ਰੈੱਡ ਐਂਡ ਐਕਸਪਰਟ ਵਾਲਾ ਰਾਹ

ਜੰਗਲਨਾਮਾ-10
‘ਜੰਗਲਨਾਮਾ’ ਉਨ੍ਹਾਂ ਜੰਗਲਾਂ ਦਾ ਬਿਰਤਾਂਤ ਦੱਸਦਾ ਹੈ ਜਿਥੇ ਮਾਓਵਾਦੀ ਆਪਣਾ ਸਿੱਕਾ ਚਲਾ ਰਹੇ ਹਨ। ਸਤਨਾਮ (ਅਸਲ ਨਾਂ ਗੁਰਮੀਤ) ਨੇ ਇਸ ਯਾਤਰਾ ਰਾਹੀਂ ਉਨ੍ਹਾਂ ਲੋਕਾਂ, ਉਨ੍ਹਾਂ ਦੇ ਫਿਕਰਾਂ ਅਤੇ ਉਨ੍ਹਾਂ ਦੇ ਜੁਝਾਰੂ ਜੀਵਨ ਬਾਰੇ ਲੰਮੀ ਬਾਤ ਸੁਣਾਈ ਹੈ। ਇਹ ਬਾਤ ਇਸ ਕਰ ਕੇ ਵਧੇਰੇ ਦਿਲਚਸਪ ਹੋ ਨਿਬੜੀ ਹੈ ਕਿਉਂਕਿ ਪਾਠਕ ਨੂੰ ਇਸ ਵਿਚੋਂ ਵਾਰ-ਵਾਰ ਆਪਣੇ ਹੀ ਜੀਵਨ ਦੇ ਝਲਕਾਰੇ ਦਿਸਦੇ ਹਨ। ਇਹ ਬਾਤ ਸੁਣਾਉਂਦਿਆਂ ਸਤਨਾਮ ਦੀ ਬਿਰਤਾਂਤ-ਜੁਗਤ ਕਮਾਲ ਦੀ ਹੈ।

ਇਸ ਬਿਰਤਾਂਤ ਵਿਚੋਂ ਮਾਓਵਾਦੀਆਂ ਦੇ ਘੋਲ ਦੀ ਝਲਕ ਤਾਂ ਮਿਲਦੀ ਹੀ ਹੈ, ਸਾਹਿਤਕ ਪੱਖ ਤੋਂ ਬਹੁਤ ਥਾਂਈਂ ਰੂਸੀ ਕਲਾਸਿਕ ਰਚਨਾਵਾਂ ਦੇ ਝਉਲੇ ਵੀ ਪੈਂਦੇ ਹਨ। ਪੰਜਾਬੀ ਵਿਚ ਅਜਿਹੀ ਅਨੂਠੀ ਰਚਨਾ ਘੱਟ ਹੀ ਨਜ਼ਰੀਂ ਪੈਂਦੀ ਹੈ। -ਸੰਪਾਦਕ
ਸਤਨਾਮ
ਨਾਸ਼ਤੇ ਦਾ ਵਕਤ ਹੈ। ਤੇਲ ਵਿਚ ਤੜਕੇ ਹੋਏ ਚਿੜਵੇ ਤੇ ਮੂੰਗਫਲੀ ਦੀਆਂ ਗਿਰੀਆਂ ਹਰ ਕਿਸੇ ਦੀ ਪਲੇਟ ਵਿਚ ਹਨ। ਚਾਹ ਦਾ ਰੰਗ ਅੱਜ ਹੋਰ ਵੀ ਤੇਜ਼ ਹੈ।
“ਪੱਤੀ ਤੇਜ਼ ਹੈ ਜਾਂ ਪਾਣੀ ਲਾਲ ਹੈ?” ਮੈਂ ਹੱਸਦੇ ਹੋਏ ਪੁੱਛਦਾ ਹਾਂ।
“ਤੇਜ਼ ਪੱਤੀ।” ਚਾਹ ਵਰਤਾਉਣ ਵਾਲਾ ਮੁਸਕਰਾ ਕੇ ਜਵਾਬ ਦਿੰਦਾ ਹੈ। ਰਾਤ ਮੀਂਹ ਪੈਣ ਤੋਂ ਪਹਿਲਾਂ ਉਨ੍ਹਾਂ ਨੇ ਪਾਣੀ ਦੇ ਡਰੱਮ ਭਰ ਲਏ ਸਨ।
ਨਾਸ਼ਤੇ ਦਾ ਸਮਾਂ ਰੋਜ਼ ਵਾਂਗ ਅੱਜ ਵੀ ਸਿਆਸੀ ਟਿਪਣੀਆਂ ਅਤੇ ਵਿਚਾਰ-ਚਰਚਾ ਦਾ ਸਮਾਂ ਹੈ- “ਮੁਸ਼ੱਰਫ਼ ਬੁਰੀ ਤਰ੍ਹਾਂ ਫਸਿਆ ਪਿਐ। ਅਮਰੀਕਾ ਨਾਲ ਯਾਰੀ ਦਾ ਪਹਿਲਾਂ ਵਾਲਾ ਦੌਰ ਨਹੀਂ ਰਿਹਾ।”
ਰਾਤ ਦੀਆਂ ਖ਼ਬਰਾਂ ਉਪਰ ਕੋਈ ਜਣਾ ਤਬਸਰਾ ਕਰਦਾ ਹੈ। ਖ਼ਬਰ ਸੀ ਕਿ ਅਮਰੀਕਾ ਪਾਕਿਸਤਾਨ ਦੇ ਪਰਮਾਣੂ ਹਥਿਆਰ ਆਪਣੇ ਕਬਜ਼ੇ ਵਿਚ ਲੈ ਸਕਦਾ ਹੈ।
“ਅਮਰੀਕਨ ਸਟੇਟ ਦੇ ਸਿਰਫ਼ ਹਿਤ ਹਨ, ਦੋਸਤੀਆਂ ਨਹੀਂ। ਰੂਸ ਦੇ ਢਹਿਣ ਦੋਂ ਬਾਅਦ ਬਹੁਤ ਕੁਝ ਬਦਲ ਗਿਐ। ਨਵਾਂ ਸੰਸਾਰ ਪ੍ਰਬੰਧ ਧਮਕੀਆਂ ਤੇ ਹਮਲਿਆਂ ਨਾਲ ਹੀ ਠੋਸਿਆ ਜਾ ਸਕਦੈ।” ਦੂਸਰਾ ਜਣਾ ਕਹਿੰਦਾ ਹੈ।
“ਕੋਈ ਵੀ ਦੇਸ਼ ਅਮਰੀਕਾ ਸਾਹਮਣੇ ਖੜ੍ਹਾ ਹੋਣ ਦੀ ਹਾਲਤ ਵਿਚ ਨਹੀਂ, ਮੁਸ਼ੱਰਫ਼ ਕੀ ਚੀਜ਼ ਹੈ।” ਤੀਸਰਾ ਬੋਲਦਾ ਹੈ।
“ਮੁਸ਼ੱਰਫ਼ ਦੇ ਇਹ ਕਹਿਣ ਉਪਰ ਕਿ ਉਸ ਨੇ ਅਮਰੀਕਾ ਦਾ ਸਾਥ ਪਾਕਿਸਤਾਨ ਦੇ ‘ਕੌਮੀ ਹਿਤ’ ਨੂੰ ਧਿਆਨ ਵਿਚ ਰੱਖ ਕੇ ਦਿਤਾ ਹੈ, ਸਿਰਫ਼ ਹੱਸਿਆ ਹੀ ਜਾ ਸਕਦੈ।” ਇਕ ਹੋਰ ਕਹਿੰਦਾ ਹੈ।
