ਜ਼ੁਲਮਤਾਂ ਦੇ ਦੌਰ ‘ਚ ਗਾਈ ਪ੍ਰੇਮ ਕਹਾਣੀ: ਬੰਬੇ

ਕੁਲਦੀਪ ਕੌਰ
ਫਿਲਮਸਾਜ਼ ਮਣੀ ਰਤਨਮ ਦੀ ਫਿਲਮ ‘ਬੰਬੇ’ ਰਿਲੀਜ਼ ਹੁੰਦਿਆਂ ਸਾਰ ਵਿਵਾਦਾਂ ਵਿਚ ਘਿਰ ਗਈ। ਸਭ ਤੋਂ ਪਹਿਲਾਂ ਤਾਂ ਸੈਂਸਰ ਬੋਰਡ ਨੇ ਇਸ ਨੂੰ ਪਾਸ ਕਰਨ ਤੋਂ ਇਨਕਾਰ ਕਰ ਦਿਤਾ; ਅਖੇ: ਫਿਲਮ ਦਾ ਵਿਸ਼ਾ-ਵਸਤੂ ਧਾਰਮਿਕ ਦੰਗਿਆਂ ‘ਤੇ ਆਧਾਰਿਤ ਹੋਣ ਕਰ ਕੇ ਇਹ ਹਿੰਦੂ-ਮੁਸਲਿਮ ਧਿਰਾਂ ਵਿਚ ਤਣਾਉ ਦਾ ਕਾਰਨ ਬਣ ਸਕਦੀ ਹੈ। ਫਿਲਮ ਉਚ ਵਰਗੀ ਤੇ ਉਚ ਜਾਤ ਦੇ ਮੁੰਡੇ ਸ਼ੰਕਰ (ਸ਼ਿਵ ਦੇਵਤਾ ਦਾ ਛੋਟਾ ਨਾਮ) ਦੇ ਗਰੀਬ ਮੁਸਲਿਮ ਪਰਿਵਾਰ ਦੀ ਕੁੜੀ ਸ਼ੈਲ਼ਾ ਬਾਨੋ (ਮਨੀਸ਼ਾ ਕੋਇਰਾਲਾ) ਨਾਲ ਵਿਆਹ ਅਤੇ ਬਾਅਦ ਵਿਚ ਪਰਿਵਾਰ ਦੇ ਤੌਰ ‘ਤੇ ਉਨ੍ਹਾਂ ਦੇ ਮਜ਼ਹਬੀ ਨਫਰਤ ਨਾਲ ਟਕਰਾਉ ਉਪਰ ਅਧਾਰਿਤ ਹੈ।

ਸ਼ੰਕਰ ਦਾ ਕਿਰਦਾਰ ਅਦਾਕਾਰ ਅਰਵਿੰਦ ਸੁਆਮੀ ਨੇ ਨਿਭਾਇਆ। ਉਹ ਬੰਬਈ ਵਿਚ ਬਤੌਰ ਪੱਤਰਕਾਰ ਕੰਮ ਕਰ ਰਿਹਾ ਹੈ। ਫਿਲਮ ਦੀ ਪਿਠਭੂਮੀ ਅਤੇ ਕਥਾਨਕ ਵਿਚ ਵਾਰ-ਵਾਰ ਬਾਬਰੀ ਮਸਜਿਦ ਦੇ ਢਾਹੇ ਜਾਣ ਅਤੇ 1993 ਦੇ ਬੰਬਈ ਦੰਗਿਆਂ ਦਾ ਅਲਾਪ ਗੂੰਜਦਾ ਹੈ। ਫਿਲਮ ਦੰਗਿਆਂ ਬਾਰੇ ਮੀਡੀਆ ਅਤੇ ਨੇਤਾਵਾਂ ਦੀਆਂ ਥਿਊਰੀਆਂ ਤੋਂ ਪਾਰ ਜਾਂਦਿਆਂ ਵੱਖ-ਵੱਖ ਫਿਰਕਿਆਂ ਵਿਚ ਮੌਜੂਦ ਗਹਿਰੀਆਂ ਆਪਸੀ ਤੰਦਾਂ ਦੀ ਮਜ਼ਬੂਤੀ ਦੀ ਨਿਸ਼ਾਨਦੇਹੀ ਕਰਦੀ ਹੈ। ਨਾਟਕਕਾਰ ਬਰੈਖਤ ਪੁੱਛਦਾ ਹੈ- ‘ਕੀ ਜ਼ੁਲਮਤਾਂ ਦੇ ਦੌਰ ਵਿਚ ਵੀ ਗੀਤ ਗਾਏ ਜਾਣਗੇ?’ ਫਿਲਮ ‘ਬੰਬੇ’ ਵਿਚਲੇ ਪ੍ਰੇਮ ਗੀਤ ਨੂੰ ਸੁਣਦਿਆਂ ਕਿਹਾ ਜਾ ਸਕਦਾ ਹੈ: ‘ਹਾਂ! ਜ਼ੁਲਮਤਾਂ ਦੇ ਦੌਰ ਵਿਚ, ਜ਼ੁਲਮਤਾਂ ਬਾਰੇ ਗੀਤ ਗਾਏ ਜਾਣਗੇ’।
ਫਿਲਮ ਬਾਰੇ ਦੂਜਾ ਵਿਵਾਦ ਉਦੋਂ ਖੜ੍ਹਾ ਹੋਇਆ ਜਦੋਂ ਹਿੰਦੂ ਪੱਖੀ ਕੁਝ ਜਥੇਬੰਦੀਆਂ ਨੇ ਇਸ ਫਿਲਮ ਵਿਚ ਬਾਲ ਠਾਕਰੇ ਨਾਲ ਮਿਲਦੇ-ਜੁਲਦੇ ਹਿੰਦੂ ਨੇਤਾ ਦੇ ਦੰਗੇ ਭੜਕਾਉਣ ਵਿਚ ਸ਼ਾਮਿਲ ਦਿਖਾਏ ਜਾਣ ਦਾ ਵਿਰੋਧ ਕਰਦਿਆਂ ਨਿਰਦੇਸ਼ਕ ਮਣੀ ਰਤਣਮ ਦੇ ਘਰ ‘ਤੇ ਪਥਰਾਉ ਕੀਤਾ। ਫਿਲਮ ਬਾਰੇ ਤੀਜਾ ਵਿਵਾਦ ਮੁਸਲਮਾਨਾਂ ਦੇ ਇਕ ਵਰਗ ਦੁਆਰਾ ਫਿਲਮ ਵਿਚ ਮੁਸਲਿਮ ਕਿਰਦਾਰਾਂ ਨੂੰ ਦੰਗੇ ਕਰਦਿਆਂ ਦਿਖਾਏ ਜਾਣ ਬਾਰੇ ਹੋਇਆ। ਇਸ ਫਿਲਮ ਨੂੰ ਅਗਜ਼ਨੀ, ਮਾਰ-ਕੁਟਾਈ ਅਤੇ ਜਲਾ ਕੇ ਮਾਰਨ ਦੇ ਅਨੇਕਾਂ ਦ੍ਰਿਸ਼ਾਂ ਕਾਰਨ ‘ਏ’ ਸਰਟੀਫਿਕੇਟ ਨਾਲ ਦਿਖਾਏ ਜਾਣ ਦੀ ਇਜਾਜ਼ਤ ਮਿਲੀ।
