ਜਸਬੀਰ ਸ਼ੇਰਗਿੱਲ ਬਣੇ ਐਨ ਆਰ ਆਈ ਸਭਾ ਦੇ ਪ੍ਰਧਾਨ

ਜਲੰਧਰ: ਐਨਆਰਆਈ ਸਭਾ ਪੰਜਾਬ ਦੀ ਚੋਣ ਵਿਚ ਜਸਬੀਰ ਸਿੰਘ ਸ਼ੇਰਗਿੱਲ ਬਾਜ਼ੀ ਮਾਰ ਗਏ। ਕੁੱਲ ਪੋਲਿੰਗ ਹੋਈਆਂ 1624 ਵੋਟਾਂ ਵਿਚੋਂ ਜਸਬੀਰ ਸਿੰਘ ਸ਼ੇਰਗਿੱਲ ਨੂੰ 657, ਕਮਲਜੀਤ ਸਿੰਘ ਹੇਅਰ ਨੂੰ 460 ਤੇ ਪ੍ਰੀਤਮ ਸਿੰਘ ਨਾਰੰਗਪੁਰ ਨੂੰ 452 ਵੋਟਾਂ ਮਿਲੀਆਂ। ਸ਼ ਸ਼ੇਰਗਿੱਲ ਨੇ ਦੋ ਵਾਰ ਪ੍ਰਧਾਨ ਰਹੇ ਸ਼ ਹੇਅਰ ਨੂੰ 197 ਵੋਟਾਂ ਦੇ ਫਰਕ ਨਾਲ ਹਰਾਇਆ ਜਦਕਿ 55 ਵੋਟਾਂ ਰੱਦ ਹੋ ਗਈਆਂ। ਪ੍ਰਧਾਨਗੀ ਦੀ ਚੋਣ ਲਈ ਦੁਬਈ ਤੋਂ ਬਣੇ ਸਭਾ ਦੇ ਮੈਂਬਰਾਂ ਨੇ ਅਹਿਮ ਭੂਮਿਕਾ ਨਿਭਾਈ। ਦੁਬਈ ਤੋਂ ਸਭਾ ਦੇ ਜ਼ਿਆਦਾਤਰ ਮੈਂਬਰ ਸ਼ ਸ਼ੇਰਗਿੱਲ ਦੇ ਹੱਕ ਵਿਚ ਭੁਗਤੇ। ਇੰਗਲੈਂਡ ਦੇ ਕੁਝ ਮੈਂਬਰਾਂ ਨੇ ਦੁਬਈ ਤੋਂ ਸਭਾ ਦੇ ਬਣੇ ਮੈਂਬਰਾਂ ਬਾਰੇ ਇਤਰਾਜ਼ ਕੀਤਾ ਜਿਸ ਨੂੰ ਚੋਣ ਅਧਿਕਾਰੀਆਂ ਨੇ ਖਾਰਜ ਕਰ ਦਿੱਤਾ। ਦੁਬਈ ਦੇ ਐਨਆਰਆਈਜ਼ ਦੀਆਂ ਵੋਟਾਂ ਬਣਵਾਉਣ ਲਈ ਸ਼ ਸ਼ੇਰਗਿੱਲ ਪਿਛਲੇ ਕਈ ਮਹੀਨਿਆਂ ਤੋਂ ਜੁਟੇ ਹੋਏ ਸਨ।
ਪਿਛਲੀ ਵਾਰ ਵੀ ਇਹ ਤਿੰਨੇ ਉਮੀਦਵਾਰ ਚੋਣ ਮੈਦਾਨ ਵਿਚ ਸਨ ਤੇ ਕੁਲ ਵੋਟਾਂ 2435 ਪਈਆਂ ਸਨ ਪਰ ਇਸ ਵਾਰ 1624 ਵੋਟਾਂ ਹੀ ਪਈਆਂ ਹਨ। ਇਸ ਤਰ੍ਹਾਂ ਪਰਵਾਸੀ ਪੰਜਾਬੀਆਂ ਦੀ ਚੋਣ ਵਿਚ ਰੁਚੀ ਲਗਾਤਾਰ ਘਟ ਰਹੀ ਹੈ। ਸਭਾ ਦੇ ਕੁੱਲ 18,735 ਦੇ ਕਰੀਬ ਮੈਂਬਰ ਹਨ ਜਿਨ੍ਹਾਂ ਵਿਚ ਸਿਰਫ਼ 1624 ਮੈਂਬਰਾਂ ਨੇ ਹੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇੰਗਲੈਂਡ ਦੇ ਐਮæਪੀæ ਵਰਿੰਦਰ ਸ਼ਰਮਾ ਨੂੰ ਛੱਡ ਕੇ ਕਿਸੇ ਵੀ ਅਹਿਮ ਐਨਆਰਆਈ ਨੇ ਸਭਾ ਦੀ ਪ੍ਰਧਾਨਗੀ ਲਈ ਹੋਈਆਂ ਚੋਣਾਂ ਵਿਚ ਦਿਲਚਸਪੀ ਨਹੀਂ ਦਿਖਾਈ। ਚੋਣ ਲੜ ਰਹੇ ਸਾਬਕਾ ਪ੍ਰਧਾਨ ਕਮਲਜੀਤ ਸਿੰਘ ਹੇਅਰ ਦੀ ਹਮਾਇਤ ‘ਤੇ ਇੰਗਲੈਂਡ ਤੋਂ ਐਮ ਪੀ ਵਰਿੰਦਰ ਸ਼ਰਮਾ ਉਚੇਚੇ ਤੌਰ ‘ਤੇ ਵਫ਼ਦ ਸਮੇਤ ਸਿਰਫ਼ ਵੋਟਾਂ ਪਾਉਣ ਲਈ ਆਏ ਹੋਏ ਸਨ।
ਇਹ ਪਹਿਲੀ ਵਾਰ ਸੀ ਕਿ ਸਭਾ ਦਾ ਪ੍ਰਧਾਨ ਚੁਣਨ ਲਈ ਸਿਰਫ਼ ਪਰਵਾਸੀ ਪੰਜਾਬੀਆਂ ਨੇ ਹੀ ਵੋਟਾਂ ਪਾਈਆਂ। ਪਹਿਲਾਂ ਮੈਂਬਰਾਂ ਦੇ ਨੌਮਨੀ ਵੀ ਵੋਟਾਂ ਪਾਉਂਦੇ ਆ ਰਹੇ ਸਨ। ਇਸ ਵਾਰ ਸਭਾ ਦੇ ਸੰਵਿਧਾਨ ਵਿਚ ਸੋਧ ਕਰਕੇ ਨੌਮਨੀ ਦੇ ਵੋਟ ਦਾ ਅਧਿਕਾਰ ਖਤਮ ਕਰ ਦਿੱਤਾ ਗਿਆ ਸੀ।
ਐਨਆਰਆਈ ਮਾਮਲਿਆਂ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਜਸਬੀਰ ਸਿੰਘ ਸ਼ੇਰਗਿੱਲ ਤੇ ਪ੍ਰੀਤਮ ਸਿੰਘ ਨਾਰੰਗਪੁਰ ਨੂੰ ਦਿੱਲੀ ਸੱਦ ਕੇ ਦੋਹਾਂ ਵਿਚ ਸਹਿਮਤੀ ਕਰਵਾਉਣ ਦਾ ਯਤਨ ਵੀ ਕੀਤਾ ਸੀ ਪਰ ਉਹ ਇਸ ਵਿਚ ਕਾਮਯਾਬ ਨਹੀਂ ਹੋਏ ਸਨ। ਨਵੇਂ ਚੁਣੇ ਗਏ ਪ੍ਰਧਾਨ ਜਸਬੀਰ ਸਿੰਘ ਸ਼ੇਰਗਿੱਲ ਨੇ ਕਿਹਾ ਉਹ ਬਿਨਾ ਭੇਦਭਾਵ ਦੇ ਪਰਵਾਸੀ ਪੰਜਾਬੀਆਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨਗੇ। ਐਨਆਰਆਈਜ਼ ਵਿਧਵਾਵਾਂ ਦੇ ਮਸਲੇ ਪਹਿਲ ਦੇ ਅਧਾਰ ‘ਤੇ ਹੱਲ ਕੀਤੇ ਜਾਣਗੇ। ਜ਼ਿਲ੍ਹਾ ਯੂਨਿਟਾਂ ਦੇ ਕੰਮ ਨੂੰ ਆਨ ਲਾਈਨ ਕੀਤਾ ਜਾਵੇਗਾ। ਸਭਾ ਦੇ ਕੰਮਾਂ ਵਿਚ ਆਈ ਖੜੋਤ ਨੂੰ ਤੋੜਨਗੇ। ਪਰਵਾਸੀ ਪੰਜਾਬੀਆਂ ਦੀਆਂ ਮੁਸ਼ਕਲਾਂ ਪਹਿਲ ਦੇ ਅਧਾਰ ‘ਤੇ ਹੱਲ ਕਰਨਗੇ।

_____________________________________
ਸਭਾ ਦੀ ਚੋਣ ‘ਤੇ ਲੱਗਾ ਸਵਾਲੀਆ ਨਿਸ਼ਾਨ
ਜਲੰਧਰ: ਇੰਗਲੈਂਡ ਦੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਐਨਆਰਆਈ ਸਭਾ ਪੰਜਾਬ ਦੀ ਹੋਈ ਚੋਣ ‘ਤੇ ਸਵਾਲੀਆ ਚਿੰਨ੍ਹ ਲਾ ਦਿੱਤਾ ਹੈ। ਉਨ੍ਹਾਂ ਸਭਾ ਦੀ ਚੋਣ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਕਿ ਚੋਣ ਲਈ ਹਰ ਤਰ੍ਹਾਂ ਦੀਆਂ ਚੋਰ ਮੋਰੀਆਂ ਬੰਦ ਹੋਣੀਆਂ ਚਾਹੀਦੀਆਂ ਹਨ। ਸ੍ਰੀ ਸ਼ਰਮਾ ਨੇ ਕਿਹਾ ਕਿ ਵੋਟ ਪਾਉਣ ਦਾ ਅਧਿਕਾਰ ਅਸਲ ਐਨਆਰਆਈਜ਼ ਨੂੰ ਹੀ ਹੋਣਾ ਚਾਹੀਦਾ ਹੈ। ਉਨ੍ਹਾਂ ਦਾ ਇਸ਼ਾਰਾ ਦੁਬਈ ਤੋਂ ਆਏ ਪਰਵਾਸੀ ਵੋਟਰਾਂ ਵੱਲ ਸੀ। ਦੁਬਈ ਤੋਂ ਬਣੇ ਸਭਾ ਦੇ ਮੈਂਬਰਾਂ ਵਿਚੋਂ ਬਹੁਤਿਆਂ ਨੇ ਤਾਂ ਮੈਂਬਰ ਬਣਨ ਲਈ ਲੋੜੀਂਦੇ ਪੰਜ ਹਾਜ਼ਾਰ ਰੁਪਏ ਵੀ ਨਹੀਂ ਖਰਚੇ ਸੀ। ਕਈ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਮੈਂਬਰਸ਼ਿਪ ਫੀਸ ਤਾਂ ਜਸਬੀਰ ਸਿੰਘ ਨੇ ਹੀ ਦਿੱਤੀ ਹੈ। ਉਧਰ, ਐਡਵੋਕੇਟ ਰਜਿੰਦਰ ਸਿੰਘ ਮੰਡ ਨੇ ਕਿਹਾ ਕਿ ਸਭਾ ਦੇ 18735 ਮੈਂਬਰਾਂ ਵਿਚ ਸਿਰਫ 1624 ਮੈਂਬਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।

Be the first to comment

Leave a Reply

Your email address will not be published.