ਰੇਗਿਸਤਾਨ ਦਾ ਮਹਿਕਦਾ ਗੁਲਾਬ ਰੇਸ਼ਮਾ

ਪੰਜਾਬੀ ਸੰਗੀਤ ਵਿਚ ਗਾਇਕਾ ਰੇਸ਼ਮਾ ਆਪਣੀ ਮਿਸਾਲ ਆਪ ਹੈ। ਉਸ ਵਰਗਾ ਹੋਰ ਕੋਈ ਨਹੀਂ। ਉਹਦਾ ਜਨਮ ਵਣਜਾਰਿਆਂ ਦੇ ਇਕ ਪਰਿਵਾਰ ਵਿਚ ਹੋਇਆ। ਵਣਜਾਰਿਆਂ ਦੇ ਕਾਫਲੇ ਲਗਾਤਾਰ ਘੁੰੰਮਦੇ ਰਹਿੰਦੇ ਸਨ ਅਤੇ ਨਾਲ ਹੀ ਆਪਣੀ ਰੇਸ਼ਮਾ। ਉਸ ਦੇ ਰੇਡੀਓ ਸਟੇਸ਼ਨ ਤਕ ਅਪੜਣ ਦੀ ਵੀ ਆਪਣੀ, ਨਿਰਾਲੀ ਕਹਾਣੀ ਹੈ। ਰੇਡੀਓ ਨਾਲ ਉਸ ਦੀ ਆਵਾਜ਼ ਸੰਸਾਰ ਦੇ ਕੋਨੇ-ਕੋਨੇ ਤਕ ਅੱਪੜ ਗਈ।

ਉਸ ਨੂੰ ਸਰੋਤਿਆਂ ਦਾ ਭਰਪੂਰ ਹੁੰਗਾਰਾ ਮਿਲਿਆ ਅਤੇ ਫਿਰ ਤਾਉਮਰ ਉਸ ਨੇ ਸੰਗੀਤ ਨੂੰ ਸਮਰਪਿਤ ਕਰ ਦਿਤੀ। ਇਸ ਲੇਖ ਵਿਚ ਰਾਜਵੰਤ ਕੌਰ ਪੰਜਾਬੀ ਨੇ ਉਸ ਦੇ ਜੀਵਨ ਅਤੇ ਕਲਾ ਬਾਰੇ ਭਰਪੂਰ ਚਰਚਾ ਕੀਤੀ ਹੈ। -ਸੰਪਾਦਕ
ਰਾਜਵੰਤ ਕੌਰ ਪੰਜਾਬੀ
ਫੋਨ: +91-85678-86223
ਪੰਜਾਬੀ ਲੋਕ ਸੰਗੀਤ ਦੀ ਗੱਲ ਕਰੀਏ ਤਾਂ ਦੱਖਣੀ ਏਸ਼ੀਆ ਦੀ ਗਾਇਕਾ ਰੇਸ਼ਮਾ ਦਾ ਨਾਂ ਪਹਿਲੀ ਕਤਾਰ ਵਿਚ ਆਉਂਦਾ ਹੈ ਜਿਸ ਦੀ ਆਵਾਜ਼ ਨੂੰ ਪੂਰੇ ਵਿਸ਼ਵ ਨੇ ਮਾਨਤਾ ਦਿਤੀ ਹੈ। ਉਹ ਥਾਰ ਦੇ ਰੇਗਿਸਤਾਨ ਦਾ ਮਹਿਕਦਾ ਗੁਲਾਬ ਸੀ। ਉਤਰੀ ਭਾਰਤ ਦੇ ਸੂਬਾ ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਉਤਰ-ਪੱਛਮ ਵਿਚ ਸ਼ਹਿਰ ਹੈ: ਬੀਕਾਨੇਰ। ਉਥੋਂ ਇਕ ਸੌ ਚੌਂਤੀ ਕਿਲੋਮੀਟਰ ਦੂਰ ਹੈ ਟਿੱਬਿਆਂ ਵਾਲਾ ਰਤਨਗੜ੍ਹ ਜੋ ਜ਼ਿਲ੍ਹਾ ਚੁਰੂ ਦੀ ਤਹਿਸੀਲ ਹੈ। ਰਤਨਗੜ੍ਹ ਤੋਂ ਤਿੰਨ ਮੀਲ ਦੂਰ ਪਿੰਡ ਲੋਹਾ ਦੇ ਵਣਜਾਰਾ ਪਰਿਵਾਰ ਵਿਚ 1947 ਵਿਚ ਰੇਸ਼ਮਾ ਨੇ ਜਨਮ ਲਿਆ ਸੀ। ਪਿਤਾ ਹਾਜੀ ਮੁਹੰਮਦ ਮੁਸ਼ਤਾਕ ਵਣਜਾਰਾ ਸੀ ਜੋ ਊਠਾਂ ਦੇ ਕਾਫ਼ਲੇ ਨਾਲ ਜਾਂਦਾ ਸੀ ਅਤੇ ਪੱਛਮ ਦੇ ਇਲਾਕੇ ਵਲੋਂ ਊਠ, ਘੋੜੇ, ਗਾਵਾਂ ਤੇ ਮੱਝਾਂ ਲੈ ਕੇ ਵਾਪਸ ਰਾਜਸਥਾਨ ਪਰਤ ਜਾਂਦਾ ਸੀ। ਰੇਸ਼ਮਾ ਅਜੇ ਇਕ ਮਹੀਨੇ ਦੀ ਹੋਈ ਸੀ ਕਿ ਮੁਲਕ ਨੂੰ ਵੰਡ ਦਾ ਸੰਤਾਪ ਹੰਢਾਉਣਾ ਪੈ ਗਿਆ। ਵਣਜਾਰਿਆਂ ਦੇ ਉਸ ਕਾਫ਼ਲੇ ਨੇ ਇਸਲਾਮ ਧਰਮ ਕਬੂਲ ਕਰ ਕੇ ਸਿੰਧ ਦੀ ਰਾਜਧਾਨੀ ਕਰਾਚੀ (ਪਾਕਿਸਤਾਨ) ਨੂੰ ਆਪਣੇ ਰਹਿਣ-ਬਸੇਰੇ ਵਜੋਂ ਚੁਣ ਲਿਆ।
ਰੇਸ਼ਮਾ ਨੇ ਕਿਸੇ ਉਸਤਾਦ ਕੋਲੋਂ ਮੌਸੀਕੀ ਦੀ ਤਾਲੀਮ ਹਾਸਲ ਨਹੀਂ ਸੀ ਕੀਤੀ ਅਤੇ ਨਾ ਹੀ ਕਿਸੇ ਗਾਇਕਾਂ ਦੇ ਘਰਾਣੇ ਵਿਚ ਜਨਮ ਲਿਆ ਸੀ। ਉਸ ਦਾ ਬਚਪਨ ਹੱਸਦੇ-ਖੇਡਦੇ ਅਤੇ ਦਰਗਾਹਾਂ ਨਾਲ ਅੰਤਾਂ ਦੀ ਅਕੀਦਤ ਹੋਣ ਕਾਰਨ ਸਿੰਧ ਦੀਆਂ ਵੱਖ-ਵੱਖ ਮਜ਼ਾਰਾਂ Ḕਤੇ ਸੂਫ਼ੀਆਨਾ ਕਲਾਮ ਗਾਉਂਦਿਆਂ ਗੁਜ਼ਰਿਆ। ਉਹ ਦਸ ਸਾਲ ਦੀ ਸੀ ਜਦੋਂ ਰੇਡੀਓ ਅਤੇ ਟੈਲੀਵਿਜ਼ਨ ਪ੍ਰੋਡਿਊਸਰ ਸਲੀਮ ਗਿਲਾਨੀ ਨੇ ਸ਼ਰਧਾਲੂ ਵਜੋਂ ਉਸ ਨੂੰ ਪਿੰਡ ਸੇਵਨ ਵਿਚ ਸ਼ਹਿਬਾਜ਼ ਕਲੰਦਰ ਦੀ ਦਰਗਾਹ Ḕਤੇ ਲੱਗੇ ਮੇਲੇ ਵਿਚ Ḕਦਮਾ ਦਮ ਮਸਤ ਕਲੰਦਰḔ ਕੱਵਾਲੀ ਗਾਉਂਦਿਆਂ ਸੁਣਿਆ। ਗਿਲਾਨੀ ਨੇ ਬਾਲੜੀ ਦੀ ਕਲਾ ਪਛਾਣੀ, ਪ੍ਰਸ਼ੰਸਾ ਕੀਤੀ ਅਤੇ ਉਸ ਨੂੰ ਆਪਣਾ ਪਤਾ ਲਿਖ ਕੇ ਦਿੰਦਿਆਂ ਕਰਾਚੀ ਰੇਡੀਓ ਸਟੇਸ਼ਨ ਆਉਣ ਦਾ ਸੱਦਾ ਦੇ ਦਿਤਾ। ਦੋ ਵਰ੍ਹਿਆਂ ਬਾਅਦ ਕਾਫ਼ਲਾ ਜਦੋਂ ਕਰਾਚੀ ਪੁੱਜਿਆ ਤਾਂ ਰੇਸ਼ਮਾ, ਪਰਿਵਾਰ ਸਮੇਤ ਉਹੀ ਪਰਚੀ ਲੈ ਕੇ ਰੇਡੀਓ ਸਟੇਸ਼ਨ ਪਹੁੰਚ ਗਈ। ਜਦੋਂ ਰੇਸ਼ਮਾ ਨੂੰ ਗਾਉਣ ਲਈ ਕਿਹਾ ਗਿਆ ਤਾਂ ਉਹ ਝਕ ਗਈ, ਕਿਉਂਕਿ ਬੰਦ ਕਮਰੇ ਵਿਚ ਬੈਠ ਕੇ ਗਾਉਣ ਬਾਰੇ ਤਾਂ ਉਸ ਨੇ ਕਦੇ ਸੋਚਿਆ ਹੀ ਨਹੀਂ ਸੀ। ਉਸ ਨੂੰ ਸਟੂਡੀਓ ਵਿਚ ਲਿਜਾਇਆ ਗਿਆ, ਜਿਥੇ ਹੋਰ ਕੋਈ ਨਹੀਂ ਸੀ। ਉਥੇ ਉਸ ਨੇ ਪਹਿਲੀ ਵਾਰ ਗੀਤ ਗਾਏ ਜੋ ਰਿਕਾਰਡ ਕਰ ਲਏ ਗਏ। ਰੇਸ਼ਮਾ ਦੀ ਆਵਾਜ਼ ਵਿਚ ਰੇਡੀਓ ਲਈ ਜਿਹੜਾ ਪਹਿਲਾ ਗੀਤ ਰਿਕਾਰਡ ਕੀਤਾ ਗਿਆ, ਉਹ ਸੀ Ḕਦਮਾ ਦਮ ਮਸਤ ਕਲੰਦਰḔ। ਰੇਡੀਓ ਡਾਇਰੈਕਟਰ ਸਮੇਤ ਉਸ ਦੇ ਸਰੋਤੇ ਵੀ ਉਸ ਬਾਰੇ ਕੁਝ ਨਹੀਂ ਸਨ ਜਾਣਦੇ ਕਿ ਉਹ ਕਿਥੇ ਰਹਿ ਰਹੀ ਹੈ। ਗਿਲਾਨੀ ਨੇ ਵੱਖ-ਵੱਖ ਅਖ਼ਬਾਰਾਂ/ਰਸਾਲਿਆਂ ਵਿਚ ਉਸ ਦੀ ਫੋਟੋ ਵਾਲਾ ਇਸ਼ਤਿਹਾਰ ਛਪਵਾਇਆ ਤਾਂ ਕਿ ਉਸ ਨੂੰ ਮੁੜ ਰੇਡੀਓ Ḕਤੇ ਪੇਸ਼ ਕੀਤਾ ਜਾ ਸਕੇ। ਰੇਸ਼ਮਾ ਨੇ ਕਾਫ਼ੀ ਅਰਸੇ ਬਾਅਦ ਮੁਲਤਾਨ ਵਿਖੇ ਕਿਸੇ ਪੱਤ੍ਰਿਕਾ ਵਿਚ ਆਪਣੇ ਬਾਰੇ ਉਹ ਤਸਵੀਰੀ ਇਸ਼ਤਿਹਾਰ ਦੇਖਿਆ ਤਾਂ ਉਹ ਡਰ ਗਈ, ਪਰ ਛਪਣ ਦਾ ਕਾਰਨ ਪਤਾ ਲੱਗਣ Ḕਤੇ ਉਸ ਨੇ ਮੁੜ ਗਿਲਾਨੀ ਨਾਲ ਸੰਪਰਕ ਕੀਤਾ। ਇੱਦਾਂ ਉਸ ਦੇ ਰੇਡੀਓ ਗਾਇਕ ਬਣਨ ਦਾ ਰਾਹ ਖੁੱਲ੍ਹ ਗਿਆ।
ਉਹ ਸਾਰੀ ਉਮਰ ਆਪਣੇ ਫ਼ਨ ਨੂੰ ਸ਼ਹਿਬਾਜ਼ ਕਲੰਦਰ ਦੀ ਦੁਆ ਦੱਸਦੀ ਰਹੀ। ਉਸ ਨੇ ਆਪਣੇ ਮੁਲਕ ਨੂੰ ਆਪਣੇ ਦੀਨ ਦੀ ਅਲਾਮਤ, ਇਸਲਾਮ ਤੇ ਗਾਇਕੀ ਨੂੰ ਇਬਾਦਤ ਸਵੀਕਾਰਦਿਆਂ ਜ਼ਿੰਦਗੀ ਭਰ ਨਾ ਆਪਣਾ ਦੁਪੱਟਾ ਸਿਰ ਤੋਂ ਉਤਰਨ ਦਿਤਾ ਤੇ ਨਾ ਕੋਈ ਅਸਭਿਅਕ ਗਾਣਾ ਗਾਇਆ। ਨਿਰਦੇਸ਼ਕ ਵਜ਼ੀਰ ਅਫ਼ਜ਼ਲ ਉਹ ਸ਼ਖ਼ਸੀਅਤ ਸੀ ਜਿਸ ਨੇ ਪਹਿਲੀ ਵਾਰ ਰੇਸ਼ਮਾ ਤੋਂ ਫ਼ਿਲਮ ḔਲੱਖਾḔ ਲਈ ਗਾਣੇ ਗਵਾਏ ਸਨ। ਉਹ ਪਹਿਲਾਂ ਕਰਾਚੀ ਰੇਡੀਓ ਸਟੇਸ਼ਨ ਹੁੰਦੇ ਸਨ, ਪਰ ਬਾਅਦ ਵਿਚ ਉਨ੍ਹਾਂ ਨੇ ਸਿਨਮਾ ਦੀ ਦੁਨੀਆਂ ਨਾਲ ਨਾਤਾ ਜੋੜ ਲਿਆ ਸੀ। ਰੇਸ਼ਮਾ ਨੇ ਵੱਡੀ ਗਿਣਤੀ ਵਿਚ ਫ਼ਿਲਮੀ ਗਾਣੇ ਗਾਏ। ਮਕਬੂਲ ਪੰਜਾਬੀ ਸ਼ਾਇਰ ਤੇ ਗਾਇਕ ਮਨਜ਼ੂਰ ਹੁਸੈਨ ਝੱਲਾ ਦੇ ਲਿਖੇ ਗੀਤ ਗਾ ਕੇ ਰੇਸ਼ਮਾ ਨੇ ਬਤੌਰ ਗਾਇਕਾ ਆਪਣੀ ਪਛਾਣ ਦਰਜ ਕਰਾਈ। ਉਸ ਦੇ ਲਿਖੇ ਮਿਆਰੀ ਗੀਤ Ḕਵੇ ਮੈਂ ਚੋਰੀ ਚੋਰੀ ਤੇਰੇ ਨਾਲ ਲਾ ਲਈਆਂ ਅੱਖਾਂ ਵੇḔ, Ḕਚੰਗੀ ਨਹੀਉਂ ਕੀਤਾ ਦਿਲਾ ਅੱਖੀਆਂ ਮਿਲਾ ਕੇḔ ਤੇ Ḕਨਾ ਦਿਲ ਦੇਂਦੀ ਬੇਦਰਦੀ ਨੂੰ ਨਾ ਹੱਸ ਹੱਸ ਅੱਖੀਆਂ ਲਾਉਂਦੀ ਕਦੇ ਨਾ ਪਛਤਾਂਦੀ ਮੈਂḔ ਆਪਣੇ ਸੁਰਾਂ ਵਿਚ ਸਜਾ ਕੇ ਤੇ ਵੱਖਰੇ ਅੰਦਾਜ਼ ਵਿਚ ਗਾ ਕੇ ਰੇਸ਼ਮਾ ਸ਼ੋਹਰਤ ਦੀ ਟੀਸੀ Ḕਤੇ ਅੱਪੜੀ। ਰੇਸ਼ਮਾ ਦੀ ਆਵਾਜ਼ ਵਿਚ ਹਿੱਟ ਹੋਏ ਕੁਝ ਹੋਰ ਗੀਤਾਂ ਦਾ ਵਰਣਨ ਇਸ ਤਰ੍ਹਾਂ ਹੈ:
ਅੱਖੀਆਂ ਨੂੰ ਰਹਿਣ ਦੇ
ਅੱਖੀਆਂ ਦੇ ਕੋਲ ਕੋਲ
ਚੰਨ ਪਰਦੇਸੀਆ, ਬੋਲ ਭਾਵੇਂ ਨਾ ਬੋਲ
ਤੂੰ ਮਿਲ ਜਾਵੇਂ ਦੁੱਖ ਮੁੱਕ ਜਾਂਦੇ ਨੇæææ
ਮੈਨੂੰ ਇਸ਼ਕ ਹੋ ਗਿਆ ਲੋਕੋ
ਮੈਂ ਦੁਨੀਆ ਨਵੀਂ ਵਸਾਈ
1980ਵਿਆਂ ਵਿਚ ਰੇਸ਼ਮਾ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਉਸ ਨੂੰ ਗਲੇ ਦਾ ਕੈਂਸਰ ਹੈ। ਉਹ ਅਮਰੀਕਾ ਵਿਖੇ ਆਪਣੀ ਗਾਇਨ ਪੇਸ਼ਕਾਰੀ ਦੇ ਰਹੀ ਸੀ ਕਿ ਉਸ ਨੂੰ ਖ਼ੂਨ ਦੀ ਉਲਟੀ ਆ ਗਈ ਸੀ। ਫਿਰ ਇਲਾਜ ਦੌਰਾਨ ਪੰਜ ਸਾਲ ਉਹ ਗਾ ਨਾ ਸਕੀ। ਸਿਰੜੀ ਐਨੀ ਸੀ ਕਿ ਕੋਮਾ ਵਿਚ ਜਾਣ ਵੇਲੇ ਤਕ ਗਾਉਂਦੀ ਰਹੀ। ਰੇਡੀਓ ਪਾਕਿਸਤਾਨ ਲਈ ਮਿਸਟਰ ਸੋਲੰਗੀ ਵੱਲੋਂ ਇਕ ਪ੍ਰੋਗਰਾਮ ਵਿਚ ਰੇਸ਼ਮਾ ਨੂੰ ਬੁਲਾਇਆ ਗਿਆ। ਤਬੀਅਤ ਕਾਫ਼ੀ ਖ਼ਰਾਬ ਹੋਣ ਦੇ ਬਾਵਜੂਦ ਉਸ ਨੇ ਗਾਉਣ ਦੀ ਇੱਛਾ ਪ੍ਰਗਟਾਈ। ਸਿੰਧ ਵਾਸੀਆਂ ਵੱਲੋਂ ਸੋਲੰਗੀ ਸਾਹਿਬ ਨੇ ਜਦੋਂ ਉਸ ਦੇ ਮੋਢਿਆਂ Ḕਤੇ ਗਰਮ ਸ਼ਾਲ ਪਾਇਆ ਸੀ ਤਾਂ ਉਸ ਨੇ ਮੁਸਕਰਾਉਂਦਿਆਂ ਕਿਹਾ ਸੀ ਕਿ ਇਸ ਸ਼ਾਲ ਵਿਚੋਂ ਮੇਰੇ ਆਪਣੇ ਘਰ ਦੀ ਮਹਿਕ ਆ ਰਹੀ ਹੈ। ਉਸ ਪ੍ਰੋਗਰਾਮ ਵਿਚ ਉਸ ਨੇ ਆਪਣਾ ਪਸੰਦੀਦਾ ਗੀਤ Ḕਲੰਬੀ ਜੁਦਾਈḔ ਗਾਇਆ ਸੀ। ਜਦੋਂ ਵੀ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਤੋਂ ਕੁਝ ਰਾਹਤ ਮਿਲਦੀ ਰਹੀ, ਉਹ ਬੰਸਰੀ ਦੀ ਮਿੱਠੀ ਤੇ ਦਿਲਾਂ ਵਿਚ ਉਤਰ ਜਾਣ ਵਾਲੀ ਹੂਕ ਨਾਲ ਅਸਪਸ਼ਟ ਆਵਾਜ਼ ਵਿਚ ਪੂਰਾ ਜ਼ੋਰ ਲਾ ਕੇ ਉਹ ਇਹ ਗੀਤ ਗਾਉਂਦੀ ਰਹੀ:
ਬਿਛੜੇ ਅਭੀ ਤੋ ਹਮ ਕਲ ਪਰਸੋਂ,
ਜੀਊਂਗੀ ਮੈਂ ਕੈਸੇ ਇਸ ਹਾਲ ਮੇਂ ਬਰਸੋਂ
ਮੌਤ ਨਾ ਆਈ ਤੇਰੀ ਯਾਦæææ
ਕਿਉਂ ਆਈ? ਹਾਏ ਲੰਬੀ ਜੁਦਾਈæææ
ਆ ਸੱਜਣਾ ਰਲ ਕੱਠਿਆਂ ਬਹੀਏ
ਤੇ ਵਿਛੋੜਿਆਂ ਨੂੰ ਅੱਗ ਲਾਈਏ
ਮਨਜ਼ੂਰ ਮੀਆਂ ਗ਼ਮ ਦਿਲਾਂ ਵਿਚ ਵਸਦੇ
ਕਿਤੇ ਵਿਚੜਿਆਂ ਨਾ ਮਰ ਜਾਈਏ।
ਸੁਣ ਚਰਖੇ ਦੀ ਮਿੱਠੀ ਮਿੱਠੀ ਘੁਕ
ਮਾਹੀਆ ਮੈਨੂੰ ਯਾਦ ਆਂਵਦਾ।
ਤੱਕ ਪੱਤਰੀ ਵਾਲਿਆ ਲੇਖ ਮੇਰੇ,
ਮੇਰੇ ਹੱਥ ਵਿਚ ਡਿੰਗੀਆਂ ਲੀਕਾਂ ਨੇ
ਮੇਰੇ ਦਿਲ ਦਾ ਮਹਿਰਮ ਆਵੇਗਾ
ਯਾ ਹਾਲੇ ਹੋਰ ਉਡੀਕਾਂ ਨੇ।
ਹਾਏ ਓ ਰੱਬਾ ਨਹੀਓਂ ਲੱਗਦਾ ਦਿਲ ਮੇਰਾ
ਰੇਸ਼ਮਾ ਰਿਆਜ਼ ਨਾਲੋਂ ਵਧੇਰੇ ਅੰਦਰ ਦੇ ਸੁਰ ਨੂੰ ਮਹੱਤਵ ਦਿੰਦੀ ਸੀ। ਉਸ ਨੇ ਪੰਜਾਬੀ, ਉਰਦੂ, ਹਿੰਦੀ, ਸਿੰਧੀ, ਡੋਗਰੀ, ਪਹਾੜੀ, ਰਾਜਸਥਾਨੀ ਅਤੇ ਪਸ਼ਤੋ ਵਿਚ ਗੀਤ ਗਾਏ। ਮਿੱਟੀ ਨਾਲ ਜੁੜੀ ਉਸ ਦੀ ਆਵਾਜ਼ ਵਿਚੋਂ ਮਿੱਟੀ ਦੀ ਖ਼ੁਸ਼ਬੂ ਆਉਂਦੀ। ਉਹ ਉਰਦੂ ਗੀਤ/ਗ਼ਜ਼ਲਾਂ ਦਾ ਗਾਇਨ ਕਰਦੀ ਤਾਂ ਅਹਿਸਾਸ ਦੀ ਗਰਮੀ ਨਾਲ ਭਰਪੂਰ ਉਸ ਦੀ ਬੁਲੰਦ ਆਵਾਜ਼ ਕੰਨਾਂ ਵਿਚ ਮਿਸ਼ਰੀ ਘੋਲਦੀ:
ਦਰਦ ਕਾਫ਼ੀ ਹੈ ਬੇਖ਼ੁਦੀ ਕੇ ਲੀਏ,
ਮੌਤ ਲਾਜ਼ਿਮ ਹੈ ਜ਼ਿੰਦਗੀ ਕੇ ਲੀਏ।
ਆਸ਼ਿਆਨੇ ਕੀ ਬਾਤ ਕਰਤੇ ਹੋ,
ਦਿਲ ਜਲਾਨੇ ਕੀ ਬਾਤ ਕਰਤੇ ਹੋæææ
