ਡਾ. ਗੁਰਨਾਮ ਕੌਰ, ਕੈਨੇਡਾ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਮਨੁੱਖ ਵਾਸਤੇ ਆਦੇਸ਼ ਉਸ ਸਿਰਜਣਹਾਰ ਨੂੰ ਸੁਆਸ ਸੁਆਸ ਸਿਮਰਨ ਦਾ ਕੀਤਾ ਗਿਆ ਹੈ। ਇਸ ਲਈ ਉਸ ਘੜੀ, ਉਸ ਪਲ, ਉਸ ਰੁੱਤ ਨੂੰ ਸੁਹਣੀ, ਸੁਲੱਖਣੀ, ਲੇਖੇ ਲੱਗੀ ਮੰਨਿਆ ਗਿਆ ਹੈ ਜਿਹੜੀ ਪਰਵਰਦਗਾਰ ਦੀ ਯਾਦ ਵਿਚ ਬੀਤਦੀ ਹੈ ਅਰਥਾਤ ਉਹ ਸਮਾਂ ਸਭ ਤੋਂ ਸੁਖਦਾਈ ਸਮਾਂ ਹੁੰਦਾ ਹੈ ਜਦੋਂ ਮਨੁੱਖ ਅਕਾਲ ਪੁਰਖ ਨੂੰ ਆਪਣੇ ਮਨ ਵਿਚ ਵਸਾਉਂਦਾ ਹੈ। ਉਹ ਕੰਮ ਸਭ ਤੋਂ ਸੁਖਾਵਾਂ ਅਤੇ ਚੰਗਾ ਲਗਦਾ ਹੈ ਜਿਹੜਾ ਕੰਮ ਉਸ ਅਕਾਲ ਪੁਰਖ ਦੀ ਸੇਵਾ ਵਿਚ ਕੀਤਾ ਜਾਂਦਾ ਹੈ। ਅਜਿਹਾ ਹਿਰਦਾ ਸ਼ਾਂਤ ਅਤੇ ਸਹਿਜ ਵਿਚ ਵਿਚਰਦਾ ਹੈ ਜਿਸ ਹਿਰਦੇ ਵਿਚ ਉਹ ਅਕਾਲ ਪੁਰਖ ਵੱਸਦਾ ਹੈ।
ਸਾ ਰੁਤਿ ਸੁਹਾਵੀ ਜਿਤੁ ਤੁਧੁ ਸਮਾਲੀ॥ ਇਹ ਪੰਕਤੀ ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿਚੋਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦੋ ਬਾਣੀਆਂ ਗੁਰੂ ਨਾਨਕ ਦੇਵ ਜੀ ਰਚਿਤ ‘ਤੁਖਾਰੀ ਛੰਤ ਮਹਲਾ ਪਹਿਲਾ ਬਾਰਹਮਾਹਾ’ ਅਤੇ ਪੰਜਵੇਂ ਗੁਰੂ ਅਰਜਨ ਦੇਵ ਜੀ ਦੀ ਰਚਨਾ ‘ਬਾਰਹਮਾਹਾ ਮਾਂਝ ਮਹਲਾ ਪੰਜਵਾਂ’ ਸਾਲ ਦੇ ਬਾਰਾਂ ਮਹੀਨਿਆਂ ਅਤੇ ਉਨ੍ਹਾਂ ਮਹੀਨਿਆਂ ਵਿਚ ਪੈਂਦੀਆਂ ਰੁੱਤਾਂ ਨਾਲ ਸਬੰਧਤ ਹਨ। ਗੁਰਬਾਣੀ ਅਨੁਸਾਰ ਹਰ ਮਹੀਨੇ ਅਤੇ ਸਬੰਧਤ ਰੁੱਤ ਦਾ ਆਪਣਾ ਖਾਸ ਸਥਾਨ ਹੈ ਜਿਵੇਂ ਜਿਵੇਂ ਉਸ ਸਮੇਂ ਵਿਚ ਪਰਮਾਤਮਾ ਨੂੰ ਸਿਮਰਿਆ ਜਾਂਦਾ ਹੈ। ਸ਼ ਪਾਲ ਸਿੰਘ ਪੁਰੇਵਾਲ ਨੇ ਜਦੋਂ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਸੀ ਤਾਂ ਇਨ੍ਹਾਂ ਰੁੱਤਾਂ ਦੇ ਜ਼ਿਕਰ ਨੂੰ ਖਾਸ ਧਿਆਨ ਵਿਚ ਰੱਖਿਆ ਸੀ ਅਤੇ ਉਸ ਨੂੰ ਸੂਰਜੀ ਕੈਲੰਡਰ ਦਾ ਰੂਪ ਦਿੱਤਾ ਸੀ ਤਾਂ ਕਿ ਸਮੇਂ ਦੇ ਬੀਤਣ ਨਾਲ ਸਿੱਖ ਧਰਮ ਵਿਚ ਮਨਾਏ ਜਾਂਦੇ ਦਿਹਾੜੇ ਠੀਕ ਆਪਣੀ ਉਸੇ ਰੁੱਤ ਵਿਚ ਆਉਣ ਜਿਸ ਵਿਚ ਉਹ ਸ਼ੁਰੂ ਹੋਏ ਸੀ।
ਦਸਮ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਨਾਨਕਸ਼ਾਹੀ ਕੈਲੰਡਰ ਅਨੁਸਾਰ 5 ਜਨਵਰੀ ਦਾ ਮਿੱਥ ਦਿੱਤਾ ਗਿਆ ਸੀ ਕਿਉਂਕਿ ਕਈ ਵਾਰ ਪੋਹ ਸੁਦੀ ਸੱਤਵੀਂ ਚੰਦਰਮਾ ਦੀਆਂ ਤਿੱਥਾਂ ਅਨੁਸਾਰ ਜਨਵਰੀ ਅਤੇ ਦਸੰਬਰ ਵਿਚ ਦੋ ਵਾਰ ਆ ਜਾਂਦੀ ਹੈ। ਕੋਈ ਵੀ ਖਾਸ ਦਿਨ ਸਾਲ ਬਾਅਦ, ਸਾਲ ਵਿਚ ਇੱਕੋ ਵਾਰ ਆਉਣਾ ਚਾਹੀਦਾ ਹੈ, ਇਹੀ ਕੁਦਰਤੀ ਹੈ। ਡੇਰੇਦਾਰਾਂ ਦੇ ਰਾਜਨੀਤਕ ਦਬਾਅ ਹੇਠ ਨਾਨਕਸ਼ਾਹੀ ਕੈਲੰਡਰ ਦੇ ਵਿਗੜੇ ਹੋਏ ਰੂਪ ਅਨੁਸਾਰ ਇਹ ਸ਼ੁਭ ਦਿਹਾੜਾ ਇਸ ਵਾਰ 17 ਜਨਵਰੀ ਨੂੰ ਆਇਆ ਹੈ, ਮਤਲਬ ਪੋਹ ਦੇ ਮਹੀਨੇ ਵਿਚ ਨਾ ਹੋ ਕੇ ਮਾਘ ਮਹੀਨੇ ਵਿਚ। ਇਹ ਵਰਤਾਰਾ ਸਾਰੇ ਦਿਹਾੜਿਆਂ ਨਾਲ ਵਾਪਰਨਾ ਹੈ ਅਤੇ ਇਸ ਹਿਸਾਬ ਚੰਦਰਮਾ ਦੀਆਂ ਤਰੀਕਾਂ ਅਨੁਸਾਰ ਸੂਰਜੀ ਮਹੀਨੇ ਅਤੇ ਮੌਸਮ ਦੋਵੇਂ ਬਦਲ ਜਾਣਗੇ। ਰੁੱਤਾਂ ਸੂਰਜ ਅਨੁਸਾਰ ਬਦਲਦੀਆਂ ਹਨ, ਚੰਦਰਮਾ ਅਨੁਸਾਰ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਇਨ੍ਹਾਂ ਦੋਹਾਂ ਬਾਣੀਆਂ ਵਿਚ ਗੁਰੂ ਸਾਹਿਬਾਨ ਨੇ ਮਹੀਨਿਆਂ ਅਤੇ ਸਬੰਧਤ ਰੁੱਤਾਂ ਨੂੰ ਅਧਿਆਤਮਕਤਾ ਅਤੇ ਸੰਸਾਰਕਤਾ-ਦੋਹਾਂ ਨਾਲ ਜੋੜ ਕੇ ਜਿਵੇਂ ਵਰਣਨ ਕੀਤਾ ਹੈ, ਉਸੇ ਦਾ ਸੰਖੇਪ ਵਿਸ਼ਲੇਸ਼ਣ ਕਰਨਾ ਇਸ ਲੇਖ ਦਾ ਮਕਸਦ ਹੈ।
ਗੁਰੂ ਨਾਨਕ ਦੇਵ ਰਾਗ ਤੁਖਾਰੀ ਵਿਚ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਮਨੁੱਖ ਦੇ ਆਪਣੇ ਪਹਿਲੇ ਕੀਤੇ ਕਰਮਾਂ ਅਨੁਸਾਰ ਅਕਾਲ ਪੁਰਖ ਜੀਵਨ ਦੇ ਜੋ ਸੁੱਖ ਅਤੇ ਦੁੱਖ ਉਸ ਨੂੰ ਸਹਿਣ ਕਰਨ ਲਈ ਦਿੰਦਾ ਹੈ ਉਹੀ ਠੀਕ ਹੈ। ਆਪਣੇ ਆਪ ਨੂੰ ਸੰਬੋਧਨ ਕਰਕੇ ਕਹਿੰਦੇ ਹਨ ਕਿ ਮੈਂ ਅਕਾਲ ਪੁਰਖ ਦੀ ਰਚੀ ਮਾਇਆ ਵਿਚ ਮਸਰੂਫ਼ ਹਾਂ ਅਰਥਾਤ ਜੀਵ ਜਿਹੜਾ ਪਰਮਾਤਮਾ ਦੇ ਰਚੇ ਸੰਸਾਰ ਦੀ ਲੁਭਾਇਮਾਨਤਾ ਵਿਚ ਵਿਅਸਤ ਹੈ, ਉਸ ਦਾ ਕੀ ਹਾਲ ਹੋਵੇਗਾ? ਉਸ ਪਰਮਾਤਮਾ ਦੀ ਯਾਦ ਨੂੰ ਭੁਲਾ ਕੇ, ਉਸ ਦੇ ਸਿਮਰਨ ਤੋਂ ਬਿਨਾ ਇੱਕ ਘੜੀ ਵੀ ਜਿਉਣਾ ਕਿਸ ਤਰ੍ਹਾਂ ਦਾ ਜੀਵਨ ਹੈ? ਉਸ ਅਕਾਲ ਪੁਰਖ ਨੂੰ ਪ੍ਰੀਤਮ ਪਿਆਰੇ ਦੇ ਰੂਪ ਵਿਚ ਤਸੱਵਰ ਕਰਦੇ ਹੋਏ ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ ਕਿ ਮੈਂ ਉਸ ਤੋਂ ਵਿਛੜ ਕੇ ਦੁਖੀ ਹਾਂ ਅਤੇ ਇਸ ਦੁੱਖ ਵਿਚੋਂ ਕੱਢਣ ਵਾਲਾ ਕੋਈ ਮਦਦਗਾਰ ਨਹੀਂ ਹੈ। ਉਸ ਅਕਾਲ ਪੁਰਖ ਦੀ ਮਿਹਰ ਲਈ ਅਰਦਾਸ ਕੀਤੀ ਹੈ ਕਿ ਗੁਰੂ ਦੇ ਆਸਰੇ, ਗੁਰੂ ਦੀ ਸ਼ਰਨ ਪੈ ਕੇ ਜੀਵ ਉਸ ਪਰਮਾਤਮਾ ਦਾ ਨਾਮ-ਜਲ ਪੀਂਦਾ ਰਹੇ ਜੋ ਕਿ ਆਤਮਕ ਜੀਵਨ ਦੇਣ ਵਾਲਾ ਹੈ। ਜੀਵ ਉਸ ਅਕਾਲ ਪੁਰਖ ਦੀ ਰਚੀ ਸੰਸਾਰ ਰੂਪੀ ਮਾਇਆ ਵਿਚ ਫਸੇ ਰਹਿੰਦੇ ਹਨ ਪਰ ਮਨੁੱਖ ਵਾਸਤੇ ਸਾਰੇ ਕੰਮਾਂ ਵਿਚੋਂ ਉਤਮ ਕਾਰਜ ਉਸ ਅਕਾਲ ਪੁਰਖ ਨੂੰ ਹਮੇਸ਼ਾ ਆਪਣੇ ਮਨ ਵਿਚ ਵਸਾਉਣਾ ਹੈ, ਇਹੀ ਉਸ ਦਾ ਅਸਲੀ ਜੀਵਨ ਮਨੋਰਥ ਹੈ,
ਤੂ ਸੁਣਿ ਕਿਰਤ ਕਰੰਮਾ
ਪੁਰਬਿ ਕਮਾਇਆ॥
ਸਿਰਿ ਸਿਰਿ ਸੁਖ ਸਹੰਮਾ
ਦੇਹਿ ਸੁ ਤੂ ਭਲਾ॥ (ਪੰਨਾ 1107)
ਗੁਰੂ ਨਾਨਕ ਪ੍ਰਭੂ-ਪ੍ਰੀਤਮ ਨਾਲ ਮਿਲਾਪ ਲਈ ਜੀਵ-ਇਸਤਰੀ ਦੀ ਸਿੱਕ ਅਤੇ ਮਿਲਾਪ ਦਾ ਜ਼ਿਕਰ ਕਰਦੇ ਹੋਏ ਦੱਸਦੇ ਹਨ ਕਿ ਜਿਸ ਤਰ੍ਹਾਂ ਪਪੀਹਾ ‘ਪ੍ਰਿਉ ਪ੍ਰਿਉ’ ਬੋਲਦਾ ਹੈ ਅਤੇ ਕੋਇਲ ‘ਕੂ ਕੂ’ ਦੀ ਮਿੱਠੀ ਬੋਲੀ ਬੋਲਦੀ ਹੈ, ਉਸੇ ਤਰ੍ਹਾਂ ਜਿਹੜੀ ਜੀਵ-ਇਸਤਰੀ ਵੈਰਾਗ ਵਿਚ ਆ ਕੇ ਪ੍ਰਭੂ-ਪ੍ਰੀਤਮ ਨੂੰ ਮਿੱਠੀ ਸੁਰ ਵਿਚ ਯਾਦ ਕਰਦੀ ਹੈ, ਉਹ ਇਸਤਰੀ ਹੀ ਪ੍ਰਭੂ-ਮਿਲਾਪ ਦੇ ਅਨੰਦ ਨੂੰ ਮਾਣਦੀ ਹੈ ਅਤੇ ਉਸ ਦੀ ਸੁਰਤਿ ਪ੍ਰਭੂ ਚਰਨਾਂ ਵਿਚ ਟਿਕੀ ਰਹਿੰਦੀ ਹੈ। ਇਹ ਮੇਲ ਅਤੇ ਸੁਰਤਿ ਦਾ ਟਿਕੇ ਰਹਿਣਾ ਅਕਾਲ ਪੁਰਖ ਦੀ ਮਿਹਰ ਸਦਕਾ ਹੁੰਦਾ ਹੈ। ਉਸ ਦੀ ਮਿਹਰ ਨਾਲ ਹੀ ਜੀਵ ਸੰਸਾਰਕ ਮੋਹ-ਮਾਇਆ ਤੋਂ ਉਤੇ ਉਠ ਕੇ ਉਸ ਪਰਮਾਤਮਾ ਦੇ ਮਿਲਾਪ ਦੇ ਉਚ-ਸਥਾਨ ਵਿਚ ਆਪਣੀ ਸੁਰਤਿ ਟਿਕਾਉਂਦਾ ਹੈ। ਪਰਮਾਤਮਾ ਜਿਸ ਜੀਵ ਦੇ ਮਨ-ਤਨ ਵਿਚ ਵੱਸ ਜਾਂਦਾ ਹੈ, ਉਹ ਉਸ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਦਾ ਹੈ, ਕਦੀ ਵੀ ਨਹੀਂ ਭੁਲਾਉਂਦਾ ਅਤੇ ਹਰ ਸਮੇਂ ਉਸ ਦੇ ਗੁਣ ਗਾਉਂਦਾ ਹੈ। ਉਸ ਦੀ ਸਿਫ਼ਤਿ-ਸਾਲਾਹ ਕਰਨ ਨਾਲ ਹੀ ਆਤਮਕ ਜੀਵਨ ਪਾਉਂਦਾ ਹੈ, ਆਤਮਕ-ਅਨੁਭਵ ਹੁੰਦਾ ਹੈ। ਫਿਰ ਹਰ ਤਰ੍ਹਾਂ ਦੀ ਸੰਸਾਰਕ ਮੇਰ-ਤੇਰ ਮੁੱਕ ਜਾਂਦੀ ਹੈ। ਪਰਮਾਤਮਾ ਦੀ ਯਾਦ ਹੀ ਮਨ ਦਾ ਧੀਰਜ ਬਣ ਜਾਂਦੀ ਹੈ। ਪਰਮਾਤਮਾ ਦਾ ਆਸਰਾ ਲੈਣ ਵਾਲੇ ਮਨੁੱਖ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ (ਕਿਉਂਕਿ ਉਸ ਅੰਦਰ ਸ਼ੁਭ ਗੁਣ ਵੱਸ ਜਾਂਦੇ ਹਨ)। ਉਸ ਦਾ ਹਿਰਦਾ ਵੀ ਵਿਸ਼ਾਲ ਹੋ ਜਾਂਦਾ ਹੈ ਅਤੇ ਉਹ ਆਤਮਕ ਅਨੰਦ ਮਾਣਦਾ ਹੈ। ਮਨੁੱਖ ਦੇ ਅੰਦਰ ਇਹ ਧੀਰਜ, ਇਹ ਸਹਿਜ ਗੁਰੂ ਦੇ ਸ਼ਬਦ ਰਾਹੀਂ ਆਉਂਦਾ ਹੈ, ਗੁਰੂ ਦੇ ਸ਼ਬਦ ਤੋਂ ਹੀ ਆਤਮਕ ਸੋਝੀ ਮਿਲਦੀ ਹੈ। ਜਦੋਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਰਾਹੀਂ ਸੁਰਤਿ ਅਡੋਲ ਅਵਸਥਾ ਵਿਚ ਟਿਕਦੀ ਹੈ ਤਾਂ ਹੀ ਜੀਵ ਦਾ ਪਰਮਾਤਮਾ ਨਾਲ ਮੇਲ ਹੁੰਦਾ ਹੈ ਅਤੇ ਪਰਮਾਤਮਾ ਨਾਲ ਪ੍ਰੇਮ ਪੈਦਾ ਹੋ ਜਾਂਦਾ ਹੈ। ਅਜਿਹੇ ਜੀਵ ਭਾਗਾਂ ਵਾਲੇ ਹੁੰਦੇ ਹਨ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਪ੍ਰੇਮ ਵਿਚ ਜੁੜਿਆ ਰਹਿੰਦਾ ਹੈ। ਗੁਰੂ ਨਾਨਕ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਪਰਮਾਤਮਾ ਦੇ ਪ੍ਰੇਮ ਦੀ ਵਰਖਾ ਹੁੰਦੀ ਰਹੇ। ਜਿਥੇ ਪਰਮਾਤਮਾ ਦਾ ਗੁਣ ਗਾਇਨ ਹੁੰਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੁੰਦੀ ਹੈ, ਉਥੇ ਪਰਮਾਤਮਾ ਆਪ ਆ ਕੇ ਵੱਸਦਾ ਹੈ (ਇਹ ਕੁਦਰਤੀ ਹੈ ਕਿਉਂਕਿ ਪਰਮਾਤਮਾ ਦੇ ਗੁਣ ਗਾਇਨ ਕਰਨ ਨਾਲ ਮਨ ਵਿਕਾਰਾਂ ਵੱਲੋਂ ਹਟਦਾ ਹੈ ਅਤੇ ਆਪਣੇ ਅੰਦਰ ਗੁਣ ਪੈਦਾ ਕਰਦਾ ਹੈ),
ਉਨਵਿ ਘਨ ਛਾਏ ਬਰਸੁ ਸੁਭਾਇ
ਮਨਿ ਤਨਿ ਪ੍ਰੇਮੁ ਸੁਖਾਏ॥
ਨਾਨਕ ਵਰਸੈ ਅੰਮ੍ਰਿਤ ਬਾਣੀ
ਕਰਿ ਕਿਰਪਾ ਘਰਿ ਆਵੈ॥4॥
(ਪੰਨਾ 1107)
ਗੁਰੂ ਅਰਜਨ ਦੇਵ ਵੀ ਰਾਗ ਮਾਝ ਵਿਚ ਮਹੀਨੇ ਅਤੇ ਰੁੱਤਾਂ ਦਾ ਜ਼ਿਕਰ ਕਰਨ ਤੋਂ ਪਹਿਲਾਂ ਇਸੇ ਖਿਆਲ ਦੀ ਤਰਜ਼ਮਾਨੀ ਕਰਦੇ ਹੋਏ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਅਸੀਂ ਜੀਵ ਆਪਣੇ ਕੀਤੇ ਕਰਮਾਂ ਦੀ ਕਮਾਈ ਅਨੁਸਾਰ (ਭਾਵ ਪਿਛਲੇ ਕੀਤੇ ਕਰਮਾਂ ਅਨੁਸਾਰ) ਉਸ ਅਕਾਲ ਪੁਰਖ ਕੋਲੋਂ ਵਿਛੜੇ ਹੋਏ ਹਾਂ ਭਾਵ ਉਸ ਨੂੰ ਮਨ ਵਿਚੋਂ ਵਿਸਾਰ ਦਿੱਤਾ ਹੋਇਆ ਹੈ, ਉਸ ਨੂੰ ਯਾਦ ਨਹੀਂ ਕਰਦੇ। ਉਸ ਦੀ ਮਿਹਰ ਲਈ ਅਰਦਾਸ ਕੀਤੀ ਹੈ ਕਿ ਅਕਾਲ ਪੁਰਖ ਮਿਹਰ ਕਰੇ ਤਾਂ ਕਿ ਅਸੀਂ ਜੀਵ ਉਸ ਦਾ ਸਿਮਰਨ ਕਰੀਏ, ਉਸ ਦੀ ਯਾਦ ਵਿਚ ਜੁੜੀਏ, ਉਸ ਨਾਲ ਜੀਵ ਦਾ ਮਿਲਾਪ ਹੋਵੇ। ਮਾਇਆ ਕਾਰਨ ਮਨੁੱਖ ਆਪਣੇ ਸੁੱਖਾਂ ਦੀ ਖ਼ਾਤਰ ਆਸ-ਪਾਸ ਭਟਕਦਾ ਫਿਰਦਾ ਹੈ। ਜਦੋਂ ਇਸ ਭਟਕਣ ਤੋਂ ਥੱਕ ਜਾਂਦਾ ਹੈ, ਫਿਰ ਅਕਾਲ ਪੁਰਖ ਦਾ ਓਟ-ਆਸਰਾ ਤੱਕਦਾ ਹੈ, ਉਸ ਦੀ ਸ਼ਰਨ ਵਿਚ ਆਉਂਦਾ ਹੈ। ਗੁਰੂ ਸਾਹਿਬ ਉਦਾਹਰਣ ਰਾਹੀਂ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਦੁੱਧ ਤੋਂ ਸੱਖਣੀ ਗਾਂ ਕਿਸੇ ਕੰਮ ਨਹੀਂ ਆਉਂਦੀ ਅਤੇ ਪਾਣੀ ਬਿਨਾ ਖੇਤੀ ਸੁੱਕ ਜਾਂਦੀ ਹੈ ਅਰਥਾਤ ਪਾਣੀ ਤੋਂ ਬਗੈਰ ਫਸਲ ਨਹੀਂ ਹੁੰਦੀ ਅਤੇ ਫ਼ਸਲ ਦੇ ਨਾ ਹੋਣ ਕਰਕੇ ਉਸ ਤੋਂ ਧਨ ਨਹੀਂ ਕਮਾਇਆ ਜਾ ਸਕਦਾ, ਇਸੇ ਤਰ੍ਹਾਂ ਆਪਣੇ ਮਾਲਕ ਪਰਮਾਤਮਾ ਨਾਲ ਮੇਲ ਤੋਂ ਬਿਨਾ ਹੋਰ ਕਿਸੇ ਥਾਂ ਸੁਖ ਪ੍ਰਾਪਤ ਨਹੀਂ ਹੁੰਦਾ।
ਗੁਰਬਾਣੀ ਵਿਚ ਪਰਮਾਤਮਾ ਨੂੰ ਪਤੀ ਅਤੇ ਜੀਵ ਨੂੰ ਇਸਤਰੀ ਦੇ ਰੂਪ ਵਿਚ ਬਿਆਨਦੇ ਹੋਏ ਦੱਸਿਆ ਗਿਆ ਹੈ ਕਿ ਜਿਸ ਹਿਰਦੇ-ਘਰ ਵਿਚ ਪਤੀ-ਪਰਮਾਤਮਾ ਆ ਕੇ ਨਾ ਵੱਸੇ, ਉਸ ਲਈ ਤਾਂ ਪਿੰਡ ਅਤੇ ਸ਼ਹਿਰ ਤਪਦੀ ਭੱਠੀ ਦੇ ਸਮਾਨ ਹੁੰਦੇ ਹਨ। ਜਿਸ ਤਰ੍ਹਾਂ ਇੱਕ ਇਸਤਰੀ ਲਈ ਉਸ ਦੇ ਪਤੀ ਤੋਂ ਬਗੈਰ ਹਰ ਤਰ੍ਹਾਂ ਦੇ ਹਾਰ-ਸ਼ਿੰਗਾਰ ਅਤੇ ਆਪਣਾ-ਆਪ ਵਿਅਰਥ ਲਗਦਾ ਹੈ, ਉਸੇ ਤਰ੍ਹਾਂ ਉਸ ਪਰਵਰਦਗਾਰ, ਮਾਲਕ-ਪਰਮਾਤਮਾ ਦੀ ਯਾਦ ਤੋਂ ਬਿਨਾ ਜੀਵ-ਇਸਤਰੀ ਨੂੰ ਸੱਜਣ-ਮਿੱਤਰ ਆਪਣੀ ਜਿੰਦ ਦੇ ਵੈਰੀ ਲੱਗਦੇ ਹਨ। ਗੁਰੂ ਸਾਹਿਬ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਨ ਕਿ ਹੇ ਅਕਾਲ ਪੁਰਖ ਮਿਹਰ ਕਰ ਅਤੇ ਆਪਣੇ ਨਾਮ ਦੀ ਦਾਤ ਦੀ ਬਖ਼ਸ਼ਿਸ਼ ਕਰ, ਆਪਣੇ ਚਰਨਾਂ ਨਾਲ ਜੋੜੀ ਰੱਖ। ਉਹ ਅਕਾਲ ਪੁਰਖ ਹੀ ਸਦੀਵੀ ਹੈ, ਉਸ ਦਾ ਸਥਾਨ ਸਦਾ ਕਾਇਮ ਰਹਿਣ ਵਾਲਾ ਹੈ,
ਕਿਰਤਿ ਕਰਮ ਕੇ ਵੀਛੁੜੇ
ਕਰਿ ਕਿਰਪਾ ਮੇਲਹੁ ਰਾਮ॥
ਚਾਰਿ ਕੁੰਟ ਦਹਦਿਸ ਭ੍ਰਮੇ
ਥਕਿ ਆਏ ਪ੍ਰਭ ਕੀ ਸਾਮ॥ (ਪੰਨਾ 133)
ਦੇਸੀ ਸਾਲ ਚੇਤ੍ਰ ਮਹੀਨੇ ਤੋਂ ਸ਼ੁਰੂ ਹੁੰਦਾ ਹੈ। ਸਾਲ ਦੇ ਇਸ ਪਹਿਲੇ ਮਹੀਨੇ ਦਾ ਜ਼ਿਕਰ ਕਰਦੇ ਹੋਏ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਚੇਤ ਦਾ ਮਹੀਨਾ ਚੰਗਾ ਲਗਦਾ ਹੈ, ਮਨ ਨੂੰ ਸੁਹਣਾ ਲਗਦਾ ਹੈ ਕਿਉਂਕਿ ਇਸ ਮਹੀਨੇ ਜੰਗਲ, ਫੁੱਲ, ਬੂਟੇ ਮੌਲਦੇ ਹਨ, ਖਿੜਦੇ ਹਨ, ਇਹ ਬਸੰਤ ਰੁੱਤ ਹੈ, ਬਹਾਰ ਦਾ ਮੌਸਮ ਹੈ, ਫੁੱਲਾਂ ਉਤੇ ਭੰਵਰੇ ਸੁਹਣੇ ਲਗਦੇ ਹਨ। ਇਨ੍ਹਾਂ ਖਿੜੇ ਹੋਏ ਫੁੱਲਾਂ ਦੀ ਤਰ੍ਹਾਂ ਹੀ ਜੀਵ-ਆਤਮਾ ਦਾ ਹਿਰਦੇ-ਰੂਪ ਫੁੱਲ ਵੀ ਖਿੜ ਪਵੇ ਜੇ ਅਕਾਲ ਪੁਰਖ ਉਸ ਵਿਚ ਆ ਕੇ ਨਿਵਾਸ ਕਰ ਲਵੇ। ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ-ਪ੍ਰੀਤਮ ਆ ਕੇ ਨਹੀਂ ਵੱਸਦਾ ਉਹ ਮਨੁੱਖ ਸੁਖ-ਅਨੰਦ ਪ੍ਰਾਪਤ ਨਹੀਂ ਕਰਦਾ ਕਿਉਂਕਿ ਉਸ ਦਾ ਤਨ ਅਤੇ ਮਨ ਦੋਵੇਂ ਹੀ ਵਿਛੋੜੇ ਦੇ ਕਾਰਨ ਅਤੇ ਵਿਕਾਰਾਂ ਦੇ ਕਾਰਨ ਕਮਜ਼ੋਰ ਹੋ ਜਾਂਦੇ ਹਨ।
ਚੇਤ ਦੇ ਮਹੀਨੇ ਕੋਇਲ ਵੀ ਅੰਬ ਦੇ ਬੂਟੇ ‘ਤੇ ਬੋਲਣਾ ਸ਼ੁਰੂ ਕਰ ਦਿੰਦੀ ਹੈ ਜਿਸ ਦੀ ਆਵਾਜ਼ ਆਮ ਕੰਨਾਂ ਨੂੰ ਮਿੱਠੀ ਲਗਦੀ ਹੈ ਪਰ ਜਿਹੜੀ ਇਸਤਰੀ ਆਪਣੇ ਪ੍ਰੀਤਮ ਤੋਂ ਵਿਛੜੀ ਹੁੰਦੀ ਹੈ, ਉਸ ਦੇ ਕੰਨਾਂ ਨੂੰ ਇਹ ਆਵਾਜ਼ ਚੰਗੀ ਨਹੀਂ ਲਗਦੀ, ਸਗੋਂ ਚੁਭਦੀ ਹੈ, ਦੁਖਦਾਈ ਲਗਦੀ ਹੈ। ਵਿਛੋੜੇ ਦਾ ਦੁੱਖ ਉਸ ਦੇ ਮਨ ਲਈ ਸਹਿਣਾ ਔਖਾ ਹੋ ਜਾਂਦਾ ਹੈ। ਸਾਡੇ ਸਭਿਆਚਾਰ ਵਿਚ ਆਮ ਤੌਰ ‘ਤੇ ਕਿਸੇ ਦੁਖੀ ਇਸਤਰੀ ਨੇ ਜਦੋਂ ਆਪਣੇ ਮਨ ਦੀ ਵੇਦਨਾ ਕਹਿਣੀ ਹੁੰਦੀ ਹੈ ਤਾਂ ਉਹ ਸਦਾ ਹੀ ਆਪਣੀ ਮਾਂ ਨੂੰ ਸੰਬੋਧਿਤ ਹੁੰਦੀ ਹੈ। ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿਚ ਜਿਥੇ ਵੀ ਪ੍ਰਭੂ-ਪ੍ਰੀਤਮ ਤੋਂ ਵਿਛੋੜੇ ਦੀ ਗੱਲ ਕਰਦਿਆਂ ਮਨੁੱਖੀ-ਮਨ ਦੀ ਵੇਦਨਾ ਦੀ ਗੱਲ ਕੀਤੀ ਹੈ, ਉਥੇ ਮਾਏ! ਸ਼ਬਦ ਨਾਲ ਹੀ ਸੰਬੋਧਨ ਕੀਤਾ ਹੈ। ਇਥੇ ਵੀ ਉਹ ਪ੍ਰਭੂ-ਪ੍ਰੀਤਮ ਤੋਂ ਵਿਛੜੇ ਮਨ ਦੀ ਵੇਦਨਾ ਦੀ ਗੱਲ ਕਰਦੇ ਕਹਿੰਦੇ ਹਨ ਕਿ ਜਦੋਂ ਮਨ ਅੰਦਰਲੇ ਹਿਰਦੇ-ਕਮਲ ਨੂੰ ਛੱਡ ਕੇ ਬਾਹਰਲੀ ਦੁਨੀਆਂ ਦੇ ਰੰਗ ਤਮਾਸ਼ਿਆਂ ਰੂਪੀ ਫੁੱਲਾਂ ਤੇ ਡਾਲੀਆਂ ‘ਤੇ ਭਟਕਦਾ ਫਿਰਦਾ ਹੈ, ਉਦੋਂ ਇਹ ਆਤਮਕ-ਜੀਵਨ ਨਹੀਂ ਹੁੰਦਾ ਸਗੋਂ ਆਤਮਕ ਮੌਤ ਹੁੰਦੀ ਹੈ। ਚੇਤ ਮਹੀਨੇ ਵਿਚ ਅਰਥਾਤ ਬਹਾਰ ਦੇ, ਬਸੰਤ ਦੇ ਮੌਸਮ ਵਿਚ ਜੇ ਜੀਵ ਇਸਤਰੀ ਆਪਣੇ ਹਿਰਦੇ ਵਿਚ ਪ੍ਰਭੂ-ਪ੍ਰੀਤਮ ਨੂੰ ਲੱਭ ਲਵੇ ਫਿਰ ਉਹ ਮਨ ਦੀ ਸਹਿਜ ਅਵਸਥਾ ਵਿਚ ਆਤਮਕ ਅਨੰਦ ਦਾ ਅਨੁਭਵ ਕਰਦੀ ਹੈ, ਆਤਮਕ ਅਨੰਦ ਮਾਣਦੀ ਹੈ,
ਚੇਤੁ ਬਸੰਤੁ ਭਲਾ ਭਵਰ ਸੁਹਾਵੜੇ॥
ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ॥
ਪਿਰੁ ਘਰਿ ਨਹੀ ਆਵੈ
ਧਨ ਕਿਉ ਸੁਖੁ ਪਾਵੈ
ਬਿਰਹਿ ਬਿਰੋਧ ਤਨੁ ਛੀਝੈ॥
ਕੋਕਿਲ ਅੰਬਿ ਸੁਹਾਵੀ ਬੋਲੈ
ਕਿਉ ਦੁਖੁ ਅੰਕਿ ਸਹੀਜੈ॥
ਭਵਰੁ ਭਵੰਤਾ ਫੂਲੀ ਡਾਲੀ
ਕਿਉ ਜੀਵਾ ਮਰੁ ਮਾਏ॥
ਨਾਨਕ ਚੇਤਿ ਸਹਜਿ ਸੁਖੁ ਪਾਵੈ
ਜੇ ਹਰਿ ਵਰੂ ਘਰਿ ਧਨ ਪਾਏ॥5॥
(ਪੰਨਾ 1108)
ਪੰਜਵੀਂ ਨਾਨਕ ਜੋਤਿ ਰਾਗੁ ਮਾਝ ਵਿਚ ਇਸੇ ਖਿਆਲ ਨੂੰ ਪ੍ਰਗਟ ਕਰਦੇ ਹੋਏ ਫਰਮਾਉਂਦੇ ਹਨ ਕਿ ਚੇਤ ਦੇ ਮਹੀਨੇ ਜੇ ਉਸ ਅਕਾਲ ਪੁਰਖ ਦਾ ਸਿਮਰਨ ਕਰੀਏ ਤਾਂ ਮਨ ਖਿੜਾਉ ਵਿਚ ਆਉਂਦਾ ਹੈ, ਅਨੰਦਿਤ ਹੁੰਦਾ ਹੈ (ਚੇਤ ਦਾ ਮਹੀਨਾ ਬਹਾਰ ਦਾ ਮਹੀਨਾ ਹੈ, ਬਸੰਤ ਰੁੱਤ ਹੈ, ਹਰ ਪਾਸੇ ਬਨਸਪਤੀ ਖਿੜੀ ਹੈ, ਕੁਦਰਤਿ ਆਪਣੇ ਪੂਰੇ ਜੋਬਨ ‘ਤੇ ਹੁੰਦੀ ਹੈ ਅਤੇ ਮਨ ਦਾ ਖੇੜੇ ਵਿਚ ਆਉਣਾ ਕੁਦਰਤੀ ਹੈ)। ਪਰ ਰਸਨਾ ਭਾਵ ਜੀਭ ਨੂੰ ਨਾਮ ਜਪਣ ਦੀ ਦਾਤ ਸੰਤ ਜਨਾਂ ਦੀ ਸੰਗਤਿ ਵਿਚ ਮਿਲਦੀ ਹੈ। ਉਸ ਮਨੁੱਖ ਦਾ ਇਸ ਸੰਸਾਰ ‘ਤੇ ਆਉਣਾ ਸਫਲ ਹੁੰਦਾ ਹੈ ਜਿਸ ਨੇ ਉਸ ਅਕਾਲ ਪੁਰਖ ਨਾਲ ਮੇਲ ਪ੍ਰਾਪਤ ਕਰ ਲਿਆ ਹੈ। ਪਰਮਾਤਮਾ ਦੇ ਸਿਮਰਨ ਤੋਂ ਵਿਹੂਣਾ ਇੱਕ ਇੱਕ ਪਲ ਗੁਜ਼ਾਰਨਾ ਭੀ ਜੀਵਨ ਨੂੰ ਵਿਅਰਥ ਗੁਆਉਣਾ ਹੈ। ਉਹ ਅਕਾਲ ਪੁਰਖ ਜਿਹੜਾ ਹਰ ਥਾਂ ਜਲ, ਧਰਤੀ, ਆਕਾਸ਼, ਜੰਗਲਾਂ ਵਿਚ ਵਸ ਰਿਹਾ ਹੈ, ਵਿਆਪਕ ਹੈ, ਸਮਾਇਆ ਹੋਇਆ ਹੈ ਜੇ ਕਿਸੇ ਮਨੁੱਖ ਦੇ ਮਨ ਵਿਚ ਨਾ ਵੱਸੇ ਤਾਂ ਉਸ ਮਨੁੱਖ ਦਾ ਮਾਨਸਿਕ ਦੁੱਖ ਬਿਆਨ ਨਹੀਂ ਹੋ ਸਕਦਾ, ਉਸ ਮਨ ਦੀ ਵੇਦਨਾ ਦੱਸੀ ਨਹੀਂ ਜਾ ਸਕਦੀ। ਜਿਨ੍ਹਾਂ ਨੇ ਉਸ ਨੂੰ ਆਪਣੇ ਅੰਦਰ ਵਸਾਇਆ ਹੈ, ਆਪਣੇ ਅੰਦਰ ਉਸ ਦੀ ਹੋਂਦ ਨੂੰ ਅਨੁਭਵ ਕਰ ਲਿਆ ਹੈ, ਉਨ੍ਹਾਂ ਦੀ ਕਿਸਮਤ ਜਾਗ ਪਈ ਹੈ, ਅਜਿਹੇ ਜੀਵ ਭਾਗਾਂ ਵਾਲੇ ਹਨ। ਗੁਰੂ ਸਾਹਿਬ ਅੱਗੇ ਦੱਸਦੇ ਹਨ ਕਿ ਉਨ੍ਹਾਂ ਦਾ ਮਨ ਵੀ ਅਕਾਲ ਪੁਰਖ ਦੇ ਦਰਸ਼ਨ ਕਰਨ ਦੀ ਸਿੱਕ ਰੱਖਦਾ ਹੈ, ਉਨ੍ਹਾਂ ਦੇ ਮਨ ਵਿਚ ਦਰਸ਼ਨ ਕਰਨ ਦੀ, ਆਪਣੇ ਪ੍ਰੀਤਮ ਨੂੰ ਮਿਲਣ ਦੀ ਤਾਂਘ ਹੈ ਅਤੇ ਜਿਹੜਾ ਮਨੁੱਖ ਮੇਰਾ ਉਸ ਨਾਲ ਮਿਲਾਪ ਕਰਾ ਦੇਵੇ ਮੈਂ ਉਸ ਦੇ ਚਰਨੀਂ ਲੱਗ ਜਾਵਾਂਗਾ,
ਚੇਤਿ ਗੋਵਿੰਦੁ ਅਰਾਧੀਐ
ਹੋਵੈ ਅਨੰਦੁ ਘਣਾ॥
ਸੰਤ ਜਨਾ ਮਿਲਿ ਪਾਈਐ
ਰਸਨਾ ਨਾਮੁ ਭਣਾ॥
ਜਿਨਿ ਪਾਇਆ ਪ੍ਰਭੁ ਆਪਣਾ
ਆਏ ਤਿਸਹਿ ਗਣਾ॥
ਇਕੁ ਖਿਨੁ ਤਿਸੁ ਬਿਨੁ ਜੀਵਣਾ
ਬਿਰਥਾ ਜਨਮੁ ਜਣਾ॥
ਜਲਿ ਥਲਿ ਮਹੀਅਲਿ ਪੂਰਿਆ
ਰਵਿਆ ਵਿਚ ਵਣਾ॥
ਸੋ ਪ੍ਰਭੁ ਚਿਤਿ ਨ ਆਵਈ
ਕਿਤੜਾ ਦੁਖੁ ਗਣਾ॥
ਜਿਨੀ ਰਾਵਿਆ ਸੋ ਪ੍ਰਭੂ
ਤਿੰਨਾ ਭਾਗੁ ਮਣਾ॥
ਹਰਿ ਦਰਸਨੁ ਕਉ ਮਨੁ ਲੋਚਦਾ
ਨਾਨਕ ਪਿਆਸ ਮਨਾ॥
ਚੇਤਿ ਮਿਲਾਏ ਸੋ ਪ੍ਰਭੂ
ਤਿਸ ਕੈ ਪਾਇ ਲਗਾ॥ (ਪੰਨਾ 133)
(ਚਲਦਾ)
Leave a Reply