ਇਹ ਫਿਲਮ ਦੋ ਹਿਸਿਆਂ ਵਿਚ ਵੰਡੀ ਮਿਲਦੀ ਹੈ। ਪਹਿਲੇ ਹਿਸੇ ਵਿਚ ਸ਼ੰਕਰ ਅਤੇ ਸ਼ੈਲਾ ਦੀ ਪ੍ਰੇਮ ਕਹਾਣੀ ਹੈ ਜੋ ਧਰਮ ਦੇ ਆਧਾਰ ਉਤੇ ਬੰਦੇ ‘ਤੇ ਲਾਈਆਂ ਬੰਦਸ਼ਾਂ ‘ਤੇ ਵਿਅੰਗ ਕੱਸਦੀ ਹੈ। ਇਸ ਦਾ ਦੂਜਾ ਹਿਸਾ ਉਨ੍ਹਾਂ ਦੰਗਈਆਂ ਦੀ ਵਹਿਸ਼ਤ ਨਾਲ ਭਰਿਆ ਹੋਇਆ ਹੈ ਜਿਨ੍ਹਾਂ ਦਾ ਧਰਮ ਦੇ ਅਸੂਲਾਂ ਨਾਲ ਕੋਈ ਲੈਣਾ-ਦੇਣਾ ਨਹੀਂ, ਸਗੋਂ ਜੋ ਅਫਵਾਹਾਂ, ਭਾਸ਼ਣਾਂ ਅਤੇ ਜਨੂਨੀ ਪ੍ਰਚਾਰ ਦਾ ਸ਼ਿਕਾਰ ਹੋ ਕੇ ਆਪਣੇ ਹੀ ਘਰਾਂ-ਮੁਹੱਲਿਆਂ ਨੂੰ ਨਰਕ ਬਣਾ ਲੈਂਦੇ ਹਨ। ਭਾਰਤ ਵਿਚ ਦੰਗਿਆਂ ਦੀ ਸਿਆਸਤ ਦਾ ਖੂੰਨੀ ਇਤਿਹਾਸ ਹੈ ਅਤੇ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਨ੍ਹਾਂ ਦੰਗਿਆਂ ਵਿਚ ਮਾਰੇ ਜਾਣ ਵਾਲਿਆਂ ਤੋਂ ਵੱਧ ਨਰਕ ਉਹ ਹੰਢਾਉਂਦੇ ਹਨ ਜਿਹੜੇ ਬੇਚਿਹਰਾ ਭੀੜ ਦਾ ਹਿਸਾ ਬਣ ਕੇ ਵਹਿਸ਼ਤ ਦਾ ਨਾਚ ਨੱਚਦੇ ਹਨ। ਇਨ੍ਹਾਂ ਦੰਗਿਆਂ ਵਿਚ ਉਜੜੇ ਲੋਕ ਪੀੜ੍ਹੀ-ਦਰ-ਪੀੜ੍ਹੀ ਸਦਮਿਆਂ ਅਤੇ ਦਰਦਾਂ ਨਾਲ ਵਾਰ-ਵਾਰ ਮੱਥਾ ਲਗਾਉਂਦੇ ਹਨ, ਪਰ ਇਸ ਦਰਦ ਦੇ ਜਨਮਦਾਤੇ ‘ਧਰਮੀ ਲੋਕ’ ਕਦੇ ਵੀ ਸ਼ਰਮਿੰਦਾ ਨਹੀਂ ਹੁੰਦੇ। ਕੀ ਇਕ ਵਾਰ ਨਰਕ ਵਿਚੋਂ ਗੁਜ਼ਰਨ ਤੋਂ ਬਾਅਦ ਦੂਜੀ ਵਾਰ ਦੰਗੇ ਦੀ ਸੰਭਾਵਨਾ ਨਾਲ ਤਰਕ ਨਾਲ ਨਹੀਂ ਨਜਿੱਠਿਆ ਜਾ ਸਕਦਾ ਹੈ?
