ਸ਼ਹਾਦਤ-ਏ-ਬੰਦਾ

ਬਾਬਾ ਬੰਦਾ ਬਹਾਦਰ ਦੀ ਤੀਜੀ ਸ਼ਹਾਦਤ ਮੌਕੇ ਵੱਖ-ਵੱਖ ਧਿਰਾਂ ਵੱਲੋਂ ਵੱਖ-ਵੱਖ ਥਾਂਈਂ ਸਮਾਗਮ ਰਚਾਏ ਜਾ ਰਹੇ ਹਨ। ਹਰ ਧਿਰ ਆਪਣੇ ਆਪ ਨੂੰ ਬਾਬਾ ਬੰਦਾ ਬਹਾਦਰ ਅਤੇ ਉਸ ਦੀ ਵਿਰਾਸਤ ਨਾਲ ਜੋੜ ਕੇ ਪੇਸ਼ ਕਰ ਰਹੀ ਹੈ। ਇਨ੍ਹਾਂ ਸ਼ਰਧਾਂਜਲੀ ਸਮਾਗਮਾਂ ਦੇ ਬਰਾਬਰ, ਵਿਚੋਂ-ਵਿਚ ਇਕ ਬਹਿਸ ਚੱਲ ਨਿਕਲੀ ਹੈ। ਇਹ ਬਹਿਸ ਬਾਬਾ ਬੰਦਾ ਬਹਾਦਰ ਦੇ ਨਾਂ ਉਤੇ ਕੇਂਦਰਤ ਹੈ, ਕਿ ਬਾਬਾ ਬੰਦਾ ਬਹਾਦਰ ਨਾਂ ਨਾਲ ‘ਸਿੰਘ’ ਕਦੋਂ, ਕਿਉਂ ਤੇ ਕਿਸ ਤਰ੍ਹਾਂ ਜੁੜ ਗਿਆ? ਦਲੀਲ ਹੈ ਕਿ ਇਤਿਹਾਸ ਵਿਚ ਬਾਬਾ ਬੰਦਾ ਬਹਾਦਰ ਦੇ ਨਾਂ ਨਾਲ ਕਿਤੇ ‘ਸਿੰਘ’ ਲਾਇਆ ਹੋਇਆ ਨਹੀਂ ਮਿਲਦਾ।

ਬਾਬਾ ਬੰਦਾ ਬਹਾਦਰ ਬਾਰੇ ਇਤਿਹਾਸ, ਫਾਰਸੀ ਸਰੋਤਾਂ ਰਾਹੀਂ ਸਾਡੇ ਕੋਲ ਆਇਆ ਹੈ, ਪਰ ਹੁਣ ਇਹ ਬਹਿਸ ਇਤਿਹਾਸ ਦੇ ਘੇਰੇ ਵਿਚੋਂ ਨਿਕਲ ਕੇ ਸਿਆਸਤ ਦੇ ਪਿੜ ਵਿਚ ਆਣ ਖੜ੍ਹੀ ਹੋਈ ਹੈ ਅਤੇ ਸਾਰੀਆਂ ਧਿਰਾਂ ਆਪੋ-ਆਪਣੇ ਢੰਗ ਨਾਲ ਇਸ ਮਸਲੇ ਬਾਰੇ ਆਪਣਾ ਪੱਖ ਰੱਖ ਰਹੀਆਂ ਹਨ। ਇਕ ਧਿਰ ਨੇ ਤਾਂ ‘ਪੰਥ ਪ੍ਰਕਾਸ਼’ ਦੇ ਹਵਾਲੇ ਨਾਲ ਇਹ ਤੱਥ ਬੜੇ ਜ਼ੋਰ ਨਾਲ ਸਾਹਮਣੇ ਰੱਖਿਆ ਹੈ ਕਿ ਬੰਦਾ ਬਹਾਦਰ ਕਿਸ ਤਰ੍ਹਾਂ ਸਿੱਖ ਬਣਨ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਤਰਲੇ ਕੱਢਦਾ ਰਿਹਾ ਹੈ! ਇਸ ਤੋਂ ਜ਼ਾਹਿਰ ਹੋ ਰਿਹਾ ਹੈ ਕਿ ਇਸ ਮਸਲੇ ਉਤੇ ਮਿਆਰੀ ਬਹਿਸ ਭਖਾ ਕੇ ‘ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ’ ਨਿਤਾਰਨ ਦੀ ਥਾਂ ਆਪਣੀ ਗੱਲ ਮੰਨਵਾਉਣ ਵਾਲੀ ਧਾਰਨਾ ਅਪਨਾਈ ਜਾ ਰਹੀ ਹੈ। ਆਪੋ-ਆਪਣੀ ਧਾਰਨਾ ਮੰਨਣ ਜਾਂ ਮੰਨਵਾਉਣ ਲਈ ਮਹਿਜ਼ ਪ੍ਰਵਚਨ ਕੀਤੇ ਜਾ ਰਹੇ ਹਨ। ਇਨ੍ਹਾਂ ਪ੍ਰਵਚਨਾਂ ਵਿਚ ਸਬਰ ਖੰਭ ਲਾ ਕੇ ਉਡ ਗਿਆ ਜਾਪਦਾ ਹੈ ਅਤੇ ਇਸ ਦੀ ਥਾਂ ਆਪੋ-ਆਪਣੀ ਵਿਦਵਤਾ ਦਿਖਾਉਣ ਦਾ ਜ਼ੋਰ ਵਾਹਵਾ ਲੱਗ ਰਿਹਾ ਹੈ। ਕੁਝ ਸਾਲ ਪਹਿਲਾਂ ਮਾਤਾ ਗੁਜਰੀ ਦੇ ਨਾਂ ਨਾਲ ‘ਕੌਰ’ ਲਾਉਣ ਬਾਰੇ ਬਹਿਸ ਵੀ ਇਸੇ ਤਰ੍ਹਾਂ ਸਾਹਮਣੇ ਆਈ ਸੀ। ਮਾਤਾ ਗੁਜਰ ਕੌਰ ਨਾਂ ਦੀ ਪੈਰਵੀ ਕਰਨ ਵਾਲਿਆਂ ਦੀ ਇਕ ਹੀ ਦਲੀਲ ਸੀ ਕਿ ਪੰਥ ਖਾਲਸਾ ਸਾਜਣ-ਨਵਾਜਣ ਵਾਲੇ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੇ ਜੀਆਂ ਦੇ ਨਾਂ ਨਾਲ ‘ਕੌਰ’ ਕਿਉਂ ਨਹੀਂ ਹੋਵੇਗਾ! ਇਹ ਬਹਿਸ ਵੀ ਦਰਅਸਲ ਸਿਆਸਤ ਦੀਆਂ ਤਣੀਆਂ ਨਾਲ ਹੀ ਬੱਝੀ ਹੋਈ ਸੀ।
