ਅਨੁਸ਼ਕਾ ਸ਼ਰਮਾ ਦੀ ਭਲਵਾਨੀ

ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਫਿਲਮ ‘ਸੁਲਤਾਨ’ ਵਿਚ ਪਹਿਲਵਾਨ ਦਾ ਕਿਰਦਾਰ ਨਿਭਾਇਆ ਹੈ। ਪਤਲੀ ਪਤੰਗ ਅਨੁਸ਼ਕਾ ਫਿਲਮ ਵਿਚ ਪਹਿਲਵਾਨ ਬਣਨ ਦੇ ਤਜਰਬੇ ਬਾਰੇ ਕਹਿੰਦੀ ਹੈ: ਜਦੋਂ ਨਿਰਦੇਸ਼ਕ ਅਲੀ ਅੱਬਾਸ ਦੀ ਇਸ ਫਿਲਮ ਬਾਰੇ ਪੇਸ਼ਕਸ਼ ਤੋਂ ਉਹ ਰਤਾ ਕੁ ਹੈਰਾਨ ਹੋਈ। ਉਨ੍ਹਾਂ ਨੂੰ ਕਈ ਵਾਰ ਪੁਛਿਆ, ਵਾਕਈ ਉਹ ਉਹਨੂੰ ਪਹਿਲਵਾਨ ਦੀ ਭੂਮਿਕਾ ਦੀ ਪੇਸ਼ਕਸ਼ ਕਰ ਰਹੇ ਹਨ?

ਉਸ ਨੇ ਤਾਂ ਕਦੀ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ ਕਿ ਉਸ ਨੂੰ ਇਸ ਤਰ੍ਹਾਂ ਦੀ ਭੂਮਿਕਾ ਦੀ ਪੇਸ਼ਕਸ਼ ਹੋਵੇਗੀ। ਫਿਰ ਉਸ ਨੂੰ ਦੱਸਿਆ ਗਿਆ ਕਿ ਕੁਸ਼ਤੀ ਵਿਚ ਵੱਖ-ਵੱਖ ਵਜ਼ਨ ਦੇ ਵਰਗ ਹੁੰਦੇ ਹਨ, ਇਸ ਲਈ ਔਰਤ ਪਹਿਲਵਾਨ ਪਤਲੀ ਵੀ ਹੁੰਦੀ ਹੈ। ਇਹ ਫਿਲਮ ਕਿਉਂਕਿ ਯਸ਼ਰਾਜ ਬੈਨਰ ਵਲੋਂ ਬਣਾਈ ਜਾ ਰਹੀ ਸੀ, ਉਸ ਨੇ ਹਾਂ ਕਰ ਦਿਤੀ। ਉਦੋਂ ਉਸ ਨੇ ਸੋਚਿਆ ਸੀ ਕਿ ਕੁਸ਼ਤੀ ਦੇ ਦ੍ਰਿਸ਼ਾਂ ਵਿਚ ਡੁਪਲੀਕੇਟ ਨਾਲ ਕੰਮ ਚਲਾ ਗਿਆ ਜਾਵੇਗਾ, ਪਰ ਜਦੋਂ ਅਲੀ ਨੇ ਕਿਹਾ ਕਿ ਇਸ ਵਿਚ ਕਿਸੇ ਡੁਪਲੀਕੇਟ ਦੀ ਵਰਤੋਂ ਨਹੀਂ ਕੀਤੀ ਜਾਵੇਗੀ, ਤਾਂ ਉਸ ਨੇ ਇਸ ਭੂਮਿਕਾ ਲਈ ਲੱਕ ਬੰਨ੍ਹ ਲਿਆ। ਉਹਨੇ ਕੁਸ਼ਤੀ ਦੀ ਸਿਖਲਾਈ ਸ਼ੁਰੂ ਕਰ ਦਿੱਤੀ ਅਤੇ ਫਿਜ਼ਿਓਥੈਰੇਪਿਸਟ ਰਾਹੀਂ ਆਪਣੇ ਸਰੀਰ ‘ਤੇ ਵੀ ਮਿਹਨਤ ਕੀਤੀ। ਇਸ ਫਿਲਮ ਲਈ ਹੁਣ ਉਸ ਦੀਆਂ ਸਿਫਤਾਂ ਸਲਮਾਨ ਖਾਨ ਦੇ ਬਰਾਬਰ ਹੋ ਰਹੀਆਂ ਹਨ। ਇਸ ਫਿਲਮ ਨੇ ਬਾਕਸ ਆਫਿਸ ‘ਤੇ ਖੂਬ ਕਮਾਈ ਕੀਤੀ ਹੈ। ਅਨੁਸ਼ਕਾ ਸ਼ਰਮਾ ਖੁਸ਼ ਹੈ ਕਿ ਉਸ ਨੂੰ ਸਲਮਾਨ ਖਾਨ ਵਰਗੇ ਚੋਟੀ ਦੇ ਕਲਾਕਾਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਹੁਣ ਉਹ ਆਪਣੀ ਅਗਲੀ ਫਿਲਮ ‘ਫਿਲੌਰੀ’ ਉਤੇ ਸਾਰਾ ਧਿਆਨ ਕੇਂਦਰਤ ਕਰ ਰਹੀ ਹੈ -0-
____________________________________
ਇਰਫਾਨ ਮਦਾਰੀ
ਇਰਫ਼ਾਨ ਖਾਨ ਅਦਾਕਾਰੀ ਦੇ ਨਾਲ-ਨਾਲ ਹੁਣ ਨਿਰਮਾਤਾ ਵੀ ਬਣ ਗਿਆ ਹੈ। ਇਸ ਤੋਂ ਪਹਿਲਾਂ ਉਸ ਨੇ ਨਿਰਮਾਤਾ ਦੇ ਤੌਰ ‘ਤੇ ਫਿਲਮ ‘ਲੰਚ ਬੌਕਸ’ ਵੀ ਬਣਾਈ ਸੀ। ਇਸ ਫਿਲਮ ਵਿਚ ਮੁਖ ਰੋਲ ਵੀ ਉਸੇ ਦਾ ਸੀ। ਹੁਣ ਉਸ ਨੇ ਫਿਲਮ ‘ਮਦਾਰੀ’ ਦਾ ਨਿਰਮਾਣ ਕੀਤਾ ਹੈ। ਨਿਸ਼ੀਕਾਂਤ ਕਾਮਤ ਵਲੋਂ ਨਿਰਦੇਸ਼ਿਤ ਇਸ ਫਿਲਮ ਵਿਚ ਵੀ ਇਰਫ਼ਾਨ ਮੁੱਖ ਭੂਮਿਕਾ ਵਿਚ ਹੈ। ਉਹ ਖੁਲਾਸਾ ਕਰਦਾ ਹੈ ਕਿ ‘ਲੰਚ ਬੌਕਸ’ ਦੀ ਨਾਮਾਵਲੀ ਵਿਚ ਨਿਰਮਾਤਾ ਦੇ ਤੌਰ ‘ਤੇ ਉਸ ਦਾ ਨਾਂ ਜ਼ਰੂਰ ਸੀ, ਪਰ ਉਸ ਫਿਲਮ ਵਿਚ ਨਿਰਮਾਤਾ ਵਜੋਂ ਕੋਈ ਖਾਸ ਯੋਗਦਾਨ ਨਹੀਂ ਸੀ। ਅਸਲ ਵਿਚ ਉਹ ਕੁਝ ਲੋਕ ਮਿਲ ਕੇ ਫਿਲਮ ਬਣਾ ਰਹੇ ਸੀ। ਫਿਲਮ ਬਾਰੇ ਜਦੋਂ ਚੰਗੀ ਰਿਪੋਰਟ ਫੈਲਣ ਲੱਗੀ ਤਾਂ ਕਰਨ ਜੌਹਰ ਸਮੇਤ ਕੁਝ ਵੱਡੇ ਲੋਕ ਇਸ ਦੇ ਨਿਰਮਾਣ ਵਿਚ ਹੱਥ ਵੰਡਾਉਣ ਆ ਗਏ। ਫਿਲਮ ਮਦਾਰੀ ਬਾਰੇ ਉਹ ਆਖਦਾ ਹੈ: ਇਹ ਹਕੀਕੀ ਸਿਨੇਮਾ ਹੈ। ਇਸ ਵਿਚ ਅਜਿਹੇ ਆਦਮੀ ਦੀ ਕਹਾਣੀ ਹੈ ਜਿਹੜਾ ਭ੍ਰਿਸ਼ਟਾਚਾਰ ਤੋਂ ਪਰੇਸ਼ਾਨ ਹੈ। ਇਕ ਆਮ ਆਦਮੀ ਦੇ ਕਰੀਬੀ ਦੀ ਮੌਤ ਉਸ ਪੁਲ ਦੇ ਟੁੱਟਣ ਨਾਲ ਹੋ ਜਾਂਦੀ ਹੈ ਜਿਸ ਦੇ ਨਿਰਮਾਣ ਵਿਚ ਬਹੁਤ ਭ੍ਰਿਸ਼ਟਾਚਾਰ ਹੋਇਆ ਹੁੰਦਾ ਹੈ। ਆਪਣੇ ਨੇੜਲੇ ਦੀ ਮੌਤ ਲਈ ਜ਼ਿੰਮੇਦਾਰ ਲੋਕਾਂ ਨੂੰ ਸਜ਼ਾ ਦੇਣ ਲਈ ਇਹ ਆਦਮੀ ਨਿਕਲ ਪੈਂਦਾ ਹੈ ਅਤੇ ਕਿਸ ਤਰ੍ਹਾਂ ਉਹ ਆਪਣੇ ਮਿਸ਼ਨ ਨੂੰ ਕਾਮਯਾਬ ਕਰਦਾ ਹੈ, ਇਹੀ ਇਸ ਫਿਲਮ ਦੀ ਕਹਾਣੀ ਹੈ। ਫਿਲਮ ਦੇ ਨਾਂ ਬਾਰੇ ਇਰਫਾਨ ਨੇ ਦੱਸਿਆ ਕਿ ਫਿਲਮ ਵਿਚ ਪੁਲ ਦੇ ਟੁੱਟਣ ਦੀ ਕਹਾਣੀ ਹੈ, ਪਰ ਇਸ ਵਿਚ ਪੁਲ ਕਹਾਣੀ ਦੇ ਕੇਂਦਰ ਵਿਚ ਨਹੀਂ। ਕਹਾਣੀ ਵਿਚ ਕਈ ਪਰਤਾਂ ਹਨ। ਇਸ ਵਿਚ ਬਾਪ-ਬੇਟੇ ਦੀ ਭਾਵੁਕਤਾ ਵਾਲੀ ਕਹਾਣੀ ਵੀ ਹੈ। ਆਮ ਆਦਮੀ ਦੀ ਕਹਾਣੀ ਤਾਂ ਹੈ ਹੀ। ਆਮ ਆਦਮੀ ਆਪਣੇ ਘਰ ਵਿਚ ਮਦਾਰੀ ਹੀ ਤਾਂ ਹੁੰਦਾ ਹੈ, ਪਰ ਦਫਤਰ ਪਹੁੰਚਦੇ ਸਾਰ ਉਹ ਜਮੂਰਾ ਬਣ ਜਾਂਦਾ ਹੈ। ਸੋ, ਆਮ ਆਦਮੀ ਕਦੀ ਮਦਾਰੀ ਤੇ ਕਦੀ ਜਮੂਰਾ ਬਣਦਾ ਹੈ। -0-