ਇਸ ਫਿਲਮ ਦਾ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲਾ ਤੱਤ ਇਸ ਦੀ ਸਿਨੇਮਾਟੋਗ੍ਰਾਫੀ ਹੈ ਜੋ ਰਾਜੀਵ ਮੈਨਨ ਦੇ ਕੈਮਰੇ ਦਾ ਕਮਾਲ ਹੈ। ਬੰਬਈ ਦੇ ਦੰਗੇ ਫਿਲਮਾਉਣ ਲਈ ਚੇਨਈ ਵਿਚ ਸੈੱਟ ਲਗਾਏ ਗਏ, ਪਰ ਫਿਲਮ ਵਿਚ ਦੰਗਿਆਂ ਨਾਲ ਸਬੰਧਿਤ ਦ੍ਰਿਸ਼ ਇੰਨੇ ਪ੍ਰਭਾਵੀ ਹਨ ਕਿ ਦਰਸ਼ਕ ਖੁਦ ਨੂੰ ਵੀ ਉਸ ਤਰਾਸਦੀ ਦਾ ਸ਼ਿਕਾਰ ਬਣਦਾ ਮਹਿਸੂਸ ਕਰਦਾ ਹੈ। ਫਿਲਮ ਦੇ ਇਕ ਦ੍ਰਿਸ਼ ਵਿਚ ਸ਼ੰਕਰ ਅਤੇ ਸ਼ੈਲਾ ਦੇ ਦੋਵਾਂ ਬੱਚਿਆਂ ਨੂੰ ਭੀੜ ਜ਼ਿੰਦਾ ਜਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਬੱਚਿਆਂ ‘ਤੇ ਮਿੱਟੀ ਦਾ ਤੇਲ ਛਿੜਕਣ ਦਾ ਦ੍ਰਿਸ਼ ਰੌਂਗਟੇ ਖੜ੍ਹੇ ਕਰਨ ਵਾਲਾ ਹੈ। ਘਰ ਜਲਾAਣ ਕਾਰਨ ਬਿਮਾਰ, ਬਜ਼ੁਰਗ ਅਤੇ ਬੱਚੇ ਕਿਵੇਂ ਜਲਦੀਆਂ ਲਾਸ਼ਾਂ ਬਣ ਜਾਂਦੇ ਹਨ, ਇਸ ਦਾ ਚਿਤਰਨ ਕਰਦੇ ਸਮੇਂ ਨਿਰਦੇਸ਼ਕ ਦੀ ਤਕਲੀਫ ਸਜਿਹੇ ਹੀ ਮਹਿਸੂਸ ਕੀਤੀ ਜਾ ਸਕਦੀ ਹੈ!
ਇਸ ਫਿਲਮ ਦਾ ਅੰਤ ਕੁਝ ਹੱਦ ਤੱਕ ਉਮੀਦ ‘ਤੇ ਕੀਤਾ ਗਿਆ ਹੈ। ਫਿਲਮ ਅਰਵਿੰਦ ਸੁਆਮੀ ਅਤੇ ਮਨੀਸ਼ਾ ਕੋਇਰਾਲਾ ਦੀ ਅਦਾਕਾਰੀ ਕਾਰਨ ਕਲਾਸਿਕ ਬਣ ਸਕੀ ਹੈ। ਫਿਲਮ ਦਾ ਗੀਤ-ਸੰਗੀਤ ਜਾਦੂ ਵਾਂਗ ਅਸਰ ਕਰਦਾ ਹੈ। ਫਿਲਮ ਦੇ ਗਾਣਿਆਂ ‘ਕਹਿਨਾ ਹੀ ਕਿਆ’, ‘ਤੂੰ ਹੀ ਰੇ’ ਨੇ ਤਮਿਲ ਸੰਗੀਤ ਦੇ ਧਾਗੇ ਨਾਲ ਸਾਰੇ ਭਾਰਤ ਨੂੰ ਇਕ ਲੜੀ ਵਿਚ ਪਰੋ ਦਿੱਤਾ। ਮਣੀ ਰਤਨਮ ਨੇ ਇਹ ਫਿਲਮ ਫਿਰਕੂ ਤਾਕਤਾਂ ਦੇ ਮੂੰਹਜ਼ੋਰ ਹੋਣ ਦੇ ਦੌਰ ਵਿਚ ਬਣਾਈ ਜਿਸ ਕਾਰਨ ਇਸ ਫਿਲਮ ਦੀ ਇਤਿਹਾਸਕ ਮਹੱਤਤਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹ ਇਕ ਨਿਰਦੇਸ਼ਕ ਦਾ ਜਨੂੰਨੀ ਸਿਆਸਤ ਨੂੰ ਲਿਖਿਆ ਵਿਰੋਧ-ਪੱਤਰ ਵੀ ਤਾਂ ਹੈ। -0-