਆਂ ਬਿਮਾਰੀਆਂ ਦਾ ਸਿੱਧਾ ਸਬੰਧ ਪੰਜਾਬ ਦੇ ਖੁਰਾਕੀ ਪਦਾਰਥਾਂ ਵਿਚ ਮੌਜੂਦ ਰਸਾਇਣਾਂ, ਸ਼ਹਿਰੀਕਰਨ ਦੇ ਵਧ ਰਹੇ ਵਰਤਾਰੇ ਅਤੇ ਇਨ੍ਹਾਂ ਭੋਜਨਾਂ ਨੂੰ ਪਕਾਉਣ ਦੇ ਤਰੀਕਿਆਂ ਨਾਲ ਹੈ। ਇਨ੍ਹਾਂ ਬਿਮਾਰੀਆਂ ਦੇ ਕਾਰਨਾਂ ਬਾਰੇ ਖੋਜ ਮੁੱਢਲੀ ਸਟੇਜ ‘ਤੇ ਹੈ, ਪਰ ਹਾਲੇ ਤੱਕ ਖੋਜ ਕਾਰਜਾਂ ਦਾ ਧੁਰਾ ਸਰੀਰਕ ਬਿਮਾਰੀਆਂ ਦੇ ਆਲੇ-ਦੁਆਲੇ ਘੁੰਮ ਰਿਹਾ ਹੈ। ਦੂਜੇ ਪਾਸੇ, ਖੇਤੀ ਦੇ ਇਸ ਸਮਾਜਿਕ ਸੰਕਟ ਨੇ ਪੰਜਾਬੀਆਂ ਦੀਆਂ ਮਾਨਸਿਕ ਗੁੰਝਲਾਂ ਨੂੰ ਕਿਵੇਂ ਵਧਾਇਆ ਹੈ, ਇਸ ਬਾਰੇ ਹਾਲੇ ਡੂੰਘੀ ਚੁੱਪ ਹੈ। ਆਲਮੀ ਪੱਧਰ ‘ਤੇ ਹਰੀ ਕ੍ਰਾਂਤੀ ਵਰਗੇ ਤਜਰਬਿਆਂ ‘ਚੋਂ ਲੰਘੇ ਖਿੱਤਿਆਂ ਨਾਲ ਸਬੰਧਿਤ ਰਿਪੋਰਟਾਂ ਦੱਸਦੀਆਂ ਹਨ ਕਿ ਉਥੋਂ ਦੇ ਬਾਸ਼ਿੰਦਿਆਂ ਵਿਚ ਨਿਰਾਸ਼ਾ, ਇਕੱਲ, ਤਣਾਉ ਤੇ ਸਮਾਜਿਕ ਕਲੇਸ਼ ਦੀ ਦਰ ਗੈਰ-ਖੇਤੀ ਖਿੱਤਿਆਂ ਨਾਲੋਂ ਕਿਤੇ ਵੱਧ ਹੈ।
ਪੰਜਾਬ ਵਿਚ ਹਰੀ ਕ੍ਰਾਂਤੀ ਲਾਗੂ ਕਰਨਾ ਤਤਕਾਲੀ ਸਿਆਸੀ ਤੇ ਆਰਥਿਕ ਲੋੜ ਮੰਨੀ ਜਾ ਸਕਦੀ ਹੈ, ਪਰ ਟੀਚੇ ਸਰ ਹੋਣ ਪਿਛੋਂ ਪੰਜਾਬ ਨੂੰ ਜਿਸ ਕਿਸਮ ਦੀ ਪੁਨਰ-ਵਸੇਬਾ ਨੀਤੀ ਦੀ ਲੋੜ ਸੀ, ਉਸ ਨੂੰ ਵਿਸਾਰ ਦਿਤਾ ਗਿਆ। ਇਸ ਤੋਂ ਬਿਨਾ ਹਰੀ ਕ੍ਰਾਂਤੀ ਦੇ ਸਵਾਲ ਨੂੰ ਬਹੁਤੀ ਵਾਰੀ ਕਿਸਾਨੀ ਦੀ ਆਰਥਿਕਤਾ ਤੱਕ ਸੀਮਤ ਕਰ ਦਿੱਤਾ ਜਾਂਦਾ ਹੈ, ਪਰ ਇਸ ਦੇ ਪ੍ਰਭਾਵ ਵੱਖ-ਵੱਖ ਵਰਗਾਂ ‘ਤੇ ਵੱਖ-ਵੱਖ ਪਏ ਹਨ। ਮੋਟੇ ਰੂਪ ਵਿਚ ਪੰਜਾਬ ‘ਚ 4 ਵਰਗ ਹਨ। ਪਹਿਲਾ, ਹਰੀ ਕ੍ਰਾਂਤੀ ਨਾਲ ਅਮੀਰ ਹੋਇਆ ਉਹ ਵਰਗ ਹੈ ਜਿਸ ਦੀ ਦੂਜੀ-ਤੀਜੀ ਪੀੜ੍ਹੀ ਨੇ ਉਸ ਪੂੰਜੀ ਨਾਲ ਪੜ੍ਹਾਈ ਦੇ ਜ਼ਰੀਏ ਜਾਂ ਪੈਸੇ ਦੀ ਧੌਂਸ ਨਾਲ ਸਰਕਾਰੇ-ਦਰਬਾਰੇ ਰੁਤਬੇ, ਅਹੁਦੇ ਤੇ ਸੱਤਾ ਹਾਸਿਲ ਕੀਤੀ ਹੈ। ਇਨ੍ਹਾਂ ਵਿਚ ਨੀਤੀ ਘਾੜ੍ਹੇ ਵੀ ਸ਼ਾਮਿਲ ਹਨ ਤੇ ਨੀਤੀਆਂ ਨੂੰ ਡੰਡੇ ਦੇ ਜ਼ੋਰ ਲਾਗੂ ਕਰਵਾਉਣ ਵਾਲੇ ਵੀ। ਇਸ ਵਰਗ ਦੀ ਰਸਾਈ ਹੁਣ ਦੂਜੇ ਦੇਸ਼ਾਂ ਵਿਚ ਜ਼ਮੀਨ ਖਰੀਦਣ ਤੱਕ ਹੈ। ਇਨ੍ਹਾਂ ਦੀ ਖੁਦਕੁਸ਼ੀਆਂ ਬਾਰੇ ਸਮਝ ਸਰਕਾਰੀ ਦਲੀਲਾਂ ਨਾਲ ਹੀ ਮਿਲਦੀ ਹੈ ਜਿਥੇ ਖੁਦਕੁਸ਼ੀ ਨੂੰ ਨਿਜੀ ਕਮਜ਼ੋਰੀ ਅਤੇ ਆਰਥਿਕ ਅਸਫਲਤਾ ਦਾ ਸੂਚਕ ਮੰਨਦਿਆਂ, ਇਸ ਦੀ ਜਵਾਬਦੇਹੀ ਵਿਚੋਂ ਰਾਜ-ਤੰਤਰ ਤੇ ਸਮਾਜਿਕ ਢਾਂਚੇ ਨੂੰ ਉਕਾ ਹੀ ਬਰੀ ਕਰ ਦਿੱਤਾ ਜਾਂਦਾ ਹੈ। ਇਸ ਵਰਗ ਲਈ ਦਾਜ, ਭਰੂਣ ਹੱਤਿਆ, ਅਣਖ ਖਾਤਿਰ ਕਤਲ, ਪਰਵਾਸ ਅਤੇ ਭ੍ਰਿਸ਼ਟਾਚਾਰ ਵੀ ਮਸਲੇ ਨਹੀਂ, ਸਗੋਂ ਪੂੰਜੀ ਇਕੱਠੀ ਕਰਨ ਦੇ ਤਰੀਕੇ ਬਣ ਚੁੱਕੇ ਹਨ। ਇਸ ਵਰਗ ਨੂੰ ਹੀ ਸਰਕਾਰੀ ਸਹੂਲਤਾਂ ਅਤੇ ਸਬਸਿਡੀਆਂ ਦਾ ਸਭ ਤੋਂ ਵੱਧ ਲਾਭ ਮਿਲਿਆ ਹੈ, ਕਿਉਂਕਿ ਇਨ੍ਹਾਂ ਦੀ ਅਸਲ ਫਸਲ ਤਾਂ ਇਨ੍ਹਾਂ ਸਹੂਲਤਾਂ ਅਤੇ ਸਬਸਿਡੀਆਂ ਨਾਲ ਸਬੰਧਤ ਉਹ ਸਰਕਾਰੀ ਫਾਈਲਾਂ/ਮਿਸਲਾਂ ਹਨ ਜਿਨ੍ਹਾਂ ਦੀ ਦਲਾਲੀ ਦੀ ਫਸਲ ਕੱਟਣ ਵਿਚ ਇਹ ਮਾਹਿਰ ਹਨ। ਸਰਕਾਰੀ ਜ਼ਮੀਨਾਂ ਤੇ ਨੌਕਰੀਆਂ ਦੀ ਦਲਾਲੀ, ਖੇਤੀ ਨਾਲ ਸਬੰਧਤ ਵਸਤਾਂ (ਬੀਜ, ਖਾਦਾਂ, ਸੰਦ) ਦੀ ਦਲਾਲੀ, ਸਰਕਾਰੀ ਕੰਮਾਂ ਦੀ ਇਸ ਦਲਾਲੀ ਨੇ ਕਿਵੇਂ ਕਿਸਾਨਾਂ-ਮਜ਼ਦੂਰਾਂ ਦੇ ਹੱਕਾਂ ‘ਤੇ ਡਾਕਾ ਮਾਰਿਆ ਹੈ, ਇਹ ਦਲਾਲੀ ਕਿਵੇਂ ਖੁਦਕੁਸ਼ੀਆਂ ਦੀ ਦਰ ਨੂੰ ਪ੍ਰਭਾਵਿਤ ਕਰਦੀ ਹੈ, ਇਸ ਦੀ ਨਿਆਂਇਕ ਜਾਂਚ ਕਿਉਂ ਨਹੀਂ ਕਰਵਾਈ ਜਾ ਸਕਦੀ? ਇਹ ਵਰਗ ਸਮਾਜਿਕ ਬੇਲਾਗਤਾ ਤੇ ਬੇਗੈਰਤੀ ਦੀ ਮਿਸਾਲ ਤਾਂ ਹੈ, ਪਰ ਅੰਦਰ ਹੀ ਅੰਦਰ ਇਸੇ ਬੇਲਾਗਤਾ ਕਾਰਨ ਮਕਾਨਕੀ ਰਿਸ਼ਤਿਆਂ ਦਾ ਦਵੰਦ ਵੀ ਝੱਲ ਰਿਹਾ ਹੈ। ਇਸ ਵਰਗ ਦੇ ਬੁਜ਼ਰਗਾਂ ਦੀ ਬਿਰਧ-ਘਰਾਂ ਵਿਚ ਦਿਨੋ-ਦਿਨ ਵਧ ਰਹੀ ਗਿਣਤੀ ਪੰਜਾਬ ਦੇ ਬਦਲ ਰਹੇ ਸਭਿਆਚਾਰਕ ਦ੍ਰਿਸ਼ ਦੀ ਸੂਚਕ ਹੈ।
ਦੂਜਾ ਵਰਗ ਉਹ ਹੈ ਜਿਸ ਕੋਲ ਜ਼ਮੀਨ ਅਤੇ ਸਾਧਨ ਦਰਮਿਆਨੇ ਹਨ, ਪਰ ਇਨ੍ਹਾਂ ਦਾ ਸਿੱਧੇ-ਅਸਿੱਧੇ ਢੰਗ ਨਾਲ ਖੇਤੀ ਨਾਲ ਜੁੜੀਆਂ ਗਤੀਵਿਧੀਆਂ ਨਾਲ ਰਾਬਤਾ ਰਿਹਾ ਹੈ। ਇਹ ਵਰਗ ਇਨ੍ਹਾਂ ਦੇ ਸਿਰ ‘ਤੇ ਹੁਣ ਤੱਕ ਗੁਜ਼ਾਰਾ ਚਲਾਉਂਦਾ ਰਿਹਾ ਹੈ, ਪਰ 1991 ਵਿਚ ਲਾਗੂ ਕੀਤੇ ਢਾਂਚਾਗਤ ਪ੍ਰੋਗਰਾਮਾਂ ਤੋਂ ਬਾਅਦ ਇਨ੍ਹਾਂ ਨੂੰ ਮਿਲਦੀਆਂ ਸਹੂਲਤਾਂ ਵਿਚ ਲਗਾਤਾਰ ਕਟੌਤੀ ਹੋ ਰਹੀ ਹੈ। ਇਸ ਵਰਗ ਦੇ ਜੀਆਂ ਦੇ ਜਿਊਣ ਹਾਲਾਤ ਸੁਧਾਰਨ ਵਿਚ ਸਿੱਖਿਆ ਅਤੇ ਛੋਟੀਆਂ ਸਨਅਤੀ ਇਕਾਈਆਂ ਦਾ ਵੱਡਾ ਰੋਲ ਹੋ ਸਕਦਾ ਸੀ, ਪਰ ਉਦਾਰੀਕਰਨ ਤੇ ਖੁੱਲ੍ਹੀ ਮੰਡੀ ਨੇ ਬਹੁਤ ਬੇਦਰਦੀ ਨਾਲ ਇਨ੍ਹਾਂ ਦੋਹਾਂ ਮੱਦਾਂ ਦੀ ਮਹੱਤਤਾ ਹੀ ਖਤਮ ਕਰ ਦਿਤੀ।
ਅੱਜ ਸਿੱਖਿਆ ਕਿਸੇ ਉਤਪਾਦ ਵਾਂਗ ਪ੍ਰਾਈਵੇਟ ਦੁਕਾਨਾਂ ‘ਤੇ ਵਿਕ ਰਹੀ ਹੈ ਅਤੇ ਸਨਅਤੀ ਇਕਾਈਆਂ ਲਗਾਤਾਰ ਸੁੰਗੜ ਰਹੀਆਂ ਹਨ। ਇਹ ਮੁੱਦਾ ਖੋਜ ਦੀ ਮੰਗ ਕਰਦਾ ਹੈ ਕਿ ਸਿੱਖਿਆ ‘ਤੇ ਹੋਏ ਖਰਚੇ ਅਤੇ ਛੋਟੀਆਂ ਇਕਾਈਆਂ ਦੀ ਤਬਾਹੀ ਨੇ ਪੰਜਾਬ ਦੇ ਕਿੰਨੇ ਘਰਾਂ ਵਿਚ ਸੱਥਰ ਵਿਛਾਏ ਹਨ? ਇਸੇ ਵਰਗ ਦੇ ਮੁੰਡੇ-ਕੁੜੀਆਂ ਲਈ ਆਈਲੈੱਟਸ, ਸਵਰਗ ਦੀ ਕੁੰਜੀ ਬਣਦਾ ਹੈ ਤੇ ਮਾਲਟਾ ਦਾ ਪਾਣੀ ਨਰਕ-ਕੁੰਭ! ਇਨ੍ਹਾਂ ਵਿਚੋਂ ਹੀ ਚੇਤੰਨ ਲੋਕ ਆਪਣੀ ਜਵਾਨੀ ਬਿਹਤਰ ਜ਼ਿੰਦਗੀ ਦੀ ਉਮੀਦ ਵਿਚ ਰੈਲੀਆਂ-ਧਰਨਿਆਂ ਵਿਚ ਸੜਕਾਂ ਉਤੇ ਖਰਚ ਕਰ ਦਿੰਦੇ ਹਨ। ਇਸ ਵਰਗ ਸਿਰ ਚੜ੍ਹੇ ਕਰਜ਼ੇ ਦਾ ਵੱਡਾ ਗੱਫਾ ਕੋਚਿਗ ਸੈਂਟਰਾਂ, ਇੰਮੀਗਰੇਸ਼ਨ ਏਜੰਟਾਂ ਅਤੇ ਨੌਕਰੀਆਂ ਦਿਵਾਉਣ ਵਾਲੇ ਠੱਗਾਂ ਦੇ ਖੀਸਿਆਂ ਵਿਚ ਜਾ ਪੈਂਦਾ ਹੈ।
