ਅਸਾਲਟ ਹਥਿਆਰਾਂ ਖਿਲਾਫ ਵਾਸ਼ਿੰਗਟਨ ਵਿਚ ਮਾਰਚ

ਵਾਸ਼ਿੰਗਟਨ ਡੀ ਸੀ (ਬਿਊਰੋ): ਗੰਨ ਕੰਟਰੋਲ ਦੀ ਮੰਗ ਨੂੰ ਲੈ ਕੇ ਹਜ਼ਾਰਾਂ ਲੋਕਾਂ ਨੇ ਦੇਸ਼ ਦੀ ਰਾਜਧਾਨੀ ਵਿਚ ਵਾਸ਼ਿੰਗਟਨ ਸਮਾਰਕ ਤੱਕ ਮਾਰਚ ਕੀਤਾ। ਲੋਕਾਂ ਨੇ ਹੱਥਾਂ ਵਿਚ ‘ਅਸਾਲਟ ਹਥਿਆਰਾਂ ਉਤੇ ਪਾਬੰਦੀ ਲਾਉ’ ਵਾਲੀਆਂ ਤਖਤੀਆਂ ਫੜੀਆਂ ਹੋਈਆਂ ਸਨ। ਵਾਸ਼ਿੰਗਟਨ ਦੇ ਮੇਅਰ ਵਿੰਸੈਂਟ ਗਰੇਅ ਅਤੇ ਸ਼ਹਿਰ ਦੇ ਹੋਰ ਮੋਹਤਬਰਾਂ ਨੇ ਇਸ ਮਾਰਚ ਦੀ ਅਗਵਾਈ ਕੀਤੀ। ਇਸ ਮਾਰਚ ਨੇ ਦਸੰਬਰ 2012 ਵਿਚ ਨਿਊ ਟਾਊਨ (ਕੁਨੈਕਟੀਕਟ) ਦੇ ਸੈਂਡੀ ਹੁੱਕ ਸਕੂਲ ਵਿਖੇ ਵਾਪਰੇ ਹੌਲਨਾਕ ਕਾਂਡ ਦੀ ਯਾਦ ਤਾਜ਼ਾ ਕਰਵਾ ਦਿੱਤੀ ਜਿਸ ਵਿਚ ਇਕ ਸਿਰਫਿਰੇ ਨੇ ਹੱਥ ਵਿਚ ਅਸਾਲਟ ਫੜ ਕੇ 20 ਮਾਸੂਮ ਬੱਚਿਆਂ ਅਤੇ 6 ਅਧਿਆਪਕਾਂ ਨੂੰ ਕੋਹ ਸੁੱਟਿਆ ਸੀ। ਮਾਰਚ  ਕਰਨ ਵਾਲਿਆਂ ਨੇ ਇਨ੍ਹਾਂ ਬੱਚਿਆਂ ਦੀ ਯਾਦ ਵਿਚ ‘ਅਸੀਂ ਹੀ ਸੈਂਡੀ ਹੁੱਕ ਹਾਂ’ ਦੇ ਮਾਟੋ ਚੁੱਕੇ ਹੋਏ ਸਨ। ਇਸ ਤੋਂ ਇਲਾਵਾ ਲੋਕਾਂ ਨੇ ‘ਗੰਨ ਕੰਟਰੋਲ ਨਾਉ’, ‘ਸਟੌਪ ਐਨæਆਰæਏæ’ ਅਤੇ ਹੋਰ ਬੋਰਡ ਵੀ ਫੜੇ ਹੋਏ ਸਨ। ਕੁਝ ਬੋਰਡਾਂ ਉਤੇ ਅਜਿਹੇ ਹਮਲਿਆਂ ਵਿਚ ਮਾਰੇ ਗਏ ਲੋਕਾਂ ਦੇ ਨਾਂ ਲਿਖੇ ਹੋਏ ਸਨ। ਮਾਰਚ ਵਿਚ ਹਿੱਸਾ ਲੈਣ ਲਈ ਨਿਊ ਟਾਊਨ ਤੋਂ ਵੀ ਕਾਫੀ ਲੋਕ ਆਏ ਹੋਏ ਸਨ।
ਮਾਰਚ ਵਿਚ ਹਿੱਸਾ ਲੈ ਰਹੀ ਇਕ ਔਰਤ ਕਾਰਾ ਬਾਕੇ ਨੇ ਦੱਸਿਆ ਕਿ ਜਦੋਂ ਉਸ ਨੂੰ ਨਿਊ ਟਾਊਨ ਘਟਨਾ ਬਾਰੇ ਖਬਰ ਮਿਲੀ ਤਾਂ ਸਭ ਤੋਂ ਪਹਿਲਾਂ ਉਸ ਨੂੰ ਆਪਣੇ ਦੋ ਬੱਚਿਆਂ ਦੀ ਫਿਕਰ ਹੋਈ। ਉਦੋਂ ਹੀ ਉਸ ਨੇ ਫੈਸਲਾ ਕਰ ਲਿਆ ਸੀ ਕਿ ਉਹ ਇਸ ਮਾਮਲੇ ਵਿਚ ਆਪਣੇ ਵਿਤ ਮੁਤਾਬਕ ਕੁਝ ਨਾ ਕੁਝ ਜ਼ਰੂਰ ਕਰੇਗੀ। ਇਸੇ ਲਈ ਹੁਣ ਉਹ ਉਚੇਚੇ ਤੌਰ ‘ਤੇ ਇਸ ਮਾਰਚ ਵਿਚ ਹਿੱਸਾ ਲੈਣ ਆਈ ਸੀ। ਬੇਮੁਹਾਰੇ ਘਾਤਕ ਹਥਿਆਰ ਹੁਣ ਤੱਕ ਬਹੁਤ ਲੋਕਾਂ ਦੀਆਂ ਜਾਨਾਂ ਲੈ ਚੁਕੇ ਹਨ ਅਤੇ ਹੁਣ ਇਨ੍ਹਾਂ ਉਤੇ ਪਾਬੰਦੀ ਲਾਉਣੀ ਲਾਜ਼ਮੀ ਹੈ। ਉਸ ਨੇ ਅੱਖਾਂ ਪੂੰਝਦਿਆਂ ਕਿਹਾ, “ਮੈਂ ਚਾਹੁੰਦੀ ਹਾਂ ਕਿ ਕਿਸੇ ਵੀ ਸਕੂਲ ਵਿਚ ਅਜਿਹਾ ਮੁੜ ਨਾ ਵਾਪਰੇ। ਅਜਿਹੇ ਕਾਂਡ ਮੁੜ ਬਿਲਕੁਲ ਨਹੀਂ ਵਾਪਰਨੇ ਚਾਹੀਦੇ।”