“ਦੇਸ਼ ਦਾ ਸਦਰ (ਪਰਧਾਨ) ਹੈ। ਇਹ ਤਾਂ ਕਹਿ ਨਹੀਂ ਸਕਦਾ ਕਿ ਮੈਂ ਇਹ ਬਿਆਨ ਅਮਰੀਕੀ ਬੰਦੂਕ ਦੀ ਨਾਲ ਸਾਹਮਣੇ ਬੈਠ ਕੇ ਦੇ ਰਿਹਾ ਹਾਂ।” ਇਸ ਟਿਪਣੀ ਉਤੇ ਹਾਸਾ ਪੈ ਜਾਂਦਾ ਹੈ।
“ਭਾਰਤ ਦੇ ਕੌਮੀ ਹਿਤ ਅਮਰੀਕਾ ਨਾਲ ਮੇਲ ਖਾਂਦੇ ਹਨ। ਪਾਕਿਸਤਾਨ ਦੇ ਕੌਮੀ ਹਿਤ ਅਮਰੀਕਾ ਨਾਲ ਮੇਲ ਖਾਂਦੇ ਹਨ। ਸਿੱਧ ਕਰੋ ਕਿ ਭਾਰਤ ਤੇ ਪਾਕਿਸਤਾਨ, ਦੋਵਾਂ ਦੇ ਕੌਮੀ ਹਿਤ ਆਪਸ ਵਿਚ ਮੇਲ ਖਾਂਦੇ ਹਨ। ਇਹ ਅਲਜਬਰੇ ਦਾ ਅੱਜ ਸਭ ਤੋਂ ਔਖਾ ਸਵਾਲ ਹੈ।”
“ਕਸ਼ਮੀਰ ਦੀ ਸਲੇਟ ਉਤੇ ਆ ਕੇ ਇਹ ਅਜਿਹਾ ਅੜਦਾ ਹੈ ਕਿ ਹੱਲ ਹੋਣ ਦਾ ਨਾਂ ਹੀ ਨਹੀਂ ਲੈਂਦਾ।”
“ਕਸ਼ਮੀਰ ਵਿਚ ਤੇਲ ਹੁੰਦਾ ਤਾਂ ਹੁਣ ਤੱਕ ਬਾਂਦਰ ਨੇ ਬਿੱਲੀਆਂ ਦੀ ਸਾਰੀ ਰੋਟੀ ਹੜੱਪ ਲਈ ਹੁੰਦੀ।”
ਨਾਸ਼ਤਾ ਚੱਲਦਾ ਰਿਹਾ ਤੇ ਖ਼ਿੱਤੇ ਦੇ ਸਿਆਸੀ ਦ੍ਰਿਸ਼ ਉਤੇ ਟਿਪਣੀਆਂ ਹੁੰਦੀਆਂ ਰਹੀਆਂ।

“ਕੱਲ ਨੂੰ ਅਸੀਂ ਵਿਛੜ ਰਹੇ ਹਾਂ।” ਸ਼੍ਰੀ ਕਾਂਤ ਨੇ ਹਲਕੀ ਜਿਹੀ ਮੁਸਕਰਾਹਟ ਨਾਲ ਕਿਹਾ।
“ਹਾਂ। ਅੱਜ ਕਿਸੇ ਵਕਤ ਮਿਲਾਂਗੇ।”
ਪਲ ਦੀ ਪਲ ਉਸ ਨੇ ਸੋਚਿਆ ਤੇ ਕਿਹਾ, “ਅੱਜ ਨਹੀਂ, ਕੱਲ੍ਹ ਨਾਸ਼ਤੇ ਤੋਂ ਬਾਅਦ।”
“ਠੀਕ ਹੈ।”
ਉਸ ਤੋਂ ਬਾਅਦ ਅਸੀਂ ਦੋਵੇਂ ਤੰਬੂਆਂ ਵੱਲ ਜਾਂਦੇ ਰਾਹ ਦੀ ਚੜ੍ਹਾਈ ਚੜ੍ਹਣ ਲੱਗੇ। ਕੱਲ੍ਹ ਨੂੰ ਗਰਮ ਕੱਪੜੇ, ਕੰਬਲ, ਟੋਪੀਆਂ, ਬੂਟ ਵਗੈਰਾ ਸਭ ਕੁਝ ਆ ਜਾਣਾ ਸੀ। ਉਸ ਨੇ ਕਿਹਾ ਕਿ ਜੋ ਚਾਹੀਦਾ ਹੈ, ਲੈ ਲਵਾਂ। ਮੰਕੀ ਕੈਪ ਤੇ ਮਫ਼ਲਰ ਦੀ ਮੈਨੂੰ ਜ਼ਰੂਰਤ ਨਹੀਂ ਸੀ। ਬੂਟ ਪਹਿਲਾਂ ਹੀ ਪੈਰਾਂ ਵਿਚ ਮੌਜੂਦ ਸਨ ਜਿਨ੍ਹਾਂ ਨਾਲ ਮੈਂ ਹਿਮਾਲਾ ਦਾ ਚੱਕਰ ਪੂਰਾ ਕਰ ਸਕਦਾ ਸਾਂ। ਸੋ, ਮੈਨੂੰ ਕੁਝ ਨਹੀਂ ਸੀ ਚਾਹੀਦਾ।
“ਸਵੇਰੇ!”
“ਜ਼ਰੂਰ।”
ਤੇ ਅਸੀਂ ਆਪਣੇ ਆਪਣੇ ਰਸਤੇ ਉਤੇ ਪੈ ਕੇ ਵੱਖ ਹੋ ਗਏ।

ਰਸੋਈ ਤੋਂ ਜਿਹੜਾ ਵੀ ਵਾਪਸ ਮੁੜਦਾ ਆਪਣਾ ਹਥਿਆਰ ਮੋਢੇ ਤੋਂ ਲਾਹੁੰਦਾ, ਪੁਰਜ਼ਾ ਪੁਰਜ਼ਾ ਖੋਲ੍ਹ ਕੇ ਸਾਫ਼ ਕਰਦਾ ਤੇ ਫਿਰ ਫਿੱਟ ਕਰ ਲੈਂਦਾ। ਹਥਿਆਰ ਨੂੰ ਸਾਫ਼ ਕਰਨਾ ਰੋਜ਼ ਦਾ ਨੇਮ ਹੈ, ਜਦੋਂ ਕਿਸੇ ਨੂੰ ਵਕਤ ਮਿਲਿਆ ਕਰ ਲਿਆ।
“ਕੀ ਰੁਝੇਵੇਂ ਨੇ ਅੱਜ ਦੇ?” ਐਤੂ ਆਪਣੀਆਂ ਫਾਈਲਾਂ ਚੁੱਕੀ ਮੇਰੇ ਕੋਲ ਆ ਕੇ ਬੋਲਿਆ।
“ਜਿਸ ਕਿਸੇ ਨੇ ਬੁਲਾਇਆ, ਤੁਰ ਜਾਵਾਂਗਾ।” ਕਹਿ ਕੇ ਮੈਂ ਹੱਸ ਪਿਆ- “ਤੇ ਤੁਹਾਡੇ?”
“ਮੇਰੇ ਵੀ ਕੋਈ ਨਹੀਂ। ਉਨ੍ਹਾਂ ਅੱਜ ਗੁਰੀਲਾ ਯੁੱਧ ਬਾਰੇ ਵਿਚਾਰਾਂ ਕਰਨੀਆਂ ਤੇ ਮੈਂ ਵਿਹਲਾ ਹਾਂ।”
“ਜੰਗ ‘ਚ ਕੋਈ ਦਿਲਚਸਪੀ ਨਹੀਂ?”
“ਦਿਲਚਸਪੀ ਹੈ, ਪਰ ਜ਼ਿੰਮੇਦਾਰੀ ਨਹੀਂ।”
“ਸਾਇੰਸਦਾਨ ਹੋæææ ਇਸ ਲਈ?”
“ਸਿਰਫ਼ ਸਾਇੰਸਦਾਨ ਨਹੀਂ, ਲਾਲ ਸਾਇੰਸਦਾਨ।” ਐਤੂ ਦੇ ਜਵਾਬ ਉਤੇ ਅਸੀਂ ਦੋਵੇਂ ਹੱਸ ਪਏ।
ਰੈੱਡ ਐਂਡ ਐਕਸਪਰਟ। ਕਮਿਊਨਿਸਟ ਵੀ ਤੇ ਮਾਹਰ ਵੀ। ਚੀਨ ਦੇ ਸਭਿਅਚਾਰਕ ਇਨਕਲਾਬ ਦੌਰਾਨ ਇਹ ਦੋਵੇਂ ਸ਼ਬਦ ਬਹੁਤ ਮਸ਼ਹੂਰ ਹੋਏ ਸਨ। ਇਸ ਕਰਾਂਤੀ ਦੇ ਦੌਰ ਨੇ ਪੜ੍ਹੀ-ਲਿਖੀ ਪੀੜ੍ਹੀ ਨੂੰ ਬਹੁਤ ਪ੍ਰਭਾਵਤ ਕੀਤਾ ਸੀ। ਸਭਿਆਚਾਰਕ ਇਨਕਲਾਬ ਵਿਚ ਹੋਈ ਵੱਡੀ ਉਥਲ-ਪੁਥਲ ਨੇ ਇਹ ਸ਼ਬਦ ਦੁਨੀਆ ਦੇ ਕੋਨੇ ਕੋਨੇ ਵਿਚ ਪਹੁੰਚਾ ਦਿਤੇ ਸਨ। ਲਹਿਰ ਦਾ ਤਾਣ ਟੁੱਟਿਆ ਤਾਂ ਇਹ ਸ਼ਬਦ ਵੀ ਹੌਲੀ-ਹੌਲੀ ਮੱਧਮ ਪੈਂਦੇ ਗਏ। “ਮਾਹਰ” ਤਗੜਾ ਹੁੰਦਾ ਗਿਆ ਤੇ “ਲਾਲ” ਨੂੰ ਨੱਪਦਾ ਗਿਆ। ਅੰਤ ਨੂੰ ਸਿਰਫ਼ ਮਾਹਰ ਹੀ ਰਹਿ ਗਿਆ ਤੇ ਕਮਿਊਨਿਸਟ ਖ਼ਤਮ ਹੋ ਗਿਆ। ਮਾਹਰ ਦੀ ਆਪਣੇ ਕਸਬ ਵਿਚ ਮੁਹਾਰਤ ਹੁੰਦੀ ਹੈ। ਉਹ ਪ੍ਰਬੰਧ ਨੂੰ ਚਲਾਉਣ ਵਾਸਤੇ ਕਾਰਗਰ ਸਾਧਨ ਹੁੰਦਾ ਹੈ। ਉਹ ਕਮਿਊਨਿਸਟ ਵੀ ਹੈ, ਤਾਂ ਪੁਰਾਣੇ ਦਕਿਆਨੂਸੀ ਪ੍ਰਬੰਧ ਨੂੰ ਬਦਲਣ ਵਿਚ ਵੱਡੀ ਭੂਮਿਕਾ ਨਿਭਾ ਸਕਦਾ ਹੈ, ਨਹੀਂ ਤਾਂ ਪੁਰਾਣੇ ਪ੍ਰਬੰਧ ਵਾਸਤੇ ਉਹ ਚੰਗਾ ਸੇਵਾਦਾਰ ਹੋ ਨਿੱਬੜਦਾ ਹੈ। ਚੀਨ ਵਿਚ ਉਲਟ-ਇਨਕਲਾਬ ਤੋਂ ਬਾਅਦ ਨਾ ਸਿਰਫ਼ ਉਥੇ ਹੀ ਮਾਹਰਾਂ ਦੇ ਕਮਿਊਨਿਸਟ ਬਣਨ ਦਾ ਅਮਲ ਰੁਕ ਗਿਆ, ਸਗੋਂ ਦੁਨੀਆਂ ਭਰ ਵਿਚ ਪ੍ਰਭਾਵਿਤ ਹੋਏ ਬੁੱਧੀਜੀਵੀ ਵਰਗ ਦੇ ਵੱਡੇ ਹਿੱਸੇ ਦਾ ਵੀ ਇਹੀ ਹਸ਼ਰ ਹੋਇਆ। ਪਿਛੇ ਹਟਦੇ ਹਟਦੇ ਅੰਤ ਨੂੰ ਉਹ ਸਿਰਫ਼ ਮਾਹਰ ਰਹਿ ਗਏ। ਐਤੂ ਤੇ ਪਵਨ ਦੋਨੋਂ ਹੀ ਇਨਕਲਾਬ ਦੀ ਚੜ੍ਹਾਈ ਦੇ ਉਸ ਦੌਰ ਦੀ ਪੈਦਾਵਾਰ ਹਨ। ਉਹ ਭਾਵੇਂ ਦੋਨੋਂ ਹੀ ਉਮਰ ਦਾ ਅੱਧਾ ਪੰਧ ਮੁਕਾ ਚੁੱਕੇ ਹਨ, ਪਰ ਉਨ੍ਹਾਂ ਨੇ ਰੈੱਡ ਐਂਡ ਐਕਸਪਰਟ ਵਿਚਲੀ ਰੂਹ ਨੂੰ ਆਪਣੇ ਅੰਦਰੋਂ ਮਰਨ ਨਹੀਂ ਦਿਤਾ; ਉਨ੍ਹਾਂ ਸਗੋਂ ਇਸ ਨੂੰ ਜ਼ਰਬ ਹੀ ਦਿਤੀ ਹੈ। ਇਸ ਦਾ ਕਾਰਨ ਇਹੀ ਹੈ ਕਿ ਉਨ੍ਹਾਂ ਨੇ ਲਹਿਰ ਨਾਲ ਆਪਣੇ ਕਰੀਬੀ ਰਿਸ਼ਤੇ ਨੂੰ ਆਂਚ ਨਹੀਂ ਆਉਣ ਦਿੱਤੀ। ਉਹ ਉਥੇ ਰਹੇ ਹਨ, ਜਿਥੇ ਜੱਦੋਜਹਿਦ ਹੈ। ਜਿਥੇ ਜੱਦੋਜਹਿਦ ਨਹੀਂ, ਹਰਕਤ ਨਹੀਂ; ਉਥੇ ਗਿਰਾਵਟ ਹਰ ਕਿਸੇ ਨੂੰ ਤੇਜ਼ੀ ਨਾਲ ਦਬੋਚ ਲੈਂਦੀ ਹੈ। ਇਨਕਲਾਬ ਡਰਾਇੰਗ ਰੂਮ ਅੰਦਰ ਕਾਫ਼ੀ ਦੇ ਕੱਪ ਤੱਕ ਸੀਮਤ ਹੋ ਜਾਂਦਾ ਹੈ ਅਤੇ ਅੰਤ ਨੂੰ ਉਨ੍ਹਾਂ ਅੰਦਰ ਇਸ ਦੀ ਰੂਹ ਮਰ ਜਾਂਦੀ ਹੈ। ਮਾਹਰ ਤਾਂ ਕਿਸੇ ਸਿਸਟਮ ਵਿਚ ਢੇਰਾਂ ਦੇ ਢੇਰ ਪੈਦਾ ਹੁੰਦੇ ਹਨ, ਪਰ ਤਬਦੀਲੀ ਦਾ ਸਾਧਨ ਉਹ ਉਦੋਂ ਹੀ ਬਣਦੇ ਹਨ, ਜਦ ਉਹ ਲਹਿਰ ਨਾਲ ਕਰੀਬੀ ਰਿਸ਼ਤੇ ਵਿਚ ਬੱਝਦੇ ਹਨ। ਸੱਤਰਵਿਆਂ ਵਿਚ ਲਾਲ ਬਣ ਰਹੇ ਮਾਹਰਾਂ ਦੀ ਜ਼ੰਜੀਰ ਲੰਬੀ ਹੋਇਆ ਕਰਦੀ ਸੀ। ਹੌਲੀ ਹੌਲੀ ਇਸ ਨੂੰ ਜੰਗਾਲ ਖਾਣ ਲੱਗਾ ਤੇ ਇਕ ਇਕ ਕਰਕੇ ਕੜੀਆਂ ਦੇ ਝੜਨ ਨਾਲ ਇਹ ਛੋਟੀ ਹੁੰਦੀ ਗਈ। ਬਿਨਾ ਸ਼ੱਕ, ਇਹ ਅਜੇ ਵੀ ਕਾਇਮ ਹੈ ਅਤੇ ਜੱਦੋਜਹਿਦ ਵਿਚ ਹੈ।
“ਪਵਨ ਕੀ ਕਰ ਰਿਹਾ ਹੋਵੇਗਾ?” ਮੈਂ ਐਤੂ ਨੂੰ ਪੁੱਛਦਾ ਹਾਂ।
“ਉਹ ਮੈਡੀਕਲ ਦੀ ਕਲਾਸ ਲੈ ਰਿਹਾ ਹੋਵੇਗਾ। ਆਓ ਦੇਖੀਏ!” ਐਤੂ ਤੇ ਮੈਂ ਪਵਨ ਦੇ ਦਵਾਖ਼ਾਨੇ ਦੇ ਬਾਹਰ ਲੱਗਦੇ ਖੁੱਲ੍ਹੀ ਹਵਾ ਦੇ ‘ਕਲਾਸ ਰੂਮ’ ਵੱਲ ਤੁਰ ਪਏ।
“ਅੱਧਾ ਘੰਟਾ ਹੋਰ ਇੰਤਜ਼ਾਰ ਕਰੋ, ਤਦ ਤਕ ਕਲਾਸ ਖ਼ਤਮ ਹੋ ਜਾਵੇਗੀ।” ਪਵਨ ਐਤੂ ਦੇ ਪੁੱਛਣ ‘ਤੇ ਬੋਲਿਆ।
ਐਤੂ ਭਾਈ ਘੁੰਮਣ ਨਿਕਲਣ ਦਾ ਪ੍ਰੋਗਰਾਮ ਬਣਾਈ ਬੈਠਾ ਸੀ। ਅਸੀਂ ਐਤੂ ਦੇ ਤੰਬੂ ਵਿਚੋਂ ਥਰਮਸ ਲਈ ਅਤੇ ਰਸੋਈ ਵਿਚ ਚਾਹ ਬਣਾਉਣ ਚਲੇ ਗਏ।
ਡਬਲ ਪੱਤੀ ਪਾ ਕੇ ਜ਼ੋਰਦਾਰ ਚਾਹ ਤਿਆਰ ਕੀਤੀ ਗਈ। ਐਤੂ ਨੇ ਧੂੰਏਂ ਨਾਲ ਅੱਖਾਂ ‘ਚੋਂ ਵਗਦੇ ਪਾਣੀ ਨੂੰ ਰੁਮਾਲ ਨਾਲ ਪੂੰਝਿਆ, ਚਸ਼ਮਾ ਸਾਫ਼ ਕੀਤਾ, ਤੇ ‘ਆਓ’ ਕਹਿ ਕੇ ਵਾਪਸ ਪਵਨ ਦੇ ਕਲਾਸ ਰੂਮ ਵੱਲ ਤੁਰ ਪਿਆ।

ਕੋਸਾ ਸਾਡੇ ਚਾਰਾਂ ਵਿਚੋਂ ਅੱਗੇ ਅੱਗੇ ਤੁਰਿਆ। ਪਹਾੜੀ ਦੀ ਟੀਸੀ ਉਤੇ ਪਹੁੰਚ ਕੇ ਉਸ ਨੇ ਚਾਰੇ ਪਾਸੇ ਨਜ਼ਰ ਘੁਮਾਈ, ਸਾਹਮਣੇ ਵਾਲੀ ਪਗਡੰਡੀ ਉਤੇ ਦੂਰ ਤੱਕ ਦੇਖਿਆ, ਲੱਕ-ਪੇਟੀ ਨੂੰ ਰੁਖ਼ ਸਿਰ ਕੀਤਾ ਤੇ ਪਾਰ ਉਤਰਨਾ ਸ਼ੁਰੂ ਕਰ ਦਿਤਾ।
“ਕੋਸਾ ਤਾਂ ਇਉਂ ਕਰ ਰਿਹੈ, ਜਿਵੇਂ ਮੁਹਿੰਮ ਉਤੇ ਚੱਲੇ ਹੋਈਏ।” ਕੋਸਾ ਦੀ ਚੌਕਸੀ ਨੂੰ ਦੇਖਦੇ ਹੋਏ ਮੈਂ ਕਿਹਾ।
ਕੋਸਾ ਚੁੱਪ ਰਿਹਾ, ਪਰ ਐਤੂ ਨੇ ਕਿਹਾ ਕਿ ਇਹ ਮੁਹਿੰਮ ਵਾਂਗ ਹੀ ਹੈ। ਅਸੀਂ ਖ਼ੇਮੇ ਤੋਂ ਬਾਹਰ ਵੱਡੀ ਨਦੀ ਉਤੇ ਜਾ ਰਹੇ ਸਾਂ। ਕੋਈ ਪੰਦਰਾਂ ਮਿੰਟ ਅਸੀਂ ਚੁੱਪ-ਚਾਪ ਤੁਰਦੇ ਗਏ। ਰਸਤਾ ਕਾਫ਼ੀ ਮੁਸ਼ਕਿਲ ਸੀ। ਪੈਰ-ਪੈਰ ‘ਤੇ ਸਾਨੂੰ ਕੰਡਿਆਲੀਆਂ ਝਾੜੀਆਂ ਤੋਂ ਬਚਣਾ ਪੈ ਰਿਹਾ ਸੀ। ਪੈਰ ਫ਼ਿਸਲਣ ਦੀ ਹਰ ਗੁੰਜਾਇਸ਼ ਰੱਦ ਕਰਨਾ ਜ਼ਰੂਰੀ ਸੀ, ਨਹੀਂ ਤਾਂ ਆਦਮੀ ਲੁੜਕੇਗਾ ਅਤੇ ਝਾੜੀਆਂ ਵਿਚ ਬੁਰੀ ਤਰ੍ਹਾਂ ਉਲਝ ਜਾਵੇਗਾ। ਮੁਕਾਬਲਤਨ ਸਮਤਲ ਸਥਾਨ ਉਤੇ ਪਹੁੰਚ ਕੇ ਅਸੀਂ ਰੁਕੇ। ਅਗਾਂਹ ਝਾੜ-ਝਖਾੜ ਨਾਲ ਭਰੀ ਹੋਈ ਡੂੰਘੀ ਖੱਡ ਸੀ ਜਿਸ ਵਿਚ ਉਹ ਨਦੀ ਵਹਿ ਰਹੀ ਸੀ ਜਿਸ ‘ਤੇ ਅਸੀਂ ਪਹੁੰਚਣਾ ਸੀ।
“ਇਥੋਂ ਦੀ ਬਨਸਪਤੀ ਬਹੁਤ ਸੰਘਣੀ ਤੇ ਅਮੀਰ ਹੈ।” ਐਤੂ ਨੇ ਸਾਰੇ ਪਾਸੇ ਬਾਂਹ ਘੁਮਾਉਂਦੇ ਹੋਏ ਕਿਹਾ।
“ਅਨੇਕਾਂ ਤਰ੍ਹਾਂ ਦੀਆਂ ਬੂਟੀਆਂ ਦਾ ਵਿਸ਼ਾਲ ਭੰਡਾਰ ਹੈ ਜਿਨ੍ਹਾਂ ਤੋਂ ਕਈ ਕਿਸਮ ਦੀਆਂ ਦਵਾਈਆਂ ਬਣਦੀਆਂ ਹਨ।” ਉਸ ਨੇ ਅਨੇਕਾਂ ਤਰ੍ਹਾਂ ਦੇ ਪੌਦੇ ਦਿਖਾਏ ਤੇ ਉਨ੍ਹਾਂ ਦੇ ਬਾਟਨੀਕਲ ਨਾਮ ਗਿਣਾਏ। ਕਿਸੇ-ਕਿਸੇ ਪਿੰਡ ਦਾ “ਵੱਡਾ” ਇਨ੍ਹਾਂ ਬਾਰੇ ਜਾਣਕਾਰੀ ਰੱਖਦਾ ਹੈ ਪਰ ਜ਼ਿਆਦਾ ਟੂਣੇ ਕਰਨ ਵਾਲੇ ਹੀ ਹਨ। ਐਤੂ ਸੋਚਦਾ ਹੈ ਕਿ ਉਨ੍ਹਾਂ ਵੱਡਿਆਂ ਦੇ ਗਿਆਨ ਨੂੰ ਦਵਾਵਾਂ ਬਣਾਉਣ ਲਈ ਕਿਸੇ ਨਾ ਕਿਸੇ ਤਰ੍ਹ੍ਹਾਂ ਵਰਤੋਂ ਵਿਚ ਲਿਆਂਦਾ ਜਾਵੇ।
ਐਤੂ ਨੇ ਦੱਸਿਆ ਕਿ ਉਤਰ ਬਸਤਰ ਦੇ ਮਾੜ੍ਹ ਦੇ ਇਲਾਕੇ ਵਿਚ ਹੀਰੇ ਵੀ ਮੌਜੂਦ ਹਨ। ਉਥੇ ਹੀਰਿਆਂ ਦੀ ਖੁਦਾਈ ਵਿਚ ਲੱਗੇ ਕਬਾਇਲੀ ਆਦਮੀ ਔਰਤਾਂ ਨੂੰ ਠੇਕੇਦਾਰ ਅਤੇ ਉਨ੍ਹਾਂ ਨਾਲ ਜੁੜੇ ਗੁੰਡਾ ਗੈਂਗ ਅੰਤਾਂ ਦੇ ਜਬਰ ਅਧੀਨ ਰੱਖਦੇ ਹਨ। ਇਸੇ ਤਰ੍ਹਾਂ ਜਾਸ਼ਪੁਰ ਦੀਆਂ ਨਦੀਆਂ ਵਿਚੋਂ ਸੋਨਾ ਤੇ ਹੀਰੇ ਕੱਢਣ ਵਾਲੇ ਕਬਾਇਲੀਆਂ ਨਾਲ ਵਾਪਰਦਾ ਹੈ। ਹੀਰਿਆਂ ਅਤੇ ਸੋਨੇ ਬਦਲੇ ਉਨ੍ਹਾਂ ਨੂੰ ਉਹ ਮੁੱਠੀ ਭਰ ਚੌਲ ਦੇ ਕੇ ਤੋਰ ਦਿੰਦੇ ਹਨ। ਇਨ੍ਹਾਂ ਧਾਤਾਂ ਨੂੰ ਕੱਢਣ ਵਾਲੇ ਕਬਾਇਲੀ ਧਾਨ ਉਗਾਉਣ ਵਾਲੇ ਕਿਸਾਨਾਂ ਤੋਂ ਵੀ ਬਦਤਰ ਜ਼ਿੰਦਗੀ ਜਿਉਂਦੇ ਹਨ। ਸੋਨਾ ਭਾਵੇਂ ਬਸਤਰ ਦੇ ਕਬਾਇਲੀ ਖੋਦਣ, ਭਾਵੇਂ ਜਾਸ਼ਪੁਰ ਦੇ, ਭਾਵੇਂ ਸਿਆਰਾ ਲਿਓਨ ਅਤੇ ਦੱਖਣੀ ਅਫ਼ਰੀਕਾ ਦੇ, ਉਹ ਅੰਤਾਂ ਦੇ ਗਰੀਬ ਹੀ ਨਹੀਂ ਰਹਿੰਦੇ ਸਗੋਂ ਉਨ੍ਹਾਂ ਨੂੰ ਸਮੱਗਲਰਾਂ, ਜੰਗੀ ਸਰਦਾਰਾਂ ਅਤੇ ਭਿਆਨਕ ਕਿਸਮ ਦੇ ਗਰੋਹਾਂ ਦੇ ਜ਼ੁਲਮ ਵੀ ਝੱਲਣੇ ਪੈਂਦੇ ਹਨ। ਐਤੂ ਕਹਿੰਦਾ ਹੈ ਕਿ ਹੀਰੇ ਉਨ੍ਹਾਂ ਵਾਸਤੇ ਕਿਸੇ ਕੰਮ ਦੇ ਨਹੀਂ ਹਨ। ਹੀਰਿਆਂ ਦੀ ਪੈਦਾਵਾਰ ਸਮਾਜਿਕ ਤੌਰ ਉਤੇ ਜ਼ਰੂਰੀ ਪੈਦਾਵਾਰ ਨਹੀਂ ਹੈ। ਇਹ ਉਥੇ ਹੀ ਪਏ ਰਹਿਣ ਦਿਤੇ ਜਾਣੇ ਚਾਹੀਦੇ ਹਨ ਜਿਥੇ ਇਹ ਮੌਜੂਦ ਹਨ। ਸੋਨਾ ਤੇ ਹੀਰੇ ਕਬਾਇਲੀਆਂ ਦਾ ਢਿੱਡ ਨਹੀਂ ਭਰਦੇ। ਹੀਰੇ ਖੋਦ ਕੇ ਵੀ ਕਬਾਇਲੀ ਭੁੱਖੇ ਦੇ ਭੁੱਖੇ ਅਤੇ ਤਿਜੌਰੀਆਂ ਭਰ ਜਾਂਦੀਆਂ ਹਨ ਬੰਬਈ, ਗੁਜਰਾਤ ਅਤੇ ਅਂੈਂਟਵਰਪ ਦੇ ਥੈਲੀਸ਼ਾਹਾਂ ਦੀਆਂ। ਸੋ, ਮਾੜ੍ਹ ਵਿਚ ਇਸ ਅਣ-ਮਨੁੱਖੀ ਕੰਮ ਨੂੰ ਬੰਦ ਕਰਵਾ ਦਿਤਾ ਗਿਆ ਹੈ। ਗੁਰੀਲਿਆਂ ਨੇ ਠੇਕੇਦਾਰਾਂ ਅਤੇ ਗੁੰਡਾ ਗਰੋਹਾਂ ਨੂੰ ਭਜਾ ਦਿਤਾ ਹੈ। ਉਹ ਕਬਾਇਲੀ ਮਜ਼ਦੂਰ ਹੁਣ ਖੇਤੀ ਕਰਨ ਲੱਗੇ ਹਨ। ਹੁਣ ਉਹ ਅਨਾਜ ਤੋਂ ਵੀ ਮੁਥਾਜ ਨਹੀਂ ਅਤੇ ਜਬਰ ਤੋਂ ਵੀ ਮੁਕਤ ਹਨ।
ਸਮਤਲ ਜ਼ਮੀਨ ਦੇ ਉਸ ਟੁਕੜੇ ਤੋਂ ਅਸੀਂ ਹੇਠਾਂ ਵੱਲ ਉਤਰਨਾ ਸ਼ੁਰੂ ਕੀਤਾ। ਨਦੀ ਤੋਂ ਸੱਤ ਅੱਠ ਮਿੰਟ ਦੇ ਫ਼ਾਸਲੇ ਉਤੇ ਕੋਸਾ ਨੇ ਸਾਨੂੰ ਰੋਕ ਦਿਤਾ ਅਤੇ ਖ਼ੁਦ ਨਦੀ ਦੇ ਦੋਵਾਂ ਪਾਸਿਆਂ ਦਾ ਮੁਆਇਨਾ ਕਰਨ ਲਈ ਆਹਿਸਤਾ ਨਾਲ ਹੇਠਾਂ ਉਤਰ ਗਿਆ।
ਕੋਈ ਵੀਹ ਮਿੰਟ ਬਾਅਦ ਕੋਸਾ ਵਾਪਸ ਮੁੜਿਆ। ਅਸੀਂ ਸਾਰੇ ਹੇਠਾਂ ਉਤਰਨ ਲੱਗੇ ਤੇ ਨਦੀ ਉਤੇ ਪਹੁੰਚ ਗਏ। ਨਦੀ ਕਾਫ਼ੀ ਡੂੰਘੀ ਤੇ ਚੌੜੀ ਸੀ। ਕਿਤੇ ਕਿਤੇ ਚਟਾਨਾਂ ਨੇ ਉਸ ਵਿਚੋਂ ਸਿਰ ਚੁੱਕੇ ਹੋਏ ਸਨ ਜਿਨ੍ਹਾਂ ਉਤੇ ਕਾਲੀ ਕਾਈ ਜੰਮੀ ਪਈ ਸੀ।
“ਤੈਰਨ ਦੀ ਜਾਚ ਜੇ?” ਐਤੂ ਭਾਈ ਨੇ ਪੁੱਛਿਆ।
“ਥੋੜ੍ਹੀæææ ਪਰ ਇਹ ਨਦੀ ਪਾਰ ਕਰ ਲਵਾਂਗਾ।”
“ਬਹੁਤ ਹੈ।”
ਅਸੀਂ ਨਹਾਉਣ ਦੀ ਤਿਆਰੀ ਕਰਨ ਲੱਗ ਪਏ। ਕੋਸਾ ਨੇ ਆਪਣੇ ਵਾਸਤੇ ਢੁੱਕਵੀਂ ਜਗ੍ਹਾ ਚੁਣੀ, ਤੇ ਉਥੇ ਜਾ ਕੇ ਖੜ੍ਹਾ ਹੋ ਗਿਆ। ਐਤੂ ਤੇ ਮੈਂ ਦੂਸਰੇ ਕਿਨਾਰੇ ਵੱਲ ਨਿਕਲ ਗਏ। ਉਥੋਂ ਮੈਂ ਪਵਨ ਨੂੰ ਆਵਾਜ਼ ਦਿਤੀ ਕਿ ਆ ਜਾਵੇ।
“ਸਟੀਲ ਬਾਡੀæææ।” ਪਵਨ ਜਵਾਬ ਵਿਚ ਬੋਲਿਆ।
“æææ ਡੁੱਬ ਜਾਵੇਗੀ।” ਐਤੂ ਨੇ ਉਸ ਦੀ ਗੱਲ ਪੂਰੀ ਕਰ ਦਿੱਤੀ।
ਪਾਰਲੇ ਕੰਢੇ ਅਸੀਂ ਜ਼ਿਆਦਾ ਦੇਰ ਨਹੀਂ ਰੁਕੇ। ਸਾਡੇ ਵਾਪਸ ਪਰਤਣ ਤੋਂ ਪਹਿਲਾਂ ਹੀ ਪਵਨ ਨਹਾ ਚੁੱਕਾ ਸੀ। ਅਸੀਂ ਅਜੇ ਉਰਲੇ ਕੰਢੇ ਪਹੁੰੰਚੇ ਹੀ ਸਾਂ ਕਿ ਕੋਸਾ ਨੇ ਇਕ ਪੱਥਰ ਪਰਲੇ ਕੰਢੇ ਵੱਲ ਵਗ੍ਹਾ ਮਾਰਿਆ।
“ਕੀ ਹੈ?”
