ਸਿਆਸਤ ਵਿਚ ਫਿਰ ਘੋਲੀ ਫਿਰਕੂ ਜ਼ਹਿਰ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਮਾਲੇਰਕੋਟਲਾ ਵਿਚ ਕੁਰਾਨ ਸ਼ਰੀਫ਼ ਦੀ ਬੇਅਦਬੀ ਦਾ ਮਾਮਲਾ ਕਿਸੇ ਸਿਆਸੀ ਸਾਜ਼ਿਸ਼ ਵੱਲ ਇਸ਼ਾਰਾ ਕਰਦਾ ਜਾਪਦਾ ਹੈ। ਇਸ ਮਾਮਲੇ ਨਾਲ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਨਰੇਸ਼ ਯਾਦਵ ਦਾ ਨਾਂ ਜੁੜਨ ਪਿਛੋਂ ਸੂਬੇ ਦੀ ਸਿਆਸਤ ਵਿਚ ਵੀ ਉਬਾਲ ਆ ਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿਚ 28 ਜੂਨ ਨੂੰ ਵਿਜੇ ਕੁਮਾਰ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਸਬੰਧ ਹੋਣ ਦਾ ਖੁਲਾਸਾ ਕੀਤਾ ਸੀ। ਇਨ੍ਹਾਂ ਉਤੇ ਗਾਜ਼ੀਆਬਾਦ ਅਤੇ ਅਮਰੀਕਾ ਵਿਚ ਵੀ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੇ ਦੋਸ਼ ਲਾਏ ਗਏ ਸਨ। ਹਿੰਦੂ ਜਥੇਬੰਦੀਆਂ ਨੇ ਵੀ ਵਿਜੈ ਕੁਮਾਰ ਨੂੰ ਆਪਣਾ ਬੰਦਾ ਐਲਾਨਿਆ ਸੀ।

ਇਸ ਠੋਸ ਜਾਣਕਾਰੀ ਦੇ ਬਾਵਜੂਦ ਪੁਲਿਸ ਨੇ ਸਾਰਾ ਜ਼ੋਰ ‘ਆਪ’ ਦੇ ਦਿੱਲੀ ਤੋਂ ਵਿਧਾਇਕ ਨਰੇਸ਼ ਯਾਦਵ ਨੂੰ ਘੇਰਨ ‘ਤੇ ਲਾਇਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ‘ਆਪ’ ਉਤੇ ਫਿਰਕੂ ਭਾਵਨਾਵਾਂ ਭੜਕਾਉਣ ਦੇ ਦੋਸ਼ ਲਾ ਰਿਹਾ ਹੈ। ‘ਆਪ’ ਵਿਧਾਇਕ ‘ਤੇ ਸਾਰੀ ਕਾਰਵਾਈ ਇਸ ਮਾਮਲੇ ਵਿਚ ਫੜੇ ਗਏ ਮੁਲਜ਼ਮਾਂ ਦੇ ਇਕਬਾਲੀਆ ਬਿਆਨ ਦੇ ਆਧਾਰ ‘ਤੇ ਕੀਤੀ ਜਾ ਰਹੀ ਹੈ। ਇਸ ਸਾਰੀ ਕਾਰਵਾਈ ਨੇ ਪੁਲਿਸ ਦੀ ਭੂਮਿਕਾ ਉਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।
ਯਾਦ ਰਹੇ ਕਿ ਡਰੱਗ ਮਾਮਲੇ ਵਿਚ ਕਾਬੂ ਕੀਤੇ ਜਗਦੀਸ਼ ਸਿੰਘ ਭੋਲਾ ਨੇ ਜਦੋਂ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਂ ਤਸਕਰੀ ਵਿਚ ਲਿਆ ਸੀ ਤਾਂ ਪੁਲਿਸ ਅਤੇ ਹਾਕਮ ਧਿਰ ਦੇ ਸੀਨੀਅਰ ਆਗੂਆਂ ਨੇ ਤਰਕ ਦਿੱਤਾ ਸੀ ਕਿ ਕਿਸੇ ਮੁਲਜ਼ਮ ਦੇ ਬਿਆਨ ਦੇ ਆਧਾਰ ‘ਤੇ ਕਾਰਵਾਈ ਕਰਨੀ ਜਾਇਜ਼ ਨਹੀਂ, ਪਰ ਹੁਣ ‘ਆਪ’ ਵਿਧਾਇਕ ਖਿਲਾਫ ਫਟਾਫਟ ਕਾਰਵਾਈ ਕੀਤੀ ਜਾ ਰਹੀ ਹੈ। ਅਸਲ ਵਿਚ ਮਾਲੇਰਕੋਟਲਾ ਵਿਚ ਵਾਪਰੀ ਘਟਨਾ ਦੇ ਤਾਰ ਹਿੰਦੂ ਕੱਟੜਪੰਥੀਆਂ ਨਾਲ ਜੁੜ ਰਹੇ ਹਨ ਤੇ ਪੁਲਿਸ ਵੀ ਇਸ ਕੇਸ ਨੂੰ ਮੋੜਾ ਦੇਣ ਲਈ ਹੱਥ ਪੈਰ ਮਾਰ ਰਹੀ ਹੈ। ਹਾਕਮ ਧਿਰ ਅਕਾਲੀ ਦਲ ਵਲੋਂ ਵੀ ਲੈ ਦੇ ਕੇ ‘ਆਪ’ ਵਿਧਾਇਕ ਨੂੰ ਘੇਰਨ ‘ਤੇ ਸਾਰਾ ਟਿੱਲ ਲਾਇਆ ਜਾ ਰਿਹਾ ਹੈ। ਮੁਢਲੀ ਜਾਂਚ ਤੋਂ ਜਾਪ ਰਿਹਾ ਹੈ ਕਿ ਇਸ ਘਟਨਾ ਪਿਛੇ ਕੋਈ ਡੂੰਘੀ ਸਾਜ਼ਿਸ਼ ਕੰਮ ਕਰ ਰਹੀ ਹੈ।
ਅਸਲ ਵਿਚ ਸਿਆਸੀ ਧਿਰਾਂ ਫਿਰਕੂ ਪੱਤਾ ਖੇਡ ਕੇ ਹੀ ਔਖੀ ਘੜੀ ਵਿਚੋਂ ਨਿਕਲਦੀਆਂ ਆਈਆਂ ਹਨ। ਪਿਛਲੇ ਵਰ੍ਹੇ ਜਦੋਂ ਡੇਰਾ ਸਿਰਸਾ ਮੁਖੀ ਨੂੰ ਅਕਾਲ ਤਖਤ ਤੋਂ ਮੁਆਫੀ ਦੇਣ ਨਾਲ ਸੂਬੇ ਦੇ ਸਿੱਖਾਂ ਵਿਚ ਰੋਹ ਫੈਲਿਆ ਹੋਇਆ ਸੀ ਤਾਂ ਠੀਕ ਇਸੇ ਸਮੇਂ ਕਿਸਾਨਾਂ ਨੇ ਮੰਗਾਂ ਸਬੰਧੀ ਸਰਕਾਰ ਨੂੰ ਘੇਰ ਲਿਆ। ਇਸ ਦੇ ਤੁਰੰਤ ਪਿਛੋਂ ਇਕ ਤੋਂ ਬਾਅਦ ਇਕ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਲੋਕ ਰੋਹ ਦਾ ਮੂੰਹ ਇਸ ਪਾਸੇ ਮੋੜ ਦਿੱਤਾ ਜਿਸ ਨੇ ਸਰਕਾਰ ਨੂੰ ਔਖੀ ਘੜੀ ਵਿਚੋਂ ਕੱਢ ਲਿਆ। ਇਨ੍ਹਾਂ ਘਟਨਾਵਾਂ ਦੇ ਦੋਸ਼ੀਆਂ ਦਾ ਅੱਜ ਤੱਕ ਸਰਕਾਰ ਪਤਾ ਨਹੀਂ ਲਾ ਸਕੀ। ਹੁਣ ਮਾਲੇਰਕੋਟਲਾ ਵਿਚ ਇਹ ਘਟਨਾ ਉਸ ਸਮੇਂ ਵਾਪਰੀ ਹੈ ਜਦੋਂ ਆਮ ਆਦਮੀ ਪਾਰਟੀ ਨੇ ਸੂਬੇ ਵਿਚ ਸਰਗਰਮੀਆਂ ਵਧਾਈਆਂ ਹੋਈਆਂ ਹਨ।
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਤੋਂ ਠੀਕ ਦੋ ਦਿਨ ਪਹਿਲਾਂ ਇਸ ਪਾਰਟੀ ਦੇ ਵਿਧਾਇਕ ਨੂੰ ਇਸ ਮਾਮਲੇ ਵਿਚ ਇਕ ਮੁਲਜ਼ਮ ਦੀ ਇਕਬਾਲੀਆ ਬਿਆਨ ‘ਤੇ ਘੜੀਸ ਲਿਆ ਗਿਆ। ਮਲੇਰਕੋਟਲਾ ਵਿਚ ਵੱਡੀ ਗਿਣਤੀ ਮੁਸਲਿਮ ਭਾਈਚਾਰਾ ਰਹਿੰਦਾ ਹੈ ਤੇ ਬੇਅਦਬੀ ਦੀ ਇਸ ਘਟਨਾ ਨੂੰ ਫਿਰਕੂ ਦੰਗੇ ਭੜਕਾਉਣ ਦੀ ਸਾਜ਼ਿਸ਼ ਨਾਲ ਜੋੜਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਢਾਈ ਸਾਲ ਪਹਿਲਾਂ ਮਾਲੇਰਕੋਟਲਾ ਵਿਚ ਹੀ ਸੱਤਵੀਂ ਜਮਾਤ ਵਿਚ ਪੜ੍ਹਦੇ ਇਕ ਬੱਚੇ ਨੂੰ ਦਿਨ-ਦਿਹਾੜੇ ਜ਼ਿੰਦਾ ਸਾੜ ਦਿਤਾ ਗਿਆ ਸੀ, ਪੰਜਾਬ ਪੁਲਿਸ ਹਾਲੇ ਤੱਕ ਇਸ ਬਾਰੇ ਕੋਈ ਉੱਘ-ਸੁੱਘ ਨਹੀਂ ਕੱਢ ਸਕੀ। ਐਤਕੀਂ ਸੱਤਾਧਾਰੀ ਧਿਰ ਨੇ ਚੋਣਾਂ ਵਿਚ ਲਾਹਾ ਲੈਣ ਲਈ ਮਾਲੇਰਕੋਟਲਾ ਵਾਲੀ ਬੇਅਦਬੀ ਦੀ ਘਟਨਾ ਨੂੰ ਮੁੱਦਾ ਬਣਾ ਲਿਆ ਹੈ।
_——————————————-
ਹਿੰਦੂ ਜਥੇਬੰਦੀਆਂ ਨਾਲ ਜੁੜੇ ਤਾਰ
ਕੁਰਾਨ ਸ਼ਰੀਫ਼ ਬੇਅਦਬੀ ਮਾਮਲੇ ਦੇ ਮੁੱਖ ਮੁਲਜ਼ਮ ਦੇ ਦੇਸ਼ ਦੀਆਂ ਇੰਟੈਲੀਜੈਂਸ ਏਜੰਸੀਆਂ ਦੇ ਅਧਿਕਾਰੀਆਂ ਨਾਲ ਵੀ ਸਬੰਧ ਸਨ। ਉਸ ਵੱਲੋਂ 2014 ਦੌਰਾਨ ਦੇਸ਼ ਪਰਤ ਕੇ ਸ਼ਿਵਾ ਬਲਿਸ਼ ਫਾਊਂਡੇਸ਼ਨ ਨਾਂ ਦੀ ਜਥੇਬੰਦੀ ਬਣਾਈ ਸੀ। 1983 ਤੋਂ 1991 ਤੱਕ ਉਹ ਆਰæਐਸ਼ਐਸ਼ ਦੀ ਸ਼ਾਖਾ ਲਗਾਉਂਦਾ ਰਿਹਾ ਅਤੇ 1991 ਤੋਂ 2001 ਤੱਕ ਆਰæਐਸ਼ਐਸ਼ ਦੇ ਪ੍ਰਚਾਰਕ ਵਜੋਂ ਵੀ ਕੰਮ ਕਰਦਾ ਰਿਹਾ। ਵਿਧਾਨਕਾਰ ਨਰੇਸ਼ ਯਾਦਵ ਨਾਲ ਉਸ ਦੇ ਸਬੰਧ 1999 ਤੋਂ 2001 ਦੌਰਾਨ ਸਾਊਥ ਦਿੱਲੀ ਵਿਖੇ ਆਰæਐਸ਼ਐਸ਼ ਪ੍ਰਚਾਰਕ ਵਜੋਂ ਕੰਮ ਕਰਦਿਆਂ ਬਣੇ।