ਐਤਕੀਂ ਸਭ ਦਾ ਧਿਆਨ ਪੰਜਾਬ ਚੋਣਾਂ ਵੱਲ

ਡਾæ ਰਣਜੀਤ ਸਿੰਘ
ਭਾਰਤ ਵਿਚ ਚੋਣਾਂ ਦੀ ਵਿਸ਼ੇਸ਼ ਮਹੱਤਤਾ ਹੈ। ਇਹ ਕਈਆਂ ਨੂੰ ਬਾਦਸ਼ਾਹ ਬਣਾ ਦਿੰਦੀਆਂ ਹਨ ਤੇ ਕਈਆਂ ਨੂੰ ਮੁੜ ਸੜਕ Ḕਤੇ ਲੈ ਆਉਂਦੀਆਂ ਹਨ। ਇਸ ਵਾਰ ਪੰਜਾਬ ਵਿਚ ਹੋਣ ਵਾਲੀਆਂ ਚੋਣਾਂ ਬਹੁਤ ਮਹੱਤਵਪੂਰਨ ਬਣ ਗਈਆਂ ਹਨ। ਹੁਣ ਤਕ ਪੰਜਾਬ ਵਿਚ ਦੋ ਧਿਰੀ ਚੋਣਾਂ ਹੀ ਹੁੰਦੀਆਂ ਸਨ, ਪਰ ਇਸ ਵਾਰ ਇਹ ਤਿੰਨ ਧਿਰੀ ਬਣ ਗਈਆਂ ਹਨ। ਇੰਜ ਇਹ ਤਿੰਨਾਂ ਧਿਰਾਂ ਲਈ ਹੀ ਬਹੁਤ ਅਹਿਮ ਬਣ ਗਈਆਂ ਹਨ। ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਤਿੰਨਾਂ ਧਿਰਾਂ ਦਾ ਭਵਿੱਖ ਦਾਅ Ḕਤੇ ਲੱਗਿਆ ਹੋਇਆ ਹੈ।

ਜਦੋਂ ਦੋ ਧਿਰਾਂ ਵਿਚ ਮੁਕਾਬਲਾ ਹੁੰਦਾ ਸੀ, ਉਦੋਂ ਹਾਰਨ ਵਾਲੀ ਧਿਰ ਇਹ ਆਖ ਕੇ ਆਪਣੇ-ਆਪ ਨੂੰ ਤਸੱਲੀ ਦੇ ਲੈਂਦੀ ਸੀ ਕਿ ਚਲੋ ਕੋਈ ਨਹੀਂ, ਅਗਲੀ ਵਾਰ ਸਹੀ, ਪਰ ਇਸ ਵਾਰ ਅਜਿਹਾ ਨਹੀਂ ਆਖਿਆ ਜਾ ਸਕਦਾ।
ਆਮ ਆਦਮੀ ਪਾਰਟੀ (ਆਪ) ਇਸ ਵਾਰ ਤੀਜੀ ਧਿਰ ਬਣ ਕੇ ਉਭਰੀ ਹੈ। ਇਸ ਦੇ ਮੁਖੀ ਅਰਵਿੰਦ ਕੇਜਰੀਵਾਲ ਦਾ ਇਹ ਚਮਤਕਾਰ ਹੀ ਹੈ ਕਿ ਪਾਰਟੀ ਬਣਦਿਆਂ ਹੀ ਦਿੱਲੀ ਉਤੇ ਕਬਜ਼ਾ ਹੋ ਗਿਆ, ਪਰ ਇਸ ਪਾਰਟੀ ਦੀ ਪਾਰਲੀਮੈਂਟ ਲਈ ਜਿੱਤ ਸਿਰਫ ਪੰਜਾਬ ਵਿਚ ਹੀ ਹੋਈ। ਪੰਜਾਬ ਹੁਣ ਸਮੱਸਿਆਵਾਂ ਵਿਚ ਘਿਰਿਆ ਹੈ। ਇਸੇ ਕਰ ਕੇ ਵੋਟਰਾਂ ਵਿਚ ਬੈਚੇਨੀ ਹੈ। ਉਹ ਤਬਦੀਲੀ ਚਾਹੁੰਦੇ ਹਨ। ḔਆਪḔ ਨੇ ਕੁਝ ਚੰਗੇ ਸੁਪਨੇ ਵਿਖਾਏ ਹਨ ਜਿਸ ਦੇ ਆਧਾਰ ਉਤੇ ਪਾਰਟੀ ਪਾਰਲੀਮੈਂਟ ਦੀਆਂ ਚਾਰ ਸੀਟਾਂ ਜਿੱਤਣ ਵਿਚ ਸਫਲ ਹੋ ਗਈ। ਜਿੱਤਣ ਵਾਲੇ ਵਿਅਕਤੀ ਪੇਸ਼ੇਵਰ ਰਾਜਨੀਤਕ ਲੀਡਰ ਨਹੀਂ ਹਨ। ਲੋਕਾਂ ਵਿਚ ਤਬਦੀਲੀ ਦੀ ਇੱਛਾ ਹੀ ਉਨ੍ਹਾਂ ਦੀ ਜਿੱਤ ਦਾ ਕਾਰਨ ਬਣੀ। ਕੁਝ ਲੋਕਾਂ ਨੇ ਇਹ ਧਾਰਨਾ ਬਣਾ ਲਈ ਹੈ ਕਿ ਇਸ ਵਾਰ ਪੰਜਾਬ ਵਿਚ ਵੀ ਸਰਕਾਰ ḔਆਪḔ ਦੀ ਹੀ ਬਣੇਗੀ। ਇਸੇ ਉਮੀਦ ਕਾਰਨ ਹਰ ਖੇਤਰ ਵਿਚ ਕੁਝ ਨਾਮਣਾ ਖੱਟ ਚੁੱਕੇ ਵਿਅਕਤੀ ḔਆਪḔ ਵਿਚ ਸ਼ਾਮਿਲ ਹੋ ਰਹੇ ਹਨ, ਪਰ ਇਨ੍ਹਾਂ ਵਿਚੋਂ ਬਹੁਤੇ ਚੋਣਾਂ ਦੇ ਦਾਅ ਪੇਚਾਂ ਤੋਂ ਜਾਣੂ ਨਹੀਂ ਹਨ। ਪਾਰਟੀ ਕੋਲ ਰਾਜਨੀਤੀ ਦੇ ਮਾਹਿਰ ਲੀਡਰਾਂ ਦੀ ਵੀ ਘਾਟ ਹੈ। ਇਸ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਬਹੁਤੇ ਟਿਕਟ ਮਿਲਣ ਦੀ ਉਮੀਦ ਵਿਚ ਆਏ ਹਨ। ਉਮੀਦਵਾਰਾਂ ਦੇ ਨਾਵਾਂ ਦਾ ਜਦੋਂ ਐਲਾਨ ਹੋ ਗਿਆ ਤਾਂ ਹੋ ਸਕਦਾ ਹੈ, ਟਿਕਟ ਵਿਹੂਣੇ ਪਾਰਟੀ ਛੱਡਣੀ ਸ਼ੁਰੂ ਕਰ ਦੇਣ। ਇਹ ਮੰਨਣਾ ਪਵੇਗਾ ਕਿ ਇਸ ਸਮੇਂ ਪ੍ਰਚਾਰ ਪੱਖੋਂ ḔਆਪḔ ਦੂਜੀਆਂ ਦੋਵਾਂ ਧਿਰਾਂ ਤੋਂ ਅੱਗੇ ਹੈ। ਉਮੀਦ ਤੋਂ ਵੱਧ ਮਾਇਕ ਵਸੀਲੇ ਪ੍ਰਾਪਤ ਕਰਨ ਵਿਚ ਵੀ ਕੇਜਰੀਵਾਲ ਸਫਲ ਹੋ ਗਿਆ ਹੈ। ਉਸ ਨੂੰ ਪਤਾ ਹੈ ਕਿ ਪੰਜਾਬ ਦੀਆਂ ਚੋਣਾਂ ਉਤੇ ਹੀ ḔਆਪḔ ਦਾ ਭਵਿਖ ਨਿਰਭਰ ਕਰਦਾ ਹੈ। ਜੇ ਇਹ ਪਾਰਟੀ ਪੰਜਾਬ ਵਿਚ ਜਿੱਤ ਜਾਂਦੀ ਹੈ ਜਾਂ ਘੱਟੋ-ਘੱਟ ਮੁੱਖ ਵਿਰੋਧੀ ਧਿਰ ਬਣ ਜਾਂਦੀ ਹੈ ਤਾਂ ਪਾਰਟੀ ਦਾ ਦੂਜੇ ਰਾਜਾਂ ਵਿਚ ਪਸਾਰਾ ਵੀ ਸ਼ੁਰੂ ਹੋ ਜਾਵੇਗਾ। ਜੇ ਪੰਜਾਬ ਵਿਚ ਇਸ ਦਾ ਸਫ਼ਾਇਆ ਹੋ ਜਾਂਦਾ ਹੈ ਤਾਂ ਮੁਲਕ ਵਿਚ ਪਾਰਟੀ ਦਾ ਭਵਿਖ ਧੁੰਦਲਾ ਹੋਣ ਦੇ ਆਸਾਰ ਬਣ ਜਾਣਗੇ।
ਸ਼੍ਰੋਮਣੀ ਅਕਾਲੀ ਦਲ ਲਈ ਵੀ ਇਸ ਵਾਰ ਸਿਰ-ਧੜ ਦੀ ਬਾਜ਼ੀ ਲੱਗੀ ਹੋਈ ਹੈ। ਤੀਜੀ ਵਾਰ ਜਿੱਤ ਪ੍ਰਾਪਤ ਕਰਨ ਲਈ ਉਂਜ ਵੀ ਵਿਸ਼ੇਸ਼ ਉਪਰਾਲੇ ਕਰਨੇ ਪੈਂਦੇ ਹਨ। ਲੋਕੀਂ ਦਸ ਸਾਲਾਂ ਵਿਚ ਅੱਕ ਜਾਂਦੇ ਹਨ ਤੇ ਉਹ ਬਦਲਾਉ ਲਈ ਯਤਨ ਕਰਦੇ ਹਨ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦਾ ਜਿੱਤਣਾ ਇਸ ਲਈ ਜ਼ਰੂਰੀ ਨਹੀਂ ਕਿ ਮੋਦੀ ਦੇ ਹੱਥ ਮਜ਼ਬੂਤ ਹੋਣਗੇ, ਸਗੋਂ ਇਸ ਲਈ ਜ਼ਰੂਰੀ ਹੈ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਲਈ ਮੁੱਖ ਮੰਤਰੀ ਬਣਨ ਲਈ ਜਿੱਤ ਜ਼ਰੂਰੀ ਹੈ। ਇਸੇ ਕਰ ਕੇ ਸੁਖਬੀਰ ਆਪਣੇ ਪੂਰੇ ਵਸੀਲਿਆਂ ਦੀ ਵਰਤੋਂ ਚੋਣ ਜਿੱਤਣ ਲਈ ਕਰਨਗੇ। ਜਿੱਤ ਉਨ੍ਹਾਂ ਦਾ ਭਵਿਖ ਉਜਲਾ ਕਰੇਗੀ, ਜਦੋਂਕਿ ਹਾਰ ਇਸ ਨੂੰ ਧੁੰਦਲਾ ਕਰ ਸਕਦੀ ਹੈ। ਇਸੇ ਲਈ ਸਰਕਾਰ ਵੱਲੋਂ ਸੂਬੇ ਦੇ ਸਾਰੇ ਵਰਗਾਂ ਨੂੰ ਖ਼ੁਸ਼ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਕੀ ਇਹ ਯਤਨ ਲੋਕਾਂ ਦਾ ਭਰੋਸਾ ਜਿੱਤਣ ਵਿਚ ਸਫਲ ਹੋ ਸਕਣਗੇ?