ਇਸ ਵਰਗ ਦੇ ਬਹੁਗਿਣਤੀ ਮੁੰਡੇ-ਕੁੜੀਆਂ ਮਾੜੀਆਂ-ਧੀੜ੍ਹੀਆਂ ਨੌਕਰੀਆਂ ਕਰਦੇ ਹਨ। ਰੋਟੀ ਕਮਾਉਣ ਦੀ ਦੌੜ ਵਿਚ ਸੜਕਾਂ ‘ਤੇ ਮਾਰੇ ਜਾਂਦੇ ਹਨ। ਅੱਕੀਂ-ਪਲਾਹੀਂ ਹੱਥ ਮਾਰਦੇ ਫਿਰ ਕਦੋਂ ਨਸ਼ਿਆਂ ਤੇ ਜੁਰਮਾਂ ਦੀ ਦਲਦਲ ਵਿਚ ਗਰਕ ਜਾਂਦੇ ਹਨ, ਇਸ ਨੂੰ ਸਮਝਣਾ ਇਨ੍ਹਾਂ ਦੇ ਪਰਿਵਾਰਾਂ ਵਿਚ ਨਿੱਤ ਵਾਪਰਦੀ ਉਸ ਖੁਦਕੁਸ਼ੀ ਨੂੰ ਸਮਝਣਾ ਹੈ ਜਿਥੇ ਪਰਿਵਾਰਾਂ ਦੇ ਸਰੀਰ ਨਹੀਂ, ਸਗੋਂ ਉਨ੍ਹਾਂ ਦੀਆਂ ਰੂਹਾਂ ਪਲ-ਪਲ ਕਿਰਦੀਆਂ ਹਨ। ਰੂਹਾਂ ਦੇ ਇਸ ਮਾਤਮ ਦਾ ਜਸ਼ਨ ਮਨਾਉਂਦੇ ਪੰਜਾਬੀ ਗਾਇਕਾਂ ਤੇ ਗੀਤਕਾਰਾਂ ਦੀ ਇਤਿਹਾਸ ਅੱਗੇ ਜਵਾਬਦੇਹੀ ਕੌਣ ਤੈਅ ਕਰੇਗਾ ਭਲਾ?
ਪੰਜਾਬ ਦਾ ਤੀਜਾ ਵਰਗ ਉਹ ਹੈ ਜਿਸ ਦੇ ਹੱਡਾਂ ਵਿਚ ਮਹਿਰੂਮੀਅਤ ਗਠੀਏ ਵਾਂਗ ਬੈਠ ਗਈ ਹੈ। ਸ਼ਾਇਰ ਸੰਤ ਰਾਮ ਉਦਾਸੀ ਦੇ ਸ਼ਬਦਾਂ ਵਿਚ ਸਾਰੇ ਸੋਕੇ-ਡੋਬੇ ਇਨ੍ਹਾਂ ‘ਤੇ ਹੀ ਕਹਿਰ ਗੁਜ਼ਾਰਦੇ ਹਨ।
ਅੰਕੜੇ ਦੱਸਦੇ ਹਨ ਕਿ ਹਰੀ ਕ੍ਰਾਂਤੀ ਨੇ ਪੰਜਾਬ ਦੀ ਤਬਕਾਤੀ ਤੇ ਜਾਤੀ-ਵੰਡ ਨੂੰ ਹੋਰ ਡੂੰਘੇਰਾ ਕਰ ਦਿੱਤਾ ਹੈ। ਇਸ ਸਬੰਧੀ ਮੌਜੂਦ ਅੰਕੜੇ ਸਾਰੀ ਸੱਚਾਈ ਨੂੰ ਆਰਥਿਕਤਾ ਤੱਕ ਮਹਿਦੂਦ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਇਹ ਮਹਿਰੂਮੀਅਤ ਬਹੁਪਰਤੀ ਹੈ। ਇਸ ਮਹਿਰੂਮੀਅਤ ਦੀ ਇਕ ਝਲਕ ਪ੍ਰੋæ ਗੁਰਦਿਆਲ ਸਿੰਘ ਦੇ ਨਾਵਲ ‘ਮੜ੍ਹੀ ਦਾ ਦੀਵਾ’ ਅਤੇ ਸੁਰਿੰਦਰ ਸਿੰਘ ਦੁਆਰਾ ਇਸੇ ਨਾਮ ਦੀ ਬਣਾਈ ਫਿਲਮ ਦੇ ਕਿਰਦਾਰ ਜਗਸੀਰ ਵਿਚ ਦੇਖੀ ਜਾ ਸਕਦੀ ਹੈ। ਬੇਜ਼ਮੀਨੇ ਹੋਣ ਕਾਰਨ ਜਗਸੀਰ ਦਾ ਵਿਆਹ ਨਹੀਂ ਹੁੰਦਾ। ਖੇਤਾਂ ਵਿਚ ਹੱਡ-ਤੋੜਵੀਂ ਮਿਹਨਤ ਕਰਨ ਤੋਂ ਬਿਨਾਂ ਉਸ ਕੋਲ ਕੋਈ ਹੋਰ ਕੰਮ ਕਰਨ ਦਾ ਹੁਨਰ ਨਹੀਂ। ਸ਼ਹਿਰੀ ਕੰਮਾਂ ਵਿਚਲਾ ਹਿਸਾਬ-ਕਿਤਾਬ ਉਸ ਨੂੰ ਆਉਂਦਾ ਨਹੀਂ। ਸਕੂਲ-ਕਾਲਜ ਦਾ ਮੂੰਹ ਉਸ ਦੇਖਿਆ ਨਹੀਂ। ਖੇਤਾਂ ਵਿਚ ਹੱਸਦੀਆਂ ਫਸਲਾਂ ਤੋਂ ਵੱਡੇ ਚਮਤਕਾਰ ਵਿਚ ਉਸ ਦਾ ਵਿਸ਼ਵਾਸ ਨਹੀਂ। ਉਪਰੋਂ ਉਸ ਦੀਆਂ ਕਦਰਾਂ-ਕੀਮਤਾਂ ਅਤੇ ਸਾਊਪੁਣੇ ਦਾ ‘ਬੋਝ’ ਉਸ ਨੂੰ ਦੁਨੀਆਦਾਰੀ ਦਾ ਚੱਜ ਨਹੀਂ ਆਉਣ ਦਿੰਦਾ। ਉਹ ਧਰਮ ਸਿੰਘ ਦੇ ਘਰ ਸੀਰ ਕਰਦਾ ਹੈ। ਧਰਮ ਸਿੰਘ ਉਸ ਪੀੜ੍ਹੀ ਦਾ ਪ੍ਰਤੀਨਿਧ ਹੈ ਜਿਹੜੀ ਆਪਣੀ ਹੋਂਦ ਅਤੇ ਕੰਮਾਂ ਦੀ ਇਖਲਾਕੀ ਜ਼ਿੰਮੇਵਾਰੀ ਚੁੱਕਣ ਵਿਚ ਗੁਰੇਜ਼ ਨਹੀਂ ਕਰਦੀ। ਉਸ ਦੇ ਮੁੰਡੇ ਭੰਤੇ ਵਿਚ ਜਦ ਹਰੀ ਕ੍ਰਾਂਤੀ ਬੋਲਣ ਲੱਗਦੀ ਹੈ ਤਾਂ ਉਸ ਲਈ ਜਗਸੀਰ, ਉਸ ਦੀ ਅੱਖਾਂ ਤੋਂ ਅੰਨ੍ਹੀ ਮਾਂ, ਉਸ ਦੇ ਖੇਤ ਵਿਚ ਜਗਸੀਰ ਦੇ ਪਿਉ ਠੋਲੇ ਦੀ ਯਾਦਗਾਰੀ ਟਾਹਲੀ ਅਤੇ ਇਨ੍ਹਾਂ ਦੇ ਕੁਦਰਤੀ ਹੱਕ ਦੀ ਗੱਲ ਕਰਦਾ ਉਸ ਦਾ ਆਪਣਾ ਪਿਉ ਧਰਮ ਸਿੰਘ ‘ਦੁਸ਼ਮਣ’ ਬਣ ਜਾਂਦੇ ਹਨ। ਇਥੇ ਜਗਸੀਰ ਭੰਤੇ ਹੱਥੋਂ ਸਿਰਫ ਸਰੀਰਕ ਜ਼ਲਾਲਤ ਹੀ ਨਹੀਂ ਝੱਲਦਾ, ਸਗੋਂ ਉਸ ਦਾ ਸਮਾਜਿਕ ਵਿਕਾਸ, ਉਸ ਦੀ ਮਨੁੱਖ ਦੇ ਤੌਰ ‘ਤੇ ਹੋਂਦ, ਉਸ ਦੀਆਂ ਭਾਵਨਾਵਾਂ, ਉਸ ਦੇ ਸੁਪਨੇ, ਉਸ ਦਾ ਪਿਆਰ ਸਭ ਹਰੀ ਕ੍ਰਾਂਤੀ ਦੇ ਮਸ਼ੀਨੀ ਚੱਕਿਆਂ ਵਿਚ ਕੁਤਰਿਆ ਜਾਂਦਾ ਹੈ। ਟਾਹਲੀ ਵੱਢ ਕੇ ਉਸ ਤੋਂ ਉਸ ਦੇ ਪਿਉ ਦੀ ਯਾਦ ਖੋਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਤਿਹਾਸ ਗਵਾਹ ਹੈ ਕਿ ਯਾਦਾਂ ਅਤੇ ਸੁਪਨਿਆਂ ਤੋਂ ਮਹਿਰੂਮ ਜਿੰਦੜੀਆਂ ਬਹੁਤੀ ਦੇਰ ਨਹੀਂ ਜਿਉਂਦੀਆਂ। ਇਹੀ ਇਤਿਹਾਸ ਹੁਣ ਪੰਜਾਬ ਦੀਆਂ ਸੈਂਕੜੇ ਬੰਬੀਆਂ ਤੇ ਹਜ਼ਾਰਾਂ ਜਗਸੀਰਾਂ ਦੇ ਪਿੰਡਿਆਂ ‘ਤੇ ਵਾਪਰ ਚੁੱਕਾ ਹੈ।
ਪੰਜਾਬ ਵਿਚ ਇਕ ਵਰਗ ਉਨ੍ਹਾਂ ਦਾ ਵੀ ਹੈ ਜਿਹੜੇ ਦੂਜੇ ਸੂਬਿਆਂ ਤੋਂ ਕੰਮ-ਕਾਰ ਦੀ ਤਲਾਸ਼ ਵਿਚ ਆਏ ਤੇ ਵਾਪਿਸ ਨਹੀਂ ਜਾ ਸਕਦੇ। ਦੂਜੇ ਸੂਬਿਆਂ ਵਿਚੋਂ ਆਪਣੇ ਘਰਾਂ ਅਤੇ ਖੇਤਾਂ ਤੋਂ ਖਦੇੜੇ ਇਹ ਲੋਕ ਹਰ ਤਰ੍ਹਾਂ ਦੀ ਜ਼ਲਾਲਤ ਝੱਲਦੇ ਹਨ। ਅਜੇ ਤੱਕ ਤਾਂ ਇਨ੍ਹਾਂ ਦੀ ਹੋਂਦ ਤੋਂ ਹੀ ਸਮਾਜ ਤੇ ਰਾਜ ਇਨਕਾਰੀ ਹੈ। ਇਨ੍ਹਾਂ ਦਾ ਜ਼ਿਕਰ ਕਾਰਖਾਨਿਆਂ ਦੇ ਮਾੜੇ ਪ੍ਰਬੰਧ ਦੇ ਸ਼ਿਕਾਰਾਂ ਅਤੇ ਬਿਮਾਰੀਆਂ ਦੀ ਜ਼ੱਦ ਵਿਚ ਆਉਣ ਕਾਰਨ ਹੀ ਹੁੰਦਾ ਹੈ। ਇਨ੍ਹਾਂ ਦੀ ਮੌਤ ਦੇ ਗਰਾਫ ਫਿਲਹਾਲ ਖੁਦਕੁਸ਼ੀਆਂ ਬਾਰੇ ਬਹਿਸ ਵਿਚੋਂ ਨਦਾਰਦ ਹਨ।
ਪੰਜਾਬ ਦੀ ਤਤਕਾਲੀ ਤ੍ਰਾਸਦੀ ਇਨ੍ਹਾਂ ਸਾਰੇ ਵਰਗਾਂ ਦੀ ਆਪਸੀ ਖਿੱਚੋਤਾਣ ਵਿਚੋਂ ਮੁਨਾਫਾ ਕਮਾਉਂਦਾ ਸਿਆਸੀ ਲੁੰਗ-ਲਾਣਾ ਅਤੇ ਪੂੰਜੀ ਦੀ ਸੱਤਾ ਦੇ ਅੰਨ੍ਹੇ ਕੀਤੇ ਵਿਚੋਲੇ ਹਨ ਜੋ ਇਨ੍ਹਾਂ ਦੇ ਹਿਤਾਂ ‘ਤੇ ਡਾਕਾ ਮਾਰਨ ਲਈ ਸਦਾ ਤੋਂ ਇਕਮਿਕ ਹਨ। ਖੁਦਕੁਸ਼ੀਆਂ ਨੇ ਜੇ ਰੁਕਣਾ ਹੈ ਤਾਂ ਸਮਾਜਿਕ ਮੋਹ ਤੇ ਬਿਹਤਰ ਕੱਲ੍ਹ ਦੀ ਉਮੀਦ ਨਾਲ ਰੁਕਣਾ ਹੈ। ਖੁਦਕੁਸ਼ੀਆਂ ਦਾ ਮੌਜੂਦਾ ਵਰਤਾਰਾ ਪੰਜਾਬ ਦੇ ਸਿਰਫ ਆਰਥਿਕ ਹਾਲਾਤ ਦਾ ਝਲਕਾਰਾ ਨਹੀਂ, ਇਹ ਪੰਜਾਬ ਦੇ ਸਮਾਜਿਕ ਅਤੇ ਸਿਆਸੀ ਢਾਂਚੇ ਦੀ ਅਸਫਲਤਾ ਦਾ ਵੀ ਸੂਚਕ ਹੈ। ਪੰਜਾਬੀਆਂ ਨੂੰ ਸਰਬੱਤ ਦਾ ਭਲਾ ਸਿਖਾਉਣ ਵਾਲੇ ਫਲਸਫੇ ਲਈ ਅਤੇ ਸੰਘਰਸ਼ਾਂ ਦਾ ਹੋਕਾ ਦੇਣ ਵਾਲਿਆਂ ਲਈ ਹੁਣ ਪਰਖ ਦੀ ਘੜੀ ਹੈ। ਖੁਦਕੁਸ਼ੀ ਅੱਗੇ ਆਤਮ-ਸਮਰਪਣ ਕਰਨ ਵਾਲਿਆਂ ਦਾ ਭਰੋਸਾ ਜਿਤਣਾ ਹਰ ਉਸ ਜਣੇ ਦੀ ਜ਼ਿੰਮੇਵਾਰੀ ਹੈ ਜਿਸ ਦਾ ਵੀ ਪੰਜਾਬੀ ਖਸਲਤ ਨਾਲ ਕੁਝ ਲੈਣਾ-ਦੇਣਾ ਹੈ। ਇਹ ਵੀ ਯਾਦ ਰੱਖਣਾ ਪਏਗਾ ਕਿ ਪੌੜੀ ਦੇ ਹੇਠਲੇ ਸਿਰੇ Ḕਤੇ ਲੱਗੀ ਅੱਗ ਨੂੰ ਉਪਰਲੇ ਸਿਰੇ ‘ਤੇ ਪਹੁੰਚਣ ਵਿਚ ਬਹੁਤੀ ਦੇਰ ਨਹੀਂ ਲੱਗਦੀ!
-0-