ਸਮਾਰਕ ‘ਤੇ ਪੁੱਜ ਕੇ ਬੁਲਾਰਿਆਂ ਨੇ ਮਿਲਟਰੀ-ਸਟਾਈਲ ਅਸਾਲਟ ਹਥਿਆਰਾਂ ਅਤੇ ਅਸਲੇ ਉਤੇ ਤੁਰੰਤ ਪਾਬੰਦੀ ਦੀ ਮੰਗ ਕੀਤੀ। ਇਸ ਮੌਕੇ ਸਿੱਖਿਆ ਮੰਤਰੀ ਅਰਨੀ ਡੰਕਨ ਨੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੀਮਤੀ ਜਿੰਦੜੀਆਂ ਦੀ ਸੁਰੱਖਿਆ ਲਈ ਹਰ ਹੀਲਾ ਕੀਤਾ ਜਾਵੇਗਾ। ਉਹ ਅਤੇ ਰਾਸ਼ਟਰਪਤੀ ਬਰਾਕ ਓਬਾਮਾ ਗੰਨ ਕੰਟਰੋਲ ਨੀਤੀਆਂ ਲਾਗੂ ਕਰਨ ਲਈ ਹਰ ਸੰਭਵ ਕਾਰਵਾਈ ਕਰਨਗੇ। ਉਨ੍ਹਾਂ ਕਿਹਾ, “ਹੁਣ ਅਜਿਹਾ ਮਾਹੌਲ ਬਣਾਉਣ ਦੀ ਲੋੜ ਹੈ ਜਿਸ ਵਿਚ ਸਾਡੇ ਬੱਚੇ ਪੁਰੀ ਸੁਰੱਖਿਆ ਨਾਲ ਰਹਿ ਸਕਣ।” ਕਾਂਗਰਸ ਵਿਚ ਡੀæਸੀæ ਤੋਂ ਨੌਨ-ਵੋਟਿੰਗ ਨੁਮਾਇੰਦੇ ਏਲੀਨਰ ਹੋਮਜ਼ ਨੌਰਟਨ ਨੇ ਕਿਹਾ, “ਗੰਨ ਲੌਬੀ ਨੂੰ ਹੁਣ ਡੱਕਣਾ ਪਵੇਗਾ।”
ਇਹ ਮਾਰਚ ਵਾਸ਼ਿੰਗਟਨ ਦੀ ‘ਐਰੀਨਾ ਸਟੇਜ’ ਦੇ ਆਰਟ ਡਾਇਰੈਕਟਰ ਮੌਲੀ ਸਮਿਥ ਅਤੇ ਉਨ੍ਹਾਂ ਦੀ ਸਾਥਣ ਨੇ ਜਥੇਬੰਦ ਕੀਤਾ। ਉਨ੍ਹਾਂ ਨੇ ਸਭ ਤੋਂ ਪਹਿਲਾਂ ਇਸ ਸਬੰਧੀ ਫੇਸਬੁੱਕ ‘ਤੇ ਸਰਗਰਮੀ ਅਰੰਭੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਔਨਲਾਈਨ ਰਾਹੀਂ ਹੀ ਇਸ ਪ੍ਰਬੰਧ ਲਈ 50 ਹਜ਼ਾਰ ਡਾਲਰ ਜੁਟਾ ਲਏ। ਮਾਰਚ ਵਿਚ ਵਰਜੀਨੀਆ ਗੋਲੀਕਾਂਡ ਵਿਚ ਬਚੇ ਕੋਲਿਨ ਗੱਡਾਰਡ ਅਤੇ ਚਿਲਡਰਨ’ਜ਼ ਡਿਫੈਂਸ ਫੰਡ ਵੱਲੋਂ ਮੇਰੀਅਨ ਰਾਈਟ ਐਡਲਮੈਨ ਨੇ ਸ਼ਿਰਕਤ ਕੀਤੀ। ਮਾਰਚ ਵਿਚ ਹਿੱਸਾ ਲੈਣ ਲਈ ਲੋਕ ਨਿਊ ਯਾਰਕ, ਪੈਨਸਿਲਵੇਨੀਆ, ਮੈਰੀਲੈਂਡ, ਟੈਕਸਸ ਅਤੇ ਹੋਰ ਕਈ ਸਟੇਟਾਂ ਤੋਂ ਵੀ ਪਹੁੰਚੇ ਹੋਏ ਸਨ।

Be the first to comment

Leave a Reply

Your email address will not be published.