ਰੇਸ਼ਮਾ, ਬਲਵੰਤ ਗਾਰਗੀ ਨੂੰ ਦਿੱਲੀ ਵਿਖੇ ਮਿਲੀ ਸੀ। ਉਸ ਦੇ ਲਿਖੇ ਤੇ ਦੇਸ਼ ਭਰ ਵਿਚ ਸਲਾਹੇ ਗਏ ਦੂਰਦਰਸ਼ਨ ਦੇ ਚਰਚਿਤ ਨਾਟਕ Ḕਸਾਂਝਾ ਚੁੱਲ੍ਹਾḔ ਦਾ ਟਾਈਟਲ ਗੀਤ Ḕਸ਼ੁਕਰ ਰੱਬਾ ਸਾਂਝਾ ਚੁੱਲ੍ਹਾ ਬਲਿਆḔ ਰੇਸ਼ਮਾ ਨੇ ਹੀ ਗਾਇਆ ਸੀ। 1990 ਵਿਚ ਬਣੀ ਭਾਰਤੀ ਹਿੰਦੀ ਫ਼ਿਲਮ ḔਲੇਕਿਨḔ ਲਈ ਲਤਾ ਮੰਗੇਸ਼ਕਰ ਨੇ ਗੁਲਜ਼ਾਰ ਦਾ ਲਿਖਿਆ ਗੀਤ Ḕਯਾਰਾ ਸਿੱਲੀ ਸਿੱਲੀ ਬਿਰਹਾ ਕੀ ਰਾਤ ਕਾ ਜਲਨਾḔ ਗਾਇਆ ਜੋ ਰੇਸ਼ਮਾ ਵੱਲੋਂ ਗਾਏ ਗੀਤ Ḕਵੇ ਮੈਂ ਚੋਰੀ ਚੋਰੀ ਤੇਰੇ ਨਾਲ ਲਾ ਲਈਆਂ ਅੱਖਾਂ ਵੇḔ ਦੀ ਧੁਨ ਤੋਂ ਪ੍ਰਭਾਵਿਤ ਸੀ। ਇਸੇ ਪ੍ਰਕਾਰ ਰੇਸ਼ਮਾ ਦੇ ਗਾਏ Ḕਅੱਖੀਆਂ ਨੂੰ ਰਹਿਣ ਦੇḔ ਗੀਤ ਤੋਂ ਪ੍ਰਭਾਵਿਤ ਹੋ ਕੇ ਰਾਜ ਕਪੂਰ ਨੇ ਹਿੰਦੀ ਫ਼ਿਲਮ ḔਬੌਬੀḔ ਲਈ ਲਤਾ ਮੰਗੇਸ਼ਕਰ ਦੀ ਆਵਾਜ਼ ਵਿਚ ਗੀਤ ਗਵਾਇਆ ਸੀ – Ḕਅੱਖੀਓਂ ਕੋ ਰਹਿਨੇ ਦੇ ਅੱਖੀਓਂ ਕੇ ਆਸ ਪਾਸḔ ਜੋ ਬਹੁਤ ਮਕਬੂਲ ਹੋਇਆ। 2004 ਵਿਚ ਕੁੱਕੂ ਕੋਹਲੀ ਵੱਲੋਂ ਡਾਇਰੈਕਟ ਕੀਤੀ ਬਾਲੀਵੁੱਡ ਫ਼ਿਲਮ Ḕਵੋ ਤੇਰਾ ਨਾਮ ਥਾḔ ਲਈ ਰੇਸ਼ਮਾ ਨੇ Ḕਆਸ਼ਕਾਂ ਦੀ ਗਲੀ Ḕਚ ਮੁਕਾਮ ਦੇ ਗਿਆ, ਜਾਨ ਜਾਨ ਕਹਿ ਕੇ ਮੇਰੀ ਜਾਨ ਲੈ ਗਿਆḔ ਗੀਤ ਗਾਇਆ।
ਭਾਰਤੀਆਂ ਨੇ ਉਸ ਨੂੰ ਖ਼ੂਬ ਪਿਆਰ ਦਿਤਾ ਤੇ ਕਦੇ ਇਹ ਨਾ ਸਮਝਿਆ ਕਿ ਉਹ ਪਾਕਿਸਤਾਨੀ ਹੈ। ਇਕ ਵਾਰ ਉਹ ਮੁੰਬਈ ਆਈ ਤਾਂ ਦਲੀਪ ਕੁਮਾਰ ਦੇ ਘਰ ਵੀ ਗਈ। ਉਨ੍ਹਾਂ ਉਸ ਨੂੰ ਸੁਭਾਸ਼ ਘਈ ਨਾਲ ਮਿਲਾਇਆ। ਉਸ ਫੇਰੀ ਦੌਰਾਨ ਉਸ ਦੀ ਆਵਾਜ਼ ਵਿਚ ਸੁਭਾਸ਼ ਘਈ ਦੀ ਫ਼ਿਲਮ ḔਹੀਰੋḔ ਲਈ ਮਹਿਬੂਬ ਸਟੂਡੀਓ ਵਿਚ ਗੀਤ ਰਿਕਾਰਡ ਕੀਤਾ ਗਿਆ- Ḕਲੰਬੀ ਜੁਦਾਈḔ ਜੋ ਉਸ ਦਾ ਯਾਦਗਾਰੀ ਗੀਤ ਬਣਿਆ। ਪਹਿਲਾਂ ਉਸ ਨੇ ਸਟੂਡੀਓ ਜਾਣ ਤੋਂ ਅਸਮਰੱਥਾ ਪ੍ਰਗਟਾਉਂਦਿਆਂ ਦਲੀਪ ਸਾਹਿਬ ਦੇ ਘਰ ਰਿਕਾਰਡਿੰਗ ਕਰਨ ਦਾ ਇੰਤਜ਼ਾਮ ਕਰਨ ਲਈ ਬੇਨਤੀ ਕੀਤੀ ਸੀ, ਫਿਰ ਬੜੇ ਗੁਪਤ ਤਰੀਕੇ ਨਾਲ ਇਹ ਕਾਰਜ ਸਿਰੇ ਚੜ੍ਹਿਆ ਹੋਇਆ ਸੀ।