ਬਾਬਾ ਬੰਦਾ ਬਹਾਦਰ ਨਾਲ ਜੋੜ ਕੇ ਪਹਿਲਾਂ ਵੀ ਕਈ ਬਹਿਸਾਂ ਗਾਹੇ-ਬਗਾਹੇ ਚੱਲਦੀਆਂ ਰਹੀਆਂ ਹਨ। ਤੱਤ ਖਾਲਸਾ ਅਤੇ ਬੰਦਈ ਖਾਲਸਾ ਬਹਿਸ ਦੌਰਾਨ ਜਿਸ ਤਰ੍ਹਾਂ ਬਾਬਾ ਬੰਦਾ ਬਹਾਦਰ ਬਾਰੇ ਦੁਰ-ਪ੍ਰਚਾਰ ਕਰ ਕੇ ਜਿਸ ਤਰ੍ਹਾਂ ਦਾ ਮਾਹੌਲ ਸਿਰਜਣ ਦਾ ਯਤਨ ਪਹਿਲਾਂ ਹੋਇਆ ਮਿਲਦਾ ਹੈ, ਉਸ ਤੋਂ ਤਾਂ ਹੁਣ ਅਸੀਂ ਬਹੁਤ ਅਗਾਂਹ ਨਿਕਲ ਆਏ ਹਾਂ। ਬਾਬਾ ਬੰਦਾ ਬਹਾਦਰ ਆਪਣੇ ਸਮਿਆਂ ਦਾ ਉਹ ਨਾਇਕ ਸੀ ਜਿਸ ਨੇ ਜ਼ੁਲਮ ਖਿਲਾਫ ਆਵਾਜ਼ ਬੁਲੰਦ ਹੀ ਨਹੀਂ ਕੀਤੀ, ਸਗੋਂ ਜ਼ੁਲਮ ਦੇ ਕਿਲ੍ਹੇ ਨੂੰ ਢਹਿ-ਢੇਰੀ ਕਰਨ ਦਾ ਇਤਿਹਾਸਕ ਕਾਰਜ ਵੀ ਨਿਭਾਇਆ। ਉਸ ਦੇ ਜੀਵਨ ਉਤੇ ਉਡਦੀ ਜਿਹੀ ਨਿਗ੍ਹਾ ਵੀ ਮਾਰੀਏ ਤਾਂ ਪਤਾ ਲੱਗ ਜਾਂਦਾ ਹੈ ਕਿ ਉਸ ਦਾ ‘ਬੰਦੇ’ ਤੱਕ ਦਾ ਸਫਰ ਕਿਨ੍ਹਾਂ ਮੋੜਾਂ ਤੋਂ ਗੁਜ਼ਰਦਿਆਂ ਪੁੱਜਾ ਸੀ। ਸਿਦਕ ਅਤੇ ਸਿਰੜ ਇੰਨਾ ਕਿ ਸ਼ਹਾਦਤ ਦੀ ਗਲੀ ਵਿਚ ਇਕ ਵੀ ਸਾਥੀ ਡੋਲਿਆ ਨਹੀਂ। ਇਹ ਸਿਦਕੀ ਤੇ ਸਿਰੜੀ ਕਾਰਜ ਸਦੀਆਂ ਤੋਂ ਹਰ ਪੀੜ੍ਹੀ ਨੂੰ ਪ੍ਰੇਰਦਾ ਰਿਹਾ ਹੈ ਅਤੇ ਅਗਾਂਹ ਵੀ ਪ੍ਰੇਰਦਾ ਰਹੇਗਾ। ਆਪਣੀ ਸਰਗਰਮੀ ਦੇ 7-8 ਸਾਲਾਂ ਦੌਰਾਨ ਉਸ ਨੇ ਜੋ ਇਤਿਹਾਸ ਬਣਾਇਆ, ਉਸ ਦੀ ਮਿਸਾਲ ਸੰਸਾਰ ਭਰ ਦੇ ਇਤਿਹਾਸ ਵਿਚ ਲੱਭਣੀ ਮੁਸ਼ਕਿਲ ਹੈ। ਅਜਿਹਾ ਇਸ ਕਰ ਕੇ ਸੰਭਵ ਹੋਇਆ ਕਿਉਂਕਿ ਇਹ ਸ਼ਖਸ ਖੁਦ ਜ਼ੁਲਮ ਖਿਲਾਫ ਨਹੀਂ ਲੜਿਆ, ਸਗੋਂ ਉਸ ਨੇ ਲੋਕਾਂ ਨੂੰ ਜ਼ੁਲਮ ਖਿਲਾਫ ਖੜ੍ਹੇ ਹੋਣ ਲਈ ਵੀ ਤਿਆਰ ਕੀਤਾ। ਸਢੌਰਾ ਲਾਗਿਓਂ ਆਏ ਫਰਿਆਦੀਆਂ ਵਾਲੀ ਕਥਾ ਬਾਬਾ ਬੰਦਾ ਬਹਾਦਰ ਦੀ ਜ਼ੁਲਮ ਖਿਲਾਫ ਮੁਹਿੰਮ ਦੀ ਸਿਖਰ ਹੈ। ਬਾਬਾ ਬੰਦਾ ਬਹਾਦਰ ਨੇ ਜ਼ਿਮੀਂਦਾਰਾਂ ਦੀਆਂ ਜ਼ਿਆਦਤੀਆਂ ਸੁਣਾਉਣ ਆਏ ਫਰਿਆਦੀਆਂ ਉਤੇ ਗੋਲੀ ਚਲਾਉਣ ਦੇ ਹੁਕਮ ਦੇ ਦਿਤਾ ਸੀ। ਦਲੀਲ ਸੀ ਕਿ ਜਿਹੜੇ ਮੁੱਠੀ ਭਰ ਜ਼ਿਮੀਂਦਾਰਾਂ ਦਾ ਮੁਕਾਬਲਾ ਨਹੀਂ ਕਰ ਸਕਦੇ, ਉਨ੍ਹਾਂ ਦਾ ਇਹੀ ਹਸ਼ਰ ਹੋਣਾ ਚਾਹੀਦਾ ਹੈ।
ਇਤਿਹਾਸ ਵਿਚ ਦਰਜ ਹੈ ਕਿ ਇਹ ਕਥਾ ਫਿਰ ਕਿਸ ਤਰ੍ਹਾਂ ਅਮਲ ਵਿਚ ਬਦਲ ਗਈ। ਬਾਬਾ ਬੰਦਾ ਬਹਾਦਰ ਨੇ ਜ਼ਿਮੀਂਦਾਰੀ ਸਿਸਟਮ ਦੇ ਬਖੀਏ ਉਧੇੜ ਕੇ ਰੱਖ ਦਿੱਤੇ, ਪਰ ਇਹੀ ਤੱਥ ਜਾਂ ਨੁਕਤਾ ਹੈ ਜਿਸ ਪਾਸੇ ਕਦੀ ਬਹਿਸ ਦਾ ਮੁਹਾਣ ਨਹੀਂ ਮੁੜ ਸਕਿਆ। ਇਹ ਅਸਲ ਵਿਚ ਬਾਬਾ ਬੰਦਾ ਬਹਾਦਰ ਨੂੰ ਇਕ ਖਾਸ ਰੰਗ ਵਿਚ ਰੰਗਣ ਕਰ ਕੇ ਹੋਇਆ। ਸ਼ਾਇਦ ਇਸੇ ਰੰਗ ਕਾਰਨ ਹੀ ਅੱਜ ਪੰਜਾਬ ਵਿਚ ਕਿਸਾਨ ਸੰਕਟ ਬਾਰੇ ਕਿਸੇ ਵੀ ਸਿੱਖ ਜਥੇਬੰਦੀ ਨੇ ਹਾਅ ਦਾ ਨਾਅਰਾ ਤੱਕ ਨਹੀਂ ਮਾਰਿਆ ਹੈ। ਇਹ ਨੁਕਤਾ ਖੋਜ ਅਤੇ ਬਹਿਸ ਦਾ ਵਿਸ਼ਾ ਹੋ ਸਕਦਾ ਹੈ ਕਿ ਕਿਸਾਨ ਸੰਕਟ, ਸਿੱਖ ਜਥੇਬੰਦੀਆਂ ਦਾ ਸੰਕਟ ਕਿਉਂ ਨਹੀਂ ਬਣ ਸਕਿਆ, ਜਦਕਿ ਬਾਬਾ ਬੰਦਾ ਬਹਾਦਰ ਨੇ ਆਪਣੇ ਸ਼ਾਸਨ ਦੇ ਮੁੱਢ ਵਿਚ ਹੀ ਇਸ ਮਸਲੇ ਦੀ ਥਾਹ ਪਾ ਲਈ ਸੀ। ਹੁਣ ਤਾਂ ਬਾਬਾ ਬੰਦਾ ਬਹਾਦਰ ਦੇ ਨਾਂ ਨਾਲ ਜੁੜ ਕੇ ਇਕ ਹੋਰ ਬਿਖੜਾ ਪੈਂਡਾ ਸਾਹਮਣੇ ਨਜ਼ਰ ਆ ਰਿਹਾ ਹੈ। ਦਿੱਲੀ ਵਿਚ ਅੱਜ ਕੱਲ੍ਹ ਉਨ੍ਹਾਂ ਲੋਕਾਂ ਦੀ ਸਰਕਾਰ ਹੈ ਜਿਹੜੇ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਮੰਨਵਾਉਣ ਦੇ ਯਤਨਾਂ ਵਿਚ ਹਨ। ਬਾਬਾ ਬੰਦਾ ਬਹਾਦਰ ਦੀ ਸ਼ਤਾਬਦੀ ਮੌਕੇ ਵੀ ਇਸੇ ਕਰ ਕੇ ਇਨ੍ਹਾਂ ਲੋਕਾਂ ਨੇ ਜ਼ੋਰ-ਸ਼ੋਰ ਨਾਲ ਸਮਾਗਮ ਕੀਤੇ ਹਨ। ਆਉਣ ਵਾਲੇ ਸਮੇਂ ਵਿਚ ਸੰਭਵ ਹੈ ਕਿ ਬਹਿਸ ਨੂੰ ਤਿਲ੍ਹਕਾ ਕੇ ਸਿੱਖ-ਹਿੰਦੂ ਵਾਲੀ ਬਹਿਸ ਦਾ ਪਿੜ ਬੰਨ੍ਹ ਦਿੱਤਾ ਜਾਵੇ। ਇਸ ਲਈ ਜ਼ਰੂਰੀ ਹੈ ਕਿ ਬਾਬਾ ਬੰਦਾ ਬਹਾਦਰ ਦੀ ਅਸਲ ਦੇਣ ਵੱਲ ਧਿਆਨ ਧਰਿਆ ਜਾਵੇ ਅਤੇ ਇਸ ਦੀ ਵਿਆਖਿਆ ਅੱਜ ਦੇ ਪ੍ਰਸੰਗਾਂ ਨਾਲ ਜੋੜ ਕੇ ਕੀਤੀ ਜਾਵੇ। ਇਹ ਬਿਖੜਾ ਪੈਂਡਾ ਜ਼ਰੂਰ ਹੈ, ਪਰ ਅਸੰਭਵ ਨਹੀਂ। ਬਾਬਾ ਬੰਦਾ ਬਹਾਦਰ ਉਹ ਨਾਇਕ ਹੈ ਜਿਸ ਬਾਰੇ ਵੰਡੀਆਂ ਨਹੀਂ ਪੈਣੀਆਂ ਚਾਹੀਦੀਆਂ। ਨੁਕਤਾ ਇਹ ਉਭਰਨਾ ਚਾਹੀਦਾ ਹੈ ਕਿ ਉਸ ਨੇ ਮੁਗਲਾਂ ਦੀ ਚੜ੍ਹਤ ਸਮੇਂ ਕਿਸ ਤਰ੍ਹਾਂ ਜ਼ੁਲਮ ਦੀਆਂ ਉਚੀਆਂ ਉਠ ਰਹੀਆਂ ਲਹਿਰਾਂ ਠੱਲ੍ਹੀਆਂ। ਇਹੀ ਬਾਬਾ ਬੰਦਾ ਬਹਾਦਰ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।