ਤੀਜੀ ਧਿਰ ਕਾਂਗਰਸ ਪਾਰਟੀ ਹੈ। ਮੁਲਕ ਵਿਚ ਇਸ ਸਮੇਂ ਇਸ ਪਾਰਟੀ ਦੇ ਸਿਤਾਰੇ ਕੋਈ ਬਹੁਤੇ ਚੰਗੇ ਨਹੀਂ ਹਨ। ਪੰਜਾਬ ਵਿਚ ਜਿੱਤ ਇਸ ਪਾਰਟੀ ਨੂੰ ਹੁਲਾਰਾ ਦੇ ਸਕਦੀ ਹੈ, ਪਰ ਇਸ ਤੋਂ ਵੀ ਵੱਧ ਕੈਪਟਨ ਅਮਰਿੰਦਰ ਸਿੰਘ ਦਾ ਭਵਿਖ ਦਾਅ ਉਤੇ ਲੱਗਾ ਹੋਇਆ ਹੈ। ਉਨ੍ਹਾਂ ਵੱਲੋਂ ਕੀਤੇ ਐਲਾਨ ਮੁਤਾਬਿਕ ਇਹ ਉਨ੍ਹਾਂ ਦੀ ਆਖ਼ਰੀ ਚੋਣ ਹੈ। ਉਨ੍ਹਾਂ ਵੱਲੋਂ ਆਪਣਾ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਉਨ੍ਹਾਂ ਨੇ ਤਾਂ ਪ੍ਰਚਾਰ ਲਈ ਮਾਹਿਰਾਂ ਨੂੰ ਵੀ ਰੱਖ ਲਿਆ ਹੈ, ਪਰ ਕਾਂਗਰਸ ਦੀ ਜਿੱਤ ਇੰਨੀ ਸੌਖੀ ਨਹੀਂ ਹੈ। ਅਕਾਲੀ ਦਲ ਦੀ ਵਿਗੜੀ ਵੋਟ, ਜਿਹੜੀ ਕਾਂਗਰਸ ਨੂੰ ਜਾਣੀ ਸੀ, ਹੁਣ ਉਸ ਦਾ ਬਹੁਤਾ ਹਿੱਸਾ ḔਆਪḔ ਦੀ ਝੋਲੀ ਵਿਚ ਪੈ ਸਕਦਾ ਹੈ। ਜਿੱਤ ਲਈ ਸਾਰੇ ਕਾਂਗਰਸ ਆਗੂਆਂ ਨੂੰ ਇਕਜੁੱਟ ਹੋਣ ਦੀ ਵੀ ਲੋੜ ਹੈ। ਕੀ ਕਾਂਗਰਸੀ ਲੀਡਰ ਇਕਜੁੱਟ ਹੋ ਕੇ ਚੋਣ ਲੜ ਸਕਣਗੇ?
ਪੰਜਾਬ ਇਸ ਸਮੇਂ ਨਾਜ਼ੁਕ ਦੌਰ ਵਿਚੋਂ ਲੰਘ ਰਿਹਾ ਹੈ। ਖੇਤੀ ਅਤੇ ਸਨਅਤ ਵਿਚ ਮਾਯੂਸੀ ਹੈ। ਨਵੀਂ ਪੀੜ੍ਹੀ ਵਿਚ ਨਿਰਾਸ਼ਤਾ ਅਤੇ ਬੈਚੇਨੀ ਹੈ। ਤਿੰਨੇ ਰਾਜਸੀ ਧਿਰਾਂ ਸਰਦਾਰੀ ਲਈ ਜ਼ੋਰ ਲਾ ਰਹੀਆਂ ਹਨ, ਪਰ ਅਜੇ ਤਕ ਹਾਲਤ ਧੁੰਦਲੀ ਹੈ। ਜਿਹੜੀ ਵੀ ਧਿਰ ਜਿੱਤੀ, ਉਸ ਨੂੰ ਪੰਜਾਬ ਨੂੰ ਵਿਕਾਸ ਦੀ ਲੀਹ Ḕਤੇ ਲਿਆਉਣ ਲਈ ਬਹੁਤ ਸਖ਼ਤ ਹੀਲੇ ਕਰਨੇ ਪੈਣਗੇ।