“ਭਾਲੂ।”
ਕੋਸਾ ਵੱਲੋਂ ਪੱਥਰ ਚਲਾਉਣ ਨਾਲ ਰਿੱਛ ਦੌੜ ਗਿਆ ਸੀ। ਚੰਗਾ ਹੋਇਆ ਕਿ ਅਸੀਂ ਵਾਪਸ ਪਹੁੰਚ ਚੁੱਕੇ ਹੋਏ ਸਾਂ, ਨਹੀਂ ਤਾਂ ਕੋਸਾ ਨੂੰ ਗੋਲੀ ਦਾਗਣੀ ਪੈ ਸਕਦੀ ਸੀ।
ਚਾਹ ਪੀਂਦੇ ਵਕਤ ਐਤੂ ਫਿਰ ਦਵਾਵਾਂ ਦੇ ਵਿਸ਼ੇ ਵੱਲ ਮੁੜਿਆ, “ਇਥੇ ਅਦਰਕ ਨਹੀਂ, ਲਸਣ ਨਹੀਂ, ਹਲਦੀ ਨਹੀਂ, ਪਿਆਜ਼ ਨਹੀਂ। ਮੇਥੀ, ਧਨੀਆ, ਪਾਲਕ ਕੁਝ ਵੀ ਨਹੀਂ; ਪਰ ਹੁਣ ਅਸੀਂ ਕੁਝ ਨੂੰ ਉਗਾਉਣਾ ਸ਼ੁਰੂ ਕਰ ਦਿਤਾ ਹੈ। ਕਬਾਇਲੀ ਇਕ ਵਾਰ ਇਨ੍ਹਾਂ ਨੂੰ ਉਗਾਉਣਾ ਤੇ ਸਾਂਭਣਾ ਸਿੱਖ ਜਾਣ ਫਿਰ ਇਨ੍ਹਾਂ ਦੀ ਤੋਟ ਨਹੀਂ ਰਹੇਗੀ।”
ਐਤੂ ਭਾਈ ਦੀ ਹਰ ਯੋਜਨਾ ਸਿੱਧੀ ਹੈ, ਲੜੀਦਾਰ। ਉਹ ਕਹਿੰਦਾ ਹੈ ਕਿ ਵਿਕਾਸ ਸਰਵ-ਪੱਖੀ ਹੀ ਹੋ ਸਕਦਾ ਹੈ। ਅਜਿਹੀ ਕਾਸ਼ਤ ਲਈ ਹੁਨਰ ਦੇ ਵਿਕਸਤ ਹੋਣ ਦੀ ਲੋੜ ਹੈ, ਸਿੰਜਾਈ ਦੀ ਵੀ ਤੇ ਖਾਦ ਦੀ ਵੀ। ਇਹ ਬਿਮਾਰੀਆਂ ਰੋਕਣ ਦਾ ਵੀ ਸਾਧਨ ਬਣਦੀ ਹੈ, ਜ਼ਿੰਦਗੀ ਦਾ ਮਿਆਰ ਵੀ ਉਚਾ ਚੁੱਕਦੀ ਹੈ। ਦਿੱਕਤ ਇਹ ਹੈ ਕਿ ਕਬਾਇਲੀ ਜਲਦੀ ਕਿਸੇ ਚੀਜ਼ ਨੂੰ ਸਿੱਖਦੇ ਨਹੀਂ। ਉਹ ਸੈਂਕੜੇ ਸਾਲਾਂ ਤੋਂ ਚਲੀ ਆ ਰਹੀ ਤੋਰ ਨੂੰ ਤੋੜਨ ਤੋਂ ਪਹਿਲਾਂ ਕਈ ਵਾਰ ਸੋਚਦੇ ਹਨ। ਇਹ ਤੋਰ ਉਨ੍ਹਾਂ ਵਿਚ ਰਚ-ਮਿਚ ਗਈ ਹੈ; ਪਰ ਹੁਣ ਹੌਲੀ-ਹੌਲੀ ਹਾਲਤ ਬਦਲ ਰਹੀ ਹੈ। ਬਾਹਰ ਦੀ ਜਕੜ ਟੁੱਟਣ ਨਾਲ ਉਹ ਖੁੱਲ੍ਹਦੇ ਜਾ ਰਹੇ ਹਨ, ਆਪਣੀ ਹੋਂਦ ਜਤਾਉਣ ਲੱਗੇ ਹਨ। ਉਨ੍ਹਾਂ ਅੰਦਰ ਦੀ ਛੁਪੀ ਹੋਈ ਤਾਕਤ ਨੂੰ ਰਸਤਾ ਮਿਲਣ ਲੱਗਾ ਹੈ, ਅੰਦਰ ਕੁਝ ਹਿਲਜੁਲ ਹੋਈ ਹੈ ਤੇ ਕੁਝ ਪਲਸੇਟੇ ਖਾਣ ਲੱਗਾ ਹੈ। ਠੇਕੇਦਾਰ ਤੇ ਵਪਾਰੀ ਹਰ ਚੀਜ਼ ਬਾਹਰ ਲੈ ਜਾਂਦੇ ਸਨ, ਹੁਣ ਅੰਦਰ ਹੀ ਵਿਕਾਸ ਦਾ ਰਾਹ ਖੁੱਲ੍ਹਣ ਲੱਗਾ ਹੈ। ਬਾਹਰ ਦੀ ਪੁਰਾਣੀ ਜਕੜ ਨੂੰ ਤੋੜ ਦਿਓ ਤਾਂ ਅੰਦਰ ਦੀਆਂ ਸੰਭਾਵਨਾਵਾਂ ਖਿੜਨ ਲਗਦੀਆਂ ਹਨ, ਕਈ ਤਰ੍ਹਾਂ ਦੇ ਵਿਚਾਰ ਤੇ ਤਜਰਬੇ ਜਨਮ ਲੈਣ ਲਗਦੇ ਹਨ।
ਵਕਤ ਕਾਫ਼ੀ ਬੀਤ ਚੁੱਕਾ ਸੀ; ਸੋ ਅਸੀਂ ਵਾਪਸ ਚੱਲ ਪਏ। ਚੜ੍ਹਾਈ ਵੀ ਕਠਿਨ ਸੀ, ਪਰ ਮੇਰੇ ਬਿਨਾਂ ਕਿਸੇ ਨੇ ਇਸ ਦੀ ਪਰਵਾਹ ਨਹੀਂ ਕੀਤੀ। ਅਸੀਂ ਉਹ ਪੰਧ ਡੇਢ ਘੰਟੇ ਵਿਚ ਮੁਕਾ ਪਾਏ। ਵਾਪਸ ਪਹੁੰਚ ਕੇ ਪਵਨ ਨੇ ਮਲ੍ਹਮ ਦਿੱਤੀ ਤੇ ਕਿਹਾ ਕਿ ਆਰਾਮ ਤਾਂ ਚੱਲਦੇ ਰਹਿਣ ਨਾਲ ਹੀ ਆਵੇਗਾ, ਪਰ ਸੌਣ ਲੱਗਾ ਮੈਂ ਇਸ ਨੂੰ ਲਗਾ ਲਿਆ ਕਰਾਂ। ਚੱਲਦੇ ਰਹੋ ਤੇ ਚੱਲਦੇ ਰਹੋ! ਜ਼ਿੰਦਗੀ ਦਾ ਇਹੀ ਅਸੂਲ ਹੈ।
