-ਗੁਲਜ਼ਾਰ ਸਿੰਘ ਸੰਧੂ
ਚੰਡੀਗੜ੍ਹ ਦੇ ਨਾਟਕ ਰਸੀਆਂ ਲਈ ਜੂਨ ਮਹੀਨੇ ਦਾ ਅਖੀਰ ਅਤੇ ਜੁਲਾਈ ਦਾ ਅਰੰਭ ਬੜਾ ਭਾਗਾਂ ਭਰਿਆ ਸੀ। ਪਿਛਲੇ ਐਤਵਾਰ ਵਰਿੰਦਰ ਬੱਚਨ ਦੀ ਸੰਗੀਤ ਨਾਟ ਮੰਡਲੀ ਨੇ ਪੰਜਾਬੀ ਦੇ ਹਰਮਨ ਪਿਆਰੇ ਗੀਤਕਾਰ ਨੰਦ ਲਾਲ ਨੂਰਪੁਰੀ ਦੇ ਗੀਤਾਂ ਦੀ ਅਜਿਹੀ ਛਹਿਬਰ ਲਾਈ ਕਿ ਹਰ ਗੀਤ ਦੇ ਅੰਤ ਉਤੇ ਪੰਜਾਬ ਕਲਾ ਪ੍ਰੀਸ਼ਦ ਦਾ ਰੰਧਾਵਾ ਆਡੀਟੋਰੀਅਮ ਤਾੜੀਆਂ ਨਾਲ ਗੂੰਜਦਾ ਰਿਹਾ।
ਬੱਚਨ ਦੀ ਚੋਣ ਤੇ ਨਿਰਦੇਸ਼ ਕਿੰਨਾ ਚੰਗਾ ਸੀ ਗੀਤਾਂ ਦੇ ਮੁਖੜੇ ਗਵਾਹ ਹਨ: ਕਿਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ; ਏਥੋਂ ਉਡ ਜਾ ਭੋਲਿਆ ਪੰਛੀਆ ਤੂੰ ਆਪਣੀ ਜਾਨ ਬਚਾ; ਮੈਂ ਵਤਨ ਦਾ ਸ਼ਹੀਦ ਹਾਂ ਮੇਰੀ ਯਾਦ ਭੁਲਾ ਦੇਣਾ; ਮੈਨੂੰ ਦਿਉਰ ਦੇ ਵਿਆਹ ਵਿਚ ਨੱਚ ਲੈਣ ਦੇ; ਕੰਡੇ ਉਤੇ ਆ ਗਿਆ ਏ ਰੂਪ ਮੁਟਿਆਰ ਦਾ; ਨੂਰ ਕਿਵੇਂ ਡੁਲ੍ਹਦਾ ਹਵੇਲੀ ਵਾਲੇ ਜੱਟ ਦਾ; ਕੰਠੇ ਵਾਲਾ ਆ ਗਿਆ ਪ੍ਰਾਹੁਣਾ ਮਾਏਂ ਨੀ ਤੇਰੇ ਕੰਮ ਨਾ ਮੁੱਕੇ; ਵੰਗਾਂ ਵਾਲੇ ਹੱਥਾਂ ਦੇ ਨਾਲ ਤਾਰਾਮੀਰਾ ਤੋੜਦੀ ਫਿਰੇ; ਸਾਉਣ ਦਾ ਮਹੀਨਾ ਤੇ ਪੀਂਘਾਂ ਦੇ ਹੁਲਾਰੇ ਅਤੇ ਸੱਜਣ ਤੇਰੀ ਨੌਕਰ ਹੋ ਰਹੀ ਆਂ। ਵਰਿੰਦਰ ਬੱਚਨ ਨੇ ਉਹ ਗੀਤ ਚੁਣੇ ਜਿਹੜੇ ਨੂਰਪੁਰੀ ਦੇ ‘ਪਗੜੀ ਸੰਭਾਲ ਜੱਟਾ’ ਤੇ ‘ਸ਼ੌਂਕਣ ਮੇਲੇ ਦੀ’ ਨੂੰ ਵੀ ਮਾਤ ਪਾਉਂਦੇ ਸਨ।
ਸਮਾਗਮ ਦੀ ਵਾਗ ਡੋਰ ਤਾਂ ਪ੍ਰੀਤਮ ਰੁਪਾਲ ਦੇ ਹੱਥ ਸੀ ਪਰ ਇਸ ਨੂੰ ਮਹੱਤਵ ਦੇਣ ਵਿਚ ਗੁਰਚਰਨ ਸਿੰਘ ਬੋਪਾਰਾਏ ਦੀ ਦੇਣ ਵੀ ਘਟ ਨਹੀਂ ਸੀ। ਇਕ ਤਰ੍ਹਾਂ ਨਾਲ ਨੂਰਪੁਰੀ ਦਾ ਸਮਕਾਲੀ ਹੁੰਦਿਆਂ ਉਹਨੇ ਤੇ ਉਸ ਦੇ ਸਾਥੀ ਸਵਰਨ ਸਿੰਘ ਨੇ ਆਪਣੀ ਗਾਇਕੀ ਨੂੰ ਵੀ ਉਹਦੇ ਵਾਲਾ ਸੁਹਜ ਤੇ ਉਹਦੇ ਵਾਲੀ ਰੰਗਤ ਦੇਣ ਦਾ ਭਰਪੂਰ ਯਤਨ ਕੀਤਾ। ਜੇ ਨੰਦ ਲਾਲ ਨੂਰਪੁਰੀ ਲਾਇਲਪੁਰ ਜ਼ਿਲੇ ਦੇ ਪਿੰਡ ਨੂਰਪੁਰ ਦਾ ਜੰਮਪਲ ਸੀ ਤਾਂ ਬੋਪਾਰਾਏ ਦਾ ਆਪਣਾ ਪਿੰਡ ਵੀ ਨੇੜੇ ਹੀ ਸੀ।
ਮੈਂ ਆਪਣੇ ਆਪ ਨੂੰ ਸਾਹਿਤ ਤੇ ਸੰਗੀਤ ਦਾ ਰੱਸੀਆ ਸਮਝਦਾ ਹਾਂ ਪਰ ਸਮਾਗਮ ਵਿਚ ਬੈਠਾ ਮੈਂ ਆਪਣੇ ਆਪ ਨੂੰ ਬਾਰ-ਬਾਰ ਕੋਸਦਾ ਰਿਹਾ ਕਿ ਅਸੀਂ ਲੋਕਾਂ ਨੇ 2006 ਵਿਚ ਉਸ ਦੀ ਜਨਮ ਸ਼ਤਾਬਦੀ ਸਮੇਂ ਉਸ ਨੂੰ ਚੇਤੇ ਹੀ ਨਾ ਕੀਤਾ। ਨੂਰਪੁਰੀ ਦਾ ਜਨਮ 1906 ਵਿਚ ਹੋਇਆ। ਪੰਜਾਬ ਸੰਗੀਤ ਨਾਟਕ ਅਕਾਡਮੀ ਨੇ 110ਵੇਂ ਵਰ੍ਹੇ ਵਿਚ ਉਸ ਦੇ ਗੀਤਾਂ ਦਾ ਪ੍ਰੋਗਰਾਮ ਰਚਾ ਕੇ ਬਹੁਤ ਚੰਗਾ ਕੀਤਾ ਹੈ ਜਿਸ ਲਈ ਉਹ ਸ਼ੁਕਰਾਨੇ ਦੀ ਹੱਕਦਾਰ ਹੈ। ਪ੍ਰਬੰਧਕਾਂ ਨੇ ਇਸ ਮੌਕੇ ਨੂਰਪੁਰੀ ਦੇ ਮਈ 1966 ਦੇ ਮਹੀਨੇ ਖੂਹ ਵਿਚ ਛਾਲ ਮਾਰ ਕੇ ਪ੍ਰਾਣ ਤਿਆਗਣ ਨੂੰ ਵੀ ਅਤਿਅੰਤ ਮੰਦ ਭਾਗਾ ਕਿਹਾ।
ਇਹ ਸਬੱਬ ਦੀ ਗੱਲ ਹੈ ਕਿ ਇਸ ਤੋਂ ਇਕ ਸਪਤਾਹ ਪਹਿਲਾਂ ਜੂਨ ਮਹੀਨੇ ਦੇ ਅੰਤਲੇ ਦਿਨਾਂ ਵਿਚ ਚੰਡੀਗੜ੍ਹ ਸੰਗੀਤ ਨਾਟਕ ਅਕਾਡਮੀ ਨੇ ਟੈਗੋਰ ਥੀਏਟਰ ਵਿਚ Ḕਗਾਲਿਬ ਇਨ ਨਿਊ ਦਿੱਲੀ’ ਦਾ 400ਵਾਂ ਸ਼ੋਅ ਵਿਖਾ ਕੇ ਉਰਦੂ ਦੇ ਉਘੇ ਸ਼ਾਇਰ ਮਿਰਜ਼ਾ ਗ਼ਾਲਿਬ ਨੂੰ ਚੇਤੇ ਕੀਤਾ। ਇਹ ਨਾਟਕ ਨਵੀਂ ਦਿੱਲੀ ਦੇ ਪੀਰੋਟਸ ਟਰੁਪ ਨੇ ਡਾæ ਐਮ ਸਈਅਦ ਆਲਮ ਦੀ ਦੇਖ ਰੇਖ ਹੇਠ ਤਿਆਰ ਕੀਤਾ ਹੈ। ਸੁਣਨ ਵਿਚ ਇਹ ਗੱਲ ਓਪਰੀ ਤਾਂ ਲੱਗੇਗੀ ਕਿ ਇਹ ਨਾਟਕ ਗੰਭੀਰ ਹੋਣ ਦੀ ਥਾਂ ਕਾਮੇਡੀ ਹੈ, ਪਰ ਹੈ ਸੱਚ। ਨਾਟਕ ਦਾ ਅਰੰਭ ਮਿਰਜ਼ਾ ਗ਼ਾਲਿਬ ਦੀ ਰੱਬ ਅੱਗੇ ਬੇਨਤੀ ਨਾਲ ਹੁੰਦਾ ਹੈ, ਜਿਸ ਵਿਚ ਉਹ ਰੱਬ ਨੂੰ ਅਜੋਕੀ ਦਿੱਲੀ ਵੇਖਣ ਲਈ ਮਨਾ ਲੈਂਦਾ ਹੈ। ਰੱਬ ਉਸ ਨੂੰ ਸਿੱਧਾ ਆਈ ਐਸ਼ ਬੀæਟੀæ ਦੇ ਬੱਸ ਅੱਡੇ ਉਤੇ ਉਤਾਰ ਦਿੰਦਾ ਹੈ।
ਮਿਰਜ਼ਾ ਗ਼ਾਲਿਬ ਨੂੰ ਸਭ ਕੁਝ ਓਪਰਾ ਤਾਂ ਲਗਦਾ ਹੈ ਪਰ ਉਹ ਆਪਣੀ ਟਰੰਕੀ ਚੁੱਕ ਕੇ ਆਪਣੀ ਹਵੇਲੀ ਦਾ ਪਤਾ-ਸਤਾ ਪੁੱਛਣ ਲਗਦਾ ਹੈ।
ਪਾਨ ਵਾਲਾ, ਤਾਂਗੇ ਵਾਲਾ ਤੇ ਪੈਦਲ ਉਸ ਨੂੰ ਕੋਈ ਵੀ ਅਜਿਹਾ ਬੰਦਾ ਨਹੀਂ ਮਿਲਦਾ ਜੋ ਉਸ ਨੂੰ ਸਿੱਧੇ ਰਾਹ ਪਾ ਸਕੇ। ਉਹ ਆਪਣੀ ਸ਼ਾਇਰੀ ਦਾ ਸਹਾਰਾ ਲੈਂਦਾ ਹੈ ਤਾਂ ਇਹ ਵੀ ਉਸ ਦੇ ਕੰਮ ਨਹੀਂ ਆਉਂਦੀ। ਅੰਤ ਹਾਰ ਕੇ ਉਹ ਇੱਕ ਜੈ ਹਿੰਦ ਨਾਂ ਦੇ ਬਿਹਾਰੀ ਹਿੰਦੂ ਕੋਲ ਰਾਤ ਕੱਟਣ ਲਈ ਮਜਬੂਰ ਹੋ ਜਾਂਦਾ ਹੈ। ਜੈ ਹਿੰਦ ਖ਼ੁਦ ਕਿਸੇ ਸਰਵੈਂਟ ਕੁਆਰਟਰ ਵਿਚ ਰਹਿੰਦਾ ਹੈ। ਉਹ ਸ਼ਾਇਰੀ ਸੁਣਨ ਨਾਲੋਂ ਇਕ ਰਾਤ ਕੱਟਣ ਦਾ ਕਿਰਾਇਆ ਲੈਣ ਵਿਚ ਵਧੇਰੇ ਦਿਲਚਸਪੀ ਰਖਦਾ ਹੈ। ਮਿਰਜ਼ਾ ਗ਼ਾਲਿਬ ਮਕਾਨ-ਮਾਲਕਣ ਸ਼੍ਰੀਮਤੀ ਚੱਢਾ ਤੋਂ ਹਮਦਰਦੀ ਮੰਗਦਾ ਹੈ ਤਾਂ ਉਹ ਜਗਜੀਤ ਸਿੰਘ ਦੀਆਂ ਸਿਫ਼ਤਾਂ ਕਰਕੇ ਗ਼ਾਲਿਬ ਨੂੰ ਸ਼ਸ਼ੋਪੰਜ ਵਿਚ ਪਾ ਦਿੰਦੀ ਹੈ। ਸ਼੍ਰੀਮਤੀ ਚੱਢਾ ਦੇ ਵਿਚਾਰ ਅਨੁਸਾਰ ਜਗਜੀਤ ਸਿੰਘ ਗ਼ਾਲਿਬ ਦੀਆਂ ਗ਼ਜ਼ਲਾਂ ਦਾ ਗਾਇਕ ਹੀ ਨਹੀਂ ਰਚਣਹਾਰਾ ਵੀ ਹੈ। ਅੰਤ ਵਿਚ ਉਹ ਗ਼ਾਲਿਬ ਨੂੰ ਖ਼ੁਸ਼ ਕਰਨ ਲਈ ਆਪਣਾ ਚੇਤਾ ਖੁਰਚ ਕੇ ਗ਼ਾਲਿਬ ਨੂੰ ਦਸਦੀ ਹੈ ਕਿ ਉਸ ਨੂੰ ਗ਼ਾਲਿਬ ਦੀ ਉਹ ਗ਼ਜ਼ਲ ਬਹੁਤ ਪਸੰਦ ਹੈ, ਜਿਸ ਵਿਚ ਮੁਰਗੇ ਦਾ ਜ਼ਿਕਰ ਹੈ। ਜਦੋਂ ਗ਼ਾਲਿਬ ਦਸਦਾ ਹੈ ਕਿ ਉਸ ਦੀ ਸਮੁੱਚੀ ਰਚਨਾ ਵਿਚ ਮੁਰਗੇ ਦਾ ਜ਼ਿਕਰ ਕਿਧਰੇ ਵੀ ਨਹੀਂ ਤਾਂ ਸ਼੍ਰੀਮਤੀ ਚੱਢਾ ਗ਼ਾਲਿਬ ਦਾ ਹੇਠ ਲਿਖਿਆ ਸ਼ਿਅਰ ਸੁਣਾ ਕੇ ਗ਼ਾਲਿਬ ਦੇ ਸਿਰ ਉਤੇ ਸੌ ਘੜੇ ਪਾਣੀ ਪਾ ਦਿੰਦੀ ਹੈ:
ਹੋ ਚੁਕੀ ਗ਼ਾਲਿਬ ਬਲਾਏਂ ਸਭ ਤਮਾਮ
ਏਕ ਮਰਗ ਏ ਨਾਸਿਹਾਨੀ ਔਰ ਹੈ।
ਸ਼੍ਰੀਮਤੀ ਚੱਢਾ ਵਲੋਂ ਮਰਗ ਨੂੰ ਮੁਰਗਾ ਪੜ੍ਹਨਾ ਤੇ ਸਮਝਣਾ ਗ਼ਾਲਿਬ ਨੂੰ ਆਪਣਾ ਮੱਥਾ ਠੋਕਣ ਲਾ ਦਿੰਦਾ ਹੈ। ਥੱਕ ਹਾਰ ਕੇ ਗ਼ਾਲਿਬ ਆਪਣਾ ਦਬ-ਦਬਾਅ ਕਾਇਮ ਕਰਨ ਲਈ ਇਕ ਪ੍ਰੈਸ ਕਾਨਫਰੈਂਸ ਕਰਦਾ ਹੈ ਪਰ ਪੱਤਰਕਾਰ ਲੋਕ ਵੀ ਸ਼੍ਰੀਮਤੀ ਚੱਢਾ ਵਰਗੇ ਹੀ ਨਿਕਲਦੇ ਹਨ। ਨਾਟਕ ਵਿਚ ਗ਼ਾਲਿਬ ਦੀ ਪਛਾਣ ਦਾ ਸੰਕਟ ਤੇ ਦੁਖ ਦਰਦ ਹੀ ਨਹੀਂ, ਅਜੋਕੀ ਦਿੱਲੀ ਦੇ ਸਭਿਆਚਾਰਕ ਮੁਹਾਂਦਰੇ ਤੇ ਆਰਥਕ ਜੀਵਨ ਉਤੇ ਵੀ ਚਾਨਣਾ ਪਾਇਆ ਗਿਆ ਹੈ। ਮਿਰਜ਼ਾ ਗ਼ਾਲਿਬ ਦਾ ਰੋਲ ਡਾæ ਐਮæ ਸਈਅਦ ਆਲਮ ਨੇ ਨਿਭਾਇਆ ਜੋ ਪੂਰੇ ਨਾਟਕ ਦੀ ਜਿੰਦ ਜਾਨ ਸੀ। ਸਈਅਦ ਆਲਮ ਨੂੰ ਮਿਰਜ਼ਾ ਗ਼ਾਲਿਬ ਦੀ ਨਵੀਂ ਦਿੱਲੀ ਮੁਬਾਰਕ। ਜਿਥੋਂ ਤੱਕ ਚੰਡੀਗੜ੍ਹੀਆਂ ਦਾ ਸਵਾਲ ਹੈ ਉਹ ਨੂਰਪੁਰੀ ਤੇ ਗ਼ਾਲਿਬ ਦੀ ਚੰਡੀਗੜ੍ਹ ਆਮਦ ਉਤੇ ਮਾਲਾਮਾਲ ਹਨ।
ਸ਼੍ਰੀਮਤੀ ਐਮæ ਐਸ਼ ਰੰਧਾਵਾ ਦੇ ਸੌ ਸਾਲ: 22 ਜੂਨ 2016 ਨੂੰ ਸਵਰਗਵਾਸੀ ਡਾæ ਐਮæ ਐਸ਼ ਰੰਧਾਵਾ ਦੀ ਸ਼੍ਰੀਮਤੀ ਬੀਜੀ ਇਕਬਾਲ ਕੌਰ ਸੌ ਸਾਲ ਦੇ ਹੋ ਗਏ ਹਨ। ਜਿਉਂਦੇ ਜੀਅ ਡਾæ ਰੰਧਾਵਾ ਆਪਣੀ ਸ੍ਰੀਮਤੀ ਨੂੰ ਅਕਸਰ ਕਹਿੰਦੇ ਸਨ ਕਿ ਉਹ ਅਗਲੇ ਜਨਮ ਵਿਚ ਵੀ ਇਕਬਾਲ ਕੌਰ ਦਾ ਜੀਵਨ ਸਾਥ ਮਾਨਣ ਦੇ ਇਛੁੱਕ ਹਨ। ਪਰ ਉਪਰ ਵਾਲੇ ਨੇ ਤਿੰਨ ਮਾਰਚ 1986 ਵਾਲੇ ਦਿਨ ਹੀ ਐਮæ ਐਸ਼ ਰੰਧਾਵਾ ਨੂੰ ਆਪਣੀ ਗੋਦ ਵਿਚ ਲੈ ਲਿਆ। ਇਕਬਾਲ ਕੌਰ ਨੌਂ ਬਰ ਨੌਂ ਹਨ ਤੇ ਹਾਲੀਂ ਵੀ ਬਿਲਾ ਨਾਗਾ ਸੈਰ ਕਰਦੇ ਹਨ। ਇਸ ਤਰ੍ਹਾਂ ਰੰਧਾਵਾ ਜੋੜੀ ਨੇ ਧਰਤੀ ਤੇ ਆਕਾਸ਼ ਦੋਵੇਂ ਜਹਾਨ ਮੱਲ ਰੱਖੇ ਹਨ। ਦੋਵਾਂ ਨੂੰ ਦੋਨੋਂ ਜਹਾਨ ਮੁਬਾਰਕ। ਇੱਕ ਦੂਜੇ ਨੂੰ ਸਦੀਵੀ ਸਾਥ ਦੇਣ ਦਾ ਇਹ ਵੀ ਇੱਕ ਢੰਗ ਹੈ।
ਅੰਤਿਕਾ: ਟੀ ਐਨ ਰਾਜ ਵਲੋਂ ਗ਼ਾਲਿਬ ਦੇ ਸ਼ਿਅਰਾਂ ਦੀ ਪੈਰੋਡੀ
Ḕਹਮ ਸੇ ਖੁਲ੍ਹ ਜਾਓ ਬਵਕਤ-ਏ-ਮੈ
ਪ੍ਰਸਤੀ ਏਕ ਦਿਨ।
ਮਹਿੰਗੀ ਵਿਸਕੀ ਭੀ ਚਲੇਗੀ ਛੋੜ
ਸਸਤੀ ਏਕ ਦਿਨ।
ਤੁਮ ਸ਼ਰਾਬ ਆਕਰ ਹਮਾਰੇ ਸਾਥ
ਪੀਨਾ ਐ ਨਦੀਮ
ਮਾਰਚ ਮੇਂ ਹਰ ਸਾਲ ਹੋ ਜਾਤੀ ਹੈਸਸਤੀ ਏਕ ਦਿਨ।
ਪਾਰਟੀ ਕੋ ਤੋੜੀਏ, ਫਿਰ ਜੋੜੀਏ,
ਫਿਰ ਤੋੜੀਏ
ਰੰਗ ਲੇ ਹੀ ਆਏਗੀ ਮੌਕਾ ਪ੍ਰਸਤੀ ਏਕ ਦਿਨ।