27 ਨਵੰਬਰ 1996 ਨੂੰ ਤਤਕਾਲੀਨ ਮੰਤਰੀ ਪੰਜਾਬ ਹਰਨੇਕ ਸਿੰਘ ਘੜੂੰਆਂ ਵਲੋਂ ਇੰਡੋ-ਪਾਕਿ ਸੰਗੀਤ ਸੰਮੇਲਨ ਕਰਵਾਇਆ ਗਿਆ ਸੀ ਜਿਸ ਵਿਚ ਰੇਸ਼ਮਾ ਸਮੇਤ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਅਨੇਕ ਗਾਇਕ-ਗਾਇਕਾਂ ਨੇ ਭਾਗ ਲਿਆ ਸੀ। ਉਹ ਸੁਰਿੰਦਰ ਕੌਰ ਅਤੇ ਹੋਰ ਮਕਬੂਲ ਗਾਇਕਾਂ ਨੂੰ ਮਿਲ ਕੇ ਬੜੀ ਖ਼ੁਸ਼ ਹੋਈ। ਰਾਜਸਥਾਨ ਸਰਕਾਰ ਦੇ ਸੱਦੇ Ḕਤੇ 2003 ਵਿਚ ਜਦੋਂ ਰੇਸ਼ਮਾ ਪਹਿਲੀ ਵਾਰੀ ਜੈਪੁਰ ਮੇਲੇ ਵਿਚ ਆਈ ਸੀ ਤਾਂ ਵਣਜਾਰਿਆਂ ਦੀ ਯਾਤਰਾ ਦੀ ਪੀੜ ਨੂੰ ਪ੍ਰਗਟਾਉਂਦਾ ਰਾਜਸਥਾਨੀ ਲੋਕ ਗੀਤ Ḕਕੇਸਰੀਆ ਬਾਲਮ ਪਧਾਰੋ ਮਹਾਰੇ ਦੇਸḔ ਗਾ ਕੇ ਆਪਣੀ ਜਨਮ ਭੂਮੀ ਦੇ ਵਾਸੀਆਂ ਦੇ ਦਿਲਾਂ ਵਿਚ ਉਤਰ ਗਈ ਸੀ। 1947 ਤੋਂ ਬਾਅਦ ਜਨਵਰੀ 2006 ਵਿਚ Ḕਸਦਾ-ਏ-ਸਰਹੱਦḔ ਨਾਂ ਵਾਲੀ ਲਾਹੌਰ-ਅੰਮ੍ਰਿਤਸਰ ਬੱਸ ਜਦੋਂ ਪਹਿਲੀ ਵਾਰ ਭਾਰਤ ਆਈ ਸੀ ਤਾਂ ਪਾਕਿਸਤਾਨੀ ਨਾਗਰਿਕ ਵਜੋਂ ਰੇਸ਼ਮਾ ਆਪਣੇ ਪਰਿਵਾਰ ਦੇ ਛੇ ਮੈਂਬਰਾਂ ਸਮੇਤ ਉਸ ਬੱਸ ਦੀ ਮੁਸਾਫ਼ਰ ਸੀ।
ਰੇਸ਼ਮਾ ਨੇ ਭਾਰਤ ਸਮੇਤ ਆਪਣੇ ਫ਼ਨ ਦਾ ਮੁਜ਼ਾਹਰਾ ਅਮਰੀਕਾ, ਕੈਨੇਡਾ, ਇੰਗਲੈਂਡ, ਰੂਸ, ਤੁਰਕੀ, ਨਾਰਵੇ, ਡੈਨਮਾਰਕ, ਰੁਮਾਨੀਆ ਅਤੇ ਉਜ਼ਬੇਕਿਸਤਾਨ ਆਦਿ ਕਈ ਹੋਰ ਮੁਲਕਾਂ ਵਿਚ ਵੀ ਕੀਤਾ। ਅਕਤੂਬਰ 2002 ਵਿਚ ਲੰਡਨ ਵਿਚ ਹੋਏ ਇਕ ਪ੍ਰੋਗਰਾਮ ਵਿਚ ਉਸ ਦੀ ਧੀ ਖਦੀਜਾ ਤੇ ਪੁੱਤ ਉਮੇਰ ਨੇ ਵੀ ਗਾਇਨ ਪੇਸ਼ ਕੀਤਾ ਸੀ। ਪੁੱਤ ਉਮੇਰ ਤੇ ਬੇਟੀ ਸ਼ਾਜ਼ੀਆ ਨੇ ਤਾਂ ਮਾਂ ਨਾਲ ਰਲ ਕੇ ਵੀ ਕਈ ਪ੍ਰੋਗਰਾਮਾਂ ਵਿਚ ਗਾਇਆ। ਉਸ ਦੀ ਛੋਟੀ ਭੈਣ ਵੀ ਗਾਇਕਾ ਸੀ। ਸ਼ਾਂਤ ਸੁਭਾਅ ਵਾਲੀ ਰੇਸ਼ਮਾ ਖੁੱਲ੍ਹੇ ਪੌਂਚਿਆਂ ਵਾਲਾ ਸਲਵਾਰ ਸੂਟ ਪਹਿਨਣ ਦੀ ਆਦੀ ਸੀ। ਉਹ ਜੀਵ ਹੱਤਿਆ ਦੀ ਵਿਰੋਧੀ ਸੀ, ਇਸ ਲਈ ਸਾਰੀ ਉਮਰ ਸ਼ਾਕਾਹਾਰੀ ਰਹੀ। ਪੰਜਾਬੀ, ਸਿੰਧੀ ਅਤੇ ਰਾਜਸਥਾਨੀ ਲੋਕਾਂ ਦਾ ਪਸੰਦੀਦਾ ਭੋਜਨ ਸਾਗ ਤੇ ਮੱਕੀ ਦੀ ਰੋਟੀ ਹੀ ਉਸ ਦੀ ਪਸੰਦ ਰਹੇ।
ਭਾਰਤ ਵਿਚ ਮਿਲੇ ਮਾਣ-ਸਨਮਾਨ ਤੋਂ ਇਲਾਵਾ ਰੇਸ਼ਮਾ ਨੂੰ ਜਨਰਲ ਜ਼ਿਆ ਉਲ ਹੱਕ ਤੋਂ ਲੈ ਕੇ ਪਰਵੇਜ਼ ਮੁਸ਼ੱਰਫ ਤਕ ਦੀਆਂ ਸਰਕਾਰਾਂ ਤੋਂ ਵੀ ਮਾਣ-ਸਨਮਾਨ ਅਤੇ ਸਹਾਇਤਾ ਮਿਲਦੀ ਰਹੀ। 2005 ਵਿਚ ਉਸ ਨੂੰ ਪਾਕਿਸਤਾਨ ਦਾ ਤੀਜਾ ਸਰਵਉਚ ਨਾਗਰਿਕ ਸਨਮਾਨ Ḕਸਿਤਾਰਾ-ਏ-ਇਮਤਿਆਜ਼Ḕ ਜਿਸ ਵਿਚ ਪੰਜਾਹ ਹਜ਼ਾਰ ਦੀ ਨਕਦ ਰਾਸ਼ੀ ਸੀ, ਪ੍ਰਾਪਤ ਕਰਨ ਦਾ ਮਾਣ ਹਾਸਲ ਹੋਇਆ। ਉਸ ਨੂੰ ਰਾਸ਼ਟਰਪਤੀ ਵੱਲੋਂ Ḕਫ਼ਖ਼ਰ-ਏ-ਪਾਕਿਸਤਾਨḔ ਅਤੇ Ḕਲੀਜੈਂਡ ਆਫ਼ ਪਾਕਿਸਤਾਨḔ ਪੁਰਸਕਾਰ ਨਾਲ ਵੀ ਨਵਾਜਿਆ ਗਿਆ।
ਕੈਂਸਰ ਦੀ ਬਿਮਾਰੀ ਨੇ ਇਕ ਵਾਰ ਫਿਰ ਸਿਰ ਚੁੱਕਿਆ। ਇਲਾਜ ਦੌਰਾਨ ਉਹ ਬਹੁਤ ਕਮਜ਼ੋਰ ਹੋ ਗਈ। ਲਾਹੌਰ ਦੇ ਇੱਛਰਾਂ ਮੁਹੱਲੇ ਦੀ ਵਸਨੀਕ ਰੇਸ਼ਮਾ ਨੂੰ 6 ਅਪਰੈਲ 2013 ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। 3 ਅਕਤੂਬਰ ਨੂੰ ਉਹ ਅਜਿਹੀ ਬੇਹੋਸ਼ੀ ਦੀ ਅਵਸਥਾ ਵਿਚ ਚਲੀ ਗਈ ਕਿ ਮੁੜ ਹੋਸ਼ ਨਾ ਆਈ। ਪੂਰੇ ਮਹੀਨੇ ਬਾਅਦ ਦੀਵਾਲੀ ਵਾਲੇ ਦਿਨ 3 ਨਵੰਬਰ 2013 ਦੀ ਸਵੇਰ ਨੂੰ ਲਾਹੌਰ ਦੇ ਇਕ ਹਸਪਤਾਲ ਵਿਚ 67 ਸਾਲਾ ਰੇਸ਼ਮਾ ਫੌਤ ਹੋ ਗਈ। -0-