ਸ਼ਾਮ ਦੇ ਵਕਤ ਬੈਂਤ ਦੇ ਬੈਂਚ ਉਤੇ ਬੈਠ ਮੈਂ ਫਾਈਲ ਵਿਚ ਅੱਜ ਦਾ ਇੰਦਰਾਜ ਕਰਨ ਲੱਗ ਪਿਆ। ਮੇਰਾ ਕਿਹੜਾ ਪਾਤਰ ਕਿਥੋਂ ਆਇਆ ਹੈ, ਕੀ ਪਿਛੋਕੜ ਹੈ, ਕਿਸ ਇਲਾਕੇ ਤੇ ਥਾਂ ਦਾ ਹੈ, ਇਸ ਦਾ ਕੋਈ ਵੀ ਪਤਾ ਨਹੀਂ। ਸਾਰੇ ਇਕੋ ਨਿਸ਼ਾਨੇ ਨੂੰ ਲੈ ਕੇ ਵੱਖ-ਵੱਖ ਥਾਵਾਂ ਤੋਂ ਤੁਰੇ ਹਨ ਅਤੇ ਇਥੇ ਆਣ ਇਕੱਠੇ ਹੋਏ ਹਨ। ਉਨ੍ਹਾਂ ਦੀ ਮਿਸ਼ਨ ਦੀ ਸਾਂਝ ਨੇ ਉਨ੍ਹਾਂ ਨੂੰ ਇਕ ਦੂਸਰੇ ਦੇ ਨਜ਼ਦੀਕ ਲੈ ਆਂਦਾ ਸੀ। ਮੈਨੂੰ ਹੈਰਾਨੀ ਜ਼ਰੂਰ ਹੋਈ ਕਿ ਉਹ ਹਲਕੀਆਂ-ਫੁਲਕੀਆਂ ਗੱਲਾਂ ਤੋਂ ਗੁਰੇਜ਼ ਕਰਦੇ ਹਨ। ਕਿਸੇ ਨੂੰ ਗ਼ੈਰ-ਸੰਜੀਦਾ ਹੁੰਦੇ ਮੈਂ ਘੱਟ ਹੀ ਦੇਖਿਆ। ਕਿਸੇ ਇਕ-ਅੱਧੇ ਨੇ ਜੇ ਕਦੇ ਅਜਿਹੀ ਕੋਈ ਗੱਲ ਕਰ ਵੀ ਦਿੱਤੀ ਤਾਂ ਉਹ ਅੱਗੇ ਨਹੀਂ ਸੀ ਤੁਰਦੀ।
ਸਾਰੇ ਮਾਹੌਲ ਵਿਚ ਨਿਹਚਾ ਦਾ ਝਲਕਾਰਾ ਮਿਲਦਾ ਸੀ। ਨਿਹਚਾ, ਸੰਜੀਦਗੀ, ਜ਼ਾਬਤਾ, ਸਭੋ ਕੁਝ ਆਪਸ ਵਿਚ ਘੁਲ-ਮਿਲ ਗਿਆ ਦਿਖਾਈ ਦਿੰਦਾ ਸੀ।
“ਗੌਂਡੀ ਸਿੱਖ ਲਵੋ, ਕੰਮ ਆਵੇਗੀ।” ਕੋਸਾ ਮੈਨੂੰ ਲਿਖਦੇ ਹੋਏ ਨੂੰ ਦੇਖ ਕੇ ਬੋਲਿਆ।
ਉਸ ਦਾ ਸੁਝਾਅ ਤਾਂ ਚੰਗਾ ਸੀ, ਪਰ ਮੈਨੂੰ ਲੱਗਾ ਕਿ ਇਹਦੇ ਲਈ ਮੇਰੇ ਕੋਲ ਵਕਤ ਨਹੀਂ ਹੋਵੇਗਾ। ਸੋਚਿਆ ਕਿ ਨਾਲੋ ਨਾਲ ਸ਼ਬਦਾਂ ਨੂੰ ਨੋਟ ਕਰਦਾ ਜਾਵਾਂਗਾ ਤੇ ਪੁੱਛਦਾ ਰਹਾਂਗਾ, ਪਰ ਸ਼ਬਦਾਂ ਦੀ ਜਾਣਕਾਰੀ ਹੀ ਕਿਸੇ ਬੋਲੀ ਦੇ ਬੋਲਣ ਵਾਸਤੇ ਕਾਫ਼ੀ ਨਹੀਂ ਹੁੰਦੀ। ਇਹਦੇ ਵਾਸਤੇ ਵਿਸ਼ੇਸ਼ ਤਰੱਦਦ ਚਾਹੀਦਾ ਹੈ। ਚੰਗਾ ਹੁੰਦਾ ਜੇ ਮੈਂ ਇਹ ਤਰੱਦਦ ਕਰ ਲਿਆ ਹੁੰਦਾ। ਮੇਰੇ ਵਾਸਤੇ ਗੌਂਡ ਲੋਕਾਂ ਨਾਲ ਰਾਬਤਾ ਸਥਾਪਤ ਕਰਨਾ ਆਸਾਨ ਹੋ ਜਾਂਦਾ ਅਤੇ ਨਾ ਹੀ ਕਿਸੇ ਦੁਭਾਸ਼ੀਏ ਦੀ ਜ਼ਰੂਰਤ ਪੈਂਦੀ।
ਗੌਂਡ ਲੋਕ ਜਦ ਗੱਲ ਕਰਦੇ ਹਨ ਤਾਂ ਹੁੰਗਾਰਾ ਭਰਨ ਲਈ ਜਦ ਉਹ ‘ਹੂੰ’ ਦੀ ਆਵਾਜ਼ ਕੱਢਦੇ ਹਨ ਤਾਂ ਉਹ ਅਜੀਬ ਤਰ੍ਹਾਂ ਨਾਲ ਸਾਹ ਨੂੰ ਅੰਦਰ ਲਿਜਾ ਕੇ ਬਾਹਰ ਕੱਢਦੇ ਹਨ। ਪਹਿਲਾਂ-ਪਹਿਲਾਂ ਮੈਨੂੰ ਸ਼ੱਕ ਹੋਇਆ, ਜਿਵੇਂ ਹੁੰਗਾਰਾ ਭਰ ਰਹੇ ਬੰਦੇ ਨੂੰ ਸਾਹ ਦੀ ਕੋਈ ਬਿਮਾਰੀ ਹੈ, ਪਰ ਜਦ ਅਜਿਹਾ ਕਈਆਂ ਨੂੰ ਕਰਦੇ ਦੇਖਿਆ ਤਾਂ ਇਹ ਆਦਤ ਦਾ ਹਿੱਸਾ ਜਾਪਿਆ। ਜਦ ਉਹ ਕਿਸੇ ਦਾ ਨਾਮ ਵੀ ਲੈਂਦੇ ਹਨ ਤਾਂ ਇਸ ਨੂੰ ਲੰਬਾ ਕਰ ਕੇ ਬੋਲਦੇ ਹਨ। ਮਿਸਾਲ ਦੇ ਤੌਰ ‘ਤੇ, ਕੋਸਾ ਜਦ ਆਪਣਾ ਨਾਮ ਕਿਸੇ ਨੂੰ ਦੱਸੇਗਾ ਤਾਂ ਇੰਜ ਬੋਲੇਗਾ: ਕੋæææਅæææਸਾ।
ਬਸਤਰ ਦੇ ਗੌਂਡ ਨਾਮ ਆਮ ਕਰ ਕੇ ਬਹੁਤ ਛੋਟੇ ਹਨ; ਜਿਵੇਂ ਆਦਮੀਆਂ ਦੇ: ਕੋਸਾ, ਮੱੜ੍ਹਾ, ਕੰਨਾ, ਮਾਸਾ, ਲੱਚਾ, ਭੀਮਾ ਆਦਿ। ਔਰਤਾਂ ਦੇ ਨਾਮ ਵੀ ਇਸੇ ਤਰ੍ਹਾਂ ਦੇ ਹਨ; ਜਿਵੇਂ ਕੋਸੇ, ਕੰਨੇ, ਮਾਸੇ, ਭੀਮੇ। ਉਥੋਂ ਦੇ ਕਬਾਇਲੀ ਨਾਵਾਂ ਸਬੰਧੀ ਵੀ ਥੋੜ੍ਹੇ ਨਾਲ ਹੀ ਗੁਜ਼ਰ ਕਰਦੇ ਹਨ।
(ਚਲਦਾ)